ਮਲਟੀ ਸਟਾਰਰ ਹੀ ਨਹੀਂ, ਹਰ ਪੱਖੋਂ ਵੱਡੀ ਹੈ ਫਿਲਮ ‘ਸਰਬਾਲਾ ਜੀ’
Saturday, Jul 12, 2025 - 02:27 PM (IST)

ਜਲੰਧਰ (ਬਿਊਰੋ)– ਪੰਜਾਬੀ ਫਿਲਮ ‘ਸਰਬਾਲਾ ਜੀ’ ਆਮ ਪੰਜਾਬੀ ਫਿਲਮਾਂ ਤੋਂ ਬਿਲਕੁਲ ਹੱਟ ਕੇ ਹੋਣ ਵਾਲੀ ਹੈ। ਲੰਮੇ ਸਮੇਂ ਬਾਅਦ ਸਿਨੇਮਾ ਪ੍ਰੇਮੀਆਂ ਨੂੰ ਕੋਈ ਮਲਟੀ ਸਟਾਰਰ ਪੰਜਾਬੀ ਫ਼ਿਲਮ ਦੇਖਣ ਨੂੰ ਮਿਲਣ ਵਾਲੀ ਹੈ, ਜਿਸ ’ਚ ਗਿੱਪੀ ਗਰੇਵਾਲ, ਐਮੀ ਵਿਰਕ, ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਮੁੱਖ ਭੂਮਿਕਾ ਨਿਭਾਅ ਰਹੇ ਹਨ।
ਇਹੀ ਨਹੀਂ ਫਿਲਮ ’ਚ ਗੁੱਗੂ ਗਿੱਲ, ਧੂਤਾ ਪਿੰਡੀ ਆਲਾ, ਸਰਦਾਰ ਸੋਹੀ ਤੇ ਬੀ. ਐੱਨ. ਸ਼ਰਮਾ ਵਰਗੇ ਸ਼ਾਨਦਾਰ ਸਹਿ-ਕਲਾਕਾਰ ਵੀ ਅਹਿਮ ਕਿਰਦਾਰਾਂ ’ਚ ਨਜ਼ਰ ਆਉਣ ਵਾਲੇ ਹਨ। ਫਿਲਮ ਦਾ ਮਲਟੀ ਸਟਾਰਰ ਹੋਣਾ ਆਪਣੇ ਆਪ ’ਚ ਵੱਡੀ ਗੱਲ ਹੈ ਕਿਉਂਕਿ ਅਜਿਹੀਆਂ ਫਿਲਮਾਂ ਪੰਜਾਬੀ ਸਿਨੇਮਾ ’ਚ ਬਹੁਤ ਘੱਟ ਬਣਦੀਆਂ ਹਨ ਤੇ ਜਦੋਂ ਬਣਦੀਆਂ ਹਨ ਉਦੋਂ ਕਮਾਲ ਕਰਦੀਆਂ ਹਨ।
ਖ਼ਾਸ ਗੱਲ ਇਹ ਵੀ ਹੈ ਕਿ ਇਸ ਫਿਲਮ ਨੂੰ ਮਨਦੀਪ ਕੁਮਾਰ ਨੇ ਡਾਇਰੈਕਟ ਕੀਤਾ ਹੈ, ਜੋ ‘ਜਿਨੇ ਮੇਰਾ ਦਿਲ ਲੁੱਟਿਆ’ ਵਰਗੀ ਆਈਕੋਨਿਕ ਫਿਲਮ ਪੰਜਾਬੀ ਸਿਨੇਮਾ ਦੀ ਝੋਲੀ ਪਾ ਚੁੱਕੇ ਹਨ। ਲੰਮੇ ਸਮੇਂ ਬਾਅਦ ਉਨ੍ਹਾਂ ਦਾ ਨਿਰਦੇਸ਼ਨ ’ਚ ਵਾਪਸ ਆਉਣਾ ਆਪਣੇ ਆਪ ’ਚ ਵੱਡੀ ਗੱਲ ਹੈ।
ਇਸ ਦੇ ਨਾਲ ਹੀ ਫ਼ਿਲਮ ਨੂੰ ਵੱਡਾ ਬਣਾਉਣ ਲਈ ਇਸ ਦੀ ਪ੍ਰੋਡਕਸ਼ਨ, ਸੈੱਟ ਡਿਜ਼ਾਈਨ ਤੇ ਫਿਲਮ ਦੀ ਕੁਆਲਿਟੀ ਨਾਲ ਕੋਈ ਸਮਝੌਤਾ ਨਹੀਂ ਕੀਤਾ ਗਿਆ ਹੈ, ਜਿਸ ਦਾ ਸਿਹਰਾ ਟਿਪਸ ਫਿਲਮਜ਼ ਨੂੰ ਜਾਂਦਾ ਹੈ, ਜਿਨ੍ਹਾਂ ਦੀ ਬਦੌਲਤ ਇੰਨਾ ਵੱਡਾ ਪ੍ਰਾਜੈਕਟ ਸਿਰੇ ਚੜ੍ਹਿਆ ਹੈ।
ਫਿਲਮ ਕੁਮਾਰ ਤੌਰਾਨੀ ਤੇ ਗੀਰਿਸ਼ ਤੌਰਾਨੀ ਵਲੋਂ ਪ੍ਰੋਡਿਊਸ ਕੀਤੀ ਗਈ ਹੈ। ਇਸ ਦੀ ਕਹਾਣੀ ਇੰਦਰਜੀਤ ਮੋਗਾ ਨੇ ਲਿਖੀ ਹੈ, ਜੋ ਉਸ ਵੇਲੇ ਦੀ ਗੱਲ ਕਰਦੀ ਹੈ, ਜਦੋਂ ਸਰਬਾਲਾ ਵੀ ਲਾੜੇ ਦੇ ਹਾਣ ਦਾ ਹੁੰਦਾ ਸੀ। ਫਿਲਮ ’ਚ ਡਰਾਮਾ, ਇਮੋਸ਼ਨ ਤੇ ਮਨੋਰੰਜਨ ਦਾ ਮਿਕਸਚਰ ਦੇਖਣ ਨੂੰ ਮਿਲਣ ਵਾਲਾ ਹੈ, ਜੋ ਦਰਸ਼ਕਾਂ ਨੂੰ ਆਪਣੀਆਂ ਸੀਟਾਂ ਨਾਲ ਬੰਨ੍ਹੀ ਰੱਖਣ ’ਚ ਸਫਲ ਹੋਵੇਗਾ। ਦੁਨੀਆ ਭਰ ’ਚ ਇਹ ਫਿਲਮ 18 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।