51 ਸਾਲਾਂ ਦੀ ਹੋਈ ਸ਼ਾਹਰੁਖ਼ ਖ਼ਾਨ ਦੀ ਪਤਨੀ ਗੌਰੀ ਖ਼ਾਨ, ਜਾਣੋ ਦਿਲਚਸਪ ਗੱਲਾਂ
Friday, Oct 08, 2021 - 11:35 AM (IST)
ਮੁੰਬਈ (ਬਿਊਰੋ)– ਬਾਲੀਵੁੱਡ ਦੀ ਮਸ਼ਹੂਰ ਨਿਰਮਾਤਾ ਗੌਰੀ ਖ਼ਾਨ ਦਾ ਜਨਮ 8 ਅਕਤੂਬਰ, 1970 ਨੂੰ ਦਿੱਲੀ ਦੇ ਇਕ ਪੰਜਾਬੀ ਪਰਿਵਾਰ ’ਚ ਹੋਇਆ ਸੀ। ਗੌਰੀ ਖ਼ਾਨ ਹਿੰਦੀ ਸਿਨੇਮਾ ਦੇ ਉੱਘੇ ਅਦਾਕਾਰ ਸ਼ਾਹਰੁਖ ਖ਼ਾਨ ਦੀ ਪਤਨੀ ਹੈ। ਇਕ ਫ਼ਿਲਮ ਨਿਰਮਾਤਾ ਹੋਣ ਦੇ ਨਾਲ ਉਹ ਇਕ ਡਿਜ਼ਾਈਨਰ ਵੀ ਹੈ। ਗੌਰੀ ਨੇ ਆਪਣੀ ਪੂਰੀ ਪੜ੍ਹਾਈ ਦਿੱਲੀ ਤੋਂ ਕੀਤੀ ਹੈ। ਉਸ ਦੇ ਪਿਤਾ ਰਮੇਸ਼ ਚੰਦਰ ਛਿੱਬਰ ਕਰਨਲ ਸਨ।
ਗੌਰੀ ਨੇ ਫ਼ਿਲਮਾਂ ’ਚ ਕੰਮ ਨਹੀਂ ਕੀਤਾ ਪਰ ਉਹ ਅਕਸਰ ਆਪਣੀਆਂ ਫ਼ਿਲਮਾਂ ਕਾਰਨ ਸੁਰਖ਼ੀਆਂ ’ਚ ਰਹੀ ਹੈ। ਉਸ ਨੇ ਬਾਲੀਵੁੱਡ ’ਚ ਇਕ ਕਾਸਟਿਊਮ ਡਿਜ਼ਾਈਨਰ ਦੇ ਰੂਪ ’ਚ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਗੌਰੀ ਨੇ ਸ਼ਾਹਰੁਖ ਦੀ ਫ਼ਿਲਮ ‘ਬਾਜ਼ੀਗਰ’ ਦੇ ਗੀਤ ‘ਯੇ ਕਾਲੀ ਕਾਲੀ ਆਂਖੇਂ’ ਲਈ ਡਰੈੱਸ ਤਿਆਰ ਕੀਤੀ ਸੀ, ਜਿਸ ਨੂੰ ਖੂਬ ਪਸੰਦ ਕੀਤਾ ਗਿਆ ਸੀ। ਇਸ ਦੇ ਨਾਲ ਹੀ ਗੌਰੀ ਨੇ ਬਾਲੀਵੁੱਡ ਦੀ ਸ਼ੁਰੂਆਤ ਸ਼ਾਹਰੁਖ ਦੀ ਫ਼ਿਲਮ ‘ਮੈਂ ਹੂੰ ਨਾ’ ਨਾਲ ਬਤੌਰ ਫ਼ਿਲਮ ਨਿਰਮਾਤਾ ਕੀਤੀ।
ਫਿਲਮ ‘ਮੈਂ ਹੂੰ ਨਾ’ ਸਾਲ 2004 ’ਚ ਆਈ ਸੀ। ਇਸ ਫ਼ਿਲਮ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਸੀ। ਫ਼ਿਲਮ ‘ਮੈਂ ਹੂੰ ਨਾ’ ਗੌਰੀ ਦੇ ਪ੍ਰੋਡਕਸ਼ਨ ਹਾਊਸ ਰੈੱਡ ਚਿੱਲੀ ਦੇ ਬੈਨਰ ਹੇਠ ਬਣਾਈ ਗਈ ਸੀ। ਇਸ ਤੋਂ ਬਾਅਦ ਗੌਰੀ ਨੇ ਬਤੌਰ ਫ਼ਿਲਮ ਨਿਰਮਾਤਾ ‘ਓਮ ਸ਼ਾਂਤੀ ਓਮ’, ‘ਚੇਨਈ ਐਕਸਪ੍ਰੈੱਸ’ ਤੇ ‘ਇਤੇਫਾਕ’ ਦੇ ਰੂਪ ’ਚ ਕਈ ਹਿੱਟ ਫ਼ਿਲਮਾਂ ਦਾ ਨਿਰਮਾਣ ਕੀਤਾ। ਫ਼ਿਲਮਾਂ ਤੋਂ ਇਲਾਵਾ, ਗੌਰੀ ਖ਼ਾਨ ਤੇ ਸ਼ਾਹਰੁਖ ਖ਼ਾਨ ਦੀ ਪ੍ਰੇਮ ਕਹਾਣੀ ਨਾਲ ਜੁੜੀਆਂ ਕਈ ਕਹਾਣੀਆਂ ਹਨ, ਜੋ ਕਿ ਦੋਵੇਂ ਅਕਸਰ ਆਪਣੇ ਇੰਟਰਵਿਊਜ਼ ’ਚ ਸਾਂਝੀਆਂ ਕਰਦੇ ਹਨ।
ਗੌਰੀ ਤੇ ਸ਼ਾਹਰੁਖ ਕਾਲਜ ਦੇ ਸਮੇਂ ਤੋਂ ਇਕੱਠੇ ਸਨ। ਇਸ ਦੌਰਾਨ, ਇਸ ਬਾਲੀਵੁੱਡ ਜੋੜੇ ਨੇ ਆਪਣੀ ਜ਼ਿੰਦਗੀ ਤੇ ਰਿਸ਼ਤੇ ’ਚ ਬਹੁਤ ਸਾਰੇ ਉਤਾਰ-ਚੜ੍ਹਾਅ ਦੇਖੇ ਪਰ ਕਦੇ ਵੀ ਇਕ-ਦੂਜੇ ਦਾ ਸਾਥ ਨਹੀਂ ਛੱਡਿਆ। ਗੌਰੀ ਤੇ ਸ਼ਾਹਰੁਖ ਨੇ ਹਰ ਚੰਗੇ ਤੇ ਮਾੜੇ ਸਮੇਂ ’ਚ ਇਕ-ਦੂਜੇ ਦਾ ਸਾਥ ਦਿੱਤਾ ਪਰ ਇਕ ਸਮਾਂ ਅਜਿਹਾ ਵੀ ਆਇਆ, ਜਦੋਂ ਗੌਰੀ ਨੇ ਪਤੀ ਸ਼ਾਹਰੁਖ ਨਾਲ ਰਿਸ਼ਤਾ ਖ਼ਤਮ ਕਰਨ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਸੀ।
ਇਸ ਬਾਰੇ ਗੱਲ ਕਰਦਿਆਂ ਗੌਰੀ ਨੇ ਕਿਹਾ ਸੀ, ‘ਮੈਂ ਇਕ ਬ੍ਰੇਕ ਚਾਹੁੰਦੀ ਸੀ ਕਿਉਂਕਿ ਇਹ ਬਹੁਤ ਭਾਵੁਕ ਸੀ। ਅਸੀਂ ਉਸ ਸਮੇਂ ਬਹੁਤ ਛੋਟੇ ਸੀ। ਸਾਡੇ ਪਰਿਵਾਰ ਨੂੰ ਇਸ ਬਾਰੇ ਕੁਝ ਨਹੀਂ ਪਤਾ ਸੀ। ਅਸੀਂ ਦੋਵੇਂ ਇਕ ਬਹੁਤ ਹੀ ਰੂੜੀਵਾਦੀ ਪਰਿਵਾਰ ਨਾਲ ਸਬੰਧਤ ਸੀ। ਇਥੇ ਡੇਟਿੰਗ ਕਰਨ ਵਰਗੀ ਕੋਈ ਚੀਜ਼ ਨਹੀਂ ਸੀ। ਪਰਿਵਾਰ ਨੇ ਸ਼ਾਹਰੁਖ ਨੂੰ ਕਬੂਲ ਕਰਨ ’ਚ ਵੀ ਕੁਝ ਸਮਾਂ ਲਿਆ ਪਰ ਹੁਣ ਮਾਂ ਉਨ੍ਹਾਂ ਨੂੰ ਬਹੁਤ ਪਿਆਰ ਕਰਦੀ ਹੈ।’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।