ਆਪਣੇ ਕੰਮ ਤੇ ਖ਼ੁਦ ਨਾਲ ਪਿਆਰ ਕਰੋ, ਸਫਲਤਾ ਖ਼ੁਦ ਰਸਤਾ ਬਣਾ ਲਵੇਗੀ : ਆਈ.ਪੀ. ਸਿੰਘ
Thursday, Jun 04, 2026 - 09:59 AM (IST)
ਐਂਟਰਟੇਨਮੈਂਟ ਡੈਸਕ- ‘ਹੈ ਜਵਾਨੀ ਤੋ ਇਸ਼ਕ ਹੋਣਾ ਹੈ’ ਜਲਦੀ ਹੀ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀ ਹੈ। ਡੇਵਿਡ ਧਵਨ ਵੱਲੋਂ ਨਿਰਦੇਸ਼ਤ ਇਹ ਫਿਲਮ ਕੱਲ ਤੋਂ ਸਿਨੇਮਾਘਰਾਂ ’ਚ ਦੇਖਣ ਨੂੰ ਮਿਲੇਗੀ। ਇਸ ਰੋਮਾਂਟਿਕ ਕਾਮੇਡੀ ਫਿਲਮ ’ਚ ਵਰੁਣ ਧਵਨ, ਮ੍ਰਿਣਾਲ ਠਾਕੁਰ ਅਤੇ ਪੂਜਾ ਹੇਗੜੇ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ। ਫਿਲਮ ’ਚ 27 ਸਾਲ ਪੁਰਾਣੇ ਗੀਤ ‘ਚੁਨਰੀ- ਚੁਨਰੀ’ ਨੂੰ ਰੀਕ੍ਰੀਏਟ ਵੀ ਕੀਤਾ ਹੈ। ਇਸ ਗੀਤ ਨੂੰ ਆਈ.ਪੀ. ਸਿੰਘ ਅਤੇ ਅਕਸ਼ੈ ਵੱਲੋਂ ਕੰਪੋਜ਼ ਕੀਤਾ ਗਿਆ ਹੈ। ਇਸ ਗੀਤ ਅਤੇ ਫਿਲਮ ਬਾਰੇ ਆਈ.ਪੀ. ਸਿੰਘ ਅਤੇ ਅਕਸ਼ੈ ਨੇ ਪੰਜਾਬ ਕੇਸਰੀ, ਨਵੋਦਿਆ ਟਾਈਮਜ਼, ਜਗਬਾਣੀ ਅਤੇ ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ ...
ਪ੍ਰ: ‘ਚੁਨਰੀ-ਚੁਨਰੀ’ ਰੀਕ੍ਰੀਏਟ ਕਰਨਾ ਇਕ ਰੋਮਾਂਚਕ ਪ੍ਰਕਿਰਿਆ ਸੀ : ਅਕਸ਼ੈ
‘ਚੁਨਰੀ-ਚੁਨਰੀ’ ਰੀਕ੍ਰੀਏਟ ਕਰਦੇ ਸਮੇਂ ਤੁਹਾਨੂੰ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ?
- ਚੁਣੌਤੀ ਨਾਲੋਂ ਜ਼ਿਆਦਾ ਸਾਡੇ ਲਈ ਇਹ ਇਕ ਰੋਮਾਂਚਕ ਪ੍ਰਕਿਰਿਆ ਸੀ। ਸੱਚ ਕਹਾਂ ਤਾਂ ਸਾਡਾ ਪੂਰਾ ਧਿਆਨ ਇਸ ਗੱਲ ’ਤੇ ਸੀ ਕਿ ਅਸੀਂ ਕਿਸ ਤਰ੍ਹਾਂ ਉਸ ਨਾਸਟੈਲਜ਼ਿਆ ਨੂੰ ਮੁੜ ਜਗਾ ਸਕਦੇ ਹਾਂ ਤੇ ਉਸੇ ਭਾਵਨਾਤਮਕ ਪ੍ਰਭਾਵ ਨੂੰ ਦਰਸ਼ਕਾਂ ਤੱਕ ਪਹੁੰਚਾ ਸਕਦੇ ਹਾਂ। ਸਾਡੀ ਟੀਮ ਲਈ ਇਹ ਸਭ ਤੋਂ ਮਹੱਤਵਪੂਰਨ ਗੱਲ ਸੀ। ਜਦੋਂ ਵੀ ਅਸੀਂ ਕੋਈ ਗੀਤ ਰੀਕ੍ਰੀਏਟ ਕਰਦੇ ਹਾਂ ਤਾਂ ਕੋਸ਼ਿਸ਼ ਇਹੋ ਰਹਿੰਦੀ ਹੈ ਕਿ ਉਸ ’ਚ ਕੁਝ ਨਵੇਂ ਹਿੱਸੇ ਜੋੜੇ ਜਾਣ ਕਿਉਂਕਿ ਸਾਨੂੰ ਅੱਜ ਦੇ ਦਰਸ਼ਕਾਂ ਖ਼ਾਸ ਕਰ ਕੇ ਨੌਜਵਾਨਾਂ ਤੇ ਨਵੀਂ ਪੀੜ੍ਹੀ ਨੂੰ ਵੀ ਧਿਆਨ ’ਚ ਰੱਖਣਾ ਹੁੰਦਾ ਹੈ। ਇਸ ਲਈ ਅਸੀਂ ਮੌਜੂਦਾ ਦੌਰ ਦੇ ਸੰਗੀਤ ਦੇ ਹਿਸਾਬ ਨਾਲ ਇਕ ਨਵੀਂ ਸੋਨਿਕ ਆਇਡੈਂਟਿਟੀ (ਜੋ ਲੋਕਾਂ ਨੂੰ ਉਸ ਬ੍ਰਾਂਡ ਨੂੰ ਤੁਰੰਤ ਪਛਾਣਨ ’ਚ ਮਦਦ ਕਰਦੀ ਹੈ) ਤਿਆਰ ਕਰਦੇ ਹਾਂ ਅਤੇ ਫਿਰ ਉਸੇ ਰਸਤੇ ਵਾਪਸ ਓਰਿਜੀਨਲ ਮੇਲੋਡੀ ਅਤੇ ਗੀਤ ਦੀ ਆਤਮਾ ਤੱਕ ਪਹੁੰਚਦੇ ਹਾਂ। ਸਾਡਾ ਇਹ ਇਕ ਸੋਚ-ਸਮਝ ਕੇ ਲਿਆ ਗਿਆ ਫ਼ੈਸਲਾ ਹੁੰਦਾ ਹੈ ਕਿ ਗੀਤ ਦੀ ਆਤਮਾ ਕਿਤੇ ਗੁਆਚ ਨਾ ਜਾਵੇ। ਇਹੀ ਅਸੀਂ ‘ਚੁਨਰੀ- ਚੁਨਰੀ’ ’ਚ ਵੀ ਕੀਤਾ। ਇਸ ਪੂਰੀ ਪ੍ਰਕਿਰਿਆ ਨੂੰ ਲੈ ਕੇ ਅਸੀਂ ਬਹੁਤ ਉਤਸ਼ਾਹਿਤ ਸੀ।
ਪ੍ਰ: ‘ਗੋਰੀਆਂ ਕਲਾਈਆਂ’, ‘ਸੋਨਾ ਕਿਤਨਾ ਸੋਨਾ ਹੈ’ ਅਤੇ ਹੁਣ ‘ਚੁਨਰੀ-ਚੁਨਰੀ’ ਵਰਗੇ ਗੀਤਾਂ ਨੂੰ ਨਵੇਂ ਅੰਦਾਜ਼ ’ਚ ਪੇਸ਼ ਕਰਨ ਦੇ ਅਨੁਭਵ ਨੂੰ ਕਿਵੇਂ ਦੇਖਦੇ ਹੋ?
- ਇਸ ਦਾ ਸਿਹਰਾ ਸਿਰਫ਼ ਸਾਨੂੰ ਨਹੀਂ ਜਾਂਦਾ। ਇਸ ’ਚ ਨਿਰਮਾਤਾ ਤੇ ਨਿਰਦੇਸ਼ਕ ਦੀ ਵੀ ਵੱਡੀ ਭੂਮਿਕਾ ਹੁੰਦੀ ਹੈ। ਅਕਸਰ ਸਾਨੂੰ ਉਨ੍ਹਾਂ ਵੱਲੋਂ ਇਕ ਸਪੱਸ਼ਟ ਬ੍ਰੀਫ ਮਿਲਦਾ ਹੈ। ਅਜਿਹਾ ਨਹੀਂ ਹੁੰਦਾ ਕਿ ਅਸੀਂ ਖ਼ੁਦ ਬੈਠ ਕੇ ਤੈਅ ਕਰੀਏ ਕਿ ਅੱਜ ਕਿਸੇ ਪੁਰਾਣੇ ਗੀਤ ਨੂੰ ਰੀਕ੍ਰੀਏਟ ਕਰ ਲੈਂਦੇ ਹਾਂ। ਜਦੋਂ ਨਿਰਮਾਤਾ ਅਤੇ ਨਿਰਦੇਸ਼ਕ ਸਾਡੇ ’ਤੇ ਭਰੋਸਾ ਕਰ ਕੇ ਅਜਿਹੀ ਜ਼ਿੰਮੇਵਾਰੀ ਸੌਂਪਦੇ ਹਨ ਤਾਂ ਉਹ ਇਕ ਅਲੱਗ ਹੀ ਅਹਿਸਾਸ ਹੁੰਦਾ ਹੈ। ਨਾਲ ਹੀ ਸਾਨੂੰ ਆਪਣੇ ਬਚਪਨ ਦੇ ਪਸੰਦੀਦਾ ਗੀਤਾਂ ’ਤੇ ਕੰਮ ਕਰਨ ਦਾ ਮੌਕਾ ਮਿਲਦਾ ਹੈ। ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ?
ਏ.ਆਈ. ਤੋਂ ਡਰਨ ਦੀ ਬਜਾਏ ਇਸ ਨੂੰ ਸਮਝਣਾ ਅਤੇ ਅਪਣਾਉਣਾ ਜ਼ਿਆਦਾ ਜ਼ਰੂਰੀ : ਆਈ.ਪੀ. ਸਿੰਘ
ਪ੍ਰ: ਮਿਊਜ਼ਿਕ ਕੰਪੋਜੀਸ਼ਨ ’ਚ ਏ.ਆਈ. ਨੂੰ ਤੁਸੀਂ ਮਦਦਗਾਰ ਮੰਨਦੇ ਹੋ ਜਾਂ ਚੁਣੌਤੀ?
-ਮੇਰੇ ਹਿਸਾਬ ਨਾਲ ਏ.ਆਈ. ਵੀ ਇਕ ਟੂਲ ਹੀ ਹੈ। ਜਦੋਂ ਟੇਪ ਰਿਕਾਰਡਿੰਗ ਤੋਂ ਡਿਜੀਟਲ ਰਿਕਾਰਡਿੰਗ ਦਾ ਦੌਰ ਆਇਆ ਸੀ, ਉਦੋਂ ਵੀ ਲੋਕਾਂ ਨੂੰ ਲੱਗਾ ਸੀ ਕਿ ਬਹੁਤ ਵੱਡੀ ਤਬਦੀਲੀ ਹੋ ਰਹੀ ਹੈ। ਹੁਣ ਡਿਜੀਟਲ ਤੋਂ ਏ.ਆਈ. ਦਾ ਦੌਰ ਆ ਗਿਆ ਹੈ। ਏ.ਆਈ. ਸਿਰਫ਼ ਸਾਡੀ ਇੰਡਸਟਰੀ ’ਚ ਨਹੀਂ ਸਗੋਂ ਲਗਭਗ ਹਰ ਖੇਤਰ ਵਿਚ ਮੌਜੂਦ ਹੈ। ਇਸ ਲਈ ਇਸ ਤੋਂ ਡਰਨ ਦੀ ਬਜਾਏ ਇਸ ਨੂੰ ਸਮਝਣਾ ਅਤੇ ਅਖ਼ਤਿਆਰ ਕਰਨਾ ਜ਼ਿਆਦਾ ਜ਼ਰੂਰੀ ਹੈ। ਆਖ਼ਰਕਾਰ ਏ.ਆਈ. ਇਕ ਮਾਧਿਅਮ ਹੈ, ਜੋ ਸਾਡੀ ਮਦਦ ਲਈ ਬਣਾਇਆ ਗਿਆ ਹੈ। ਸਾਨੂੰ ਖ਼ੁਦ ਨੂੰ ਅਪਸਕਿੱਲ ਕਰਨਾ ਹੋਵੇਗਾ ਅਤੇ ਸਮਝਣਾ ਹੋਵੇਗਾ ਕਿ ਇਸ ਦੀ ਸਹੀ ਵਰਤੋਂ ਕਿਵੇਂ ਕੀਤੀ ਜਾਵੇ। ਜਿਹੜੇ ਲੋਕ ਏ.ਆਈ. ਨੂੰ ਸਮਝਣਗੇ ਅਤੇ ਇਸ ਨਾਲ ਕੰਮ ਕਰਨਾ ਸਿੱਖਣਗੇ, ਉਨ੍ਹਾਂ ਲਈ ਅੱਗੇ ਦਾ ਰਸਤਾ ਆਸਾਨ ਹੋਵੇਗਾ।
ਪ੍ਰ: ਡੇਵਿਡ ਧਵਨ ਨਾਲ ਕੰਮ ਕਰਨ ਦਾ ਤਜਰਬਾ ਕਿਹੋ ਜਿਹਾ ਰਿਹਾ?
- ਸਾਡੇ ਲਈ ਇਹ ਅਨੁਭਵ ਕਿਸੇ ਸੁਪਨੇ ਦੇ ਸੱਚ ਹੋਣ ਵਰਗਾ ਸੀ। ਸਾਡਾ ਪੂਰਾ ਬਚਪਨ ਡੇਵਿਡ ਸਰ ਦੀਆਂ ਫਿਲਮਾਂ ਦੇਖਦਿਆਂ ਬੀਤਿਆ ਹੈ। ਉਨ੍ਹਾਂ ਸਾਨੂੰ ਹਸਾਇਆ, ਨਚਾਇਆ ਅਤੇ ਬਹੁਤ ਸਾਰੀਆਂ ਭਾਵਨਾਵਾਂ ਮਹਿਸੂਸ ਕਰਵਾਈਆਂ। ਜਦੋਂ ਸਾਨੂੰ ਪਤਾ ਲੱਗਾ ਕਿ ਅਸੀਂ ਉਨ੍ਹਾਂ ਦੀ ਫਿਲਮ ਲਈ ਗੀਤ ਬਣਾ ਰਹੇ ਹਾਂ ਤਾਂ ਯਕੀਨ ਹੀ ਨਹੀਂ ਹੋਇਆ। ਡੇਵਿਡ ਸਰ ਹਰ ਛੋਟੀ-ਵੱਡੀ ਚੀਜ਼ ’ਚ ਪੂਰੀ ਤਰ੍ਹਾਂ ਸ਼ਾਮਲ ਰਹਿੰਦੇ ਹਨ। ਉਨ੍ਹਾਂ ਨਾਲ ਕੰਮ ਕਰਨਾ ਸਾਡੇ ਲਈ ਬੇਹੱਦ ਸੁਖਦ ਅਨੁਭਵ ਸੀ।
ਪ੍ਰ: ‘ਚੁਨਰੀ-ਚੁਨਰੀ’ ਨੂੰ ਕੰਪੋਜ਼ ਕਰਦੇ ਸਮੇਂ ਕੋਈ ਖ਼ਾਸ ਕਿੱਸਾ ਜਾਂ ਯਾਦਗਾਰੀ ਪਲ?
ਮੈਨੂੰ ਅੱਜ ਵੀ ਯਾਦ ਹੈ ਕਿ ਜਿਵੇਂ ਹੀ ਸਾਨੂੰ ਇਸ ਗੀਤ ਦਾ ਬ੍ਰੀਫ ਮਿਲਿਆ, ਮੈਂ ਖ਼ੁਸ਼ੀ ਨਾਲ ਆਪਣੀ ਕੁਰਸੀ ਤੋਂ ਉੱਛਲ ਪਿਆ ਸੀ। ਚੁਨਰੀ-ਚੁਨਰੀ ਵਰਗੇ ਗੀਤ ’ਤੇ ਕੰਮ ਕਰਨ ਦਾ ਮੌਕਾ ਮਿਲਣਾ ਆਪਣੇ-ਆਪ ’ਚ ਬਹੁਤ ਵੱਡੀ ਗੱਲ ਸੀ। ਸਾਡੀ ਸਭ ਤੋਂ ਵੱਡੀ ਉਤਸੁਕਤਾ ਇਸ ਗੱਲ ਨੂੰ ਲੈ ਕੇ ਸੀ ਕਿ ਅਸੀਂ ਇਸ ’ਚ ਨਵੇਂ ਸ਼ਬਦ ਅਤੇ ਨਵੀਆਂ ਧੁਨਾਂ ਨੂੰ ਕਿਵੇਂ ਜੋੜੀਏ ਤਾਂ ਜੋ ਪੁਰਾਣੇ ਗੀਤ ਨਾਲ ਸਹਿਜ ਤੌਰ ’ਤੇ ਜੁੜ ਜਾਈਏ। ਖ਼ੁਸ਼ੀ ਦੀ ਗੱਲ ਇਹ ਸੀ ਕਿ ਸਾਡੇ ਕੋਲ ਲਗਾਤਾਰ ਨਵੇਂ ਆਈਡਿਆਜ਼ ਆਉਂਦੇ ਰਹੇ ਅਤੇ ਪੂਰੀ ਟੀਮ ਨੂੰ ਉਹ ਪਸੰਦ ਵੀ ਆਉਂਦੇ ਰਹੇ। ਸਭ ਤੋਂ ਖ਼ਾਸ ਗੱਲ ਉਦੋਂ ਹੋਈ ਜਦੋਂ ਵਰੁਣ ਨੇ ਖ਼ੁਦ ਮੈਨੂੰ ਫੋਨ ਕਰ ਕੇ ਕਿਹਾ ਕਿ ਅਸੀਂ ਗੀਤ ਨੂੰ ਇਕ ਨਵਾਂ ਅਤੇ ਤਾਜ਼ਾ ਨਜ਼ਰੀਆ ਦਿੱਤਾ ਹੈ। ਜਿਹੜੇ ਲੋਕਾਂ ਲਈ ਤੁਸੀਂ ਕੰਮ ਕਰ ਰਹੇ ਹੋ, ਉਨ੍ਹਾਂ ਨੂੰ ਤੁਹਾਡਾ ਕੰਮ ਦਿਲੋਂ ਪਸੰਦ ਆਵੇ ਤਾਂ ਉਸ ਤੋਂ ਵੱਡੀ ਖ਼ੁਸ਼ੀ ਕੋਈ ਨਹੀਂ ਹੁੰਦੀ।
ਆਪਣੇ ਕੰਮ ਅਤੇ ਖ਼ੁਦ ਨੂੰ ਪਿਆਰ ਕਰੋ : ਆਈ.ਪੀ.ਸਿੰਘ
ਪ੍ਰ: ਤੁਸੀਂ ਦੋਵਾਂ ਨੇ ਇਕੱਠੇ ਮਿਲ ਕੇ ਕਈ ਗੀਤ ਰੀਕ੍ਰੀਏਟ ਕੀਤੇ ਹਨ। ਆਖ਼ਰ ਤੁਹਾਡੀ ਇਹ ਸਾਂਝੇਦਾਰੀ ਕਦੋਂ ਤੋਂ ਚੱਲ ਰਹੀ ਹੈ?
ਆਈ.ਪੀ. ਸਿੰਘ: ਅਸੀਂ ਇਕ-ਦੂਜੇ ਨੂੰ ਲਗਭਗ 18-19 ਸਾਲਾਂ ਤੋਂ ਜਾਣਦੇ ਹਾਂ। ਹਾਲਾਂਕਿ ਅਕਸ਼ੈ ਐਂਡ ਆਈ.ਪੀ. ਸਿੰਘ ਦੇ ਰੂਪ ’ਚ ਅਸੀਂ ਲਗਭਗ 6-7 ਸਾਲਾਂ ਤੋਂ ਇਕੱਠੇ ਕੰਮ ਕਰ ਰਹੇ ਹਾਂ।
ਅਕਸ਼ੈ: ਕਮਰਸ਼ੀਅਲ ਤੌਰ ’ਤੇ ਦੇਖੀਏ ਤਾਂ 3-4 ਸਾਲਾਂ ਤੋਂ ਅਸੀਂ ਫਿਲਮਾਂ ਲਈ ਲਗਾਤਾਰ ਇਕੱਠੇ ਕੰਮ ਕਰ ਰਹੇ ਹਾਂ। ਇਸ ਤੋਂ ਪਹਿਲਾਂ ਵੀ ਅਸੀਂ ਇਕ-ਦੂਜੇ ਨੂੰ ਸਮਝਦੇ ਹੋਏ ਅਤੇ ਇਕੱਠੇ ਮਿਲ ਕੇ ਸੰਗੀਤ ਤਿਆਰ ਕਰਦੇ ਰਹੇ ਹਾਂ।
ਪ੍ਰ: ਨਵੇਂ ਅਤੇ ਉੱਭਰਦੇ ਸੰਗੀਤਕਾਰਾਂ ਅਤੇ ਗਾਇਕਾਂ ਨੂੰ ਤੁਸੀਂ ਕੀ ਸਲਾਹ ਦੇਣਾ ਚਾਹੋਗੇ?
ਅਕਸ਼ੈ: ਨਵੀਆਂ ਚੀਜ਼ਾਂ ਲਗਾਤਾਰ ਟ੍ਰਾਈ ਕਰਦੇ ਰਹੋ। ਅਕਸਰ ਲੋਕ ਕਿਸੇ ਹੋਰ ਵਾਂਗ ਸੁਣਾਈ ਦੇਣ ਜਾਂ ਮੌਜੂਦਾ ਟਰੈਂਡ ਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਜੇ ਤੁਸੀਂ ਉਸੇ ਮਾਹੌਲ ’ਚ ਕੁਝ ਨਵਾਂ ਤੇ ਵੱਖਰਾ ਲੈ ਕੇ ਆਓਗੇ ਤਾਂ ਤੁਹਾਡੀ ਪਛਾਣ ਜ਼ਰੂਰ ਬਣੇਗੀ। ਆਪਣੇ ਰਸਤੇ ’ਤੇ ਟਿਕੇ ਰਹੋ ਅਤੇ ਆਪਣੀ ਮੌਲਿਕਤਾ ਬਣਾਈ ਰੱਖੋ। ਤੁਹਾਡੇ ਦਰਸ਼ਕ ਤੁਹਾਨੂੰ ਖ਼ੁਦ ਲੱਭ ਲੈਣਗੇ।
ਆਈ.ਪੀ. ਸਿੰਘ: ਮੈਂ ਬਸ ਇਹੀ ਕਹਾਂਗਾ ਕਿ ਆਪਣੇ ਕੰਮ ਅਤੇ ਖ਼ੁਦ ਨਾਲ ਪਿਆਰ ਕਰੋ। ਆਪਣੇ ਅੰਦਰ ਦੀ ਉਹ ਬੱਚਿਆਂ ਵਰਗੀ ਉਤਸੁਕਤਾ ਅਤੇ ਉਤਸ਼ਾਹ ਹਮੇਸ਼ਾ ਜ਼ਿੰਦਾ ਰੱਖੋ। ਈਮਾਨਦਾਰੀ, ਪਿਆਰ ਅਤੇ ਲਗਨ ਨਾਲ ਸੰਗੀਤ ਬਣਾਉਂਦੇ ਰਹੋ। ਹਰ ਗੀਤ ਦੀ ਆਪਣੀ ਇਕ ਯਾਤਰਾ ਹੁੰਦੀ ਹੈ। ਜੇ ਤੁਸੀਂ ਸੱਚੇ ਦਿਲ ਨਾਲ ਕੰਮ ਕਰੋਗੇ ਤਾਂ ਤੁਹਾਡਾ ਸੰਗੀਤ ਆਪਣਾ ਰਸਤਾ ਖ਼ੁਦ ਬਣਾ ਲਵੇਗਾ।
ਪ੍ਰ: ਆਉਣ ਵਾਲੇ ਸਮੇਂ ’ਚ ਤੁਸੀਂ ਕਿਹੜੇ ਪ੍ਰੋਜੈਕਟਾਂ ’ਤੇ ਇਕੱਠੇ ਦਿਖਣ ਵਾਲੇ ਹੋ?
ਆਈ.ਪੀ. ਸਿੰਘ: ਫ਼ਿਲਹਾਲ ਅਸੀਂ ਸਾਰੇ ਪ੍ਰੋਜੈਕਟਾਂ ਦੇ ਨਾਂ ਨਹੀਂ ਦੱਸ ਸਕਦੇ ਪਰ ਬਹੁਤ ਕੁਝ ਆਉਣ ਵਾਲਾ ਹੈ।
ਅਕਸ਼ੈ: ਅਸੀਂ ਦੋਵੇਂ ਇਕੱਠੇ ਮਿਲ ਕੇ ਸੰਗੀਤ ਬਣਾਉਂਦੇ ਹਾਂ ਤੇ ਇਹ ਯਾਤਰਾ ਲਗਾਤਾਰ ਚਲਦੀ ਰਹੇਗੀ। ਇਹ ਸਿਰਫ਼ ਇਕ ਫਿਲਮ ਜਾਂ ਇਕ ਪ੍ਰੋਜੈਕਟ ਤੱਕ ਸੀਮਤ ਨਹੀਂ ਹੈ। ਆਉਣ ਵਾਲੇ ਸਮੇਂ ’ਚ ਦਰਸ਼ਕਾਂ ਨੂੰ ਸਾਡੇ ਵੱਲੋਂ ਬਹੁਤ ਸਾਰਾ ਨਵਾਂ ਸੰਗੀਤ ਸੁਣਨ ਨੂੰ ਮਿਲੇਗਾ।
