Half CA ਦਾ ਦੂਜਾ ਸੀਜ਼ਨ ਹੋਇਆ ਰਿਲੀਜ਼

Thursday, Aug 28, 2025 - 09:36 AM (IST)

Half CA ਦਾ ਦੂਜਾ ਸੀਜ਼ਨ ਹੋਇਆ ਰਿਲੀਜ਼

ਮੁੰਬਈ- ਓ. ਟੀ. ਟੀ. ਦੀ ਦੁਨੀਆ ’ਚ ‘ਹਾਫ ਸੀ. ਏ.’ ਦਾ ਪਹਿਲਾ ਸੀਜ਼ਨ ਦਰਸ਼ਕਾਂ ਨੂੰ ਬੇਹੱਦ ਪਸੰਦ ਆਇਆ। ਹੁਣ ਇਸ ਦਾ ਦੂਜਾ ਸੀਜ਼ਨ ਵੀ ਰਿਲੀਜ਼ ਹੋ ਚੁੱਕਿਆ ਹੈ। ਸੀਰੀਜ਼ ਵਿਚ ਅਹਿਸਾਸ ਚੰਨਾ, ਗਿਆਨੇਂਦਰ ਤ੍ਰਿਪਾਠੀ, ਰੋਹਨ ਜੋਸ਼ੀ, ਪ੍ਰੀਤ ਕਮਾਨੀ ਅਤੇ ਅਨਮੋਲ ਕਜਾਨੀ ਮੁੱਖ ਭੂਮਿਕਾਵਾਂ ਵਿਚ ਨਜ਼ਰ ਆਉਣਗੇ। ਇਹ ਸੀਰੀਜ਼ 27 ਅਗਸਤ ਨੂੰ ਐਮਾਜ਼ਾਨ ਐੱਮ. ਐਕਸ. ਪਲੇਅਰ ’ਤੇ ਰਿਲੀਜ਼ ਹੋ ਚੁੱਕੀ ਹੈ। ਇਸ ਸੀਜ਼ਨ ਵਿਚ ਤੁਹਾਨੂੰ ਇਕ ਸੀ. ਏ. ਦੇ ਜੀਵਨ ਦੀਆਂ ਉਹ ਕਠਿਨਾਈਆਂ ਦੇਖਣ ਨੂੰ ਮਿਲਣਗੀਆਂ, ਜੋ ਕਿਤੇ ਨਾ ਕਿਤੇ ਨਜ਼ਰਅੰਦਾਜ਼ ਹੋ ਜਾਂਦੀਆਂ ਹਨ। ਇਸ ਸੀਰੀਜ਼ ਨੂੰ ਪ੍ਰਤੀਸ਼ ਮਹਿਤਾ ਨੇ ਨਿਰਦੇਸ਼ਤ ਕੀਤਾ ਹੈ। ਸੀਰੀਜ਼ ਬਾਰੇ ਸਟਾਰਕਾਸਟ ਪ੍ਰੀਤ ਕਮਾਨੀ, ਅਹਿਸਾਸ ਚੰਨਾ ਤੇ ਗਿਆਨੇਂਦਰ ਤ੍ਰਿਪਾਠੀ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...

ਬੀ. ਐੱਸ. ਸੀ. ਕਰ ਕੇ ਮੈਂ ਖ਼ੁਸ਼ ਨਹੀਂ ਰਹਿ ਪਾਉਂਦਾ : ਗਿਆਨੇਂਦਰ ਤ੍ਰਿਪਾਠੀ

ਪ੍ਰ. ਪਹਿਲੇ ਸੀਜ਼ਨ ਨੂੰ ਸ਼ਾਨਦਾਰ ਹੁੰਗਾਰਾ ਮਿਲਿਆ ਸੀ। ਕਿਹੋ ਜਿਹਾ ਅਨੁਭਵ ਰਿਹਾ?

ਬਹੁਤ ਸਕੂਨ ਮਿਲਿਆ। ਪੂਰੀ ਟੀਮ ਨੇ ਕਾਫ਼ੀ ਮਿਹਨਤ ਕੀਤੀ ਸੀ ਅਤੇ ਉਸ ਨੂੰ ਅੱਗੇ ਵਧਾਇਆ। ਖ਼ਾਸ ਗੱਲ ਇਹ ਹੈ ਕਿ ਜਦੋਂ ਦਰਸ਼ਕ ਕਿਸੇ ਸ਼ੋਅ ਨੂੰ ਆਪਣਾ ਬਣਾ ਲੈਂਦੇ ਹਨ ਤੇ ਅੱਗੇ ਸ਼ੇਅਰ ਕਰਦੇ ਹਨ ਤਾਂ ਲੱਗਦਾ ਹੈ ਕਿ ਸਾਡੀ ਮਿਹਨਤ ਰੰਗ ਲਿਆਈ, ਜਿਵੇਂ ਇਕ ਲੰਬੀ ਮੈਰਾਥਨ ਤੋਂ ਬਾਅਦ ਮਸ਼ਾਲ ਦਰਸ਼ਕਾਂ ਦੇ ਹੱਥ ਵਿਚ ਸੌਂਪ ਦਿੱਤੀ ਹੋਵੇ।

ਪ੍ਰ. ਆਪਣੇ ਕਿਰਦਾਰ ਬਾਰੇ ਦੱਸੋ? ਇਹ ਪਹਿਲੇ ਸੀਜ਼ਨ ਦੇ ਕਿਰਦਾਰ ਨਾਲੋਂ ਕਿੰਨਾ ਵੱਖ ਹੈ?

ਇਸ ਸੀਜ਼ਨ ਵਿਚ ਤੁਹਾਨੂੰ ਨੀਰਜ ਭਈਆ ਦਾ ਵੱਖਰਾ ਰੂਪ ਦੇਖਣ ਨੂੰ ਮਿਲੇਗਾ। ਪਿਛਲੇ ਸੀਜ਼ਨ ਵਿਚ ਜਿਵੇਂ ਆਰਚੀ ਹਮੇਸ਼ਾ ਨੀਰਜ ਭਈਆ ਕੋਲ ਜਾਂਦੀ ਸੀ ਅਤੇ ਉਨ੍ਹਾਂ ਤੋਂ ਸਲਾਹ ਲੈਂਦੀ ਸੀ ਅਤੇ ਨੀਰਜ ਭਈਆ ਕਦੇ ਗ਼ਲਤੀ ਨਹੀਂ ਕਰ ਸਕਦੇ ਪਰ ਇਸ ਸੀਜ਼ਨ ਵਿਚ ਨੀਰਜ ਭਈਆ ਇਕ ਅਜਿਹੇ ਇਨਸਾਨ ਬਣੇ, ਜਿਨ੍ਹਾਂ ਦੇ ਜੀਵਨ ਵਿਚ ਤਕਲੀਫ਼ਾਂ ਹਨ ਅਤੇ ਉਨ੍ਹਾਂ ਤੋਂ ਗ਼ਲਤੀ ਵੀ ਹੋਈ। ਇਸ ਵਿਚ ਤੁਸੀਂ ਦੇਖੋਗੇ ਕਿ ਸਿਰਫ਼ ਤੁਹਾਡਾ ਕੰਮ ਹੀ ਤੁਹਾਡੀ ਹੋਂਦ ਨਹੀਂ ਹੋ ਸਕਦੀ ਬਲਕਿ ਤੁਹਾਡਾ ਇਕ ਜੀਵਨ ਵੀ ਹੁੰਦਾ ਹੈ।

ਪ੍ਰ. ਤੁਸੀਂ ਬੀ.ਐੱਸ. ਸੀ. ਦੇ ਵਿਦਿਆਰਥੀ ਰਹੇ ਹੋ ਤਾਂ ਫਿਰ ਅਦਾਕਾਰੀ ’ਚ ਕਿਵੇਂ ਆਏ?

ਮੈਂ ਵਿਗਿਆਨ ਦਾ ਵਿਦਿਆਰਥੀ ਸੀ ਅਤੇ ਸਾਡੀ ਸੁਸਾਇਟੀ ਵਿਚ ਅਜਿਹਾ ਕਿਹਾ ਜਾਂਦਾ ਹੈ ਕਿ ਚੰਗੀ ਤਰ੍ਹਾਂ ਪੜ੍ਹੋ ਅਤੇ ਚੰਗੇ ਨੰਬਰ ਲੈ ਕੇ ਆਓ। ਜਦੋਂ ਮੈਂ ਬੀ.ਐੱਸ. ਸੀ. ਕਰ ਰਿਹਾ ਸੀ ਤਾਂ ਮੈਨੂੰ ਇਸ ਦਾ ਅਹਿਸਾਸ ਹੋਇਆ ਕਿ ਮੈਂ ਇਸ ਵਿਚ ਚੰਗਾ ਨਹੀਂ ਕਰ ਸਕਾਂਗਾ ਅਤੇ ਖ਼ੁਸ਼ ਵੀ ਨਹੀਂ ਰਹਿ ਸਕਾਗਾਂ। ਉਸ ਦੌਰਾਨ ਮੈਂ ਸਟੇਜ ਸ਼ੋਅ ਵਿਚ ਹਿੱਸਾ ਲੈਣਾ ਸ਼ੁਰੂ ਕੀਤਾ ਅਤੇ ਮੈਂ ਦੇਖਿਆ ਕਿ ਲੋਕ ਮੈਨੂੰ ਸੁਣ ਰਹੇ ਹਨ ਅਤੇ ਚੰਗਾ ਹੁੰਗਾਰਾ ਮਿਲ ਰਿਹਾ ਹੈ ਤਾਂ ਮੈਨੂੰ ਇਸ ਤੋਂ ਪਛਾਣ ਮਿਲੀ। ਮੈਂ ਐੱਫ. ਟੀ. ਆਈ. ਕੀਤੀ ਕਿਉਂਕਿ ਮੈਨੂੰ ਅਜਿਹਾ ਲੱਗਦਾ ਹੈ ਕਿ ਅਦਾਕਾਰੀ ਕਰਨੀ ਹੈ ਤਾਂ ਸਿੱਖਣਾ ਵੀ ਪਵੇਗਾ। ਇਹ ਇਕ ਤਰ੍ਹਾਂ ਦਾ ਪ੍ਰਮਾਣ ਹੈ।

ਹੁਣ ਮੈਚਿਓਰ ਰੋਲ ਮਿਲ ਰਹੇ ਹਨ : ਅਹਿਸਾਸ ਚੰਨਾ

ਪ੍ਰ. ਸੀਜ਼ਨ-2 ਵਿਚ ਆਰਟੀਕਲਸ਼ਿਪ ਦੀ ਗੱਲ ਹੋਵੇਗੀ। ਅਸਲ ਵਿਚ ਇਹ ਕੀ ਹੁੰਦਾ ਹੈ?

ਸੀ. ਏ. ਕੋਰਸ ਵਿਚ ਆਰਟੀਕਲਸ਼ਿਪ ਬਹੁਤ ਅਹਿਮ ਹਿੱਸਾ ਹੈ। ਇਹ ਬਿਲਕੁਲ ਪ੍ਰੈਕਟੀਕਲ ਦੀ ਤਰ੍ਹਾਂ ਹੈ, ਜਿੱਥੇ ਵਿਦਿਆਰਥੀ ਅਸਲੀ ਕੰਮ ਦਾ ਅਨੁਭਵ ਲੈਂਦੇ ਹਨ ਪਰ ਮੁਸ਼ਕਿਲ ਇਹ ਹੁੰਦੀ ਹੈ ਕਿ ਪੜ੍ਹਾਈ ਅਤੇ ਆਰਟੀਕਲਸ਼ਿਪ ਦੋਵੇਂ ਇਕੱਠੇ ਕਰਨੇ ਪੈਂਦੇ ਹਨ। ਇਹੀ ਸੰਤੁਲਨ, ਦਬਾਅ ਅਤੇ ਰਿਸ਼ਤਿਆਂ ’ਤੇ ਅਸਰ ਇਸ ਸੀਜ਼ਨ ਵਿਚ ਖ਼ੂਬਸੂਰਤੀ ਨਾਲ ਦਿਖਾਇਆ ਗਿਆ ਹੈ।

ਪ੍ਰ. ਤੁਸੀਂ ਬਚਪਨ ਤੋਂ ਅਦਾਕਾਰੀ ਕਰ ਰਹੇ ਹੋ ਅਤੇ ਕਾਫ਼ੀ ਵਾਰ ਤੁਹਾਨੂੰ ਮਾਲ ਵਿਚ ਵੀ ਦੇਖਿਆ ਜਾਂਦਾ ਹੈ ਤਾਂ ਕਦੇ ਲੱਗਿਆ ਕਿ ਲੋਕ ਘੇਰ ਲੈਣਗੇ?

ਨਹੀਂ ਮੈਨੂੰ ਤਾਂ ਚੰਗਾ ਲੱਗਦਾ ਹੈ ਅਤੇ ਮੇਰੇ ਖ਼ਿਆਲ ਨਾਲ ਤੁਸੀਂ ਇਕ ਐਕਟਰ ਵੀ ਇਸ ਲਈ ਬਣਦੇ ਹੋ ਤਾਂ ਕਿ ਤੁਹਾਨੂੰ ਅਟੈਂਸ਼ਨ ਮਿਲੇ। ਮੈਂ ਕਦੇ ਇਨ੍ਹਾਂ ਚੀਜ਼ਾਂ ਤੋਂ ਪ੍ਰੇਸ਼ਾਨ ਨਹੀਂ ਹੁੰਦੀ ਸਗੋਂ ਮੈਨੂੰ ਮਜ਼ਾ ਆਉਂਦਾ ਹੈ। ਮੈਂ ਤੁਹਾਨੂੰ ਇਕ ਕਿੱਸਾ ਦੱਸਾਂ ਮੈਂ ਤਾਂ ਜਿਉਂ ਹੀ ਮਾਸਕ ਉਤਾਰਿਆ ਤਾਂ ਲੋਕ ਮੇਰੇ ਨਾਲ ਗੱਲ ਕਰਨ ਲੱਗੇ ਅਤੇ ਮੈਂ ਵੀ ਉਨ੍ਹਾਂ ਨਾਲ ਚੰਗੀ ਤਰ੍ਹਾਂ ਇਨਵਾਲਵ ਹੋਈ।

ਪ੍ਰ. ਇਸ ਸਫ਼ਰ ਵਿਚ ਹੁਣ ਕੀ ਬਦਲਾਅ ਮਹਿਸੂਸ ਹੁੰਦਾ ਹੈ?

ਬਚਪਨ ਵਿਚ ਮੈਨੂੰ ਚਾਇਲਡ ਐਕਟਰ ਦੀ ਤਰ੍ਹਾਂ ਟ੍ਰੀਟ ਕੀਤਾ ਜਾਂਦਾ ਸੀ ਪਰ ਮੈਂ ਸੈੱਟ ’ਤੇ ਹੀ ਸਭ ਕੁਝ ਸਿੱਖਿਆ। ਹੁਣ ਹਰ ਫੇਜ਼ ਨਾਲ ਮੇਰੇ ਕਿਰਦਾਰ ਵੀ ਬਦਲ ਰਹੇ ਹਨ। ਪਹਿਲਾਂ ਵਿਦਿਆਰਥੀਆਂ ਦੇ ਰੋਲ ਸੀ। ਹੁਣ ਹੋਰ ਮੈਚਿਓਰ ਰੋਲ ਮਿਲ ਰਹੇ ਹਨ। ਇਹ ਸਫ਼ਰ ਬਹੁਤ ਰਿਵਾਰਡਿੰਗ ਰਿਹਾ ਹੈ।

ਪ੍ਰ. ‘ਬਿਗ ਬੌਸ’ ਦਾ ਨਵਾਂ ਸੀਜ਼ਨ ਆ ਚੁੱਕਿਆ ਹੈ। ਕੀ ਤੁਸੀਂ ਜਾਣਾ ਚਾਹੋਗੇ?

ਮੈਂ ਕਦੇ ਵੀ ਨਹੀਂ ਜਾਵਾਂਗੀ। ਮੈਨੂੰ ਲੱਗਦਾ ਹੈ ਕਿ ਮੈਂ ਇੰਨੀ ਸਟ੍ਰਾਂਗ ਨਹੀਂ ਹਾ ਕਿ ਉੱਥੇ ਸਟ੍ਰੈਟੇਜ਼ੀ ਤੇ ਮਾਈਂਡ ਗੇਮ ਖੇਡ ਸਕਾਂ। ਮੈਂ ਤਾਂ ਉੱਥੇ ਜਾਂਦਿਆਂ ਹੀ ਬਿਮਾਰ ਹੋ ਜਾਵਾਂਗੀ ਅਤੇ ਫਿਰ ਮੈਨੂੰ ਮੇਰੀ ਮੰਮੀ ਚਾਹੀਦੀ ਹੈ। ਇਹ ਇਕ ਮਾਨਸਿਕ ਤੌਰ ’ਤੇ ਮਜ਼ਬੂਤ ਇਨਸਾਨ ਲਈ ਹੈ ਤੇ ਮੈਂ ਇੰਨੀ ਮਜ਼ਬੂਤ ਨਹੀਂ ਹਾਂ ਪਰ ਮੈਂ ਦੇਖਾਂਗੀ ਜ਼ਰੂਰ।

ਮੈਂ ਕਦੇ ਕੋਈ ਐਕਟਿੰਗ ਕਲਾਸ ਜੁਆਇਨ ਨਹੀਂ ਕੀਤੀ : ਪ੍ਰੀਤ ਕਮਾਨੀ

ਪ੍ਰ. ਤੁਹਾਡੇ ਕਿਰਦਾਰ ’ਚ ਕੀ ਬਦਲਾਅ ਦਿਸਣਗੇ?

-ਮੇਰੇ ਕਿਰਦਾਰ ’ਚ ਇਸ ਵਾਰ ਹੋਰ ਪਿਆਰ ਵਧਿਆ ਹੈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਇਹ ਪਿਛਲੇ ਸੀਜ਼ਨ ’ਚ ਉਹ ਇਕ ਸਪੈਸ਼ਲ ਅਪੀਅਰੈਂਸ ਸੀ। ਸ਼ਾਇਦ ਦਰਸ਼ਕਾਂ ਨੂੰ ਉਹ ਕਿਰਦਾਰ ਪਸੰਦ ਆਇਆ, ਇਸ ਲਈ ਇਸ ਕਿਰਦਾਰ ਦੀ ਕਹਾਣੀ ਅੱਗੇ ਵਧੀ ਅਤੇ ਇਸ ਸੀਜ਼ਨ ’ਚ ਤੁਸੀਂ ਦੇਖੋਗੇ ਕਿ ਅਸਲ ਵਿਚ ਸੀ. ਏ. ਬਣਨਾ ਇਕੱਲੇ ਦਾ ਸਫ਼ਰ ਨਹੀਂ ਹੈ। ਇਸ ’ਚ ਪਰਿਵਾਰ ਤੇ ਦੋਸਤਾਂ ਦੀ ਵੱਡੀ ਭੂਮਿਕਾ ਹੁੰਦੀ ਹੈ । ਠੀਕ ਉਵੇਂ ਹੀ ਜਿਵੇਂ ਐਕਟਿੰਗ ’ਚ ਬਿਨਾਂ ਸਪੋਰਟ ਸਿਸਟਮ ਤੋਂ ਕੁਝ ਵੀ ਸੌਖਾ ਨਹੀਂ ਹੁੰਦਾ |

ਸੈੱਟ ’ਤੇ ਕੋਈ ਮਜ਼ੇਦਾਰ ਕਿੱਸਾ?

-ਸੀਜ਼ਨ 2 ’ਚ ਇਕ ਰੋਮਾਂਟਿਕ ਸੀਕੁਐਂਸ ਹੈ, ਜਿੱਥੇ ਅਹਿਸਾਸ ਅਤੇ ਮੈਂ ਡੇਟ ’ਤੇ ਹਾਂ ਅਤੇ ਮੀਂਹ ਪੈਣ ਲੱਗਦਾ ਹੈ। ਇਹ ਸ਼ੂਟ ਨਾਸਿਕ ’ਚ ਹੋਇਆ ਸੀ ਅਤੇ ਨਕਲੀ ਮੀਂਹ ਪਵਾਇਆ ਗਿਆ ਸੀ ਪਰ ਸਾਨੂੰ ਅਸਲ ਵਿਚ ਭਿੱਜਦੇ ਹੋਏ ਤੇ ਠੰਢ ’ਚ ਕੰਬਦੇ ਹੋਏ ਰੋਮਾਂਸ ਕਰਨਾ ਪਿਆ। ਇਹ ਸ਼ੂਟ ਰਾਤ ਨੂੰ ਲਗਭਗ 3 ਵਜੇ ਹੋਇਆ ਸੀ ਪਰ ਸੱਚਮੁੱਚ ਮਜ਼ਾ ਬਹੁਤ ਆਇਆ ਸੀ |

ਪ੍ਰ. ਤੁਸੀਂ ਅਦਾਕਾਰੀ ਕਿਵੇਂ ਸਿੱਖੀ?

-ਬਚਪਨ ਤੋਂ ਹੀ ਮੈਂ ਬਹੁਤ ਆਬਜ਼ਰਵ ਕਰਦਾ ਸੀ। ਜਦੋਂ ਪਾਪਾ ਮੈਨੂੰ ਫਿਲਮਾਂ ਦਿਖਾਉਂਦੇ ਸਨ ਤਾਂ ਉਹ ਅਕਸਰ ਫਿਲਮ ਰੋਕ ਕੇ ਸਮਝਾਉਂਦੇ ਸਨ ਕਿ ਕਿਸੇ ਸੀਨ ਵਿਚ ਕੀ ਹੋ ਰਿਹਾ ਹੈ ਅਤੇ ਕਿਉਂ। ਉੱਥੋਂ ਹੀ ਮੇਰੀ ਸਮਝ ਵਿਕਸਤ ਹੋਣ ਲੱਗੀ। ਮੈਂ ਆਪਣੀਆਂ ਗ਼ਲਤੀਆਂ ਤੋਂ ਵੀ ਬਹੁਤ ਕੁਝ ਸਿੱਖਿਆ । ਸੈੱਟ ’ਤੇ ਮੈਂ ਹਰ ਚੀਜ਼ ਨੂੰ ਧਿਆਨ ਨਾਲ ਦੇਖਦਾ ਹਾਂ ਅਤੇ ਕੋਸ਼ਿਸ਼ ਕਰਦਾ ਹਾਂ ਕਿ ਹਰ ਤਜਰਬੇ ਤੋਂ ਕੁਝ ਨਵਾਂ ਸਿੱਖਾਂ ਤਾਂ ਜੋ ਉਹੀ ਗ਼ਲਤੀ ਦੁਬਾਰਾ ਨਾ ਹੋਵੇ |


author

cherry

Content Editor

Related News