B'Day Spl : ਜਾਣੋ ਸੁਪਰਸਟਾਰ ਅਫ਼ਸਾਨਾ ਖ਼ਾਨ ਦਾ ਇਤਿਹਾਸ, ਇੰਝ ਕੀਤੀ ਆਪਣੇ ਕਰੀਅਰ ਦੀ ਸ਼ੁਰੂਆਤ
Wednesday, Jun 12, 2024 - 10:01 AM (IST)
ਜਲੰਧਰ- ਪੰਜਾਬ ਦੀ ਮਸ਼ਹੂਰ ਗਾਇਕਾ ਅਫ਼ਸਾਨਾ ਖ਼ਾਨ ਦਾ ਜਨਮ 12 ਜੂਨ 1994 ਨੂੰ ਸ੍ਰੀ ਮੁਕਤਸਰ ਸਾਹਿਬ, ਪੰਜਾਬ ਦੇ ਪਿੰਡ ਬਾਦਲ 'ਚ ਹੋਇਆ ਸੀ। ਸੁਪਰਸਟਾਰ ਅਫ਼ਸਾਨਾ ਖ਼ਾਨ ਨੂੰ ਬਚਪਨ ਤੋਂ ਹੀ ਸੰਗੀਤ ਦਾ ਸ਼ੌਕ ਸੀ। ਦਰਅਸਲ, ਅਫ਼ਸਾਨਾ ਦੇ ਦਾਦਾ, ਪਿਤਾ ਅਤੇ ਭਰਾ ਵੀ ਸੰਗੀਤਕਾਰ ਹਨ। ਇਹੀ ਕਾਰਨ ਸੀ ਕਿ ਸਕੂਲੀ ਦਿਨਾਂ ਦੌਰਾਨ ਹੀ ਅਫ਼ਸਾਨਾ ਦਾ ਝੁਕਾਅ ਸੰਗੀਤ ਵੱਲ ਸੀ।
ਅਫ਼ਸਾਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਰਿਐਲਿਟੀ ਸ਼ੋਅਜ਼ ਨਾਲ ਕੀਤੀ ਸੀ। ਉਸ ਨੂੰ ਪਹਿਲੀ ਵਾਰ ਸਿੰਗਿੰਗ ਰਿਐਲਿਟੀ ਸ਼ੋਅ 'ਵਾਇਸ ਆਫ ਪੰਜਾਬ ਸੀਜ਼ਨ 3' ਸਾਲ 2012 ਦੌਰਾਨ ਦੇਖਿਆ ਗਿਆ ਸੀ। ਇਸ ਸ਼ੋਅ 'ਚ ਉਹ ਟਾਪ 5 'ਚ ਪਹੁੰਚ ਗਈ ਸੀ। ਇਸ ਤੋਂ ਬਾਅਦ ਉਸ ਨੇ 'ਰਾਈਜ਼ਿੰਗ ਸਟਾਰ' ਨਾਂ ਦੇ ਰਿਐਲਿਟੀ ਸ਼ੋਅ 'ਚ ਵੀ ਆਪਣੀ ਆਵਾਜ਼ ਦਾ ਜਾਦੂ ਦਿਖਾਇਆ, ਜਿਸ ਕਾਰਨ ਅਫ਼ਸਾਨਾ ਦੀ ਪ੍ਰਸਿੱਧੀ ਤੇਜ਼ੀ ਨਾਲ ਵਧਣ ਲੱਗੀ। ਇਸ ਰਿਐਲਿਟੀ ਸ਼ੋਅ 'ਚ ਅਫ਼ਸਾਨਾ ਸੱਤਵੇਂ ਸਥਾਨ 'ਤੇ ਰਹੀ ਸੀ। ਇਕ ਇੰਟਰਵਿਊ 'ਚ ਦੱਸਿਆ ਸੀ ਕਿ ਜਦੋਂ ਉਹ ਇਸ ਰਿਐਲਿਟੀ ਸ਼ੋਅ ਦੇ ਆਡੀਸ਼ਨ ਲਈ ਆਈ ਸੀ ਤਾਂ ਉਸ ਨੂੰ ਬਾਲੀਵੁੱਡ ਦਾ ਕੋਈ ਗੀਤ ਨਹੀਂ ਪਤਾ ਸੀ। ਉਸ ਨੇ ਆਡੀਸ਼ਨ ਵਾਲੀ ਥਾਂ 'ਤੇ ਹੀ 'ਜਗ ਸੁਨਾ ਸੁਨਾ ਲਾਗੇ' ਗੀਤ ਤਿਆਰ ਕੀਤਾ ਅਤੇ ਗਾਇਆ, ਜਿਸ ਤੋਂ ਬਾਅਦ ਉਸ ਨੂੰ ਸ਼ੋਅ 'ਚ ਚੁਣਿਆ ਗਿਆ। ਸਾਲ 2020 'ਚ ਰਿਲੀਜ਼ ਹੋਏ ਅਫਸਾਨਾ ਖਾਨ ਦੇ ਗੀਤ 'ਯਾਰ ਮੇਰਾ ਤਿਤਲੀਆਂ ਵਰਗਾ' ਨੇ ਰਾਤੋ-ਰਾਤ ਇੰਟਰਨੈੱਟ 'ਤੇ ਹਲਚਲ ਮਚਾ ਦਿੱਤੀ ਸੀ। ਇਹ ਗੀਤ ਲੋਕਾਂ ਦੇ ਦਿਲਾਂ ਨੂੰ ਛੂਹ ਜਾਂਦਾ ਹੈ। ਲੋਕਾਂ ਨੇ ਇਸ ਗੀਤ ਨੂੰ ਇੰਨਾ ਪਸੰਦ ਕੀਤਾ ਕਿ ਇਹ ਅੱਜ ਵੀ ਲੋਕਾਂ ਦੀ ਪਲੇਲਿਸਟ 'ਚ ਸ਼ਾਮਲ ਹੈ।
ਦੋ ਰਿਐਲਿਟੀ ਸ਼ੋਅਜ਼ 'ਚ ਆਪਣੀ ਆਵਾਜ਼ ਦਾ ਜਾਦੂ ਬਿਖੇਰਨ ਵਾਲੀ ਅਫ਼ਸਾਨਾ ਖਾਨ ਨੇ ਫਿਰ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਐਂਟਰੀ ਕੀਤੀ। ਇੱਕ ਗਾਇਕ ਵਜੋਂ ਉਸ ਨੇ 'ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈ' ਗੀਤ ਨਾਲ ਪ੍ਰਸਿੱਧੀ ਹਾਸਲ ਕੀਤੀ। ਇਸ ਤੋਂ ਬਾਅਦ ਉਸਨੇ ਕਈ ਬਾਲੀਵੁੱਡ ਫਿਲਮਾਂ 'ਚ ਗੀਤ ਗਾਏ ਅਤੇ ਉਹ ਮਸ਼ਹੂਰ ਹੋ ਗਈ। ਅਫ਼ਸਾਨਾ ਖਾਨ ਬਿੱਗ ਬੌਸ 15 'ਚ ਵੀ ਨਜ਼ਰ ਆ ਚੁੱਕੀ ਹੈ।
ਹਰ ਕਲਾਕਾਰ ਵਾਂਗ ਅਫ਼ਸਾਨਾ ਖਾਨ ਕੋਲ ਵੀ ਸੰਘਰਸ਼ ਦੀ ਦਰਦ ਭਰੀ ਕਹਾਣੀ ਹੈ। ਬਿੱਗ ਬੌਸ 15 ਦੇ ਘਰ 'ਚ ਅਫ਼ਸਾਨਾ ਨੇ ਉਨ੍ਹਾਂ ਦੀ ਸਫਲਤਾ ਦੇ ਪਿੱਛੇ ਦੀ ਕਹਾਣੀ ਸੁਣਾਈ ਸੀ। ਇਹ ਸੁਣ ਕੇ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ। ਇੱਕ ਸਮਾਂ ਸੀ ਜਦੋਂ ਅਫਸਾਨਾ ਖਾਨ ਕੋਲ 20 ਰੁਪਏ ਦੀ ਬੋਤਲ ਖਰੀਦਣ ਲਈ ਵੀ ਪੈਸੇ ਨਹੀਂ ਸਨ। ਪਰ, ਅੱਜ ਉਹ ਲੱਖਾਂ ਦਿਲਾਂ 'ਤੇ ਰਾਜ ਕਰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8