ਮੈਂ ਹੁਣ ਵੀ ਇਕ ਅਜਿਹੇ ਰੋਲ ਦੀ ਤਲਾਸ਼ ’ਚ ਹਾਂ, ਜੋ ਪੂਰੀ ਭੁੱਖ ਮਿਟਾ ਦੇਵੇ : ਮਨੋਜ ਵਾਜਪਾਈ
Friday, Nov 28, 2025 - 11:17 AM (IST)
ਮੁੰਬਈ- ਲੰਬੀ ਉਡੀਕ ਤੋਂ ਬਾਅਦ ‘ਦਿ ਫੈਮਿਲੀ ਮੈਨ-3’ ਹੁਣ ਦਰਸ਼ਕਾਂ ਸਾਹਮਣੇ ਹੈ। ਪ੍ਰਾਈਮ ਵੀਡੀਓ ’ਤੇ ਰਿਲੀਜ਼ ਹੋਇਆ ਇਹ ਨਵਾਂ ਸੀਜ਼ਨ ਉੱਤਰ-ਪੂਰਬ ਦੇ ਸੰਵੇਦਨਸ਼ੀਲ ਪਿਛੋਕੜ ਨੂੰ ਕੇਂਦਰ ’ਚ ਰੱਖਦਿਆਂ ਕਹਾਣੀ ਨੂੰ ਇਕ ਬਿਲਕੁਲ ਨਵੇਂ ਮੋੜ ’ਤੇ ਲੈ ਜਾਂਦਾ ਹੈ। ਪਹਿਲੇ ਦੋ ਸੀਜ਼ਨਾਂ ਦੀ ਜ਼ਬਰਦਸਤ ਸਫਲਤਾ ਤੋਂ ਬਾਅਦ ਇਸ ਦਾ ਤੀਜਾ ਅਧਿਆਇ ਨਾ ਸਿਰਫ਼ ਵਿਆਪਕ ਰਾਜਨੀਤਕ ਸਾਜ਼ਿਸ਼ਾਂ ਦਾ ਪਰਦਾਫਾਸ਼ ਕਰਦਾ ਹੈ ਸਗੋਂ ਸ਼੍ਰੀਕਾਂਤ ਤਿਵਾੜੀ ਦੀ ਬਿਖਰੀ ਨਿੱਜੀ ਜ਼ਿੰਦਗੀ ਅਤੇ ਉਸ ਨਾਲ ਜੂਝਦੇ ਉਸ ਦੇ ਅੰਦਰਲੇ ਸੰਘਰਸ਼ਾਂ ਨੂੰ ਵੀ ਹੋਰ ਡੂੰਘਾਈ ਨਾਲ ਉਜਾਗਰ ਕਰਦਾ ਹੈ। ਐਕਸ਼ਨ, ਇਮੋਸ਼ਨ, ਡਾਰਕ ਟੋਨ ਅਤੇ ਰਾਜਨੀਤਕ ਤਣਾਅ-ਇਸ ਵਾਰ ਹਰ ਪਹਿਲੂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਤੀਬਰ ਤੇ ਪ੍ਰਭਾਵਸ਼ਾਲੀ ਹਨ। ਸੀਰੀਜ਼ ਬਾਰੇ ਮਨੋਜ ਵਾਜਪਾਈ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗਬਾਣੀ/ਹਿੰਦ ਸਮਾਚਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...
ਪ੍ਰ. ਅੱਜ ਮੈਂ ਸ਼੍ਰੀਕਾਂਤ ਤਿਵਾੜੀ ਨਾਲ ਗੱਲ ਕਰ ਰਿਹਾ ਹਾਂ ਜਾਂ ਮਨੋਜ ਵਾਜਪਾਈ ਨਾਲ?
-ਮਨੋਜ ਵਾਜਪਾਈ ਨਾਲ, ਸ਼੍ਰੀਕਾਂਤ ਤਿਵਾੜੀ ਤਾਂ ਬਹੁਤ ਪਹਿਲਾਂ ਪਿੱਛੇ ਰਹਿ ਗਿਆ। ਸ਼ੂਟਿੰਗ ਬਹੁਤ ਪਹਿਲਾਂ ਖ਼ਤਮ ਹੋ ਗਈ ਸੀ ਅਤੇ ਮੇਰੇ ਨਾਲ ਰਹੋਗੇ ਤਾਂ ਤੁਹਾਨੂੰ ਲੱਗੇਗਾ ਕਿ ਮੈਂ ਬਿਲਕੁਲ ਵੀ ਸ਼੍ਰੀਕਾਂਤ ਤਿਵਾੜੀ ਵਰਗਾ ਨਹੀਂ ਹਾਂ।
ਪ੍ਰ. ਤਿੰਨ ਸੀਜ਼ਨ ਕਰ ਚੁੱਕੇ ਹੋ, ਕੋਈ ਚੀਜ਼ ਜੋ ਸ਼੍ਰੀਕਾਂਤ ਤਿਵਾੜੀ ਨੇ ਤੁਹਾਡੇ ’ਚ ਛੱਡ ਦਿੱਤੀ ਹੋਵੇ?
- ਸ਼੍ਰੀਕਾਂਤ ਇੰਟੈਲੀਜੈਂਸ ਦਾ ਆਦਮੀ ਹੈ। ਉਸ ਦੀਆਂ ਸਕਿੱਲਜ਼ ਮੇਰੇ ਕਿਸੇ ਕੰਮ ਦੀਆਂ ਨਹੀਂ ਪਰ ਹਾਂ ਅਲਰਟਨੈੱਸ ਉਸ ਨੇ ਦਿੱਤੀ ਹੈ। ਉਹ ਆਦਮੀ ਸਾਹਮਣੇ ਵਾਲੇ ਦੇ ਹਾਵ-ਭਾਵ ਲੈਂਦਾ ਹੈ, ਮੇਰੇ ’ਚ ਇਹ ਗੁਣ ਥੋੜ੍ਹਾ ਜਿਹਾ ਆ ਗਿਆ ਹੈ।
ਪ੍ਰ. ਅੱਜ ਦੇ ਮਨੋਜ ਵਾਜਪਾਈ ’ਚ ਉਹ ਕੀ ਹੈ, ਜੋ ਤੁਸੀਂ ਬਦਲਣਾ ਚਾਹੁੰਦੇ ਹੋ?
- ਮੈਂ ਅਜੇ ਵੀ ਇਕ ਅਜਿਹੀ ਭੂਮਿਕਾ ਦੀ ਭਾਲ ’ਚ ਹਾਂ, ਜੋ ਮੇਰੀ ਭੁੱਖ ਮਿਟਾ ਦੇਵੇ। ਇਕ ਅਜਿਹੀ ਭੂਮਿਕਾ ਜੋ ਨਿਭਾਉਣ ਤੋਂ ਬਾਅਦ ਲੱਗੇ ਕਿ ਹੁਣ ਇਸ ਤੋਂ ਉੱਪਰ ਕੁਝ ਨਹੀਂ ਹੈ ਪਰ ਸ਼ਾਇਦ ਉਹ ਤਲਾਸ਼ ਕਦੇ ਖ਼ਤਮ ਨਹੀਂ ਹੋਵੇਗੀ। ਭੂਮਿਕਾ ਕਿਵੇਂ ਦੀ ਹੋਵੇਗੀ, ਕੋਈ ਆਈਡੀਆ ਨਹੀਂ ਹੈ ਪਰ ਜਦੋਂ ਤੱਕ ਮਿਲ ਨਹੀਂ ਜਾਂਦਾ, ਪਿਆਸ ਵਧਦੀ ਹੀ ਜਾਵੇਗੀ। ਜਿਵੇਂ ‘ਦੇਵਦਾਸ’ ਵਿਚ ਇਕ ਲਾਈਨ ਹੈ-ਯੇ ਪਿਆਸ ਹੈ ਕਿ ਬੁਝਤੀ ਨਹੀਂ, ਯੇ ਕਭੀ ਨਾ ਬੁਝਨੇ ਵਾਲੀ ਪਿਆਸ।’ ਇਹੋ ਅਦਾਕਾਰ ਦੀ ਪਿਆਸ ਹੈ।
ਸਿਹਤਮੰਦ ਰਹਿਣ ਦੀ ਪੂਰੀ ਕੋਸ਼ਿਸ਼ ਕਰਦਾ ਹਾਂ
ਪ੍ਰ. ‘ਫੈਮਿਲੀ ਮੈਨ’ ’ਚ ਤੁਹਾਡੀ ਪਰਸਨੈਲਿਟੀ ਬਿਲਕੁਲ ਨਹੀਂ ਬਦਲਦੀ। ਕਿਵੇਂ ਬਣਾਈ ਰੱਖਦੇ ਹੋ?
-ਬਦਲਾਅ ਤਾਂ ਹੈ, ਮੈਨੂੰ ਤਾਂ ਦਿਸਦਾ ਹੈ ਪਰ ਹਾਂ ਫਿੱਟ ਰਹਿਣ ਦੀ ਕੋਸ਼ਿਸ਼ ਕਰਦਾ ਹਾਂ। ਚੰਗਾ ਭੋਜਨ, ਸਮੇਂ ’ਤੇ ਖਾਣਾ, ਚੰਗੀ ਨੀਂਦ, ਸਵੇਰੇ ਉੱਠ ਕੇ ਯੋਗਾ ਤੇ ਕਸਰਤ ਕਰਦਾ ਹਾਂ। ਮੈਂ ਸਿਹਤਮੰਦ ਰਹਿਣ ਦੀ ਪੂਰੀ ਕੋਸ਼ਿਸ਼ ਕਰਦਾ ਹਾਂ।
ਪ੍ਰ. ਸ਼ੋਅ ’ਚ ਤੁਹਾਡੀ ਬੇਟੀ ਤੁਹਾਡੇ ਨਾਲ ਬਹੁਤ ਨਾਰਾਜ਼ ਰਹਿੰਦੀ ਹੈ। ਅਸਲ ਜ਼ਿੰਦਗੀ ’ਚ ਕਿਹੋ ਜਿਹੀ ਹੈ?
-ਅਸਲ ’ਚ ਉਹ ਮੈਨੂੰ ਬੱਚੇ ਵਾਂਗ ਟ੍ਰੀਟ ਕਰਦੀ ਹੈ। ਮੈਨੂੰ ਸਮਝਾਉਂਦੀ ਹੈ। ਮੈਨੂੰ ਚੰਗਾ ਵੀ ਲੱਗਦਾ ਹੈ। ਇਸ ਲਈ ਕਹਿ ਸਕਦੇ ਹਾਂ ਕਿ ਉਹ ਮੇਰੀ ਪਾਪਾ ਹੈ, ਮੈਂ ਉਸ ਦਾ ਨਹੀਂ।
ਜੈਦੀਪ ਦਾ ਕਿਰਦਾਰ ਵੀ ਗ਼ਜ਼ਬ ਦਾ, ਇਸ ਨਾਲ ਸ਼੍ਰੀਕਾਂਤ ਤਿਵਾੜੀ ਲਈ ਚੁਣੌਤੀ ਹੋਰ ਵਧ ਗਈ
ਪ੍ਰ. ਸੀਜ਼ਨ-3 ’ਚ ਜੈਦੀਪ ਅਹਲਾਵਤ ਨੂੰ ਕਾਸਟ ਕਰਨ ’ਤੇ ਤੁਹਾਡਾ ਰਿਐਕਸ਼ਨ?
ਪਹਿਲਾਂ ਮੇਕਰਜ਼ ਦੇ ਦਿਮਾਗ਼ ’ਚ ਨਹੀਂ ਸੀ ਪਰ ਬਾਅਦ ’ਚ ਜਦੋਂ ਉਨ੍ਹਾਂ ਨੇ ਸੋਚਿਆ, ਬਿਲਕੁਲ ਸਹੀ ਸੋਚਿਆ। ਜੈਦੀਪ ਲੰਬਾ-ਚੌੜਾ, ਦਮਦਾਰ ਪਰਸਨੈਲਿਟੀ ਵਾਲਾ, ਸ਼ਾਨਦਾਰ ਅਦਾਕਾਰ ਹੈ ਤੇ ਨਿਮਰਤ ਵੀ ਜੁੜੀ, ਦੋ ਦਿੱਗਜ ਕਲਾਕਾਰ ਸੀਰੀਜ਼ ਦਾ ਹਿੱਸਾ ਬਣੇ ਤੇ ਜੈਦੀਪ ਦਾ ਕਿਰਦਾਰ ਵੀ ਗ਼ਜ਼ਬ ਦਾ ਹੈ, ਇਸ ਲਈ ਇਸ ਨਾਲ ਸ਼੍ਰੀਕਾਂਤ ਤਿਵਾੜੀ ਲਈ ਚੁਣੌਤੀ ਹੋਰ ਵਧ ਗਈ।
ਪ੍ਰ. ਇਕ ਸਲਾਹ ਜੋ ਹਰ ਅਦਾਕਾਰ ਨੂੰ ਕਰਨੀ ਚਾਹੀਦੀ ਹੈ ਤੇ ਜੋ ਨਹੀਂ ਕਰਨੀ ਚਾਹੀਦੀ?
ਕਰਨੀ ਚਾਹੀਦੀ ਹੈ : ਹਰ ਰੋਜ਼ ਕੋਈ ਕਵਿਤਾ, ਸ਼ਾਰਟ ਸਟੋਰੀ ਪੜ੍ਹੋ ਤੇ ਥੋੜ੍ਹਾ ਜਿਹਾ ਯਾਦ ਕਰ ਕੇ ਪਰਫਾਰਮ ਕਰੋ। ਜਿਵੇਂ ਜਿੰਮ ਰੋਜ਼ ਜਾਂਦੇ ਹੋ-ਇਹ ਵੀ ਉਵੇਂ ਦਾ ਹੀ ਹੈ।
ਨਹੀਂ ਕਰਨੀ ਚਾਹੀਦੀ : ਸਲਾਹ ਦੇਣ ਵਾਲਿਆਂ ਨੂੰ ਅੱਜਕਲ ਲੋਕ ਮੂਰਖ ਸਮਝਦੇ ਹਨ ਪਰ ਫਿਰ ਵੀ ਕਦੇ ਵੀ ਆਪਣੇ ਸਰੀਰ, ਦਿਮਾਗ਼ ਤੇ ਭਾਵਨਾਵਾਂ ਨੂੰ ਧੋਖਾ ਨਾ ਦਿਓ।
