ਬਿਹਤਰ ਬਣਨ ਦੀ ਭੁੱਖ ਅੱਜ ਵੀ ਬਰਕਰਾਰ, ‘ਗੋਲਮਾਲ’ ਨੇ ਦਿਵਾਈ ਘਰ-ਘਰ ’ਚ ਪਛਾਣ : ਤੁਸ਼ਾਰ ਕਪੂਰ
Tuesday, Jun 16, 2026 - 09:35 AM (IST)
ਮੁੰਬਈ- ਅਦਾਕਾਰ ਤੁਸ਼ਾਰ ਕਪੂਰ ਦੇ ਫਿਲਮ ਇੰਡਸਟਰੀ ਵਿਚ 25 ਸਾਲ ਪੂਰੇ ਹੋ ਚੁੱਕੇ ਹਨ। ਤੁਸ਼ਾਰ ਨੇ ਫਿਲਮੀ ਕਰੀਅਰ ਵਿਚ ਕਈ ਰੋਲ ਅਦਾ ਕੀਤੇ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਖ਼ੂਬ ਐਂਟਰਟੇਨ ਕੀਤਾ। ਉਹ ਹੁਣ ਹਾਲ ਹੀ ਵਿਚ ‘ਵੈੱਲਕਮ ਟੂ ਦਿ ਜੰਗਲ’ ਤੇ ‘ਗੋਲਮਾਲ 5’ ਵਿਚ ਨਜ਼ਰ ਆਉਣ ਵਾਲੇ ਹਨ। ਇਸ ਦੌਰਾਨ ਅਦਾਕਾਰ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ ਤੋਂ ਲੈ ਕੇ ਅੱਜ ਦੇ ਡਿਜੀਟਲ ਦੌਰ ਤੱਕ ਦੇ ਬਦਲਾਅ ’ਤੇ ਖੁੱਲ੍ਹ ਕੇ ਗੱਲ ਕੀਤੀ। ਇਸ ਨੂੰ ਲੈ ਕੇ ਤੁਸ਼ਾਰ ਕਪੂਰ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...
ਡਿਜੀਟਲ ਦੌਰ ’ਚ ਵੀ ਅਖਬਾਰਾਂ ਤੇ ਟੀ. ਵੀ. ਦੀ ਅਹਿਮੀਅਤ--
ਪ੍ਰ. 25 ਸ਼ਾਨਦਾਰ ਸਾਲ ਪੂਰੇ ਕਰਨ ਦਾ ਜਸ਼ਨ ਕਿਹੋ ਜਿਹਾ ਰਿਹਾ?
ਕੱਲ ਹੀ ਸੈਲੀਬ੍ਰੇਸ਼ਨ ਹੋਇਆ। ਦੋਸਤਾਂ ਨਾਲ ਨਹੀਂ ਸਗੋਂ ਪੈਪਰਾਜੀ ਮੇਰੇ ਲਈ ਕੇਕ ਲੈ ਕੇ ਆਏ ਸਨ। ਉਨ੍ਹਾਂ ਨੇ ਕੇਕ ਕਟਵਾਇਆ ਅਤੇ ਉਸੇ ਤਰ੍ਹਾਂ ਇਹ ਖ਼ਾਸ ਮੌਕਾ ਸੈਲੀਬ੍ਰੇਟ ਹੋਇਆ। ਬਹੁਤ ਚੰਗਾ ਲੱਗਾ।
ਪ੍ਰ. ਜਦੋਂ ਤੁਸੀਂ ਸ਼ੁਰੂਆਤ ਕੀਤੀ ਸੀ, ਉਦੋਂ ਅਤੇ ਅੱਜ ਵਿਚ ਕੀ ਸਭ ਤੋਂ ਵੱਡਾ ਬਦਲਾਅ ਦੇਖਦੇ ਹਨ?
ਜਦੋਂ ਮੈਂ ਸ਼ੁਰੂਆਤ ਕੀਤੀ ਸੀ ਉਦੋਂ ਇੰਡਸਟਰੀ ਕਾਫ਼ੀ ਛੋਟੀ ਸੀ। ਪੈਪਰਾਜੀ ਵੀ ਬਹੁਤ ਘੱਟ ਹੋਇਆ ਕਰਦੇ ਸਨ। ਸਿਰਫ਼ ਕੁਝ ਲੋਕਾਂ ਹੀ ਸਟਾਰਜ਼ ਦੀਆਂ ਤਸਵੀਰਾਂ ਲਿਆ ਕਰਦੇ ਸੀ। ਅੱਜ ਸਭ ਕੁਝ ਡਿਜੀਟਲ ਹੋ ਗਿਆ ਹੈ। ਪ੍ਰਮੋਸ਼ਨ ਦੇ ਤਰੀਕੇ ਬਦਲ ਗਏ ਹਨ, ਸੋਸ਼ਲ ਮੀਡੀਆ ਆ ਗਿਆ ਹੈ ਪਰ ਫਿਰ ਵੀ ਰਵਾਇਤੀ ਮਾਰਕੀਟਿੰਗ ਦੀ ਅਹਿਮੀਅਤ ਖ਼ਤਮ ਨਹੀਂ ਹੋਈ। ਅੱਜ ਵੀ ਚੰਗੀਆਂ ਤਸਵੀਰਾਂ, ਟੈਲੀਵਿਜ਼ਨ ਪ੍ਰਮੋਸ਼ਨ, ਅਖ਼ਬਾਰਾਂ ਅਤੇ ਦੂਜੇ ਮਾਧਿਅਮ ਜ਼ਰੂਰੀ ਹਨ। ਬਦਲਾਅ ਜ਼ਰੂਰ ਆਇਆ ਹੈ ਪਰ ਕੁਝ ਚੀਜ਼ਾਂ ਹਮੇਸ਼ਾ ਬਣੀਆਂ ਰਹਿੰਦੀਆਂ ਹਨ।
ਪ੍ਰ. ਸਾਲ 2001 ਵਿਚ ਤੁਹਾਡੀ ਪਹਿਲੀ ਫਿਲਮ ਆਈ ਸੀ ਅਤੇ ਹੁਣ 2026 ਹੈ। ਤੁਹਾਡੇ ਅੰਦਰ ਕੀ ਬਦਲਿਆ ਹੈ?
ਮੇਰੇ ਅੰਦਰ ਜੋ ਚੀਜ਼ ਬਿਲਕੁਲ ਨਹੀਂ ਬਦਲੀ, ਉਹ ਹੈ ਲਗਾਤਾਰ ਬਿਹਤਰ ਬਣਨ ਦੀ ਭੁੱਖ। ਕੋਸ਼ਿਸ਼ ਕਰਦੇ ਰਹਿਣਾ ਅਤੇ ਅੱਗੇ ਵਧਦੇ ਰਹਿਣਾ, ਇਹ ਅੱਜ ਵੀ ਉਵੇਂ ਹੀ ਹੈ। ਜਿੱਥੋਂ ਤੱਕ ਬਦਲਾਅ ਦੀ ਗੱਲ ਹੈ, ਮੈਂ ਮਾਨਸਿਕ ਤੌਰ ’ਤੇ ਕਿਤੇ ਜ਼ਿਆਦਾ ਮਜ਼ਬੂਤ ਹੋ ਗਿਆ ਹਾਂ। ਉਮਰ ਨਾਲ ਪ੍ਰਪੱਕਤਾ ਆਈ ਹੈ, ਆਤਮਵਿਸ਼ਵਾਸ ਵਧਿਆ ਹੈ। ਮੈਂ ਪਿਤਾ ਬਣਿਆ ਹਾਂ, ਜ਼ਿੰਦਗੀ ਨੂੰ ਵੱਖਰੇ ਨਜ਼ਰੀਏ ਨਾਲ ਦੇਖਦਾ ਹਾਂ। ਪਹਿਲਾਂ ਬਹੁਤ ਚੀਜ਼ਾਂ ਬਾਰੇ ਮੈਂ ਜ਼ਿਆਦਾ ਸੋਚਦਾ ਸੀ ਪਰ ਹੁਣ ਮੈਂ ਕਾਫ਼ੀ ਸੰਤੁਲਿਤ ਹੋ ਗਿਆ ਹਾਂ। ਮੈਂ ਦੇਖਿਆ ਹੈ ਕਿ ਕੁਝ ਲੋਕ 20-25 ਸਾਲ ਬਾਅਦ ਵੀ ਬਿਲਕੁਲ ਨਹੀਂ ਬਦਲਦੇ ਪਰ ਮੇਰੇ ਅੰਦਰ ਸਮੇਂ ਨਾਲ ਇਕ ਹਾਂ-ਪੱਖੀ ਵਿਕਾਸ ਹੋਇਆ ਹੈ।
ਪ੍ਰ. ਤੁਹਾਡੀ ਸ਼ੁਰੂਆਤ ਰੋਮਾਂਟਿਕ ਤੇ ਕਾਲਜ ਬੁਆਏ ਇਮੇਜ ਤੋਂ ਹੋਈ। ਕੀ ਕਦੇ ਲੱਗਾ ਕਿ ਤੁਸੀਂ ਖ਼ਾਸ ਤਰ੍ਹਾਂ ਦੀਆਂ ਭੂਮਿਕਾਵਾਂ ਤੱਕ ਸੀਮਤ ਹੋ ਰਹੇ ਹੋ?
ਮੈਨੂੰ ਕਦੇ ਅਜਿਹਾ ਨਹੀਂ ਲੱਗਾ। 80 ਅਤੇ 90 ਦੇ ਦਹਾਕੇ ਵਿਚ ਅਦਾਕਾਰ ਇੰਨੀ ਜ਼ਿਆਦਾ ਰਣਨੀਤੀ ਨਹੀਂ ਬਣਾਉਂਦੇ ਸਨ। ਜੋ ਚੰਗਾ ਕੰਮ ਮਿਲਦਾ ਸੀ, ਉਹ ਕਰਦੇ ਸਨ। ਬਾਅਦ ਵਿਚ ਮਲਟੀਪਲੈਕਸ ਕਲਚਰ ਆਇਆ ਅਤੇ ਇਹ ਚਰਚਾ ਸ਼ੁਰੂ ਹੋਈ ਕਿ ਖ਼ੁਦ ਨੂੰ ਲਗਾਤਾਰ ਰੀਇਨਵੈਂਟ ਕਰਨਾ ਚਾਹੀਦਾ ਹੈ, ਵੱਖ-ਵੱਖ ਤਰ੍ਹਾਂ ਦੇ ਕਿਰਦਾਰ ਕਰਨੇ ਚਾਹੀਦੇ ਹਨ ਪਰ ਮੇਰਾ ਮੰਨਣਾ ਸੀ ਕਿ ਜੇ ਦਰਸ਼ਕ ਮੈਨੂੰ ਕਿਸੇ ਖ਼ਾਸ ਤਰ੍ਹਾਂ ਦੀ ਭੂਮਿਕਾ ਵਿਚ ਪਸੰਦ ਕਰ ਰਹੇ ਹਨ ਤਾਂ ਮੈਨੂੰ ਉਨ੍ਹਾਂ ਨੂੰ ਖ਼ੁਸ਼ ਕਰਨਾ ਚਾਹੀਦਾ ਹੈ। ਮੈਂ ਕਿਸੇ ਨੂੰ ਕੁਝ ਸਾਬਤ ਕਰਨ ਲਈ ਫਿਲਮਾਂ ਨਹੀਂ ਕਰ ਰਿਹਾ। ਮੇਰਾ ਮਕਸਦ ਸੀ ਕਿ ਫਿਲਮ ਚੰਗੀ ਹੋਵੇ ਤੇ ਦਰਸ਼ਕਾਂ ਨੂੰ ਪਸੰਦ ਆਵੇ।
ਪ੍ਰ. ਫਿਰ ‘ਖ਼ਾਕੀ’, ‘ਸ਼ੋਰ ਇਨ ਦਿ ਸਿਟੀ’ ਵਰਗੀਆਂ ਫਿਲਮਾਂ ਵਿਚ ਤੁਸੀਂ ਵੱਖ-ਵੱਖ ਤਰ੍ਹਾਂ ਦੇ ਕਿਰਦਾਰ ਨਿਭਾਏ। ਕੀ ਇਹ ਤੁਹਾਡੇ ਲਈ ਟਰਨਿੰਗ ਪੁਆਇੰਟ ਰਹੇ?
‘ਖ਼ਾਕੀ’ ਮੇਰੇ ਕਰੀਅਰ ਦਾ ਵੱਡਾ ਟਰਨਿੰਗ ਪੁਆਇੰਟ ਸੀ। ਉਸ ਤੋਂ ਬਾਅਦ ‘ਸ਼ੂਟਆਊਟ ਐਟ ਲੋਖੰਡਵਾਲਾ’ ਅਤੇ ‘ਸ਼ੋਰ ਇਨ ਦਿ ਸਿਟੀ’ ਵਰਗੀਆਂ ਫਿਲਮਾਂ ਨੇ ਵੀ ਮੈਨੂੰ ਅਦਾਕਾਰ ਦੇ ਤੌਰ ’ਤੇ ਵੱਖਰੀ ਪਛਾਣ ਦਿੱਤੀ ਪਰ ਸੱਚ ਕਹਾਂ ਤਾਂ ਉਸ ਸਮੇਂ ਮੈਂ ਕਦੇ ਇਹ ਸੋਚ ਕੇ ਫਿਲਮਾਂ ਨਹੀਂ ਕੀਤੀਆਂ ਕਿ ਮੈਂ ਆਪਣੀ ਇਮੇਜ ਬਦਲ ਰਿਹਾ ਹਾਂ ਜਾਂ ਕੋਈ ਨਵਾਂ ਤਜਰਬਾ ਕਰ ਰਿਹਾ ਹਾਂ। ਮੈਨੂੰ ਸਕ੍ਰਿਪਟ ਚੰਗੀ ਲੱਗੀ ਅਤੇ ਮੈਂ ਫਿਲਮ ਕਰ ਲਈ।
ਪ੍ਰ. ਜਦੋਂ ਤੁਸੀਂ ਪਿੱਛੇ ਮੁੜ ਕੇ ਦੇਖਦੇ ਹੋ ਤਾਂ ਕਿਹੜੀਆਂ ਫਿਲਮਾਂ ਜਾਂ ਪਲ ਤੁਹਾਨੂੰ ਸਭ ਤੋਂ ਜ਼ਿਆਦਾ ਸੰਤੁਸ਼ਟੀ ਦਿੰਦੇ ਹਨ?
‘ਖ਼ਾਕੀ’ ਯਕੀਨੀ ਤੌਰ ’ਤੇ ਉਨ੍ਹਾਂ ’ਚੋਂ ਇਕ ਹੈ। ‘ਕਿਆ ਕੂਲ ਹੈਂ ਹਮ’ ਵੀ ਮੇਰੇ ਲਈ ਬਹੁਤ ਖ਼ਾਸ ਰਹੀ ਪਰ ਜੇ ਇਕ ਫ੍ਰੈਂਚਾਇਜ਼ੀ ਦਾ ਨਾਂ ਲੈਣਾ ਹੋਵੇ ਜਿਸ ਨੇ ਮੈਨੂੰ ਘਰ-ਘਰ ਵਿਚ ਪਹੁੰਚਾਇਆ ਤਾਂ ਉਹ ‘ਗੋਲਮਾਲ’ ਹੈ। ਮੈਂ ਨਿਮਰਤਾ ਨਾਲ ਕਹਿ ਸਕਦਾ ਹਾਂ ਕਿ ‘ਗੋਲਮਾਲ’ ਨੇ ਮੈਨੂੰ ਪਰਿਵਾਰਾਂ ਅਤੇ ਬੱਚਿਆਂ ਵਿਚ ਵੱਖਰੀ ਪਛਾਣ ਦਿੱਤੀ। ਜਦੋਂ ਕੋਈ ਪਰਿਵਾਰ ਹਵਾਈ ਅੱਡੇ ’ਤੇ ਆ ਕੇ ਕਹਿੰਦਾ ਹੈ ਕਿ ਉਨ੍ਹਾਂ ਨੂੰ ਮੇਰਾ ਕੰਮ ਪਸੰਦ ਹੈ, ਉਦੋਂ ਮੈਨੂੰ ਲੱਗਦਾ ਹੈ ਕਿ ਮੇਰੀ ਮਿਹਨਤ ਸਫ਼ਲ ਹੋਈ ਹੈ। ਮੇਰੇ ਲਈ ਇਹੀ ਸਭ ਤੋਂ ਵੱਡੀ ਪ੍ਰਾਪਤੀ ਹੈ।
ਪ੍ਰ. ਅੱਗੇ ਚੱਲ ਕੇ ਕੀ ਫਿਰ ਹਾਰਰ, ਥ੍ਰਿਲਰ ਜਾਂ ਸੁਪਰਨੈਚੁਰਲ ਵਰਗੀਆਂ ਸ਼ੈਲੀਆਂ ਵਿਚ ਕੰਮ ਕਰਨਾ ਚਾਹੋਗੇ?
ਬਿਲਕੁਲ। ਮੈਂ ਪਹਿਲਾਂ ਵੀ ‘ਕੁਛ ਤੋ ਹੈ’ ਵਰਗੀਆਂ ਫਿਲਮਾਂ ਕੀਤੀਆਂ ਹਨ, ਜੋ ਹਾਰਰ ਅਤੇ ਥ੍ਰਿਲਰ ਜੌਨਰ ਦੀਆਂ ਸਨ। ਮੈਨੂੰ ਅਜਿਹੇ ਵਿਸ਼ੇ ਪਸੰਦ ਹਨ ਪਰ ਜੇ ਕਿਸੇ ਫਿਲਮ ਨੂੰ ਦੁਬਾਰਾ ਬਣਾਉਣਾ ਹੋਵੇ ਤਾਂ ਮੈਂ ‘ਢੋਲ’ ਦਾ ਨਾਂ ਲਵਾਂਗਾ। ਉਹ ਫਿਲਮ ਅੱਜ ਵੀ ਲੋਕਾਂ ਵਿਚਕਾਰ ਬੇਹੱਦ ਪ੍ਰਸਿੱਧ ਹੈ। ਟੀ. ਵੀ. ਤੇ ਇੰਟਰਨੈੱਟ ’ਤੇ ਲਗਾਤਾਰ ਦੇਖੀ ਜਾਂਦੀ ਹੈ। ਲੋਕ ਅੱਜ ਵੀ ਇਸ ਦੇ ਡਾਇਲਾਗ ਤੇ ਸੀਨ ਦੁਹਰਾਉਂਦੇ ਹਨ। ਮੈਨੂੰ ਲੱਗਦਾ ਹੈ ਕਿ ‘ਢੋਲ’ ਇਕ ਅਜਿਹੀ ਫਿਲਮ ਹੈ, ਜਿਸ ਨੂੰ ਮੁੜ ਬਣਾਇਆ ਜਾ ਸਕਦਾ ਹੈ।
ਪ੍ਰ. ਤੁਸੀਂ ਨਿਰਮਾਤਾ ਦੇ ਰੂਪ ਵਿਚ ਵੀ ਕੰਮ ਕੀਤਾ ਹੈ। ਕੀ ਅੱਗੇ ਹੋਰ ਪ੍ਰੋਡਕਸ਼ਨ ਕਰਨ ਦਾ ਵਿਚਾਰ ਹੈ?
ਮੈਂ ‘ਲਕਸ਼ਮੀ’ ਨੂੰ ਪ੍ਰੋਡਿਊਸ ਕੀਤਾ ਸੀ ਅਤੇ ਉਸ ਤਜਰਬੇ ਤੋਂ ਮੈਨੂੰ ਸਮਝ ਆਈ ਕਿ ਪ੍ਰੋਡਕਸ਼ਨ ਇਕ ਫੁਲ ਟਾਈਮ ਜ਼ਿੰਮੇਵਾਰੀ ਹੈ। ਇਕ ਨਿਰਮਾਤਾ ਨੂੰ ਹਰ ਵਿਭਾਗ, ਹਰ ਸਮੱਸਿਆ ਤੇ ਹਰ ਚੁਣੌਤੀ ਨੂੰ ਸੰਭਾਲਣਾ ਪੈਂਦਾ ਹੈ। ਅਦਾਕਾਰ ਦਾ ਕੰਮ ਖ਼ਤਮ ਹੋਣ ਤੋਂ ਬਾਅਦ ਉਹ ਦੂਜੇ ਪ੍ਰਾਜੈਕਟ ਵਿਚ ਚਲਾ ਜਾਂਦਾ ਹੈ ਪਰ ਨਿਰਮਾਤਾ ਫਿਲਮ ਨਾਲ ਅਖੀਰ ਤੱਕ ਜੁੜਿਆ ਰਹਿੰਦਾ ਹੈ। ਇਸ ਲਈ ਮੈਂ ਉਦੋਂ ਪ੍ਰੋਡਕਸ਼ਨ ਕਰਾਂਗਾ ਜਦੋਂ ਮੈਨੂੰ ਲੱਗੇਗਾ ਕਿ ਮੈਂ ਉਸ ਨੂੰ ਪੂਰਾ ਸਮਾਂ ਤੇ ਨਿਆਂ ਦੇ ਸਕਦਾ ਹਾਂ। ਫ਼ਿਲਹਾਲ ਮੇਰਾ ਮੁੱਖ ਫੋਕਸ ਅਦਾਕਾਰੀ ’ਤੇ ਹੈ।
ਪ੍ਰ. ਆਪਣੀ ਆਉਣ ਵਾਲੀ ਫਿਲਮ ‘ਵੈੱਲਕਮ ਟੂ ਦਿ ਜੰਗਲ’ ਨੂੰ ਲੈ ਕੇ ਕੀ ਕਹਿਣਾ ਚਾਹੋਗੇ?
ਮੈਂ ਹਾਲੇ ਤੱਕ ਫਿਲਮ ਦਾ ਫਾਈਨਲ ਵਰਜ਼ਨ ਨਹੀਂ ਦੇਖਿਆ ਪਰ ਇਸ ਫਿਲਮ ਤੋਂ ਬਹੁਤ ਉਮੀਦਾਂ ਹਨ। ਅਸੀਂ ਪਿਛਲੇ ਢਾਈ-ਤਿੰਨ ਸਾਲਾਂ ਤੋਂ ਇਸ ਪ੍ਰਾਜੈਕਟ ਨਾਲ ਜੁੜੇ ਹੋਏ ਹਾਂ। ਇੰਨੇ ਵੱਡੇ ਕਲਾਕਾਰਾਂ ਦੀ ਮੌਜੂਦਗੀ ਕਾਰਨ ਫਿਲਮ ਨੂੰ ਪੂਰਾ ਹੋਣ ’ਚ ਸਮਾਂ ਲੱਗਿਆ ਪਰ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ। ਹੁਣ ਸਾਡੀ ਸਭ ਤੋਂ ਵੱਡੀ ਇੱਛਾ ਇਹੀ ਹੈ ਕਿ ਦਰਸ਼ਕ ਫਿਲਮ ਨੂੰ ਪਸੰਦ ਕਰਨ ਅਤੇ ਇਹ ਵੱਡੀ ਸਫਲਤਾ ਹਾਸਲ ਕਰੇ।
ਪ੍ਰ. ਇੰਨੇ ਵੱਡੇ ਕਲਾਕਾਰਾਂ ਦੇ ਨਾਲ ਸ਼ੂਟਿੰਗ ਕਰਨਾ ਕਿੰਨਾ ਚੁਣੌਤੀਪੂਰਨ ਸੀ?
ਚੁਣੌਤੀਪੂਰਨ ਘੱਟ ਅਤੇ ਮਜ਼ੇਦਾਰ ਜ਼ਿਆਦਾ ਸੀ। ਸੈੱਟ ’ਤੇ ਪੁਰਾਣੇ ਤੇ ਨਵੇਂ ਕਲਾਕਾਰਾਂ ਦਾ ਸ਼ਾਨਦਾਰ ਮੇਲ ਸੀ। ਅਸੀਂ ਸਾਰੇ ਇਕ-ਦੂਜੇ ਨਾਲ ਖ਼ੂਬ ਗੱਲਬਾਤ ਕਰਦੇ ਸੀ ਅਤੇ ਮਾਹੌਲ ਬਹੁਤ ਪਾਜ਼ੇਟਿਵ ਸੀ। ਕੰਮ ਇੰਨਾ ਮਜ਼ੇਦਾਰ ਸੀ ਕਿ ਸਮਾਂ ਕਿਵੇਂ ਨਿਕਲ ਗਿਆ ਪਤਾ ਹੀ ਨਹੀਂ ਲੱਗਾ।
