ਸਲਮਾਨ ਖ਼ਾਨ ਦੀ ਫ਼ਿਲਮ ’ਚ ਕੰਮ ਕਰਨਾ ਮੇਰੇ ਲਈ ਬਹੁਤ ਵੱਡੀ ਗੱਲ, ਮੈਂ ਖ਼ੁਸ਼ ਹਾਂ : ਪੂਜਾ ਹੇਗੜੇ

04/16/2023 1:49:37 PM

ਚੰਡੀਗੜ੍ਹ (ਬਿਊਰੋ)– ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਤੇ ਪੂਜਾ ਹੇਗੜੇ ਸਟਰਾਰ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਇਸ ਈਦ ’ਤੇ ਧਮਾਲ ਮਚਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਫ਼ਿਲਮ ਦੇ ਗਾਣੇ ਨੇ ਪਹਿਲਾਂ ਹੀ ਦਰਸ਼ਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ, ਉਥੇ ਹੀ ਟਰੇਲਰ ਨੂੰ ਵੀ ਦਰਸ਼ਕ ਬੇਹੱਦ ਪਸੰਦ ਕਰ ਰਹੇ ਹਨ। ਫਰਹਾਦ ਸਾਮਜੀ ਵਲੋਂ ਨਿਰਦੇਸ਼ਿਤ ਇਸ ਫ਼ਿਲਮ ’ਚ ਟੀ. ਵੀ. ਅਦਾਕਾਰ ਸਿਧਾਰਥ ਨਿਗਮ, ਸ਼ਹਿਨਾਜ਼ ਗਿੱਲ, ਪਲਕ ਤਿਵਾਰੀ, ਸਾਊਥ ਸਟਾਰ ਵੈਂਕਟੇਸ਼, ਪੰਜਾਬੀ ਅਦਾਕਾਰ ਜੱਸੀ ਗਿੱਲ ਤੇ ਭੂਮਿਕਾ ਚਾਵਲਾ ਵਰਗੇ ਸਟਾਰ ਵੀ ਨਜ਼ਰ ਆਉਣਗੇ। ‘ਕਿਸੀ ਕਾ ਭਾਈ ਕਿਸੀ ਕੀ ਜਾਨ’ 21 ਅਪ੍ਰੈਲ ਨੂੰ ਰਿਲੀਜ਼ ਹੋਵੇਗੀ। ਇਸ ਬਾਰੇ ਪੂਜਾ ਹੇਗੜੇ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ, ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼–

ਫ਼ਿਲਮਾਂ ਤਾਂ ਤੁਸੀਂ ਬਹੁਤ ਕੀਤੀਆਂ ਹਨ ਪਰ ਸਲਮਾਨ ਖ਼ਾਨ ਨਾਲ ਕੰਮ ਕਰਨ ਲਈ ਤੁਸੀ ਕਿੰਨੇ ਉਤਸ਼ਾਹਿਤ ਸੀ?
ਮੈਂ ਇਸ ਫ਼ਿਲਮ ਲਈ ਬਹੁਤ ਉਤਸ਼ਾਹਿਤ ਸੀ ਕਿਉਂਕਿ ਸਲਮਾਨ ਸਰ ਦੀ ਫ਼ਿਲਮ ਦਾ ਇਕ ਐਡਵਾਟੇਂਜ ਇਹ ਹੈ ਕਿ ਤੁਹਾਨੂੰ ਪਤਾ ਹੁੰਦਾ ਹੈ ਕਿ ਤੁਹਾਡੀ ਫ਼ਿਲਮ ਅਣਗਿਣਤ ਦਰਸ਼ਕਾਂ ਤੱਕ ਪੁੱਜਣ ਵਾਲੀ ਹੈ। ਜ਼ਿਆਦਾਤਰ ਸਾਰੇ ਫ਼ਿਲਮ ਵੇਖਣ ਵਾਲੇ ਹਨ ਤੇ ਇਹ ਬਹੁਤ ਚੰਗੀ ਗੱਲ ਹੈ ਕਿ ਇਸ ਫ਼ਿਲਮ ’ਚ ਮੇਰਾ ਜੋ ਰੋਲ ਹੈ, ਉਹ ਬਹੁਤ ਮਹੱਤਵਪੂਰਨ ਤੇ ਵੱਡਾ ਹੈ। ਸਲਮਾਨ ਸਰ ਦੀ ਫ਼ਿਲਮ ’ਚ ਕੰਮ ਕਰਨਾ ਮੇਰੇ ਲਈ ਬਹੁਤ ਵੱਡੀ ਗੱਲ ਹੈ, ਜਿਸ ਲਈ ਮੈਂ ਬੇਹੱਦ ਖ਼ੁਸ਼ ਹਾਂ। ਫ਼ਿਲਮ ਦਾ ਟਰੇਲਰ ਲੋਕਾਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ। ਇਸ ’ਚ ਸਾਡੇ ਦੋਵਾਂ ਦੇ ਜੋ ਛੋਟੇ-ਛੋਟੇ ਪਲ ਸਨ, ਉਹ ਸਾਰਿਆਂ ਨੂੰ ਬਹੁਤ ਚੰਗੇ ਲੱਗੇ। ਫ਼ਿਲਮ ਵੀ ਦਰਸ਼ਕਾਂ ਨੂੰ ਕਾਫ਼ੀ ਪਸੰਦ ਆਵੇਗੀ।

ਤੁਸੀਂ ਇਸ ਫ਼ਿਲਮ ਨਾਲ ਕਿੰਝ ਜੁੜੇ?
ਸਲਮਾਨ ਸਰ ਨੇ ਜਿਵੇਂ ਕਿ ਮੈਨੂੰ ਕਿਹਾ ਸੀ ਕਿ ਅਸੀਂ ਇਕੱਠੇ ਕੰਮ ਕਰਾਂਗੇ ਤਾਂ ਇਹ ਉਸੇ ਦਾ ਨਤੀਜਾ ਹੈ। ਇਸ ਤੋਂ ਇਲਾਵਾ ਮੈਂ ਸਾਜਿਦ ਨਾਡੀਆਡਵਾਲਾ ਸਰ ਦੇ ਨਾਲ ਹਾਊਸਫੁੱਲ ’ਚ ਕੰਮ ਕਰ ਚੁੱਕੀ ਸੀ। ਉਨ੍ਹਾਂ ਨੂੰ ਇਸ ਫ਼ਿਲਮ ਲਈ ਇਕ ਤੇਲਗੂ ਲੜਕੀ ਚਾਹੀਦੀ ਸੀ, ਜਿਸ ’ਚ ਇਸ ਕਿਰਦਾਰ ਨੂੰ ਪਲੇਅ ਕਰਨ ਦੀ ਯੋਗਤਾ ਹੋਵੇ ਤੇ ਮੇਰੇ ’ਚ ਉਹ ਸਭ ਕੁਝ ਸੀ ਤਾਂ ਸਭ ਕੁਝ ਆਪਣੇ-ਆਪ ਹੁੰਦਾ ਚਲਾ ਗਿਆ।

ਤੁਸੀਂ ਬਚਪਨ ਤੋਂ ਹੀ ਇਕ ਅਦਾਕਾਰਾ ਬਣਨਾ ਚਾਹੁੰਦੇ ਸੀ ਜਾਂ ਕੋਈ ਹੋਰ ਸੁਪਨਾ ਸੀ?
ਮੈਂ ਇਕ ਅਜਿਹੀ ਫੈਮਿਲੀ ਤੋਂ ਆਉਂਦੀ ਹਾਂ ਜਿਥੇ ਦੂਰ-ਦੂਰ ਤਕ ਫ਼ਿਲਮਾਂ ਨਾਲ ਕਿਸੇ ਦਾ ਕੋਈ ਸਬੰਧ ਨਹੀਂ ਸੀ, ਇਸ ਲਈ ਮੈਂ ਕਦੇ ਆਪਣੀ ਲਾਈਫ਼ ’ਚ ਸੋਚਿਆ ਹੀ ਨਹੀਂ ਸੀ ਕਿ ਮੈਂ ਅਦਾਕਾਰਾ ਬਣਨਾ ਹੈ। ਮੇਰੀ ਫੈਮਿਲੀ ’ਚ ਇੰਜੀਨੀਅਰਜ਼, ਡਾਕਟਰਜ਼, ਵਕੀਲ ਸਾਰੇ ਹਨ ਤਾਂ ਮੇਰਾ ਅਦਾਕਾਰਾ ਬਣਨ ਦਾ ਕੋਈ ਚਾਂਸ ਨਹੀਂ ਸੀ ਪਰ ਮੇਰੇ ਲਈ ਪਹਿਲਾਂ ਤੋਂ ਹੀ ਪਲਾਨ ਬਣਿਆ ਹੋਇਆ ਸੀ ਕਿ ਮੈਂ ਇਸ ਫ਼ਿਲਮ ਇੰਡਸਟਰੀ ’ਚ ਆਵਾਂਗੀ। ਮੈਂ ਸ਼ੁਰੂਆਤ ਤੋਂ ਹੀ ਬਹੁਤ ਰਿਜ਼ਵਰਡ ਤੇ ਸ਼ਰਮੀਲੇ ਸੁਭਾਅ ਦੀ ਸੀ ਪਰ ਇਕ ਅਦਾਕਾਰਾ ਦੇ ਤੌਰ ’ਤੇ ਤੁਹਾਨੂੰ ਖ਼ੁਦ ਨੂੰ ਐਕਸਪ੍ਰੈੱਸ ਕਰਨਾ ਹੁੰਦਾ ਹੈ, ਹੌਲੀ-ਹੌਲੀ ਮੈਂ ਸਭ ਸਿੱਖਿਆ। ਕੁਲ ਮਿਲਾ ਕੇ ਮੇਰੀ ਜਰਨੀ ਚੰਗੀ ਤੇ ਯਾਦਗਾਰ ਰਹੀ।

ਤੁਹਾਡਾ ਫ਼ੈਸ਼ਨ ਸੈਂਸ ਬਹੁਤ ਚੰਗਾ ਹੈ, ਪਾਠਕਾਂ ਨੂੰ ਇਸ ਨਾਲ ਰਿਲੇਟਿਡ ਕੋਈ ਟਿਪਸ ਦੇਣਾ ਚਾਹੋਗੇ, ਜੋ ਉਨ੍ਹਾਂ ਦੇ ਕੰਮ ਆਉਣ?
ਜਿਨ੍ਹਾਂ ਕੱਪੜਿਆਂ ’ਚ ਤੁਸੀਂ ਕੰਫਰਟੇਬਲ ਫ਼ੀਲ ਕਰਦੇ ਹੋ, ਤੁਸੀਂ ਉਹੀ ਪਹਿਨੋ। ਜਦੋਂ ਤੁਸੀਂ ਕੰਫਰਟੇਬਲ ਹੁੰਦੇ ਹੋ ਤਾਂ ਤੁਹਾਡੀ ਐਨਰਜੀ ਤੇ ਚੱਲਣ ਦਾ ਤਰੀਕਾ ਪੂਰੀ ਤਰ੍ਹਾਂ ਬਦਲ ਜਾਂਦਾ ਹੈ ਤੇ ਮੇਰੇ ਹਿਸਾਬ ਨਾਲ ਫ਼ੈਸ਼ਨ ਦਾ ਇਹੀ ਇਕ ਐਡਵਾਂਟੇਜ ਹੈ ਕਿ ਉਹ ਇਕ ਯੂਨੀਫਾਰਮ ਦੀ ਤਰ੍ਹਾਂ ਬਣ ਜਾਂਦੇ ਹਨ। ਜਿਵੇਂ ਜੇਕਰ ਤੁਸੀਂ ਪਾਇਲਟ ਹੋ ਤਾਂ ਉਸ ਦੀ ਯੂਨੀਫਾਰਮ ਪਾਉਂਦੇ ਹੀ ਤੁਹਾਨੂੰ ਅੰਦਰੋਂ ਇਕ ਵੱਖਰੀ ਫ਼ੀਲ ਆਉਂਦੀ ਹੈ। ਉਥੇ ਹੀ ਜੇਕਰ ਤੁਸੀਂ ਆਰਮੀ ਅਫ਼ਸਰ ਦਾ ਰੋਲ ਨਿਭਾਅ ਰਹੇ ਹੋ ਤਾਂ ਤੁਹਾਨੂੰ ਉਸ ਯੂਨੀਫਾਰਮ ’ਚ ਇਕ ਵੱਖਰਾ ਹੀ ਕਾਨਫੀਡੈਂਸ ਫ਼ੀਲ ਹੁੰਦਾ ਹੈ। ਤੁਹਾਨੂੰ ਜੋ ਚੰਗਾ ਲੱਗੇ, ਉਹ ਪਹਿਨੋ।

ਸਲਮਾਨ ਦੇ ਨਾਲ ਤੁਹਾਡੀ ਪਹਿਲੀ ਮੁਲਾਕਾਤ ਕਿਵੇਂ ਦੀ ਸੀ?
ਮੈਨੂੰ ਫ਼ਿਲਮ ਤੋਂ ਇਲਾਵਾ ਉਨ੍ਹਾਂ ਦੇ ਨਾਲ ਪਹਿਲੀ ਮੁਲਾਕਾਤ ਤਾਂ ਯਾਦ ਨਹੀਂ ਹੈ ਪਰ ਸ਼ਾਇਦ ਅਸੀਂ ਕਿਸੇ ਈਵੈਂਟ ’ਚ ਮਿਲੇ ਹੋਵਾਂਗੇ ਪਰ ਜਦੋਂ ਅਸੀਂ ਮਿਲੇ ਸੀ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਅਸੀਂ ਕਦੇ ਇਕੱਠੇ ਕੰਮ ਕਰਾਂਗੇ ਤੇ ਵੇਖੋ ਉਹ ਦਿਨ ਵੀ ਆ ਗਿਆ ਕਿ ਹੁਣ ਜਲਦ ਹੀ ਸਾਡੀ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਰਿਲੀਜ਼ ਹੋਣ ਵਾਲੀ ਹੈ।

ਪਹਿਲੇ ਦਿਨ ਜਦੋਂ ਸੈੱਟ ’ਤੇ ਸ਼ੂਟਿੰਗ ਲਈ ਜਾਣਾ ਸੀ ਤਾਂ ਤੁਸੀਂ ਨਰਵਸ ਸੀ ਜਾਂ ਨਹੀਂ?
ਨਰਵਸਨੈੱਸ ਤਾਂ ਹਮੇਸ਼ਾ ਰਹਿੰਦੀ ਹੈ ਪਰ ਇਹ ਵੀ ਇਕ ਚੰਗੀ ਚੀਜ਼ ਹੈ। ਜਦੋਂ ਤੁਸੀਂ ਨਰਵਸ ਹੁੰਦੇ ਹੋ ਤਾਂ ਤੁਸੀਂ ਆਪਣੇ ਕੰਮ ’ਚ 100 ਫ਼ੀਸਦੀ ਦਿੰਦੇ ਹੋ। ਉਥੇ ਹੀ ਸਲਮਾਨ ਸਰ ਦੇ ਨਾਲ ਜ਼ਿਆਦਾ ਨਰਵਸਨੈੱਸ ਇਸ ਲਈ ਹੁੰਦੀ ਕਿਉਂਕਿ ਉਨ੍ਹਾਂ ਦੇ ਦਿਮਾਗ ’ਚ ਜੋ ਹੁੰਦਾ ਹੈ ਉਹ ਤੁਰੰਤ ਬੋਲ ਦਿੰਦੇ ਹਨ। ਉਨ੍ਹਾਂ ਦੀਆਂ ਇਹੀ ਗੱਲਾਂ ਸੁਣ ਕੇ ਲੋਕ ਘਬਰਾ ਜਾਂਦੇ ਹਨ। ਉਹ ਬਹੁਤ ਈਮਾਨਦਾਰ ਤੇ ਜ਼ਮੀਨ ਨਾਲ ਜੁੜੇ ਹੋਏ ਵਿਅਕਤੀ ਹਨ, ਜੋ ਕਿਸੇ ਤੋਂ ਕੁਝ ਲੁਕਾਉਂਦੇ ਨਹੀਂ ਹਨ। ਉਥੇ ਹੀ ਜਦੋਂ ਉਹ ਸੈੱਟ ’ਤੇ ਐਂਟਰ ਕਰਦੇ ਹਨ ਤਾਂ ਸਾਰਾ ਮਾਹੌਲ ਇਕਦਮ ਬਦਲ ਜਾਂਦਾ ਹੈ। ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਕੋਈ ਸਟਾਰ ਸੈੱਟ ’ਤੇ ਆ ਰਿਹਾ ਹੈ ਪਰ ਸੈੱਟ ’ਤੇ ਆਉਣ ਤੋਂ ਬਾਅਦ ਉਹ ਇਕਦਮ ਫਰੈਂਡਲੀ ਹੋ ਜਾਂਦੇ ਹਨ। ਪੂਰਾ ਫੋਕਸ ਕੰਮ ’ਤੇ ਰੱਖਦੇ ਹਨ ਤੇ ਆਪਣੀ ਵੈਨਿਟੀ ਵੈਨ ’ਚ ਵੀ ਜ਼ਿਆਦਾ ਨਹੀਂ ਜਾਂਦੇ।


Rahul Singh

Content Editor

Related News