ਕਦੇ ਗੁੱਸਾ, ਕਦੇ ਦਰਦ ਤਾਂ ਕਦੇ ਉਦਾਸੀ, ਸਭ ਬੈਲੇਂਸ ਕਰਨਾ ਪੈਂਦਾ ਹੈ : ਚਿਤਰਾਂਗਦਾ
Monday, Dec 29, 2025 - 09:53 AM (IST)
ਵੈੱਬ ਡੈਸਕ- ਸਾਲ 2020 ’ਚ ਨੈੱਟਫਲਿਕਸ ’ਤੇ ਰਿਲੀਜ਼ ਹੋਈ ‘ਰਾਤ ਅਕੇਲੀ ਹੈ’ ਨੂੰ ਦਰਸ਼ਕਾਂ ਤੋਂ ਚੰਗਾ ਹੁੰਗਾਰਾ ਮਿਲਿਆ ਸੀ। ਹੁਣ ਪੰਜ ਸਾਲ ਬਾਅਦ ਇਸ ਦਾ ਪਾਰਟ-2 ਆਇਆ ਹੈ, ਜਿਸ ਦਾ ਨਾਂ ਹੈ ‘ਰਾਤ ਅਕੇਲੀ ਹੈ-ਦਿ ਬਾਂਸਲ ਮਰਡਰਜ਼’। ਇਹ ਫਿਲਮ ਬਾਂਸਲ ਪਰਿਵਾਰ ਦੀ ਕਹਾਣੀ ਦੱਸਦੀ ਹੈ। ਫਿਲਮ 19 ਦਸੰਬਰ, 2025 ਨੂੰ ਨੈੱਟਫਲਿਕਸ ’ਤੇ ਰਿਲੀਜ਼ ਹੋਈ। ਫ਼ਿਲਮ ’ਚ ਨਵਾਜ਼ੂਦੀਨ ਸਿੱਦੀਕੀ, ਚਿਤਰਾਂਗਦਾ ਸਿੰਘ, ਦੀਪਤੀ ਨਵਲ ਮੁੱਖ ਭੂਮਿਕਾਵਾਂ ’ਚ ਹਨ। ਫਿਲਮ ਬਾਰੇ ਚਿਤਰਾਂਗਦਾ ਸਿੰਘ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ’ਤੇ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...
ਪ੍ਰ. ਤੁਸੀਂ ਇਕ ਜਟਿਲ ਅਤੇ ਸੈਸੀ ਕਿਰਦਾਰ ਨਿਭਾਇਆ ਹੈ। ਇੰਨੀ ਗੰਭੀਰ ਭੂਮਿਕਾ ’ਚ ਇਮੋਸ਼ਨਲ ਬੈਲੇਂਸ ਰੱਖਣਾ ਕਿੰਨਾ ਔਖਾ ਹੁੰਦਾ ਹੈ?
-ਬਹੁਤ ਔਖਾ। ਕਦੇ ਗੁੱਸਾ, ਕਦੇ ਦਰਦ, ਕਦੇ ਉਦਾਸੀ, ਇਨ੍ਹਾਂ ਸਾਰਿਆਂ ਨੂੰ ਇਕੋ ਸਮੇਂ ਬੈਲੇਂਸ ਕਰਨਾ ਪੈਂਦਾ ਹੈ ਪਰ ਅਦਾਕਾਰ ਦੇ ਤੌਰ ’ਤੇ ਤੁਹਾਨੂੰ ਖ਼ੁਦ ਨੂੰ ਕੰਟਰੋਲ ਕਰਨਾ ਹੁੰਦਾ ਹੈ ਭਾਵੇਂ ਅੰਦਰ ਕੁਝ ਵੀ ਚੱਲ ਰਿਹਾ ਹੋਵੇ।
ਪ੍ਰ. ਜਿਹੜੇ ਨਵੇਂ ਕਲਾਕਾਰ ਮੁੰਬਈ ਆਉਂਦੇ ਹਨ ਤੇ ਐਕਟਰ ਬਣਨਾ ਚਾਹੁੰਦੇ ਹਨ, ਉਨ੍ਹਾਂ ਨੂੰ ਤੁਸੀਂ ਕਿਹੜੀਆਂ ਤਿੰਨ ਸਲਾਹਾਂ ਦਿਉਗੇ?
ਸਭ ਤੋਂ ਪਹਿਲੀ ਗੱਲ ਨਾਂਹ ਸੁਣਨ ਦੀ ਆਦਤ ਪਾਉਣੀ ਚਾਹੀਦੀ ਹੈ ਤੇ ਉਸ ਤੋਂ ਨਿਰਾਸ਼ ਨਹੀਂ ਹੋਣਾ। ਦੂਜੀ ਸਭ ਤੋਂ ਜ਼ਰੂਰੀ ਗੱਲ ਤੁਸੀਂ ਖ਼ੁਦ ਤੋਂ ਇਹ ਸਵਾਲ ਪੁੱਛੋ ਕਿ ਤੁਸੀਂ ਐਕਟਰ ਕਿਉਂ ਬਣਨਾ ਚਾਹੁੰਦੇ ਹੋ। ਕੀ ਇਹ ਸਿਰਫ਼ ਪ੍ਰਸਿੱਧੀ, ਗਲੈਮਰ ਅਤੇ ਮੈਗਜ਼ੀਨ ਕਵਰ ਲਈ ਹੈ? ਜਾਂ ਕੀ ਤੁਸੀਂ ਸੱਚਮੁੱਚ ਸਿਨੇਮਾ ਨੂੰ ਪਿਆਰ ਕਰਦੇ ਹੋ? ਅਤੇ ਤੀਜੀ ਗੱਲ-ਖ਼ੁਦ ’ਤੇ ਲਗਾਤਾਰ ਕੰਮ ਕਰਦੇ ਰਹੋ ਪਰ ਹਰ ਕੰਮ ਕਰਨ ਤੋਂ ਬਿਹਤਰ ਹੈ ਚੰਗਾ ਕੰਮ ਕਰਨਾ। ਭਾਵੇਂ ਰੋਲ ਛੋਟਾ ਹੋਵੇ, ਇਕ ਸੀਨ ਹੋਵੇ ਪਰ ਇਹ ਅਜਿਹਾ ਹੋਣਾ ਚਾਹੀਦਾ ਹੈ ਜਿਸ ਨੂੰ ਲੋਕ ਯਾਦ ਰੱਖਣ। ਨਵਾਜ਼ੂਦੀਨ ਸਿੱਦੀਕੀ ਇਸ ਦੀ ਸਭ ਤੋਂ ਵੱਡੀ ਮਿਸਾਲ ਹਨ।
ਪ੍ਰ. ਫਿਲਮ ਦੀ ਕਾਸਟ ਬਹੁਤ ਦਮਦਾਰ ਹੈ। ਰਿਲੀਜ਼ ਤੋਂ ਬਾਅਦ ਜਦੋਂ ਤੁਸੀਂ ਫਿਲਮ ਦੇਖੀ ਤਾਂ ਕਿਸ ਅਦਾਕਾਰ ਨਾਲ ਆਪਣੇ ਸੀਨ ਸਭ ਤੋਂ ਪ੍ਰਭਾਵਸ਼ਾਲੀ ਲੱਗੇ?
ਮੈਨੂੰ ਨਵਾਜ਼ ਨਾਲ ਮੇਰੇ ਸੀਨ ਬਹੁਤ ਚੰਗੇ ਲੱਗੇ। ਸਾਡਾ ਇਕਵੇਸ਼ਨ ਬਹੁਤ ਸਪੱਸ਼ਟ ਅਤੇ ਡਿਫਾਈਂਡ ਸੀ। ਮੈਨੂੰ ਲੱਗਾ ਕਿ ਜੇ ਸਾਡੀ ਕੈਮਿਸਟਰੀ ਥੋੜ੍ਹੀ ਹੋਰ ਡੂੰਘਾਈ ’ਚ ਜਾਂਦੀ ਤਾਂ ਕਹਾਣੀ ਹੋਰ ਦਿਲਚਸਪ ਹੋ ਸਕਦੀ ਸੀ, ਜਿੱਥੇ ਆਕਰਸ਼ਣ, ਮਾਈਂਡ ਗੇਮ ਅਤੇ ਭਾਵਨਾਵਾਂ ਦੀ ਗੇਮ ਚੱਲਦੀ ਹੈ। ਇਸ ਤੋਂ ਇਲਾਵਾ ਇੰਟੈਰੋਗੇਸ਼ਨ ਸੀਨ ਅਤੇ ਉਹ ਸੀਨ, ਜਦੋਂ ਮੇਰਾ ਕਿਰਦਾਰ ਪਰਿਵਾਰ ਦੀ ਸੱਚਾਈ ਜਾਣਦਾ ਹੈ, ਉਹ ਸਭ ਮੇਰੇ ਲਈ ਖ਼ਾਸ ਹਨ।
ਪ੍ਰ. ਨਿਰਦੇਸ਼ਕ ਹਨੀ ਤ੍ਰੇਹਨ ਖ਼ੁਦ ਐਕਟਰ ਰਹਿ ਚੁੱਕੇ ਹਨ। ਜਦੋਂ ਅਜਿਹਾ ਇਨਸਾਨ ਨਿਰਦੇਸ਼ਨ ਕਰਦਾ ਹੈ, ਜਿਸ ਨੂੰ ਕਾਸਟਿੰਗ ਅਤੇ ਪਰਫਾਰਮੈਂਸ ਦੀ ਸਮਝ ਹੋਵੇ ਤਾਂ ਕੀ ਫ਼ਰਕ ਪੈਂਦਾ ਹੈ?
-ਬਹੁਤ ਵੱਡਾ ਫ਼ਰਕ ਪੈਂਦਾ ਹੈ। ਸਹੀ ਕਲਾਕਾਰ ਨੂੰ ਸਹੀ ਰੋਲ ’ਚ ਕਾਸਟ ਕਰਨਾ ਅੱਧਾ ਕੰਮ ਪਹਿਲਾਂ ਹੀ ਪੂਰਾ ਕਰ ਦਿੰਦਾ ਹੈ। ਹਨੀ ਕੋਲ ਇੰਨਾ ਤਜਰਬਾ ਹੈ ਕਿ ਉਨ੍ਹਾਂ ਨੂੰ ਬਿਲਕੁਲ ਪਤਾ ਹੁੰਦਾ ਕਿ ਉਨ੍ਹਾਂ ਨੂੰ ਕੀ ਚਾਹੀਦਾ ਹੈ। ਇਸ ਨਾਲ ਡਾਇਰੈਕਟਰ ਤੇ ਕਾਸਟਿੰਗ ਡਾਇਰੈਕਟਰ ਦਾ ਕੰਬੀਨੇਸ਼ਨ ਬਹੁਤ ਮਜ਼ਬੂਤ ਹੋ ਜਾਂਦਾ ਹੈ।
ਬੇਹੱਦ ਰੋਮਾਂਚਕ ਮਰਡਰ ਮਿਸਟਰੀ ਹੈ ਸ਼ਾਨਦਾਰ ਕਾਸਟ ਨਾਲ
ਪ੍ਰ. ‘ਰਾਤ ਅਕੇਲੀ ਹੈ-2’ ਵਰਗੇ ਗੰਭੀਰ ਵਿਸ਼ੇ ਵਾਲੀ ਫਿਲਮ ਦੇ ਸੈੱਟ ’ਤੇ ਮਾਹੌਲ ਕਿਹੋ ਜਿਹਾ ਸੀ? ਕੀ ਸੈੱਟ ’ਤੇ ਵੀ ਗੰਭੀਰਤਾ ਬਣੀ ਰਹਿੰਦੀ ਸੀ?
-ਹਾਂ, ਬਿਲਕੁਲ। ਇਹ ਇਕ ਅਜਿਹੀ ਫਿਲਮ ਸੀ, ਜਿਸ ’ਚ ਤੁਸੀਂ ਇਮੋਸ਼ਨ ਤੋਂ ਬਾਹਰ ਨਿਕਲ ਹੀ ਨਹੀਂ ਸੀ ਸਕਦੇ। ਇਹ ਡਾਇਲਾਗ-ਭਰੀ ਫਿਲਮ ਨਹੀਂ ਸੀ ਸਗੋਂ ਸਾਇਲੈਂਸ ਅਤੇ ਭਾਰੀ ਭਾਵਨਾਵਾਂ ਦੀ ਫਿਲਮ ਸੀ। ਇਕ ਵਾਰ ਉਸ ਮੂਡ ’ਚ ਜਾਣ ਤੋਂ ਬਾਅਦ ਬਾਹਰ ਨਿਕਲਣਾ ਅਤੇ ਫਿਰ ਦੁਬਾਰਾ ਉਸੇ ਇਮੋਸ਼ਨ ’ਚ ਆਉਣਾ ਬਹੁਤ ਮੁਸ਼ਕਿਲ ਹੁੰਦਾ ਹੈ।
ਪ੍ਰ. ਕੀ ਕਦੇ ਅਜਿਹਾ ਵੀ ਹੋਇਆ ਹੈ ਕਿ ਸੈੱਟ ਦਾ ਮਾਹੌਲ ਜਾਂ ਲੋਕ ਤੁਹਾਡੀ ਪਰਫਾਰਮੈਂਸ ਨੂੰ ਪ੍ਰਭਾਵਿਤ ਕਰ ਗਏ ਹੋਣ?
-ਹਾਂ, ਅਜਿਹਾ ਹੁੰਦਾ ਹੈ। ਕੁਝ ਨਿਰਦੇਸ਼ਕ ਬਹੁਤ ਸੈਂਸੇਟਿਵ ਹੁੰਦੇ ਹਨ, ਚੁੱਪੀ ਬਣਾਈ ਰੱਖਦੇ ਹਨ, ਮਾਹੌਲ ਸੰਭਾਲਦੇ ਹਨ ਪਰ ਕਈ ਵਾਰ ਸ਼ੋਰਗੁਲ ਜਾਂ ਜਲਦਬਾਜ਼ੀ ਪਰਫਾਰਮੈਂਸ ਨੂੰ ਡਿਸਟਰਬ ਕਰ ਦਿੰਦੀ ਹੈ। ਇਕ ਪੇਸ਼ੇਵਰ ਅਦਾਕਾਰ ਵਜੋਂ ਤੁਹਾਨੂੰ ਆਪਣੀ ਰਿਦਮ ਖ਼ੁਦ ਬਣਾਉਣੀ ਹੁੰਦੀ ਹੈ ਅਤੇ ਲੋੜ ਪਵੇ ਤਾਂ ਥੋੜ੍ਹਾ ਸਮਾਂ ਮੰਗਣਾ ਚਾਹੀਦਾ ਹੈ।
ਪ੍ਰ. ਆਉਣ ਵਾਲੇ ਸਮੇਂ ’ਚ ਤੁਸੀਂ ਕਿਹੜੇ ਪ੍ਰਾਜੈਕਟਾਂ ’ਚ ਨਜ਼ਰ ਆਉਗੇ?
-ਹਾਲੇ ਮੈਂ ‘ਗਲਵਾਨ’ਦੀ ਸ਼ੂਟਿੰਗ ਕਰ ਰਹੀ ਹਾਂ, ਜਿਸ ’ਚ ਸਲਮਾਨ ਖ਼ਾਨ ਹਨ। ਇਸ ਤੋਂ ਇਲਾਵਾ ਇਕ ਛੋਟੀ ਫਿਲਮ ਹੈ, ਜਿਸ ਦੀ ਸ਼ੂਟਿੰਗ ਅਗਲੇ ਸਾਲ ਸ਼ੁਰੂ ਹੋਣ ਦੀ ਉਮੀਦ ਹੈ। ਇਕ ਬਾਇਓਪਿਕ ਵੀ ਹੈ, ਜਿਸ ਨੂੰ ਮੈਂ ਪ੍ਰੋਡਿਊਜ਼ ਕਰ ਰਹੀ ਹਾਂ, ਉਸ ’ਚ ਮੈਂ ਐਕਟ ਨਹੀਂ ਕਰ ਰਹੀ।
ਪ੍ਰ. ਉਨ੍ਹਾਂ ਦਰਸ਼ਕਾਂ ਲਈ ਕੀ ਸੁਨੇਹਾ ਦਿਉਗੇ, ਜਿਨ੍ਹਾਂ ਨੇ ਅਜੇ ਤੱਕ ‘ਰਾਤ ਅਕੇਲੀ ਹੈ-2’ ਨਹੀਂ ਦੇਖੀ ?
-ਤੁਹਾਡੀ ਰਾਤ ਬਿਲਕੁਲ ਅਕੇਲੀ ਨਹੀਂ ਹੋਣੀ ਚਾਹੀਦੀ। ਨੈੱਟਫਲਿਕਸ ’ਤੇ ਇਕ ਬੇਹੱਦ ਰੋਮਾਂਚਕ ਮਰਡਰ ਮਿਸਟਰੀ ਹੈ ਸ਼ਾਨਦਾਰ ਕਾਸਟ ਨਾਲ।
