‘ਚਮਕ’ ਬਸ ਅਸਲ ਘਟਨਾਵਾਂ ਤੋਂ ਪ੍ਰੇਰਿਤ, ਪੰਜਾਬ ’ਚ ਅਜਿਹੀਆਂ ਘਟਨਾਵਾਂ ਬਹੁਤ ਹੋਈਆਂ : ਪਰਮਵੀਰ ਚੀਮਾ

Wednesday, Mar 26, 2025 - 12:11 PM (IST)

‘ਚਮਕ’ ਬਸ ਅਸਲ ਘਟਨਾਵਾਂ ਤੋਂ ਪ੍ਰੇਰਿਤ, ਪੰਜਾਬ ’ਚ ਅਜਿਹੀਆਂ ਘਟਨਾਵਾਂ ਬਹੁਤ ਹੋਈਆਂ : ਪਰਮਵੀਰ ਚੀਮਾ

ਮੁੰਬਈ- ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਚਮਕ, ਗਲੈਮਰ ਅਤੇ ਇਸ ਪਿੱਛੇ ਲੁਕੇ ਸੰਘਰਸ਼ਾਂ ਨੂੰ ਬਾਖ਼ੂਬੀ ਦਿਖ਼ਾਉਣ ਵਾਲੀ ਸੀਰੀਜ਼ ‘ਚਮਕ’ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ। ਉਦੋਂ ਤੋਂ ਹੀ ਇਸ ਦੇ ਦੂਜੇ ਭਾਗ ਦਾ ਵੀ ਇੰਤਜ਼ਾਰ ਚੱਲ ਰਿਹਾ ਸੀ ਤੇ ਹੁਣ ਇਹ ਇੰਤਜ਼ਾਰ ਵੀ ਖ਼ਤਮ ਹੋਣ ਵਾਲਾ ਹੈ ਕਿਉਂਕਿ ਸੋਨੀਲਿਵ ’ਤੇ ਇਸ ਦਾ ਪਾਰਟ-2 ਹੋਰ ਵੀ ਜ਼ਿਆਦਾ ਰੋਮਾਂਚ ਅਤੇ ਨਵੇਂ ਟਵਿਸਟ ਨਾਲ ਵਾਪਸ ਆ ਰਿਹਾ ਹੈ। ‘ਚਮਕ’ ਸੀਜ਼ਨ-1 ਦਾ ਦੂਜਾ ਭਾਗ 4 ਅਪ੍ਰੈਲ ਨੂੰ ਸੋਨੀਲਿਵ ’ਤੇ ਰਿਲੀਜ਼ ਕੀਤਾ ਜਾਵੇਗਾ, ਜਿਸ ’ਚ ਇਕ ਵਾਰ ਫਿਰ ਪਰਮਵੀਰ ਚੀਮਾ, ਮਨੋਜ ਪਾਹਵਾ, ਈਸ਼ਾ ਤਲਵਾੜ, ਮੁਕੇਸ਼ ਛਾਬੜਾ ਅਤੇ ਮੋਹਿਤ ਮਲਿਕ ਲੀਡ ਰੋਲ ’ਚ ਨਜ਼ਰ ਆਉਣਗੇ। ਸੀਰੀਜ਼ ਦਾ ਨਿਰਦੇਸ਼ਨ ਰੋਹਿਤ ਜੁਗਰਾਜ ਨੇ ਕੀਤਾ ਹੈ। ਸੀਰੀਜ਼ ਦੇ ਨਿਰਦੇਸ਼ਕ ਰੋਹਿਤ ਜੁਗਰਾਜ ਅਤੇ ਲੀਡ ਐਕਟਰ ਪਰਮਵੀਰ ਚੀਮਾ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...

ਰੋਹਿਤ ਜੁਗਰਾਜ

ਪ੍ਰ. ਕੀ ਪਹਿਲਾਂ ਤੋਂ ਹੀ ਯੋਜਨਾ ਸੀ ਕਿ ਸੀਰੀਜ਼ ਨੂੰ 2 ਭਾਗਾਂ ’ਚ ਰਿਲੀਜ਼ ਕਰਨਾ ਹੈ?

-ਇਹ ਸੋਨੀਲਿਵ ਦੀ ਸਟੈਟਰਜੀ ਹੈ ਅਤੇ ਮੈਨੂੰ ਉਨ੍ਹਾਂ ’ਤੇ ਭਰੋਸਾ ਹੈ ਅਤੇ ਉਮੀਦ ਵੀ ਹੈ ਕਿ ਇਹ ਕੰਮ ਕਰੇਗੀ ਕਿਉਂਕਿ ਇਹ ਇੰਨਾ ਇੰਟੈਂਸ ਵਰਲਡ ਹੈ ਅਤੇ ਸੱਚਾਈ ਦੇ ਇੰਨਾ ਨੇੜੇ ਹੈ ਕਿ ਸਾਰੀ ਦੁਨੀਆ ਨੂੰ ਪਤਾ ਹੈ, ਜੋ ਹੁੰਦਾ ਹੈ ਪੰਜਾਬੀ ਗਾਇਕਾਂ ਨਾਲ, ਸਾਡਾ ਵਰਲਡ ਉਸੇ ਚੀਜ਼ ’ਤੇ ਅਧਾਰਤ ਹੈ। ਇਸ ਨਾਲ ਮਨੋਰੰਜਨ ਵੀ ਹੈ ਤਾਂ ਲੋਕਾਂ ਨੂੰ ਇਹ ਮਹਿਸੂਸ ਕਰਵਾਉਣਾ ਬਹੁਤ ਜ਼ਰੂਰੀ ਸੀ। ਇਸ ਵਿਚ 28 ਗਾਣੇ ਹਨ, 14 ਵੱਖ-ਵੱਖ ਗਾਇਕ ਹਨ, ਪੰਜਾਬੀ ਮਿਊਜ਼ਿਕ ਦਾ ਹਰ ਜਾਨਰ ਹੈ। ਇਸ ਲਈ ਲੋਕਾਂ ’ਚ ਉਤਸੁਕਤਾ ਲਿਆਉਣੀ ਜ਼ਰੂਰੀ ਸੀ ਅਤੇ ਮੈਨੂੰ ਲੱਗਦਾ ਹੈ ਕਿ ਇਹ ਸਟੈਟਰਜੀ ਕੰਮ ਕਰੇਗੀ।

ਪ੍ਰ. ਜਦੋਂ ਵੀ ਪੰਜਾਬੀ ਸੰਗੀਤ ਦੀ ਗੱਲ ਕਰਦੇ ਹਾਂ ਤਾਂ ਮਨ ’ਚ ਸਿਰਫ਼ ਖ਼ੁਸ਼ੀ ਆਉਂਦੀ ਹੈ ਪਰ ਪੰਜਾਬੀ ਇੰਡਸਟਰੀ ਦੀ ਜੋ ਕਾਲੀ ਸੱਚਾਈ ਇਸ ’ਚ ਦਿਖਾਈ ਗਈ ਹੈ, ਉਸ ਦਾ ਵਿਚਾਰ ਕਿਵੇਂ ਆਇਆ?

-ਜੋ ਪੰਜਾਬ ਤੋਂ ਬਾਹਰ ਐਕਸਪੋਰਟ ਹੁੰਦਾ ਹੈ, ਉਹ ਹੈ ਜਸ਼ਨ ਪਰ ਪੰਜਾਬ ਵਿਚ ਸੂਫ਼ੀ ਵੀ ਹੈ, ਭਗਤੀ ਸੰਗੀਤ ਵੀ ਹੈ, ਸੈਡ ਸੌਂਗ ਤਾਂ ਪੰਜਾਬ ਦਾ ਮੁੱਖ ਹਿੱਸਾ ਹਨ ਕਿਉਂਕਿ ਪੰਜਾਬ ਨੇ ਬਹੁਤ ਸਾਰਾ ਦਰਦ ਦੇਖਿਆ ਹੈ ਤੇ ਉਂਝ ਵੀ ਜਦੋਂ ਟ੍ਰੈਜਡੀ ਜ਼ਿਆਦਾ ਹੋ ਜਾਂਦੀ ਹੈ ਤਾਂ ਉਥੋਂ ਹਾਸਾ ਸ਼ੁਰੂ ਹੋ ਜਾਂਦਾ ਹੈ, ਆਦਮੀ ਹੱਸਣਾ ਸ਼ੁਰੂ ਕਰਦਾ ਹੈ ਤੇ ‘ਚਮਕ’ ਵੀ ਇਸੇ ਚੀਜ਼ ਨੂੰ ਦਿਖਾਉਂਦੀ ਹੈ। ‘ਚਮਕ’ ਸਿਰਫ਼ ਸੈਲੀਬ੍ਰੇਸ਼ਨਜ਼ ਨੂੰ ਨਹੀਂ ਦਿਖਾਉਂਦੀ, ‘ਚਮਕ’ ਪਿਛਲੇ ਹਨੇਰੇ ਨੂੰ ਦਿਖਾਉਂਦੀ ਹੈ। ‘ਚਮਕ’ ਦਾ ਯੂ.ਐੱਸ.ਪੀ. ਹੀ ਇਹੋ ਹੈ ਕਿ ਇਸ ’ਚ ਤੁਸੀਂ ਪੰਜਾਬੀ ਇੰਡਸਟਰੀ ਦਾ ਹਰ ਰੰਗ ਦੇਖੋਗੇ।

ਪ੍ਰ. ਦੂਜਾ ਭਾਗ ਕਿੱਥੋਂ ਸ਼ੁਰੂ ਹੁੰਦਾ ਹੈ?

-ਉਥੋਂ ਹੀ ਜਿਥੋਂ ਦਰਸ਼ਕਾਂ ਨੇ ਛੱਡਿਆ ਹੈ। ਉਥੋਂ ਹੀ ਸ਼ੁਰੂ ਹੋਵੇਗਾ ਜਿਥੋਂ ਕਾਲਾ ਨੂੰ ਪੁਲਸ ਨੇ ਚੁੱਕਿਆ ਸੀ ਤਾਂ ਹੁਣ ਇਹ ਸਫ਼ਰ ਹੈ ਇਕ ਲੜਕੇ ਦਾ ਕਿ ਕੀ ਉਹ ਕਦੇ ਗਾਇਕ ਵੀ ਬਣ ਸਕੇਗਾ, ਕੀ ਉਹ ਸੁਪਰਸਟਾਰ ਵੀ ਬਣ ਸਕੇਗਾ ਤੇ ਕੀ ਉਹ ਆਪਣੇ ਮਾਤਾ-ਪਿਤਾ ਦੇ ਕਤਲ ਦਾ ਰਹੱਸ ਵੀ ਸੁਲਝਾ ਸਕੇਗਾ। ਕੀ ਉਨ੍ਹਾਂ ਤੋਂ ਬਦਲਾ ਲੈ ਸਕੇਗਾ ਅਤੇ ਇਸੇ ਦੇ ਨਾਲ ਅੰਡਰ ਬੈੱਲੀ ਐਕਸਪਲੋਰ ਕੀਤੀ ਹੈ ਪੰਜਾਬੀ ਮਿਊਜ਼ਿਕ ਮਾਫ਼ੀਆ ਦੀ।

ਸੀਰੀਜ਼ ’ਚ ਕੀ ਖ਼ਾਸ ਹੈ?

ਜੇ ਤੁਸੀਂ ਇਕ ਕਲਾਕਾਰ ਦੇ ਤੌਰ ’ਤੇ ਖ਼ੁਦ ਨੂੰ ਸਟਰੈੱਚ ਨਹੀਂ ਕਰੋਗੇ ਤਾਂ ਨਾ ਖ਼ੁਦ ਬਿਹਤਰ ਹੋ ਸਕੋਗੇ, ਨਾ ਸੁਸਾਇਟੀ ਤੱਕ ਉਹ ਗੱਲਾਂ ਪਹੁੰਚਾ ਸਕੋਗੇ, ਜੋ ਕਹਿਣਾ ਚਾਹੁੰਦੇ ਹੋ। ਮਨੋਰੰਜਨ ਤਾਂ ਇਸ ’ਚ ਹੈ ਹੀ ਪਰ ਨਾਲ ਥੋੜ੍ਹੇ ਜਿਹੇ ਸਵਾਲ ਤਾਂ ਉਠਾਉਣੇ ਹੀ ਪੈਣਗੇ ਨਾ। ਇਸ ’ਚ ਮੇਰੇ ਕੋਲ ਇੰਨਾ ਮਟੀਰੀਅਲ ਹੈ ਕਿ ਇਸ ’ਤੇ ਹਾਲੇ ਹੋਰ ਬਹੁਤ ਕੁਝ ਬਣੇਗਾ। ਇਹ ਪੰਜਾਬ ਦੇ ਸੰਗੀਤ ਦੀ ਇਕ ਦੁਨੀਆ ਹੈ, ਜਿੰਨੀ ਇੱਥੇ ਸ਼ੁੱਧਤਾ ਹੈ, ਓਨੀ ਹੋਰ ਇੰਡਸਟਰੀ ’ਚ ਨਹੀਂ ਹੈ। ‘ਚਮਕ’ ’ਚ ਇਸ ਪੰਜਾਬ ਤੋਂ ਇਲਾਵਾ ਵੀ ਦੂਜੀ ਇੰਡਸਟਰੀ ਤੇ ਕਲਾਕਾਰਾਂ ਦੀ ਗੱਲ ਕਰਾਂਗੇ, ਉਨ੍ਹਾਂ ਦੀ ਕਹਾਣੀ ਦਿਖਾਵਾਂਗੇ।

ਪ੍ਰ. ਕਈ ਗਾਇਕਾਂ ਤੇ ਅਦਾਕਾਰਾਂ ਦੀ ਗੈਸਟ ਅਪੀਅਰੈਂਸ ਹੈ ਤਾਂ ਕਿਵੇਂ ਸਭ ਮੈਨੇਜ ਕੀਤਾ?

-ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਇਹ ਉਸ ਦੁਨੀਆ ਦੀ ਕਹਾਣੀ ਹੈ, ਜਿਸ ਨੂੰ ਉਨ੍ਹਾਂ ਨੇ ਜੀਵਿਆ ਹੈ ਤੇ ਦੇਖਿਆ ਹੈ ਤਾਂ ਮੇਰੇ ਲਈ ਇਹ ਆਸਾਨ ਹੋ ਗਿਆ। ਮੈਂ ਮੀਕਾ ਭਾਜੀ ਨੂੰ ਇਹੋ ਕਿਹਾ ਕਿ ਤੁਸੀਂ ਆਪਣਾ ਹੀ ਕਿਰਦਾਰ ਨਿਭਾਓ ਮੀਕਾ ਸਿੰਘ ਵਾਲਾ ਕਿਉਂਕਿ ਇਹ ਦੁਨੀਆ ਦਿਖਾਉਣੀ ਬਹੁਤ ਜ਼ਰੂਰੀ ਹੈ। ਮੰਨ ਲਓ ਜੇ ਮੈਂ ਕੋਈ ਹੋਰ ਕਿਰਦਾਰ ਲੈ ਕੇ ਆ ਜਾਂਦਾ ਤੇ ਨਾਮਂ ਕੋਈ ਹੋਰ ਦਿੰਦਾ ਤਾਂ ਲੋਕ ਓਨਾ ਨਾ ਅਪਣਾਉਂਦੇ।

ਪਰਮਵੀਰ ਚੀਮਾ

ਪ੍ਰ. ‘ਚਮਕ’ ਪਾਰਟ-2 ’ਚ ਕਾਲਾ ਦੀ ਜ਼ਿੰਦਗੀ ’ਚ ਕੀ ਤਬਦੀਲੀਆਂ ਆਉਣ ਵਾਲੀਆਂ ਹਨ?

-ਪਹਿਲੇ ਪਾਰਟ ’ਚ ਕਾਲਾ ਕੈਨੇਡਾ ਤੋਂ ਪੰਜਾਬ ਆਇਆ, ਇੱਥੇ ਆ ਕੇ ਸੰਘਰਸ਼ ਕੀਤਾ, ਪੈਸੇ ਵੀ ਨਹੀਂ ਸਨ ਪਰ ਫਿਰ ਵੀ ਉਹ ਕੁਝ ਨਾ ਕੁਝ ਜੁਗਾੜ ਕਰ ਹੀ ਰਿਹਾ ਸੀ। ਪਹਿਲਾਂ ਤੁਸੀਂ ਦੇਖਿਆ ਕਿ ਇਕ ਵੱਡੇ ਸਟੇਜ ’ਤੇ ਪਹੁੰਚ ਕੇ ਕਾਲਾ ਨੇ ਇਹ ਐਲਾਨ ਕਰ ਦਿੱਤਾ ਕਿ ਤਾਰਾ ਦਾ ਬੇਟਾ ਮੈਂ ਹੀ ਹਾਂ, ਹੁਣ ਡਿੰਪੀ ਕਾਲੇ ਨੂੰ ਸੁਪੋਰਟ ਕਰਦਾ ਹੈ, ਉਸ ਦੀ ਸੁਪੋਰਟ ਅਤੇ ਕਾਲਾ ਦੇ ਫੈਨ ਬੇਸ ਨਾਲ ਹੁਣ ਜੋ ਇਹ ਕਾਲਾ ਉੱਠਗਾ ਦੂਜੇ ਸੀਜ਼ਨ ’ਚ, ਹੁਣ ਰੋਕਣ ਲਈ ਕੁਝ ਨਹੀਂ ਹੈ। ਹੁਣ ਪੈਸਾ ਵੀ ਆ ਗਿਆ, ਗੱਡੀ ਵੀ ਆ ਗਈ, ਮਸ਼ਹੂਰ ਹੋ ਗਿਆ, ਭਾਵ ਸਭ ਕੁਝ ਹੋ ਗਿਆ। ਇਸ ’ਚ ਬਹੁਤ ਸਟਾਈਲ ਹੈ, ਤੁਸੀਂ ਬਹੁਤ ਕਾਨਫੀਡੈਂਸ ਵਾਲਾ ਕਾਲਾ ਦੇਖੋਗੇ ਕਿਉਂਕਿ ਉਸ ਕੋਲ ਪੈਸਾ ਹੈ ਪਰ ਮੇਨ ਜਿਸ ਨਾਲ ਉਸ ਨੂੰ ਸ਼ਾਂਤੀ ਮਿਲਣੀ ਹੈ, ਉਹ ਹੈ ਬਦਲਾ। ਜਦੋਂ ਪੈਸਾ ਅਤੇ ਤਾਕਤ ਆ ਜਾਂਦੀ ਹੈ ਤਾਂ ਕੁਝ ਚੀਜ਼ਾਂ ਦਾ ਪਤਾ ਲਗਾਉਣਾ ਆਸਾਨ ਹੋ ਜਾਂਦਾ ਹੈ। ਕੁੱਲ ਮਿਲਾ ਕੇ ਕਿਹਾ ਜਾਵੇ ਤਾਂ ਸੈਕਿੰਡ ਸੀਜ਼ਨ ’ਚ ਕਾਲਾ ਦਾ ਸਟਾਈਲ ਅਤੇ ਬਦਲਾ ਲੈਣ ਦੀ ਭੁੱਖ ਹੌਲੀ-ਹੌਲੀ ਵਧਦੀ ਜਾਵੇਗੀ। ਉਂਝ ਵੀ ਕਹਿੰਦੇ ਹਨ ਕਿ ਜਦੋਂ ਪੈਸਾ ਅਤੇ ਪ੍ਰਸਿੱਧੀ ਮਿਲਦੀ ਹੈ ਤਾਂ ਇਨਸਾਨ ਪਿਛਲੀਆਂ ਚੀਜ਼ਾਂ ਭੁੱਲ ਜਾਂਦਾ ਹੈ ਪਰ ਕਾਲਾ ਭੁੱਲਦਾ ਹੈ ਜਾਂ ਫੜ ਕੇ ਰੱਖਦਾ ਹੈ ਪੁਰਾਣੀਆਂ ਚੀਜ਼ਾਂ ਇਹ ਦੇਖਣ ਲਈ ਮਿਲੇਗਾ ਤੁਹਾਨੂੰ ਸੈਕਿੰਡ ਸੀਜ਼ਨ ’ਚ।

ਪ੍ਰ. ‘ਚਮਕ’ ਨੂੰ ਲੋਕ ਚਮਕੀਲਾ ਨਾਲ ਜੋੜ ਕੇ ਦੇਖ ਰਹੇ ਹਨ, ਇਸ ’ਤੇ ਤੁਹਾਡਾ ਕੀ ਕਹਿਣਾ ਹੈ?

-ਪੰਜਾਬ ਵਿਚ ਅਜਿਹੀਆਂ ਕਈ ਘਟਨਾਵਾਂ ਹੋਈਆਂ ਹਨ। ਕੁਝ ਸਮਾਂ ਪਹਿਲਾਂ ਸਿੱਧੂ ਨਾਲ ਵੀ ਹੋਈ, ਧਮਕੀਆਂ ਵੀ ਮਿਲਦੀਆਂ ਰਹੀਆਂ ਹਨ, ਗੋਲੀਬਾਰੀ ਦੀਆਂ ਖ਼ਬਰਾਂ ਵੀ ਮਿਲਦੀਆਂ ਹੀ ਰਹੀਆਂ ਹਨ। ਇਸ ਲਈ ‘ਚਮਕ’ ਬਸ ਪ੍ਰੇਰਿਤ ਹੈ ਅਸਲ ਘਟਨਾਵਾਂ ਤੋਂ। ਗਿੱਪੀ ਗਰੇਵਾਲ ਵਾਲਾ ਸੀਨ ਹੀ ਬਸ ਉਸ ਤਰ੍ਹਾਂ ਦਾ ਹੈ, ਇੰਸਪਾਇਰ ਉੱਥੋਂ ਹੀ ਹੈ ਪਰ ਰਿਲੇਸ਼ਨ ਕੁਝ ਨਹੀਂ ਹੈ। ਅੱਗੇ ਕਹਾਣੀ ਬਿਲਕੁਲ ਵੱਖਰੀ ਹੈ, ਕੋਈ ਵੀ ਕਲਾਕਾਰ ਮਰੇ ਤਾਂ ਮੈਨੂੰ ਲੱਗਦਾ ਹੈ ਕਿ ਇਹੋ ਪ੍ਰੋਸੈੱਸ ਰਹੇਗਾ ਲੱਭਣ ਦਾ। ਚਮਕੀਲਾ ਦਾ ਉਹ ਐਂਡ ਹੈ, ਜਿਥੋਂ ‘ਚਮਕ’ ਸ਼ੁਰੂ ਹੁੰਦੀ ਹੈ। ਇਹ ਕਹਾਣੀ ਅਸੀਂ ਬਣਾਈ ਹੈ ਕਿ ਉਸ ਤੋਂ ਬਾਅਦ ਕੀ ਹੁੰਦਾ ਹੈ ਹਰ ਕਿਸੇ ਦੇ ਨਾਲ।

ਪ੍ਰ. ਸੀਰੀਜ਼ ’ਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਗਲੈਮਰ ਅਤੇ ਸੰਘਰਸ਼ ਨੂੰ ਦਿਖਾਇਆ ਗਿਆ ਹੈ ਤਾਂ ਇਸ ਨੂੰ ਪਰਦੇ ’ਤੇ ਲਿਆਉਣ ਦਾ ਤਜਰਬਾ ਕਿਹੋ ਜਿਹਾ ਰਿਹਾ?

-ਰੋਹਿਤ ਸਰ ਨੇ ਪੰਜਾਬ ਵਿਚ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਹਨ, ਪੰਜਾਬ ਵਿਚ ਉਨ੍ਹਾਂ ਦਾ ਚੰਗਾ ਫੈਨ ਬੇਸ ਹੈ ਅਤੇ ਪੰਜਾਬੀ ਇੰਡਸਟਰੀ ’ਚ ਬਹੁਤ ਸਾਰੇ ਗਾਇਕ ਅਤੇ ਅਦਾਕਾਰ ਹਨ। ਉਹ ਪਹਿਲਾਂ ਤੋਂ ਹੀ ਇਸ ਚੀਜ਼ ਨੂੰ ਦੇਖ ਚੁੱਕੇ ਸੀ, ਜੀ ਚੁੱਕੇ ਸਨ ਅਤੇ ਉਨ੍ਹਾਂ ਨੇ ਆਪਣੀ ਖੋਜ ਪੂਰੀ ਕਰ ਲਈ ਸੀ। ‘ਚਮਕ’ ਆਈ ਤਾਂ ਉਨ੍ਹਾਂ ਨੇ ਇਸ ’ਤੇ ਹੋਰ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਲਈ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਕ੍ਰਿਏਟੀਵਲੀ ਖੋਜ ਬਹੁਤ ਮਜ਼ਬੂਤ ਸੀ। ਮੈਨੂੰ ਇੰਨਾ ਆਈਡੀਆ ਨਹੀਂ ਸੀ ਕਿ ਕੀ ਹੋਇਆ ਹੋਵੇਗਾ, ਮੈਨੂੰ ਇੰਨਾ ਪਤਾ ਸੀ ਕਿ ਇਹ ਹੋਇਆ ਪਰ ਕਿਵੇਂ ਹੋਇਆ, ਇਹ ਮੈਨੂੰ ਨਹੀਂ ਪਤਾ ਸੀ ਕਿਉਂਕਿ ਜਦੋਂ ਤੋਂ ਮੈਂ ਅਦਾਕਾਰੀ ਸ਼ੁਰੂ ਕੀਤੀ ਹੈ, ਮੈਂ ਮੁੰਬਈ ਆ ਗਿਆ ਸੀ ਅਤੇ ਪੰਜਾਬ ਵਿਚ ਮੈਂ ਕੰਮ ਨਹੀਂ ਕੀਤਾ ਸੀ ਪਰ ਮੇਰੇ ਦੋਸਤ ਮੈਨੂੰ ਕੁਝ ਚੀਜ਼ਾਂ ਬਾਰੇ ਦੱਸਦੇ ਰਹਿੰਦੇ ਸਨ, ਫਿਰ ਮੈਂ ਵੀ ਉਨ੍ਹਾਂ ਨੂੰ ਹੋਰ ਸਵਾਲ-ਜਵਾਬ ਕਰਨੇ ਸ਼ੁਰੂ ਕੀਤੇ। ਮੈਂ ਰੋਹਿਤ ਸਰ ਨਾਲ ਡਿਸਕਸ ਕੀਤਾ ਤਾਂ ਉਨ੍ਹਾਂ ਕਿਹਾ ਕਿ ਤੂੰ ਆਈਡੀਆ ਦਿੰਦਾ ਰਹਿ, ਕੀ ਪਤਾ ਮੈਨੂੰ ਵੀ ਕੁਝ ਨਵਾਂ ਮਿਲ ਜਾਵੇ। ਇਸ ਲਈ ਅਸੀਂ ਆਪਣੇ ਵਿਚਾਰਾਂ ਅਤੇ ਉਨ੍ਹਾਂ ਦੇ ਆਈਡੀਆਜ਼ ਨਾਲ ਇਕ ਕਹਾਣੀ ਤਿਆਰ ਕੀਤੀ। ਫਿਰ ਅਸੀਂ ਇਹ ਕਿਰਦਾਰ ਤਿਆਰ ਕੀਤਾ।

ਪ੍ਰ. ਕਾਲਾ ਕੋਲ ਟੈਲੇਂਟ ਵੀ ਸੀ ਪਰ ਨਾਲ ਕਿਸਮਤ ਵੀ, ਤੁਸੀਂ ਕਿਸਮਤ ਨੂੰ ਮੰਨਦੇ ਹੋ?

ਮੈਂ ਤਾਂ ਬਹੁਤ ਮੰਨਦਾ ਹਾਂ ਕਿਸਮਤ ਨੂੰ। ਮੈਂ ਹਮੇਸ਼ਾ ਕਹਿੰਦਾ ਹਾਂ ਕਿ ਬੰਬੇ ’ਚ ਮੇਰੇ ਨਾਲੋਂ ਵੀ ਟੈਲੇਂਟਡ ਐਕਟਰ ਬਹੁਤ ਹਨ, ਜੋ ਹਾਲੇ ਤਕ ਕੰਮ ਨਹੀਂ ਕਰ ਰਹੇ, ਜੋ ਅਜੇ ਤੱਕ ਲਾਈਮਲਾਈਟ ਵਿਚ ਨਹੀਂ ਆਏ। ਅਸੀਂ ਮਿਹਨਤ ਕੀਤੀ ਹੈ ਪਰ ਲਕ ਬਹੁਤ ਵੱਡਾ ਫੈਕਟਰ ਹੈ। ਮੈਂ ਅੱਜ ਵੀ ਕਈ ਵਾਰ ਇਹੋ ਸੋਚਦਾ ਹਾਂ ਕਿ ਇਹ ਮੇਰੇ ਨਾਲ ਕਿਵੇਂ ਹੋ ਗਿਆ, ਸਮਝ ’ਚ ਨਹੀਂ ਆਉਂਦਾ ਕੁਝ ਵੀ ਪਰ ਰੱਬ ਦਾ ਹੱਥ ਅਤੇ ਤੁਹਾਡੇ ਕਰਮ ਬਹੁਤ ਮਾਇਨੇ ਰੱਖਦੇ ਹਨ। ਜੇਕਰ ਤੁਸੀਂ ਚੰਗੇ ਕੰਮ ਕਰੋਗੇ ਤਾਂ ਰੱਬ ਖ਼ੁਦ ਆਵੇਗਾ।

ਪ੍ਰ. ਪਿੱਛੇ ਮੁੜ ਕੇ ਦੇਖਦੇ ਹੋ ਤਾਂ ਕਿਵੇਂ ਮਹਿਸੂਸ ਕਰਦੇ ਹੋ?

ਬਹੁਤ ਚੰਗਾ ਲੱਗਦਾ ਹੈ, ਪਹਿਲਾਂ ਜਿਵੇਂ ਕੁਝ ਚੀਜ਼ਾ ਸਨ, ਜਿਸ ਕਾਰਨ ਮੈਨੂੰ ਲੱਗਦਾ ਸੀ ਕਿ ਮੇਰੇ ਪਿਤਾ ਜੀ ਮੈਨੂੰ ਝਿੜਕ ਰਹੇ ਹਨ ਅਤੇ ਕੁੱਟ ਰਹੇ ਹਨ, ਮੈਨੂੰ ਪਹਿਲਾਂ ਕੰਮ ਕਿਉਂ ਨਹੀਂ ਮਿਲਿਆ ਪਰ ਹੁਣ ਜਦੋਂ ਮੈਂ ਪਿੱਛੇ ਮੁੜ ਕੇ ਦੇਖਦਾ ਹਾਂ ਤਾਂ ਮੈਨੂੰ ਉਸ ਸਫ਼ਰ ਦਾ ਮਤਲਬ ਸਮਝ ਆਉਂਦਾ ਹੈ। ਸੋਚਦਾ ਹਾਂ ਕਿ ਜਿਨ੍ਹਾਂ ਚੀਜ਼ਾਂ ਨੂੰ ਕੋਸਦਾ ਸੀ, ਜੇ ਉਹ ਨਾ ਹੋਈਆਂ ਹੁੰਦੀਆਂ ਤਾਂ ਅੱਜ ਇਹ ਨਾ ਹੁੰਦਾ। ਸਮਝ ਆਉਂਦਾ ਹੈ ਕਿ ਜੋ ਕੀਤਾ ਸਹੀ ਕੀਤਾ ਸੀ, ਇਸੇ ਲਈ ਮੈਂ ਇਥੇ ਪਹੁੰਚਿਆ ਹਾਂ ਤੇ ਉਹ ਸਫ਼ਰ ਵੀ ਮੈਨੂੰ ਬਹੁਤ ਖ਼ੂਬਸੂਰਤ ਲੱਗਦਾ ਹੈ ਕਿਉਂਕਿ ਜੇ ਉਹ ਸਫ਼ਰ ਨਾ ਹੁੰਦਾ ਤਾਂ ਇਸ ਫੈਨ ਫੇਮ ਕੁਝ ਵੀ ਨਹੀਂ ਹੋਣਾ ਸੀ। ਮੈਨੂੰ ਲੱਗਦਾ ਹੈ ਕਿ ਹਰ ਕਿਸੇ ਦਾ ਸਫ਼ਰ ਹੀ ਉਸ ਨੂੰ ਬਣਾਉਂਦਾ ਹੈ।

ਪ੍ਰ. ‘ਚਮਕ’ ਤੋਂ ਤੁਸੀਂ ਨਿੱਜੀ ਅਤੇ ਪੇਸ਼ੇਵਰ ਤੌਰ ’ਤੇ ਕੀ ਸਿੱਖਿਆ?

ਮੈਂ ਨਿੱਜੀ ਤੌਰ ’ਤੇ ਇਹੋ ਸਿੱਖਿਆ ਹੈ ਕਿ ਪ੍ਰਸਿੱਧੀ ਨੂੰ ਆਪਣੇ ਦਿਮਾਗ ’ਤੇ ਨਹੀਂ ਚੜ੍ਹਨ ਦੇਣਾ ਕਿਉਂਕਿ ਜੇ ਅਜਿਹਾ ਹੁੰਦਾ ਹੈ ਤਾਂ ਦਿਮਾਗ ਖਰਾਬ ਹੋ ਜਾਂਦਾ ਹੈ ਜਿਵੇਂ ਤੁਸੀਂ ਦੇਖੋਗੇ ਕਿ ਕਾਲਾ ਨਾਲ ਵੀ ਇਹੀ ਸੀਨ ਹੋਵੇਗਾ। ਇਮੋਸ਼ਨਜ਼ ਦੀ ਜ਼ਿਆਦਾ ਸਮਝ ਆਉਣ ਲੱਗੀ ਕਿ ਲੋਕ ਹਨ ਜਾਂ ਨਹੀਂ ਹਨ, ਉਹ ਮੈਟਰ ਨਹੀਂ ਕਰਦਾ, ਜੇਕਰ ਤੁਸੀਂ ਉਨ੍ਹਾਂ ਨਾਲ ਜੁੜੇ ਹੋ, ਖਾਸ ਕਰ ਕੇ ਆਪਣੀ ਮਾਂ-ਕਨੈਕਟੇਡ ਹੋ ਤਾਂ ਉਹ ਹਮੇਸ਼ਾ ਤੁਹਾਡੇ ਨਾਲ ਰਹਿਣਗੇ। ਜੇਕਰ ਤੁਹਾਡਾ ਕੋਈ ਹੈ ਜ਼ਿੰਦਗੀ ’ਚ ਜੋ ਚਲਾ ਗਿਆ ਹੈ, ਤਾਂ ਤੁਸੀਂ ਹਮੇਸ਼ਾ ਦੁਖੀ ਹੋ ਕੇ ਯਾਦ ਨਹੀਂ ਕਰ ਸਕਦੇ। ਹੁਣ ਦੂਜੇ ਸੀਜ਼ਨ ’ਚ ਤੁਸੀਂ ਦੇਖੋਗੇ ਕਿ ਕਾਲਾ ਬਹੁਤ ਖੁਸ਼ ਹੁੰਦਾ ਹੈ ਆਪਣੇ ਮਾਂ-ਪਿਓ ਨੂੰ ਯਾਦ ਕਰਕੇ ਅਤੇ ਪ੍ਰੋਫੈਸ਼ਨਲੀ ਤਾਂ ਇਹੋ ਸਿੱਖਿਆ ਹੈ ਕਿ ਲੋਕਾਂ ਨਾਲ ਕਿਵੇਂ ਡੀਲ ਕਰਨਾ ਹੈ ਕਿਉਂਕਿ ਕਾਲਾ ਬਹੁਤ ਸਮਾਰਟ ਹੈ, ਮੈਂ ਓਨਾ ਸਮਾਰਟ ਨਹੀਂ ਹਾਂ ਪਰ ਮੈਨੂੰ ਵੀ ਹੌਲੀ-ਹੌਲੀ ਚੀਜ਼ਾਂ ਸਮਝ ਆਉਣ ਲੱਗ ਪਈਆਂ ਹਨ ਕਿ ਕਈ ਵਾਰ ਗੇਮ ਖੇਡਣੀ ਪੈਂਦੀ ਹੈ, ਹਰ ਚੀਜ਼ ਬਲੈਕ ਐਂਡ ਵ੍ਹਾਈਟ ਨਹੀਂ ਹੁੰਦੀ, ਕੁਝ ਚੀਜ਼ਾਂ ਗ੍ਰੇ ਵੀ ਹੁੰਦੀਆਂ ਹਨ ਅਤੇ ਗ੍ਰੇ ਜ਼ੋਨ ਵਿਚ ਕਿਵੇਂ ਪਲੇਅ ਕਰਨਾ ਹੈ।


author

cherry

Content Editor

Related News