ਫ਼ਿਲਮਾਂ ਨੇ ਲੋਕਾਂ ਵਿਚਕਾਰ ਆਪਸੀ ਸਬੰਧਾਂ ’ਚ ਇਕ ਭੂਮਿਕਾ ਨਿਭਾਈ : ਅਨੁਰਾਗ ਠਾਕੁਰ
Monday, Jan 30, 2023 - 11:40 AM (IST)

ਚੰਡੀਗੜ੍ਹ, (ਹਰੀਸ਼ਚੰਦਰ)– ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਤੇ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਇਕ ਸਮਾਰੋਹ ’ਚ ਹੋਰ ਪਤਵੰਤਿਆਂ ਦੇ ਨਾਲ ਦੀਪ ਜਗਾ ਕੇ ਮੁੰਬਈ ’ਚ ਸ਼ੁੱਕਰਵਾਰ ਸ਼ਾਮ ਨੂੰ 5 ਦਿਨਾ ਐੱਸ. ਸੀ. ਓ. ਫ਼ਿਲਮ ਮਹਾਉਤਸਵ ਦਾ ਉਦਘਾਟਨ ਕੀਤਾ।
ਇਸ ਉਦਘਾਟਨ ਸਮਾਰੋਹ ’ਚ ਵਿਸ਼ੇਸ਼ ਮਹਿਮਾਨ ਹੇਮਾ ਮਾਲਿਨੀ, ਅਕਸ਼ੇ ਕੁਮਾਰ, ਟਾਈਗਰ ਸ਼ਰਾਫ, ਸਾਜਿਦ ਨਾਡੀਆਡਵਾਲਾ, ਈਸ਼ਾ ਗੁਪਤਾ, ਪੂਨਮ ਢਿੱਲੋਂ, ਐਲੀ ਅਵਰਾਮ, ਹਰਸ਼ਿਤਾ ਭੱਟ ਤੇ ਜੈਕੀ ਭਗਨਾਨੀ ਵਰਗੀਆਂ ਹੋਰ ਫ਼ਿਲਮੀ ਹਸਤੀਆਂ ਨੂੰ ਸਨਮਾਨਿਤ ਕੀਤਾ ਗਿਆ।
ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ, ‘‘ਭਾਰਤੀ ਫ਼ਿਲਮਾਂ ਐੱਸ. ਸੀ. ਓ. ਦੇਸ਼ਾਂ ’ਚ ਬੇਹੱਦ ਲੋਕਪ੍ਰਿਯ ਹਨ ਤੇ ਇਨ੍ਹਾਂ ਫ਼ਿਲਮਾਂ ਨੇ ਲੋਕਾਂ ਵਿਚਕਾਰ ਆਪਸੀ ਸਬੰਧਾਂ ’ਚ ਇਕ ਵੱਡੀ ਭੂਮਿਕਾ ਨਿਭਾਈ ਹੈ।’’
ਇਹ ਖ਼ਬਰ ਵੀ ਪੜ੍ਹੋ : ਅਮਰੀਕਾ ਤੋਂ ਆਈ ਕੁੜੀ ਨੇ ਦੋਵਾਂ ਬਾਹਾਂ 'ਤੇ ਬਣਵਾਏ ਸਿੱਧੂ ਦੇ ਟੈਟੂ, ਮੂਸੇਵਾਲਾ ਦੀ ਮਾਂ ਨੂੰ ਮਿਲ ਹੋਈ ਭਾਵੁਕ
ਉਨ੍ਹਾਂ ਕਿਹਾ ਕਿ ਇਸ ਫ਼ਿਲਮ ਮਹਾਉਤਸਵ ਦਾ ਇਕ ਮੁੱਖ ਟੀਚਾ ਐੱਸ. ਸੀ. ਓ. ਖ਼ੇਤਰ ਦੀਆਂ ਫ਼ਿਲਮਾਂ ਦੀ ਵਿਭਿੰਨਤਾ ਤੇ ਫ਼ਿਲਮ ਨਿਰਮਾਣ ਦੀਆਂ ਵੱਖ-ਵੱਖ ਸ਼ੈਲੀਆਂ ਤੋਂ ਵਾਕਿਫ਼ ਕਰਵਾਉਣਾ ਹੈ। ਠਾਕੁਰ ਨੇ ਕਿਹਾ ਕਿ ਇਹ ਮਹਾਉਤਸਵ ਇਸ ਖ਼ੇਤਰ ਦੇ ਦੇਸ਼ਾਂ ’ਚ ਸਿਨੇਮਾਈ ਸਾਂਝ ਬਣਾਉਣ ਦਾ ਇਕ ਸੁਨਹਿਰੀ ਮੌਕਾ ਪ੍ਰਦਾਨ ਕਰਦਾ ਹੈ।
ਐੱਸ.ਸੀ.ਓ. ਫ਼ਿਲਮ ਮਹਾਉਤਸਵ ਵਿਚ ਕੁਲ 57 ਫ਼ਿਲਮਾਂ ਵਿਖਾਈਆਂ ਜਾਣਗੀਆਂ ਅਤੇ 14 ਫ਼ਿਲਮਾਂ ਨੂੰ ਇਸ ਫ਼ਿਲਮ ਮਹਾਉਤਸਵ ਦੇ ਪ੍ਰਤੀਯੋਗੀ ਖੰਡ ਵਿਚ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ਵਿਚ ਪਨਨਲਿਨ ਦੀ ਆਸਕਰ ਲਈ ਚੁਣੀ ਗਈ ਗੁਜਰਾਤੀ ਫਿਲਮ ‘ਛੇਲੋ ਸ਼ੋਅ’ ਅਤੇ ਨਿਖਿਲ ਮਹਾਜਨ ਦੀ ਇਨਾਮ ਜੇਤੂ ਮਰਾਠੀ ਫ਼ਿਲਮ ‘ਗੋਦਾਵਰੀ’ ਸ਼ਾਮਲ ਹਨ ।
ਐੱਸ. ਸੀ. ਓ. ਫ਼ਿਲਮ ਮਹਾਉਤਸਵ ਦਾ ਆਯੋਜਨ ਅੰਤਰਰਾਸ਼ਟਰੀ ਸਹਿਯੋਗ ਸੰਗਠਨ ਦੀ ਭਾਰਤ ਦੀ ਪ੍ਰਧਾਨਗੀ ’ਚ ਹੋ ਰਿਹਾ ਹੈ। ਇਹ ਦੇਸ਼ ’ਚ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਦੇ ਉਤਸਵ ਦਾ ਹਿੱਸਾ ਵੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।