ਦਰਦ ਨਾਲ ਵਿਲਕਦੇ ਦਿਸੇ ਦਿਲਜੀਤ ਦੋਸਾਂਝ
Monday, Jan 13, 2025 - 01:41 PM (IST)
ਐਂਟਰਟੇਨਮੈਂਟ ਡੈਸਕ : ਗਲੋਬਲ ਸਟਾਰ ਦਿਲਜੀਤ ਦੋਸਾਂਝ ਇਸ ਸਮੇਂ ਆਪਣੀ ਫ਼ਿਲਮ 'ਪੰਜਾਬ 95' ਨੂੰ ਲੈ ਕੇ ਸੁਰਖੀਆਂ ਬਟੋਰ ਰਹੇ ਹਨ। ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਇਹ ਫ਼ਿਲਮ ਆਪਣੇ ਵਿਸ਼ੇ ਕਾਰਨ ਲੰਬੇ ਸਮੇਂ ਤੋਂ ਅਟਕੀ ਹੋਈ ਹੈ। ਹਾਲਾਂਕਿ ਹੁਣ ਲੱਗਦਾ ਹੈ ਕਿ ਇਹ ਫ਼ਿਲਮ ਜਲਦ ਹੀ ਰਿਲੀਜ਼ ਹੋ ਸਕਦੀ ਹੈ ਕਿਉਂਕਿ ਹਾਲ ਹੀ 'ਚ ਦਿਲਜੀਤ ਨੇ ਇਸ ਫ਼ਿਲਮ ਬਾਰੇ ਇੱਕ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਸ਼ਾਨਦਾਰ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।
ਦਿਲਜੀਤ ਨੇ ਸਾਂਝੀ ਕੀਤੀ ਪੋਸਟ
ਗਾਇਕ ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕੀਤੀ ਅਤੇ ਲਿਖਿਆ, ''ਫ਼ਿਲਮ ਫਰਵਰੀ 'ਚ ਰਿਲੀਜ਼ ਹੋ ਰਹੀ ਹੈ।'' ਇਸ ਦੇ ਨਾਲ ਹੀ ਅਦਾਕਾਰ ਨੇ ਇੰਸਟਾਗ੍ਰਾਮ ਪੋਸਟ 'ਤੇ ਕੁਝ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ, 'ਮੈਂ ਹਨੇਰੇ ਨੂੰ ਚੁਣੌਤੀ ਦੇ ਰਿਹਾ ਹਾਂ। ਪੰਜਾਬ 95।'
ਦੱਸ ਦੇਈਏ ਕਿ ਸਾਂਝੀਆਂ ਕੀਤੀਆਂ ਤਸਵੀਰਾਂ 'ਚ ਦਿਲਜੀਤ ਖੂਨ 'ਚ ਲੱਥਪੱਥ ਨਜ਼ਰ ਆ ਰਹੇ ਹਨ। ਤਸਵੀਰਾਂ ਪ੍ਰਸ਼ੰਸਕਾਂ ਦਾ ਕਾਫੀ ਧਿਆਨ ਖਿੱਚ ਰਹੀਆਂ ਹਨ। ਦਿਲਜੀਤ ਦੀ ਪੋਸਟ 'ਤੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਇੱਕ ਨੇ ਲਿਖਿਆ, "ਮੈਨੂੰ ਖੁਸ਼ੀ ਹੈ ਕਿ ਦੁਨੀਆ ਇਸ ਫ਼ਿਲਮ ਨੂੰ ਦੇਖ ਸਕੇਗੀ ਅਤੇ ਜਸਵੰਤ ਸਿੰਘ ਖਾਲੜਾ ਬਾਰੇ ਜਾਣ ਸਕੇਗੀ।" ਇੱਕ ਹੋਰ ਨੇ ਲਿਖਿਆ, "ਸਿਰਫ਼ ਦਿਲਜੀਤ ਹੀ ਅਜਿਹੇ ਕਿਰਦਾਰ ਨਿਭਾ ਸਕਦਾ ਹੈ।" ਇਸ ਤੋਂ ਇਲਾਵਾ ਕਈ ਹੋਰ ਯੂਜ਼ਰਸ ਨੇ ਫ਼ਿਲਮ ਦੇ ਜਲਦ ਰਿਲੀਜ਼ ਹੋਣ ਦੀ ਖ਼ਬਰ ਜਾਣ ਕੇ ਖੁਸ਼ੀ ਜ਼ਾਹਰ ਕੀਤੀ।
ਕਿਸ ਮੁੱਦੇ 'ਤੇ ਆਧਾਰਿਤ ਹੈ ਇਹ ਫ਼ਿਲਮ
ਦਿਲਜੀਤ ਦੀ ਫ਼ਿਲਮ 'ਪੰਜਾਬ 95' ਲੰਬੇ ਸਮੇਂ ਤੋਂ ਵਿਵਾਦਾਂ 'ਚ ਹੈ। ਫ਼ਿਲਮ ਦਾ ਨਿਰਦੇਸ਼ਨ ਹਨੀ ਤ੍ਰੇਹਨ ਨੇ ਕੀਤਾ ਹੈ। ਇਹ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਆਧਾਰਿਤ ਬਾਇਓਪਿਕ ਹੈ। ਇਹ ਰੋਨੀ ਸਕਰੂਵਾਲਾ ਦੁਆਰਾ ਨਿਰਮਿਤ ਹੈ। ਨਿਰਮਾਤਾਵਾਂ ਨੇ ਪਹਿਲਾਂ ਫ਼ਿਲਮ ਦਾ ਸਿਰਲੇਖ 'ਘੱਲੂਘਾਰਾ' ਰੱਖਿਆ ਸੀ ਪਰ ਬਾਅਦ 'ਚ ਇਸ ਨੂੰ ਬਦਲ ਕੇ 'ਪੰਜਾਬ 95' ਕਰ ਦਿੱਤਾ ਗਿਆ।
ਦੱਸਣਯੋਗ ਹੈ ਕਿ ਕਹਾਣੀ ਬਹੁਤ ਹੀ ਸੰਵੇਦਨਸ਼ੀਲ ਮੁੱਦੇ 'ਤੇ ਹੈ। ਇਸ ਕਾਰਨ ਸੈਂਸਰ ਬੋਰਡ ਇਸ ਫ਼ਿਲਮ ਨੂੰ ਲੈ ਕੇ ਸਾਵਧਾਨੀ ਨਾਲ ਕਦਮ ਚੁੱਕ ਰਿਹਾ ਸੀ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਇਸ ਫ਼ਿਲਮ 'ਤੇ 85 ਕੱਟ ਲਗਾਏ ਜਾਣਗੇ ਪਰ ਰਿਵੀਜ਼ਨ ਕਮੇਟੀ ਕੋਲ ਜਾਣ ਤੋਂ ਬਾਅਦ ਕਿਹਾ ਗਿਆ ਕਿ ਇਸ 'ਤੇ 120 ਕੱਟ ਲਗਾਏ ਜਾਣਗੇ। ਹਾਲਾਂਕਿ ਫ਼ਿਲਮ 'ਤੇ ਕਿੰਨੀ ਕੈਂਚੀ ਵਰਤੀ ਗਈ ਹੈ, ਇਸ ਬਾਰੇ ਅਧਿਕਾਰਤ ਜਾਣਕਾਰੀ ਅਜੇ ਆਉਣੀ ਬਾਕੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।