ਬਾਲੀਵੁੱਡ ਅਦਾਕਾਰਾ ਤੇ ਸਾਬਕਾ ਵਿਦਿਆਰਥਣ ਸ਼ਹਿਨਾਜ਼ ਗਿੱਲ ਦੀ ਪੁਰਾਣੀਆਂ ਯਾਦਾਂ ਨਾਲ LPU 'ਚ ਵਾਪਸੀ
Sunday, Oct 26, 2025 - 04:47 PM (IST)
ਜਲੰਧਰ (ਦਰਸ਼ਨ, ਪਾਲ)- ਸਾਬਕਾ ਵਿਦਿਆਰਥੀ ਅਤੇ ਪ੍ਰਸਿੱਧ ਬਾਲੀਵੁੱਡ ਸਟਾਰ ਸ਼ਹਿਨਾਜ਼ ਗਿੱਲ ਦੇ ਇਕ ਯਾਦਗਾਰੀ ਫੇਰੀ ’ਤੇ ਪਹੁੰਚਣ ’ਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀ ਉਤਸ਼ਾਹ ਅਤੇ ਪੁਰਾਣੀਆਂ ਯਾਦਾਂ ਨਾਲ ਝੂਮ ਉਠੇ। ਗਿੱਲ ਨੇ ਯੂਨੀਵਰਸਿਟੀ ਦੇ ਸਾਲਾਨਾ ਫੈਸਟ ‘ਮੈਗਨੀਟਿਊਡ 2025’ ਦਾ ਉਦਘਾਟਨ ਕੀਤਾ ਤੇ ਇਕ ਭਾਵਨਾਤਮਕ ਘਰ ਵਾਪਸੀ ਵਿਚ ਆਪਣੀਆਂ ਜੜ੍ਹਾਂ ਨਾਲ ਦੁਬਾਰਾ ਜੁੜੀ।
ਡਾ. ਅਸ਼ੋਕ ਕੁਮਾਰ ਮਿੱਤਲ ਸੰਸਦ ਮੈਂਬਰ (ਰਾਜ ਸਭਾ), ਐੱਲ. ਪੀ. ਯੂ. ਦੇ ਸੰਸਥਾਪਕ ਚਾਂਸਲਰ ਤੇ ਪ੍ਰੋ-ਚਾਂਸਲਰ ਕਰਨਲ ਡਾ. ਰਸ਼ਮੀ ਮਿੱਤਲ ਨੇ ਸ਼ਹਿਨਾਜ਼ ਦਾ ਸਵਾਗਤ ਤੇ ਸਨਮਾਨ ਕੀਤਾ ਗਿਆ। ਸ਼ਹਿਨਾਜ਼ ਨੇ ਦੱਸਿਆ ਕਿ ਕਿਵੇਂ ਯੂਨੀਵਰਸਿਟੀ ਵਿਚ ਕਦਮ ਰੱਖਣ ਨਾਲ ਭਾਵਨਾਵਾਂ ਦਾ ਹੜ੍ਹ ਆਇਆ। ਉਸਨੇ ਕਿਹਾ, “ਜਿਵੇਂ ਹੀ ਮੈਂ ਐੱਲ. ਪੀ. ਯੂ. ਵਿਚ ਦਾਖਲ ਹੋਈ, ਆਪਣੀ ਟੀਮ ਨੂੰ ਆਪਣਾ ਹੋਸਟਲ, ਮਾਲ, ਹਸਪਤਾਲ ਤੇ ਖਾਸ ਕਰ ਕੇ ਬਲਾਕ 14 ਦਿਖਾਉਂਦੀ ਰਹੀ, ਜਿੱਥੇ ਮੈਂ ਆਪਣੀ ਬੀ. ਕਾਮ. ਦੀ ਪੜ੍ਹਾਈ ਕੀਤੀ ਸੀ। ਇਹ ਪੁਰਾਣੀਆਂ ਯਾਦਾਂ ਦੀ ਲਹਿਰ ਸੀ।” ਆਪਣੇ ਵਿਦਿਆਰਥੀ ਦਿਨਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਐੱਲ. ਪੀ. ਯੂ. ਦੇ ਯੂਥ ਵਾਈਬ ਫੈਸਟੀਵਲ ਵਿਚ ਹਿੱਸਾ ਲੈਣ ਨੂੰ ਯਾਦ ਕੀਤਾ।

ਸ਼ਹਿਨਾਜ਼ ਨੇ ਇਹ ਵੀ ਸਾਂਝਾ ਕੀਤਾ ਕਿ ਉਸ ਨੂੰ ਐੱਲ. ਪੀ. ਯੂ. ਸਟੇਜ ’ਤੇ ਆਪਣਾ ਪਹਿਲਾ ਪੇਸ਼ੇਵਰ ਬ੍ਰੇਕ ਮਿਲਿਆ, “ਇਕ ਪ੍ਰੋਗਰਾਮ ਵਿਚ ਹਿੱਸਾ ਲੈਂਦੇ ਸਮੇਂ ਇਕ ਜੱਜ ਨੇ ਮੈਨੂੰ ਇਕ ਸੰਗੀਤ ਵੀਡੀਓ ਦੀ ਪੇਸ਼ਕਸ਼ ਕੀਤੀ ਅਤੇ ਉੱਥੋਂ ਮੇਰਾ ਸਫ਼ਰ ਸ਼ੁਰੂ ਹੋਇਆ ਅਤੇ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ।” ਆਪਣੀ ਫੇਰੀ ਦੌਰਾਨ, ਸ਼ਹਿਨਾਜ਼ ਨੇ ਆਪਣੀ ਆਉਣ ਵਾਲੀ ਫਿਲਮ, ‘ਇੱਕ ਕੁੜੀ’ ਬਾਰੇ ਵੀ ਗੱਲ ਕੀਤੀ। ਉਸ ਨੇ ਦੱਸਿਆ ਕਿ ਇਹ ਫਿਲਮ ਵਿਆਹ ਦੇ ਵਿਸ਼ੇ ’ਤੇ ਆਧਾਰਿਤ ਹੈ ਅਤੇ ਨੌਜਵਾਨ ਔਰਤਾਂ ਲਈ ਇਕ ਮਜ਼ਬੂਤ ਸੰਦੇਸ਼ ਹੈ।

ਵਿਦਆਰਥੀਆਂ ਨਾਲ ਗੱਲ ਕਰਦੇ ਹੋਏ ਗਿੱਲ ਨੇ ਅਦਾਕਾਰੀ ਅਤੇ ਪੜ੍ਹਾਈ ਵਿਚਕਾਰ ਸਮਾਨਤਾਵਾਂ ਦੱਸੀਆਂ। ਉਸਨੇ ਕਿਹਾ ਕਿ ਅਦਾਕਾਰੀ ਪੜ੍ਹਾਈ ਵਾਂਗ ਹੈ, ਉਸ ਨੇ ਸਲਾਹ ਦਿੱਤੀ। ‘ਤੁਸੀਂ ਸਿੱਖਣਾ ਬੰਦ ਨਹੀਂ ਕਰ ਸਕਦੇ। ਤੁਹਾਨੂੰ ਸਿੱਖਣ ਪ੍ਰਤੀ ਭਾਵੁਕ ਹੋਣਾ ਚਾਹੀਦਾ ਹੈ ਅਤੇ ਆਪਣੀ ਕਲਾ ਨੂੰ ਨਿਖਾਰਨਾ ਚਾਹੀਦਾ ਹੈ। ਇਹ ਇਕ ਅਜਿਹਾ ਖੇਤਰ ਹੈ, ਜਿਸ ਲਈ ਨਿਰੰਤਰ ਸਮਰਪਣ ਦੀ ਲੋੜ ਹੁੰਦੀ ਹੈ।’
