ਅਕਸ਼ੇ ਕੁਮਾਰ ਨਾਲ ਸਿਰਫ਼ ਆਨ-ਸਕ੍ਰੀਨ ਹੀ ਨਹੀਂ, ਆਫ-ਸਕ੍ਰੀਨ ਵੀ ਚੱਲਦੇ ਹਨ ਪ੍ਰੈਂਕਸ : ਰਾਜਪਾਲ ਯਾਦਵ
Saturday, Mar 21, 2026 - 10:37 AM (IST)
ਮੁੰਬਈ- ਅਕਸ਼ੇ ਕੁਮਾਰ ਸਟਾਰਰ ‘ਭੂਤ ਬੰਗਲਾ’ 10 ਅਪ੍ਰੈਲ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਲਈ ਤਿਆਰ ਹੈ। ਪ੍ਰਿਯਦਰਸ਼ਨ ਵੱਲੋਂ ਨਿਰਦੇਸ਼ਿਤ ਇਸ ਕਾਮੇਡੀ ਹਾਰਰ ਫ਼ਿਲਮ ਵਿਚ ਅਕਸ਼ੇ ਕੁਮਾਰ ਤੋਂ ਇਲਾਵਾ ਰਾਜਪਾਲ ਯਾਦਵ, ਵਾਮਿਕਾ ਗੱਬੀ, ਪਰੇਸ਼ ਰਾਵਲ, ਤੱਬੂ ਅਤੇ ਮਿਥੁਨ ਚੱਕਰਵਰਤੀ ਨਜ਼ਰ ਆਉਣਗੇ। ਫ਼ਿਲਮ ਨੂੰ ਏਕਤਾ ਕਪੂਰ, ਅਕਸ਼ੇ ਕੁਮਾਰ ਅਤੇ ਸ਼ੋਭਾ ਕਪੂਰ ਨੇ ਮਿਲ ਕੇ ਪ੍ਰੋਡਿਊਸ ਕੀਤਾ ਹੈ। ਇਸ ਫ਼ਿਲਮ ਬਾਰੇ ਰਾਜਪਾਲ ਯਾਦਵ ਨੇ ਪੰਜਾਬ ਕੇਸਰੀ/ ਨਵੋਦਿਆ ਟਾਈਮਜ਼/ ਜਗ ਬਾਣੀ/ ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...
Q : ਇਸ ਵਾਰ ‘ਭੂਤ ਬੰਗਲਾ’ ਵਿਚ ਕੀ ਖ਼ਾਸ ਹੋਣ ਵਾਲਾ ਹੈ? ਕੀ ਬਵਾਲ ਮਚਾਉਣ ਵਾਲੇ ਹੋ?
-ਬਵਾਲ ਤਾਂ ਭੂਤ ਬੰਗਲੇ ਦੇ ਅੰਦਰ ਭੂਤਾਂ ਦਾ ਹੈ। ਅਸੀਂ ਤਾਂ ਬਸ ਇਸ ਮਨੋਰੰਜਨ ਦਾ ਹਿੱਸਾ ਬਣ ਗਏ ਹਾਂ। ਇਹ ਇਕ ਪੂਰੀ ਤਰ੍ਹਾਂ ਐਂਟਰਟੇਨਿੰਗ ਫ਼ਿਲਮ ਹੈ, ਜਿੱਥੇ ਤੁਸੀਂ ਡਰੋਗੇ ਵੀ, ਹੱਸੋਗੇ ਵੀ ਅਤੇ ਲੋਟ-ਪੋਟ ਹੋ ਕੇ ਪਰਤੋਗੇ। ਖ਼ਾਸ ਗੱਲ ਇਹ ਹੈ ਕਿ ਭੂਤੀਆ ਮਨੋਰੰਜਨ ਮਿਲੇਗਾ ਪਰ ਬਿਨਾਂ ਭੂਤ ਬਣੇ। ਮੇਰੇ ਕਹਿਣ ਦਾ ਮਤਲਬ ਹੈ ਕਿ ਕਿਰਦਾਰ ਅਜਿਹਾ ਹੈ, ਜੋ ਹਾਰਰ ਦੇ ਮਾਹੌਲ ਵਿਚ ਵੀ ਫਿੱਟ ਬੈਠਦਾ ਹੈ। ਮੈਂ ਹਰ ਤਰ੍ਹਾਂ ਦੀਆਂ ਫ਼ਿਲਮਾਂ ਕੀਤੀਆਂ ਹਨ- ਸੀਰੀਅਸ, ਸਮਾਜਿਕ, ਪਰਿਵਾਰਕ ਅਤੇ ਮਨੋਰੰਜਨ ਭਰਪੂਰ। ਹੁਣ ਭੂਤਾਂ ਦੇ ਇਸ ਮਨੋਰੰਜਨ ਦਾ ਹਿੱਸਾ ਬਣਨਾ ਵੀ ਮੇਰੇ ਲਈ ਮਾਣ ਵਾਲੀ ਗੱਲ ਹੈ।
Q : ਤੁਹਾਡੀ ਐਨਰਜੀ ਫ਼ਿਲਮਾਂ ਵਿਚ ਵੀ ਨਜ਼ਰ ਆਉਂਦੀ ਹੈ। ਇਸ ਦਾ ਰਾਜ਼ ਕੀ ਹੈ?
- ਰੀਅਲ ਐਨਰਜੀ ਹਮੇਸ਼ਾ ਰੀਅਲ ਹੁੰਦੀ ਹੈ। ਜਦੋਂ ਤੁਸੀਂ ਉਹ ਕੰਮ ਕਰਦੇ ਹੋ ਜੋ ਤੁਹਾਨੂੰ ਪਸੰਦ ਹੈ, ਤਾਂ ਤੁਹਾਡੀ ਐਨਰਜੀ ਦੁੱਗਣੀ ਹੋ ਜਾਂਦੀ ਹੈ। ਉਹੀ ਦਰਸ਼ਕਾਂ ਤੱਕ ਪਹੁੰਚਦੀ ਹੈ।
Q ਪ੍ਰਿਯਦਰਸ਼ਨ ਨਾਲ ਤੁਹਾਡਾ ਮੁੜ ਕੋਲੈਬੋਰੇਸ਼ਨ ਹੋ ਰਿਹਾ ਹੈ। ਕਿਹੋ ਜਿਹਾ ਤਜਰਬਾ ਰਿਹਾ?
-ਪ੍ਰਿਯਦਰਸ਼ਨ ਜੀ ਨਾਲ ‘ਹੰਗਾਮਾ’ ਤੋਂ ਬਾਅਦ ਕਦੇ ਸਕ੍ਰਿਪਟ ਸੁਣਨ ਦੀ ਲੋੜ ਹੀ ਨਹੀਂ ਪਈ। ਉਨ੍ਹਾਂ ਦੇ ਨਾਲ ਇਕ ਭਰੋਸਾ ਹੈ। ਉਸੇ ਤਰ੍ਹਾਂ ਡੇਵਿਡ ਧਵਨ ਤੇ ਰਾਮ ਗੋਪਾਲ ਵਰਮਾ ਦੇ ਨਾਲ ਵੀ ਕੰਮ ਕਰਨ ਦਾ ਵੱਖਰਾ ਤਜਰਬਾ ਰਿਹਾ ਹੈ। ਹਰ ਕਿਸੇ ਨੇ ਵੱਖਰੇ ਢੰਗ ਨਾਲ ਮੈਨੂੰ ਐਕਸਪਲੋਰ ਕੀਤਾ।
Q ਅਕਸ਼ੈ ਨਾਲ ਆਨ-ਸਕ੍ਰੀਨ ਤੇ ਆਫ਼-ਸਕ੍ਰੀਨ ਕੈਮਿਸਟਰੀ ਕਿਹੋ ਜਿਹੀ ਹੈ?
-ਆਫ਼-ਸਕ੍ਰੀਨ ਵੀ ਅਸੀਂ ਓਨੀ ਹੀ ਜੁਗਲਬੰਦੀ ਕਰਦੇ ਹਾਂ ਜਿੰਨੀ ਆਨ-ਸਕ੍ਰੀਨ। ਅਸੀਂ ਸੀਨ ਨੂੰ ਜ਼ਿੰਦਾ ਰੱਖਣ ਲਈ ਖੇਡ-ਖੇਡ ’ਚ ਕੰਮ ਕਰਦੇ ਹਾਂ। ਅਕਸ਼ੈ ਜੀ ਦੇ ਨਾਲ ਪ੍ਰੈਂਕ ਵੀ ਚੱਲਦੇ ਰਹਿੰਦੇ ਹਨ ਪਰ ਇਹ ਪ੍ਰੈਂਕ ਪਲਾਨਡ ਨਹੀਂ ਹੁੰਦੇ। ਛੋਟੇ-ਛੋਟੇ ਮਜ਼ੇਦਾਰ ਪਲ ਹੁੰਦੇ ਹਨ, ਜਿਨ੍ਹਾਂ ਨਾਲ ਮਾਹੌਲ ਹਲਕਾ-ਫੁਲਕਾ ਬਣਿਆ ਰਹਿੰਦਾ ਹੈ।
ਫ਼ਿਲਮਾਂ ਤੋਂ ਵੱਖਰਾ ਕੁਝ ਦਿਖਾਉਣ ਲਈ ਸ਼ੁਰੂ ਕੀਤਾ ਯੂ-ਟਿਊਬ ਚੈਨਲ
Q ਏਕਤਾ ਕਪੂਰ ਨਾਲ ਕੰਮ ਕਰਨ ਦਾ ਤਜਰਬਾ ਕਿਹੋ ਜਿਹਾ ਰਿਹਾ?
-ਏਕਤਾ ਜੀ ਅਤੇ ਉਨ੍ਹਾਂ ਦਾ ਪਰਿਵਾਰ ਮੇਰੇ ਲਈ ਫੈਮਿਲੀ ਵਰਗਾ ਹੈ। ਤੁਸ਼ਾਰ ਕਪੂਰ ਦੇ ਨਾਲ ਵੀ ਮੈਂ ਕਈ ਫ਼ਿਲਮਾਂ ਕੀਤੀਆਂ ਹਨ। ਇਸ ਪੂਰੇ ਪਰਿਵਾਰ ਦੇ ਨਾਲ ਟਿਊਨਿੰਗ ਬਹੁਤ ਚੰਗੀ ਰਹੀ ਹੈ ਅਤੇ ਅੱਗੇ ਵੀ ਰਹੇਗੀ। ਏਕਤਾ ਦੇ ਨਾਲ ਵੀ ਬਹੁਤ ਚੰਗੀ ਟਿਊਨਿੰਗ ਹੈ। ਮੈਂ ਤਾਂ ਥੈਂਕ ਯੂ ਕਹਿਣਾ ਚਾਹਾਂਗਾ ਕਿ ਮੈਂ ਇੰਨੀ ਚੰਗੀ ਫੈਮਿਲੀ ਦਾ ਹਿੱਸਾ ਹਾਂ।
Q ਤੁਸੀਂ ਹਾਲ ਹੀ ’ਚ ਯੂ-ਟਿਊਬ ਚੈਨਲ ਸ਼ੁਰੂ ਕੀਤਾ ਹੈ। ਇਸ ਦਾ ਆਈਡੀਆ ਕਿਵੇਂ ਆਇਆ?
-ਕੋਰੋਨਾ ਦੇ ਬਾਅਦ ਤੋਂ ਇਹ ਸੋਚ ਰਿਹਾ ਸੀ। ਮੈਂ ਕੁਝ ਅਜਿਹਾ ਦਿਖਾਉਣਾ ਚਾਹੁੰਦਾ ਸੀ ਜੋ ਫ਼ਿਲਮਾਂ ਰਾਹੀਂ ਨਹੀਂ ਦਿਖਾ ਸਕਦਾ। 2-3 ਸਾਲ ਮੈਂ ਇਹੀ ਤੈਅ ਕਰਨ ’ਚ ਲਾਏ ਕਿ ਕੀ ਵੱਖਰਾ ਕਰ ਸਕਦਾ ਹਾਂ। ਹੁਣ ਹੌਲੀ-ਹੌਲੀ ਉਹ ਚੀਜ਼ਾਂ ਦਰਸ਼ਕਾਂ ਦੇ ਸਾਹਮਣੇ ਆਉਣਗੀਆਂ।
Q ਦੂਜੀਆਂ ਫ਼ਿਲਮਾਂ ਦੀ ਰਿਲੀਜ਼ ਨਾਲ ਕੋਈ ਪ੍ਰੈਸ਼ਰ ਮਹਿਸੂਸ ਹੁੰਦਾ ਹੈ?
-ਨਹੀਂ, ਹਰ ਫ਼ਿਲਮ ਸਾਡੀ ਇੰਡਸਟਰੀ ਦਾ ਹਿੱਸਾ ਹੈ। ਹਰ ਫ਼ਿਲਮ ਸਾਡਾ ਹਿੱਸਾ ਹੈ, ਫਿਰ ਭਾਵੇਂ ਮੈਂ ਉਸ ਵਿਚ ਹੋਵਾਂ ਜਾਂ ਨਾ ਕਿਉਂਕਿ ਇਕ ਫ਼ਿਲਮ ਚੱਲਦੀ ਹੈ ਤਾਂ ਹਜ਼ਾਰਾਂ ਘਰਾਂ ’ਚ ਖੁਸ਼ੀਆਂ ਆਉਂਦੀਆਂ ਹਨ। ਇਸ ਲਈ ਮੈਂ ਚਾਹੁੰਦਾ ਹਾਂ ਕਿ ਹਰ ਫ਼ਿਲਮ ਸਫਲ ਹੋਵੇ।
