ਕੋਰੋਨਾ ਦੇ ਚਲਦਿਆਂ ‘ਪੁਆੜਾ’ ਦੀ ਟੀਮ ਦਾ ਵੱਡਾ ਫ਼ੈਸਲਾ, ਫ਼ਿਲਮ ਦੀ ਰਿਲੀਜ਼ ਕੀਤੀ ਮੁਲਤਵੀ

Wednesday, Mar 24, 2021 - 05:07 PM (IST)

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਪੁਆੜਾ’ 2 ਅਪ੍ਰੈਲ, 2021 ਨੂੰ ਰਿਲੀਜ਼ ਹੋਣ ਵਾਲੀ ਸੀ, ਜਿਸ ਦੀ ਰਿਲੀਜ਼ ’ਤੇ ਫ਼ਿਲਮ ਦੀ ਟੀਮ ਨੇ ਰੋਕ ਲਗਾ ਦਿੱਤੀ ਹੈ ਤੇ ਅਗਲੀ ਸੂਚਨਾ ਤਕ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਫ਼ਿਲਮ ਦੀ ਟੀਮ ਨੇ ਬੀਤੇ ਦਿਨੀਂ ਹੀ ਇਸ ਸਬੰਧੀ ਇਕ ਬਿਆਨ ਜਾਰੀ ਕੀਤਾ ਹੈ।

ਇਸ ਬਿਆਨ ’ਚ ਉਨ੍ਹਾਂ ਲਿਖਿਆ, ‘ਕੋਵਿਡ ਦੇ ਵਧਦੇ ਮਾਮਲਿਆਂ ਤੇ ਸਿਨੇਮਾਘਰਾਂ ਲਈ ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ ਵੀਕੈਂਡ ਤੇ ਰਾਤ ਨੂੰ ਸਿਨੇਮਾਘਰਾਂ ਦੇ ਬੰਦ ਹੋਣ ਕਾਰਨ ਅਸੀਂ ਆਪਣੀ ਫ਼ਿਲਮ ‘ਪੁਆੜਾ’ ਨੂੰ ਅਗਲੀ ਸੂਚਨਾ ਤਕ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ। ਸਾਨੂੰ ਫ਼ਿਲਮ ਦੇ ਟਰੇਲਰ, ਗੀਤਾਂ ਤੇ ਪੋਸਟਰਾਂ ਲਈ ਸਾਕਾਰਾਤਮਕ ਤੇ ਉਤਸ਼ਾਹਜਨਕ ਪ੍ਰਤੀਕਿਰਿਆ ਮਿਲੀ ਹੈ ਤੇ ਸਾਨੂੰ ਲੱਗਦਾ ਹੈ ਕਿ ਸਾਡੀ ਫ਼ਿਲਮ ਵੱਡੇ ਪਰਦੇ ਦੇ ਤਜਰਬੇ ਲਈ ਹੀ ਸਭ ਤੋਂ ਠੀਕ ਰਹੇਗੀ। ਇਸ ਲਈ ਅਸੀਂ ਹਾਲਾਤ ਸਾਧਾਰਨ ਹੋਣ ’ਤੇ ‘ਪੁਆੜਾ’ ਨੂੰ ਦਰਸ਼ਕਾਂ ਦੇ ਸਾਹਮਣੇ ਸਿਨਮਾਘਰਾਂ ’ਚ ਹੀ ਦਿਖਾਉਣ ਦਾ ਫ਼ੈਸਲਾ ਕੀਤਾ ਹੈ। ਤੁਹਾਡੇ ਪਿਆਰ ਤੇ ਸਮਰਥਨ ਲਈ ਧੰਨਵਾਦ। ਉਦੋਂ ਤਕ ਸੁਰੱਖਿਅਤ ਤੇ ਸਿਹਤਮੰਦ ਰਹੋ। ਟੀਮ ‘ਪੁਆੜਾ’।’

 
 
 
 
 
 
 
 
 
 
 
 
 
 
 
 

A post shared by Zee Studios (@zeestudiosofficial)

ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੇ ਮਾਮਲੇ ਦਿਨੋ-ਦਿਨ ਵੱਧ ਰਹੇ ਹਨ। ਅਚਾਨਕ ਕੋਰੋਨਾ ਵਾਇਰਸ ਦੇ ਇੰਨੇ ਜ਼ਿਆਦਾ ਮਾਮਲੇ ਸਾਹਮਣੇ ਆਉਣ ਨਾਲ ਆਮ ਲੋਕਾਂ ਵਿਚਾਲੇ ਵੀ ਇਸ ਦਾ ਡਰ ਮੁੜ ਵੱਧ ਗਿਆ ਹੈ। ਇਸ ਗੱਲ ਨੂੰ ਧਿਆਨ ’ਚ ਰੱਖਦਿਆਂ ਹੀ ਫ਼ਿਲਮ ਦੀ ਰਿਲੀਜ਼ ’ਤੇ ਰੋਕ ਲਗਾਈ ਗਈ ਹੈ। ਉਥੇ ਕੋਰੋਨਾ ਵਾਇਰਸ ਦੇ ਚਲਦਿਆਂ ਸਰਕਾਰ ਵਲੋਂ ਵੀ ਸਿਨੇਮਾਘਰਾਂ ਨੂੰ ਲੈ ਕੇ ਨਵੀਅਾਂ ਗਾਈਡਲਾਈਨਜ਼ ਜਾਰੀ ਕੀਤੀਆਂ ਜਾ ਰਹੀਆਂ ਹਨ। ਜੇਕਰ ਇਸੇ ਤਰ੍ਹਾਂ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਗਏ ਤਾਂ ਸਿਨੇਮਾਘਰਾਂ ਨੂੰ ਮੁੜ ਬੰਦ ਕਰਨ ਦੀ ਨੌਬਤ ਵੀ ਆ ਸਕਦੀ ਹੈ। ਅਜਿਹੇ ’ਚ ਫ਼ਿਲਮਾਂ ਨੂੰ ਵੱਡਾ ਘਾਟਾ ਪੈ ਸਕਦਾ ਹੈ।

ਫ਼ਿਲਮ ‘ਪੁਆੜਾ’ ਦੀ ਗੱਲ ਕਰੀਏ ਤਾਂ ਇਸ ’ਚ ਐਮੀ ਵਿਰਕ, ਸੋਨਮ ਬਾਜਵਾ, ਅਨੀਤਾ ਦੇਵਗਨ, ਹਰਦੀਪ ਗਿੱਲ, ਸੀਮਾ ਕੌਸ਼ਲ, ਸੁਖਵਿੰਦਰ ਸਿੰਘ ਚਾਹਲ, ਨਿਸ਼ਾ ਬਾਨੋ, ਗੁਰਪ੍ਰੀਤ ਭੰਗੂ, ਪ੍ਰਕਾਸ਼ ਗਾਧੂ, ਸੁਖਵਿੰਦਰ ਰਾਜ, ਮਿੰਟੂ ਕਾਪਾ ਤੇ ਹਨੀ ਮੱਟੂ ਅਹਿਮ ਭੂਮਿਕਾ ਨਿਭਾਅ ਰਹੇ ਹਨ।

ਫ਼ਿਲਮ ਦੇ ਡਾਇਰੈਕਟਰ ਰੁਪਿੰਦਰ ਚਾਹਲ ਹਨ, ਜਿਸ ਨੂੰ ਪ੍ਰੋਡਿਊਸ ਅਤੁਲ ਭੱਲਾ, ਪਵਨ ਗਿੱਲ, ਅਨੁਰਾਗ ਸਿੰਘ, ਅਮਨ ਗਿੱਲ ਤੇ ਬਲਵਿੰਦਰ ਸਿੰਘ ਜੰਜੂਆ ਨੇ ਕੀਤਾ ਹੈ ਤੇ ਇਸ ਦੇ ਕੋ-ਪ੍ਰੋਡਿਊਸਰ ਆਦਿਤਿਆ ਸ਼ਾਸਤਰੀ ਹਨ।

ਕਾਮੇਡੀ ਨਾਲ ਭਰਪੂਰ ‘ਪੁਆੜਾ’ ਫ਼ਿਲਮ ਜ਼ੀ ਸਟੂਡੀਓਜ਼ ਤੇ ਏ ਐਂਡ ਏ ਪਿਕਚਰਜ਼ ਦੀ ਪੇਸ਼ਕਸ਼ ਹੈ ਤੇ ਪ੍ਰੋਡਕਸ਼ਨ ਬ੍ਰੈਟ ਫ਼ਿਲਮਜ਼ ਦੀ ਹੈ। ਫ਼ਿਲਮ ਦੀ ਕਹਾਣੀ ਤੇ ਸਕ੍ਰੀਨਪਲੇਅ ਬਲਵਿੰਦਰ ਸਿੰਘ ਜੰਜੂਆ, ਰੁਪਿੰਦਰ ਚਾਹਲ ਤੇ ਅਨਿਲ ਰੋਧਾਨ ਨੇ ਲਿਖਿਆ ਹੈ, ਜਦਕਿ ਐਡੀਸ਼ਨਲ ਸਕ੍ਰੀਨਪਲੇਅ ਤੇ ਡਾਇਲਾਗਸ ਰਾਕੇਸ਼ ਧਵਨ ਦੇ ਹਨ।

ਨੋਟ– ‘ਪੁਆੜਾ’ ਫ਼ਿਲਮ ਦੀ ਰਿਲੀਜ਼ ਮੁਲਤਵੀ ਹੋਣ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਦੱਸੋ।


Rahul Singh

Content Editor

Related News