ਪੁੱਤਰ ਆਰੀਅਨ ਦੇ ਡਰੱਗਸ ਕੇਸ ਤੇ ਗ੍ਰਿਫ਼ਤਾਰੀ ’ਤੇ ਪਹਿਲੀ ਵਾਰ ਖੁੱਲ੍ਹ ਕੇ ਬੋਲੀ ਗੌਰੀ ਖ਼ਾਨ, ਕਿਹਾ- ‘ਇਸ ਤੋਂ ਬੁਰਾ...’

Thursday, Sep 22, 2022 - 11:07 AM (IST)

ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਤੇ ਗੌਰੀ ਖ਼ਾਨ ਦਾ ਪੁੱਤਰ ਆਰੀਅਨ ਖ਼ਾਨ ਪਿਛਲੇ ਸਾਲ ਸੁਰਖ਼ੀਆਂ ’ਚ ਰਹੇ ਸਨ। ਆਰੀਅਨ ਨੂੰ ਮੁੰਬਈ ਤੋਂ ਗੋਆ ਜਾ ਰਹੇ ਕਰੂਜ਼ ਦੇ ਡਰੱਗਸ ਕੇਸ ’ਚ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਨੇ ਗ੍ਰਿਫ਼ਤਾਰ ਕੀਤਾ ਸੀ। ਅਕਤੂਬਰ 2021 ’ਚ ਆਰੀਅਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਵੱਡਾ ਵਿਵਾਦ ਖੜ੍ਹਾ ਹੋ ਗਿਆ ਸੀ।

ਕੋਰਟ ’ਚ ਕਈ ਸੁਣਵਾਈਆਂ ਹੋਈਆਂ ਤੇ ਕਾਫੀ ਮੁਸ਼ਕਿਲਾਂ ਤੋਂ ਬਾਅਦ ਆਰੀਅਨ ਖ਼ਾਨ ਨੂੰ ਬੇਲ ਮਿਲੀ ਸੀ। ਇਸ ਵਿਚਾਲੇ ਸ਼ਾਹਰੁਖ ਖ਼ਾਨ ਦਾ ਪਰਿਵਾਰ ਕਾਫੀ ਪ੍ਰੇਸ਼ਾਨ ਰਿਹਾ। ਹੁਣ ਪਹਿਲੀ ਵਾਰ ਆਰੀਅਨ ਦੀ ਮਾਂ ਗੌਰੀ ਖ਼ਾਨ ਨੇ ਇਸ ਬਾਰੇ ਗੱਲ ਕੀਤੀ ਹੈ।

ਕਰਨ ਜੌਹਰ ਦੇ ਸ਼ੋਅ ‘ਕੌਫੀ ਵਿਦ ਕਰਨ 7’ ਦੇ ਨਵੇਂ ਐਪੀਸੋਡ ’ਚ ਗੌਰੀ ਖ਼ਾਨ ਪਹੁੰਚੀ ਸੀ। ਇਥੇ ਉਸ ਨਾਲ ਚੰਕੀ ਪਾਂਡੇ ਦੀ ਪਤਨੀ ਭਾਵਨਾ ਪਾਂਡੇ ਤੇ ਸੰਜੇ ਕਪੂਰ ਦੀ ਪਤਨੀ ਮਹੀਪ ਕਪੂਰ ਮੌਜੂਦ ਸਨ। ਦੋਵਾਂ ਨੂੰ ਨੈੱਟਫਲਿਕਸ ਦੇ ਸ਼ੋਅ ‘ਫੈਬੁਲਸ ਲਾਈਫਸ ਆਫ ਬਾਲੀਵੁੱਡ ਵਾਈਫਸ’ ’ਚ ਦੇਖਿਆ ਜਾਂਦਾ ਹੈ। ਸ਼ੋਅ ’ਤੇ ਹੋਸਟ ਕਰਨ ਜੌਹਰ ਨੇ ਆਰੀਅਨ ਖ਼ਾਨ ਦੇ ਵਿਵਾਦਿਤ ਕੇਸ ਦਾ ਬਿਨਾਂ ਨਾਂ ਲਏ ਉਸ ਬਾਰੇ ਗੱਲਬਾਤ ਕੀਤੀ।

ਇਹ ਖ਼ਬਰ ਵੀ ਪੜ੍ਹੋ : ਕਾਮੇਡੀ ਦੇ ਬਾਦਸ਼ਾਹ ਰਾਜੂ ਸ਼੍ਰੀਵਾਸਤਵ ਦੀ ਅੰਤਿਮ ਯਾਤਰਾ ਸ਼ੁਰੂ, ਦਿੱਲੀ 'ਚ ਹੋਵੇਗਾ ਸਸਕਾਰ

ਕਰਨ ਜੌਹਰ ਨੇ ਗੌਰੀ ਖ਼ਾਨ ਨੂੰ ਕਿਹਾ, ‘‘ਇਹ ਉਸ ਲਈ ਬੇਹੱਦ ਮੁਸ਼ਕਿਲ ਰਿਹਾ ਹੈ ਤੇ ਤੁਸੀਂ ਸਾਰੇ ਇਸ ਤੋਂ ਹੋਰ ਤਾਕਤਵਰ ਹੋ ਕੇ ਬਾਹਰ ਨਿਕਲੇ ਹੋ। ਮੈਂ ਜਾਣਦਾ ਹਾਂ ਕਿ ਤੁਸੀਂ ਇਕ ਮਾਂ ਹੋ। ਅਸੀਂ ਇਕੋ ਪਰਿਵਾਰ ਦਾ ਹਿੱਸਾ ਹਾਂ ਤੇ ਮੈਂ ਵੀ ਉਸੇ ਪਰਿਵਾਰ ਦਾ ਹਿੱਸਾ ਹਾਂ। ਜਿਸ ਦੇ ਤੁਸੀਂ ਹੋ ਤੇ ਇਹ ਕਿਸੇ ਲਈ ਵੀ ਸੌਖਾ ਨਹੀਂ ਰਿਹਾ ਹੈ। ਗੌਰੀ ਤੁਸੀਂ ਇਸ ਤੋਂ ਪਹਿਲਾਂ ਨਾਲੋਂ ਜ਼ਿਆਦਾ ਤਾਕਤਵਰ ਬਣ ਕੇ ਉੱਭਰੇ ਹੋ।’’

ਇਸ ਦੇ ਜਵਾਬ ’ਚ ਗੌਰੀ ਨੇ ਪਹਿਲੀ ਵਾਰ ਆਰੀਅਨ ਖ਼ਾਨ ਦੀ ਗ੍ਰਿਫ਼ਤਾਰੀ ’ਤੇ ਗੱਲਬਾਤ ਕੀਤੀ। ਉਸ ਨੇ ਕਿਹਾ, ‘‘ਜਿਸ ਤੋਂ ਅਸੀਂ ਲੰਘੇ ਹਾਂ, ਉਸ ਤੋਂ ਬੁਰਾ ਕੁਝ ਨਹੀਂ ਹੋ ਸਕਦਾ ਹੈ ਪਰ ਇਕ ਪਰਿਵਾਰ ਦੇ ਰੂਪ ’ਚ ਅਸੀਂ ਇਕੱਠੇ ਜਿਥੇ ਖੜ੍ਹੇ ਹਾਂ, ਮੈਂ ਕਹਿ ਸਕਦੀ ਹਾਂ ਕਿ ਅਸੀਂ ਸਾਰੇ ਚੰਗੀ ਥਾਂ ’ਤੇ ਹਾਂ। ਅਸੀਂ ਇਕ-ਦੂਜੇ ਤੋਂ ਮਿਲਣ ਵਾਲੇ ਪਿਆਰ ਨੂੰ ਮਹਿਸੂਸ ਕਰਦੇ ਹਾਂ। ਸਾਡੇ ਦੋਸਤ ਤੇ ਬਹੁਤ ਸਾਰੇ ਲੋਕ, ਜਿਨ੍ਹਾਂ ਨੂੰ ਅਸੀਂ ਨਹੀਂ ਜਾਣਦੇ, ਢੇਰਾਂ ਸੁਨੇਹੇ ਸਾਨੂੰ ਮਿਲੇ ਤੇ ਬਹੁਤ ਸਾਰਾ ਪਿਆਰ ਸਾਨੂੰ ਮਿਲਿਆ। ਸਾਨੂੰ ਇਸ ਨਾਲ ਖ਼ੁਸ਼ਕਿਸਮਤੀ ਮਹਿਸੂਸ ਹੁੰਦੀ ਹੈ। ਮੈਂ ਸਾਰਿਆਂ ਦੀ ਧੰਨਵਾਦੀ ਹਾਂ, ਜਿਨ੍ਹਾਂ ਨੇ ਸਾਡੀ ਮਦਦ ਕੀਤੀ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News