ਕੋਰਟ ਕਚਹਿਰੀ ਹਰ ਘਰ ਦੀ ਕਹਾਣੀ ਵਰਗੀ, ਇਸ ਵਿਚ ਅਪੂਰਨ ਰਿਸ਼ਤੇ, ਅਸੁਰੱਖਿਆ ਤੇ ਗ੍ਰੇ ਏਰੀਆਜ਼ ਵੀ : ਆਸ਼ੀਸ਼
Wednesday, Aug 13, 2025 - 10:10 AM (IST)

ਮੁੰਬਈ- ਹਿੰਦੀ ਸਿਨੇਮਾ ਵਿਚ ਕੋਰਟ ਰੂਮ ਡਰਾਮੇ ਦਾ ਚਲਣ ਕਾਫ਼ੀ ਪੁਰਾਣਾ ਰਿਹਾ ਹੈ ਅਤੇ ਹੁਣ ਸੋਨੀ ਲਿਵ ਲੈ ਕੇ ਆ ਰਿਹਾ ਹੈ ਇਕ ਹੋਰ ਦਿਲਚਸਪ ਕੋਰਟ ਰੂਮ ਡਰਾਮਾ ‘ਕੋਰਟ ਕਚਹਿਰੀ’, ਜੋ 13 ਅਗਸਤ ਨੂੰ ਆਨਲਾਈਨ ਰਿਲੀਜ਼ ਹੋਵੇਗਾ। ਇਹ ਸੀਰੀਜ਼ ਇਕ ਸ਼ਖ਼ਸ ਪਰਮ ਦੀ ਕਹਾਣੀ ’ਤੇ ਆਧਾਰਤ ਹੈ, ਜਿਸ ਦਾ ਪਰਿਵਾਰਕ ਪੇਸ਼ਾ ਵਕਾਲਤ ਰਿਹਾ ਹੈ। ਹਾਲਾਂਕਿ ਪਰਮ ਵਕੀਲ ਬਣਨ ਵਿਚ ਕੋਈ ਖ਼ਾਸ ਦਿਲਚਸਪੀ ਨਹੀਂ ਰੱਖਦਾ ਸਗੋਂ ਉਹ ਇਹ ਪੇਸ਼ਾ ਮਜਬੂਰੀ ਅਤੇ ਪਰਿਵਾਰਕ ਦਬਾਅ ਕਾਰਨ ਅਪਣਾਉਂਦਾ ਹੈ। ਇਸ ’ਚ ਆਸ਼ੀਸ਼ ਵਰਮਾ, ਪੁਨੀਤ ਬੱਤਰਾ ਅਤੇ ਪਵਨ ਮਲਹੋਤਰਾ ਵਰਗੇ ਅਦਾਕਾਰ ਅਹਿਮ ਭੂਮਿਕਾਵਾਂ ਵਿਚ ਨਜ਼ਰ ਆਉਣਗੇ। ਇਸ ਵੈੱਬ ਸੀਰੀਜ਼ ਦੇ ਨਿਰਦੇਸ਼ਕ ਰੁਚਿਰ ਅਰੁਣ ਹਨ। ਇਸ ਸੀਰੀਜ਼ ਬਾਰੇ ਆਸ਼ੀਸ਼ ਵਰਮਾ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਲਈ ਪੱਤਰਕਾਰ ਸੰਦੇਸ਼ ਔਲਖ ਸ਼ਰਮਾ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼...
ਪ੍ਰ. ਇਹ ਸੀਰੀਜ਼ ਲੀਗਲ ਡਰਾਮਾ ਹੈ ਤਾਂ ਇਸ ਵਿਚ ਕੀ ਅਲੱਗ ਹੈ?
ਇਸ ਸੀਰੀਜ਼ ਦੀ ਬੈਕਡ੍ਰਾਪ ਜ਼ਰੂਰ ਲੀਗਲ ਹੈ ਪਰ ਅਸਲ ਵਿਚ ਇਹ ਇਕ ਪਿਓ-ਪੁੱਤਰ ਦੀ ਕਹਾਣੀ ਹੈ। ਉਨ੍ਹਾਂ ਦੇ ਵਿਚਕਾਰ ਇਕ ਡਿਸਫੰਕਸ਼ਨਲ ਰਿਲੇਸ਼ਨਸ਼ਿਪ ਹੈ। ਇਹ ਇਕ ਕਮਿੰਗ ਆਫ ਏਜ ਸਟੋਰੀ ਹੈ ਇਕ ਅਜਿਹੇ ਲੜਕੇ ਦੀ, ਜੋ ਇਕ ਲੀਗਲ ਫੈਮਿਲੀ ਤੋਂ ਆਉਂਦਾ ਹੈ ਪਰ ਉਸ ਦਾ ਆਪਣੇ ਪ੍ਰੋਫੈਸ਼ਨ ਤੇ ਪਿਤਾ ਨੂੰ ਲੈ ਕੇ ਨਜ਼ਰੀਆ ਬਹੁਤ ਅਲੱਗ ਹੈ। ਇਸ ਕਹਾਣੀ ਵਿਚ ਇਹ ਦਿਖਾਇਆ ਗਿਆ ਹੈ ਕਿ ਕਿਵੇਂ ਉਸ ਨਜ਼ਰੀਏ ਵਿਚ ਬਦਲਾਅ ਆਉਂਦਾ ਹੈ।
ਪ੍ਰ. ਇਸ ਪ੍ਰਾਜੈਕਟ ਨਾਲ ਤੁਸੀਂ ਕਿਵੇਂ ਜੁੜੇ?
ਟੀ. ਵੀ.ਐੱਫ. ਨਾਲ ਕੰਮ ਕਰਨ ਦੀ ਇੱਛਾ ਬਹੁਤ ਪਹਿਲਾਂ ਤੋਂ ਸੀ। ਕੋਈ 10 ਸਾਲ ਪਹਿਲਾਂ ਮੈਂ ਟੀ. ਵੀ.ਐੱਫ. ਨਾਲ ਇਨਮੇਟਜ਼ ਨਾਂ ਦਾ ਇਕ ਸ਼ੋਅ ਕੀਤਾ ਸੀ। ਫਿਰ ਭਵੇਸ਼ ਜੋਸ਼ੀ ਸੁਪਰਹੀਰੋ ਤੋਂ ਬਾਅਦ ਅਰਨਬ (ਟੀ.ਵੀ.ਐੱਫ.) ਨੇ ਮੈਨੂੰ ਕਿਹਾ ਕਿ ਕੁਝ ਵੱਡਾ ਕਰਨਾ ਚਾਹੀਦਾ। ਫਿਰ ਜ਼ਿੰਦਗੀ ਵਿਚ ਬਹੁਤ ਕੁਝ ਹੋਇਆ, ਸਭ ਆਪਣੇ-ਆਪਣੇ ਕੰਮਾਂ ਵਿਚ ਲੱਗ ਗਏ। ਫਿਰ ਮੇਰੇ ਇਕ ਬੈਚਮੇਟ ਰੁਚਿਰ ਅਰੁਣ, ਜੋ ਇਸ ਸ਼ੋਅ ਦੇ ਨਿਰਦੇਸ਼ਕ ਹਨ, ਨੇ ਕਾਲ ਕੀਤੀ ਕਿ ਮੈਂ ਇਕ ਸ਼ੋਅ ਬਣਾ ਰਿਹਾ ਹਾਂ ਟੀ.ਵੀ.ਐੱਫ. ਲਈ। ਮੈਂ ਕਿਹਾ ਯਾਰ, ਮੈਨੂੰ ਲੈ ਲਓ ਤਾਂ ਬੋਲਿਆ ਕਿ ਤੂੰ ਫਿੱਟ ਨਹੀਂ ਬੈਠਦਾ ਕਿਰਦਾਰ ਵਿਚ। ਮੈਂ ਕਿਹਾ ਕਿ ਦੋਸਤ ਲੋਕ ਕੰਮ ਨਹੀਂ ਦੇਣਗੇ ਤਾਂ ਕਿਵੇਂ ਚੱਲੇਗਾ। ਉਸ ਨੇ ਕਿਹਾ ਕਿ ਇਸ ਰੋਲ ਲਈ ਪਤਲਾ ਲੜਕਾ ਚਾਹੀਦਾ ਹੈ। ਮੈਂ ਪੁੱਛਿਆ ਸ਼ੂਟਿੰਗ ਵਿਚ ਕਿੰਨਾ ਟਾਈਮ ਹੈ, ਬੋਲਿਆ 4-6 ਮਹੀਨੇ। ਮੈਂ 2 ਮਹੀਨੇ ਵਿਚ 12 ਕਿੱਲੋ ਵਜ਼ਨ ਘੱਟ ਕੀਤਾ, ਫਿਰ ਉਸ ਦੇ ਸਾਹਮਣੇ ਖੜ੍ਹਾ ਹੋਇਆ। ਉਸ ਨੇ ਡਬਲ ਟੇਕ ਲਿਆ, ਫਿਰ ਗੱਲ ਅੱਗੇ ਵਧੀ ਅਤੇ ਲੇਖਕਾਂ ਨਾਲ ਮਿਲਿਆ, ਰੀਡਿੰਗਜ਼ ਕੀਤੀ ਗਈ ਅਤੇ ਗੱਲ ਬਣ ਗਈ। ਇੰਝ ਮੈਂ ‘ਕੋਰਟ ਕਚਹਿਰੀ’ ਦਾ ਹਿੱਸਾ ਬਣਿਆ।
ਪ੍ਰ. ਜਦੋਂ ਸਕ੍ਰਿਪਟ ਸੁਣੀ ਤਾਂ ਕੀ ਸਭ ਤੋਂ ਖ਼ਾਸ ਲੱਗਿਆ?
ਇਹ ਕਹਾਣੀ ਬਹੁਤ ਲੇਅਰਡ ਹੈ। ਟ੍ਰੇਲਰ ਦੇਖ ਕੇ ਲੱਗਦਾ ਹੈ ਕਿ ਇਹ ਸਿਰਫ਼ ਲੀਗਲ ਡਰਾਮਾ ਹੈ ਪਰ ਇਸ ਵਿਚ ਬਹੁਤ ਡੂੰਘਾਈ ਹੈ। ਹਰ ਘਰ ਦੀ ਕਹਾਣੀ ਵਰਗੀ ਹੈ। ਇਸ ਵਿਚ ਅਪੂਰਨ ਰਿਸ਼ਤੇ, ਅਸੁਰੱਖਿਆ, ਗ੍ਰੇ ਏਰੀਯਾਜ਼ ਸਭ ਹੈ। ਇਕ ਐਕਟਰ ਦੇ ਤੌਰ ’ਤੇ ਮੈਨੂੰ ਸਭ ਤੋਂ ਚੰਗਾ ਉਦੋਂ ਲੱਗਦਾ ਹੈ ਜਦੋਂ ਕਿਰਦਾਰ ਗ੍ਰੋ ਹੁੰਦਾ ਹੈ, ਸਾਫ਼-ਸਾਫ਼ ਸਹੀ ਜਾਂ ਗ਼ਲਤ ਨਹੀਂ ਹੁੰਦਾ। ਇਕ ਹੀ ਚੀਜ਼ ਤੁਹਾਨੂੰ ਇਕ ਨਜ਼ਰੀਏ ਨਾਲ ਸਹੀ ਲੱਗੇਗੀ ਪਰ ਦੂਜੇ ਨਾਲ ਗ਼ਲਤ। ਇਸੇ ਵਿਚ ਮਜ਼ਾ ਆਉਂਦਾ ਹੈ।
ਪ੍ਰ. ਤੁਹਾਡਾ ਕਿਰਦਾਰ ਪਰਮ ਕਿਸ ਤਰ੍ਹਾਂ ਦਾ ਹੈ?
ਪਰਮ ਇਕ ਵਾਂਟਿਡ ਚਾਈਲਡ ਹੈ , ਜੋ ਸਿੰਗਲ ਪੇਅਰੈਂਟ ਨਾਲ ਵੱਡਾ ਹੋਇਆ ਹੈ। ਉਸ ਦੇ ਆਪਣੇ ਪਿਤਾ ਨਾਲ ਬਹੁਤ ਸਾਰੇ ਅਣਸੁਲਝੇ ਸਵਾਲ ਹਨ। ਉਸ ਨੂੰ ਇਕ ਪ੍ਰੋਵਾਈਡਰ ਨਹੀਂ ਚਾਹੀਦਾ, ਉਸ ਨੂੰ ਇਕ ਪਿਤਾ ਚਾਹੀਦਾ ਹੈ। ਸ਼ਾਇਦ ਉਸ ਨੂੰ ਸਿਰਫ਼ ਇੰਨਾ ਚਾਹੀਦਾ ਹੈ ਕਿ ਉਸ ਦੇ ਪਿਤਾ ਇਕ ਵਾਰ ਆ ਕੇ ਉਸ ਨੂੰ ਗਲੇ ਲਾ ਲੈਣ। ਉਹ ਨਹੀਂ ਜਾਣਦਾ ਉਸ ਨੂੰ ਕੀ ਚਾਹੀਦਾ ਹੈ ਪਰ ਇਹ ਜ਼ਰੂਰ ਜਾਣਦਾ ਹੈ ਕਿ ਉਸ ਨੇ ਕੀ ਨਹੀਂ ਕਰਨਾ ਹੈ, ਵਕਾਲਤ ਨਹੀਂ ਕਰਨੀ ਹੈ। ਇਹ ਉਸ ਦੀ ਤਲਾਸ਼ ਦੀ ਕਹਾਣੀ ਹੈ।
ਪ੍ਰ. ਤੁਸੀਂ ਖ਼ੁਦ ਪਰਮ ਨਾਲ ਕਿੰਨਾ ਰਿਲੇਟ ਕਰਦੇ ਹੋ?
ਸਿਚੂਏਸ਼ਨਲੀ ਤਾਂ ਬਿਲਕੁਲ ਨਹੀਂ। ਮੇਰੀ ਮਾਂ ਵਕੀਲ ਹੈ, ਨਾਨਾ ਵਕੀਲ ਸੀ ਪਰ ਮੇਰੇ ’ਤੇ ਕਦੇ ਜ਼ੋਰ ਨਹੀਂ ਪਾਇਆ ਗਿਆ ਕਿ ਵਕੀਲ ਬਣੋ। ਹਮੇਸ਼ਾ ਸੁਪੋਰਟ ਮਿਲੀ ਪਰ ਇਮੋਸ਼ਨਲੀ ਉਸ ਵੈਲੀਡੇਸ਼ਨ ਦੀ ਇੱਛਾ, ਸੁਣੇ ਜਾਣ ਦੀ ਇੱਛਾ ਉਹ ਹਰ ਇਨਸਾਨ ਵਿਚ ਹੁੰਦੀ ਹੈ ਅਤੇ ਇਕ ਐਕਟਰ ਦੇ ਤੌਰ ’ਤੇ ਵੀ ਅਸੀਂ ਉਸ ਇਮੋਸ਼ਨਲ ਵੈਲੀਡੇਸ਼ਨ ਦੀ ਭਾਲ ਵਿਚ ਰਹਿੰਦੇ ਹਾਂ। ਉਸ ਪੱਧਰ ’ਤੇ ਮੈਂ ਪਰਮ ਨਾਲ ਜੁੜਦਾ ਹਾਂ।
ਪ੍ਰ. ਇਸ ਸ਼ੋਅ ਦਾ ਹਿੱਸਾ ਬਣਨ ਦਾ ਅਨੁਭਵ ਕਿਵੇਂ ਦਾ ਰਿਹਾ?
ਇਹ ਪ੍ਰਾਜੈਕਟ ਮੇਰੇ ਲਈ ਬੇਹੱਦ ਮਹੱਤਵਪੂਰਨ ਹੈ ਕਿਉਂਕਿ ਇਹ ਮੇਰਾ ਪਹਿਲਾ ਪ੍ਰਾਜੈਕਟ ਹੈ, ਜਿਸ ਵਿਚ ਮੈਂ ਲੀਡ ਭੂਮਿਕਾ ਨਿਭਾਅ ਰਿਹਾ ਹਾਂ। ਮੈਂ 2011-2012 ਤੋਂ ਇੰਡਸਟਰੀ ਵਿਚ ਕੰਮ ਕਰ ਰਿਹਾ ਹਾਂ ਅਤੇ ਹੁਣ ਜਾ ਕੇ ਮੈਨੂੰ ਇਹ ਮੌਕਾ ਮਿਲਿਆ ਹੈ ਕਿ ਮੈਂ ਇਕ ਟੀ.ਵੀ.ਐੱਫ. ਸ਼ੋਅ ਵਿਚ ਮੁੱਖ ਕਿਰਦਾਰ ਨਿਭਾਅ ਸਕਾਂ। ਮੈਂ ਇਸ ਲਈ ਬਹੁਤ ਮਿਹਨਤ ਕੀਤੀ ਹੈ ਅਤੇ ਇਸ ਸ਼ੋਅ ਵਿਚ ਮੈਨੂੰ ਇਕ ਸੰਪੂਰਨ ਯਾਤਰਾ ਨਿਭਾਉਣ ਦਾ ਮੌਕਾ ਮਿਲਿਆ, ਜਿਸ ਵਿਚ ਸੰਘਰਸ਼ ਹੈ, ਭਾਵਨਾਤਮਕ ਉਤਰਾਅ-ਚੜਾਅ ਹੈ ਅਤੇ ਇਕ ਕਿਰਦਾਰ ਦੇ ਰੂਪ ਵਿਚ ਖ਼ੁਦ ਨੂੰ ਡੂੰਘਾਈ ਨਾਲ ਐਕਸਪਲੋਰ ਕਰਨ ਦਾ ਸਪੇਸ ਮਿਲਿਆ ਹੈ। ਇਹ ਕਹਾਣੀ ਪੂਰੀ ਤਰ੍ਹਾਂ ਪਰਮ ਦੀ ਹੈ ਅਤੇ 5 ਐਪੀਸੋਡਜ਼ ਵਿਚ ਤੁਹਾਨੂੰ ਉਸ ਦਾ ਸਫ਼ਰ ਦੇਖਣ ਨੂੰ ਮਿਲੇਗਾ। ਇਸ ਦੌਰਾਨ ਮੈਂ ਇਕ ਐਕਟਰ ਦੇ ਰੂਪ ਵਿਚ ਨਵੇਂ ਤਜਰਬੇ ਕੀਤੇ ਅਤੇ ਖ਼ੁਦ ਨੂੰ ਵੱਖ-ਵੱਖ ਰੂਪਾਂ ਵਿਚ ਪਰਖਿਆ ਅਤੇ ਜੋ ਸਿਰਜਣਾਤਮਕ ਆਜ਼ਾਦੀ ਮੈਨੂੰ ਇਸ ਸ਼ੋਅ ਵਿਚ ਮਿਲੀ, ਉਹ ਮੇਰੇ ਲਈ ਬਹੁਤ ਅਹਿਮ ਰਹੀ।
ਪ੍ਰ. ਤੁਸੀਂ ਇਸ ਤੋਂ ਪਹਿਲਾਂ ‘ਸਾਸ ਬਹੂ ਫਲੈਮਿੰਗੋ’ ਲਈ ਭਾਰ ਵਧਾਇਆ ਸੀ। ਇਹ ਕਿੰਨਾ ਚੁਣੌਤੀਪੂਰਨ ਹੁੰਦਾ ਹੈ?
ਦਰਅਸਲ ਇਹ ਟ੍ਰਾਂਸਫਾਰਮੇਸ਼ਨ ਮੈਂ ਆਪਣੇ ਪਿਛਲੇ ਦੋ ਪ੍ਰਾਜੈਕਟਾਂ ਚ ਕੀਤੇ ਹਨ। ਉਸ ਤੋਂ ਪਹਿਲਾਂ ਮੈਨੂੰ ਅਕਸਰ ਉਹੋ ਜਿਹਾ ਹੀ ਕਾਸਟ ਕੀਤਾ ਜਾਂਦਾ ਸੀ ਜਿਵੇਂ ਮੈਂ ਅਸਲ ਜ਼ਿੰਦਗੀ ਵਿਚ ਦਿਸਦਾ ਹਾਂ ਪਰ ‘ਸਾਸ ਬਹੂ ਫਲੈਮਿੰਗੋ’ ’ਚ ਮੇਰਾ ਕਿਰਦਾਰ ਬਿਲਕੁਲ ਅਲੱਗ ਸੀ ਇਕ ਸਬਸਟੈਂਜ਼ ਅਬਿਊਜ਼ ਕਰਨ ਵਾਲਾ, ਨੈਤਿਕ ਤੌਰ ’ਤੇ ਅਸਪੱਸ਼ਟ ਇਨਸਾਨ। ਮੈਂ ਉਸ ਰੋਲ ਲਈ ਚੁਆਇਸ ਨਹੀਂ ਸੀ, ਇਸ ਲਈ ਉਸ ਲਈ ਮਿਹਨਤ ਕਰਨੀ ਪਈ ਪਰ ਇਹੀ ਤਾਂ ਇਕ ਐਕਟਰ ਦੀ ਭਾਲ ਹੁੰਦੀ ਹੈ। ਅਜਿਹੇ ਚੁਣੌਤੀਪੂਰਨ ਕਿਰਦਾਰ, ਜੋ ਸਾਨੂੰ ਹੱਦਾਂ ਤੋਂ ਬਾਹਰ ਜਾ ਕੇ ਕੁਝ ਨਵਾਂ ਕਰਨ ਦਾ ਮੌਕਾ ਦੇਣ। ਇਸ ਤਰ੍ਹਾਂ ਦੇ ਰੋਲਜ਼ ਵਿਚ ਮੁਸ਼ਕਲ ਤਾਂ ਹੁੰਦੀ ਹੈ ਪਰ ਜੋ ਸੰਤੁਸ਼ਟੀ ਅਤੇ ਆਨੰਦ ਮਿਲਦਾ ਹੈ, ਉਹ ਅਨਮੋਲ ਹੁੰਦਾ ਹੈ। ਜਿਵੇਂ ਆਮਿਰ ਖ਼ਾਨ ਜਦੋਂ ‘ਦੰਗਲ’ ਦੇ ਆਪਣੇ ਟ੍ਰਾਂਸਫਾਰਮੇਸ਼ਨ ਦੀ ਗੱਲ ਕਰਦੇ ਹਨ ਤਾਂ ਉਨ੍ਹਾਂ ਦੇ ਚਿਹਰੇ ਦੀ ਖ਼ੁਸ਼ੀ ਤੋਂ ਸਾਫ਼ ਝਲਕਦਾ ਹੈ ਕਿ ਉਨ੍ਹਾਂ ਨੇ ਕੁਝ ਅਸਧਾਰਨ ਕੀਤਾ ਹੈ। ਮੇਰੇ ਲਈ ਵੀ ‘ਸਾਸ ਬਹੂ ਫਲੈਮਿੰਗੋ’ ਵਿਚ ਉਹ ਸਰੀਰਿਕ ਅਤੇ ਮਾਨਸਿਕ ਤੌਰ ’ਤੇ ਬਦਲਾਅ ਆਸਾਨ ਨਹੀਂ ਸੀ।