‘ਸਿਕੰਦਰ’ ’ਚ ਜਿਸ ਹਿਸਾਬ ਨਾਲ ਰੋਮਾਂਸ ਤੇ ਐਕਸ਼ਨ ਪਰੋਇਆ ਗਿਆ ਹੈ, ਉਹ ਬਹੁਤ ਅਲੱਗ ਹੈ : ਸਲਮਾਨ ਖ਼ਾਨ
Friday, Mar 28, 2025 - 11:59 AM (IST)

ਮੁੰਬਈ- ਸਲਮਾਨ ਖ਼ਾਨ ਆਪਣੇ ਪ੍ਰਸ਼ੰਸਕਾਂ ਲਈ ਈਦ ਮੌਕੇ ਹਮੇਸ਼ਾ ਹੀ ਕੁਝ ਨਾ ਕੁਝ ਖ਼ਾਸ ਲੈ ਕੇ ਆਉਂਦੇ ਰਹੇ ਹਨ, ਇਹੋ ਕਾਰਨ ਹੈ ਕਿ ਪ੍ਰਸ਼ੰਸਕ ਹਰ ਈਦ ’ਤੇ ਭਾਈਜਾਨ ਦੇ ਤੋਹਫ਼ੇ ਦਾ ਇੰਤਜ਼ਾਰ ਕਰਦੇ ਹਨ। ਇਸ ਈਦ ’ਤੇ ਸਲਮਾਨ ਖ਼ਾਨ ਪ੍ਰਸ਼ੰਸਕਾਂ ਲਈ ‘ਸਿਕੰਦਰ’ ਲੈ ਕੇ ਆ ਰਹੇ ਹਨ, ਜਿਸ ਦੇ ਟ੍ਰੇਲਰ ਨੇ ਲੋਕਾਂ ਦੀ ਉਤਸੁਕਤਾ ਹੋਰ ਜ਼ਿਆਦਾ ਵਧਾ ਦਿੱਤੀ ਹੈ। ਫਿਲਮ ’ਚ ਸਲਮਾਨ ਦਾ ਦਮਦਾਰ ਅੰਦਾਜ਼ ਇਕ ਵਾਰ ਫਿਰ ਦੇਖਣ ਨੂੰ ਮਿਲੇਗਾ, ਜਦਕਿ ਇਸ ’ਚ ਸਲਮਾਨ ਖ਼ਾਨ ਪਹਿਲੀ ਵਾਰ ਰਸ਼ਮਿਕਾ ਮੰਦਾਨਾ ਨਾਲ ਸਕ੍ਰੀਨ ਸ਼ੇਅਰ ਕਰ ਰਹੇ ਹਨ ਤੇ ਇਸ ਫਿਲਮ ਨੂੰ ਏ. ਆਰ. ਮੁਰੂਗਾਦਾਸ ਨੇ ਡਾਇਰੈਕਟ ਕੀਤਾ ਹੈ। ਸਲਮਾਨ ਖਾਨ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...
ਪ੍ਰ. ਸਿਕੰਦਰ ਨੇ ਕਿਹਾ ਸੀ ਕਿ ‘ਮੁਕੱਦਰ ਨੇ ਮੈਨੂੰ ਸਿਕੰਦਰ ਨਹੀਂ ਬਣਾਇਆ ਸੀ, ਆਪਣੇ ਹੱਥਾਂ ਦੀਆਂ ਲਕੀਰਾਂ ਨੂੰ ਤਰਾਸ਼ ਕੇ ਮੈਂ ਸਿਕੰਦਰ ਬਣਿਆ’, ਤੁਸੀਂ ਵੀ ਇਕ ਸੈਲਫ ਮੇਡ ਐਕਟਰ ਹੋ ਤਾਂ ਇਸ ਨੂੰ ਕਿਵੇਂ ਦੇਖਦੇ ਹੋ?
-ਇਸ ਪਲੈਨਟ ’ਤੇ ਕੋਈ ਸੈਲਫ ਮੇਡ ਨਹੀਂ ਹੈ। ਇਹ ਸਭ ਟੀਮ ਵਰਕ ਹੈ। ਮੰਨ ਲਓ, ਮੇਰੇ ਪਿਤਾ ਇੰਦੌਰ ਤੋਂ ਇੱਥੇ ਨਾ ਆਏ ਹੁੰਦੇ ਤਾਂ ਮੈਂ ਉੱਥੇ ਖੇਤੀ ਕਰ ਰਿਹਾ ਹੁੰਦਾ। ਇਹ ਉਨ੍ਹਾਂ ਦਾ ਫ਼ੈਸਲਾ ਸੀ। ਮੇਰੇ ਦਾਦਾ ਜੀ ਹਿੰਦੋਸਤਾਨ ਦੇ ਸਭ ਤੋਂ ਵੱਡੇ ਕਲਾਕਾਰ ਸਨ, ਇਸ ਲਈ ਜਦੋਂ ਮੇਰੇ ਪਿਤਾ ਇੰਦੌਰ ਤੋਂ ਇੱਥੇ ਆਏ ਤਾਂ ਮੇਰੇ ਦਾਦਾ ਦੀ ਬਦੌਲਤ ਮੇਰੇ ਪਿਤਾ ਨੂੰ ਕੰਮ ਮਿਲਿਆ। ਉਹ ਡਾਇਰੈਕਟਰ, ਪ੍ਰੋਡਿਊਸਰ, ਐਕਟਰ ਸਭ ਸਨ ਤੇ ਬਹੁਤ ਵੱਡੇ। ਉਨ੍ਹਾਂ ਨੇ ਬਹੁਤ ਸਾਰਾ ਥੀਏਟਰ ਵੀ ਕੀਤਾ ਸੀ, ਇਸ ਲਈ ਮੇਰੇ ਦਾਦਾ ਜੀ ਕਾਰਨ ਮੇਰੇ ਪਿਤਾ ਨੂੰ ਬ੍ਰੇਕ ਮਿਲਿਆ ਸੀ।
ਪ੍ਰ. ਮੁਰੂਗਾਦਾਸ ਦੀਆਂ ਕਹਾਣੀਆਂ ’ਚ ਵੱਖਰੀ ਗੱਲ ਹੁੰਦੀ ਹੈ, ‘ਸਿਕੰਦਰ’ ’ਚ ਸਭ ਤੋਂ ਖ਼ਾਸ ਕੀ ਲੱਗਿਆ?
- ਇਸ ਦਾ ਇਮੋਸ਼ਨਲ ਗ੍ਰਾਫ ਮੈਨੂੰ ਬਹੁਤ ਪਸੰਦ ਆਇਆ, ਜਿਸ ਹਿਸਾਬ ਨਾਲ ਉਨ੍ਹਾਂ ਨੇ ਰੋਮਾਂਸ ਤੇ ਐਕਸ਼ਨ ਨੂੰ ਪਰੋਇਆ ਹੈ, ਉਹ ਵੀ ਮੈਨੂੰ ਬਹੁਤ ਚੰਗਾ ਲੱਗਾ। ਇਸ ਫਿਲਮ ’ਚ ਇਕ ਮੈਸੇਜ ਵੀ ਆ ਰਿਹਾ ਹੈ ਤੇ ਕੁਝ ਚੰਗਾ ਵੀ ਹੋ ਰਿਹਾ ਹੈ। ਇਹ ਬਿਲਕੁਲ ਵੱਖਰੀ ਅਤੇ ਚੰਗੀ ਕਹਾਣੀ ਹੈ।
ਪ੍ਰ. ਜਦੋਂ ਤੁਸੀਂ ਕਿਸੇ ਨਵੇਂ ਐਕਟਰ ਜਾਂ ਡਾਇਰੈਕਟਰ ਨਾਲ ਕੰਮ ਕਰਦੇ ਹੋ ਤਾਂ ਉਹ ਤੁਹਾਡੇ ਹਿਸਾਬ ਨਾਲ ਕੰਮ ਕਰਦੇ ਹਨ ਜਾਂ ਤੁਸੀਂ ਉਨ੍ਹਾਂ ਮੁਤਾਬਕ?
ਹਾਲੇ ਇਸ ਹੀਰੋਇਨ ਰਸ਼ਮਿਕਾ ਬਾਰੇ ਗੱਲ ਹੋਈ ਹੈ, ਮੈਨੂੰ ਲੱਗਦਾ ਹੈ ਕਿ ਜੇ ਨਵੀਆਂ ਕੁੜੀਆਂ ਆਉਂਦੀਆਂ ਹਨ ਜੇ ਮੈਂ ਉਨ੍ਹਾਂ ਨਾਲ ਕੰਮ ਕਰਦਾ ਹਾਂ
ਕਿਉਂਕਿ ਉਹ ਮੇਰੇ ਨਾਲ ਕੰਮ ਕਰ ਕੇ ਵੱਡੀ ਅਭਿਨੇਤਰੀ ਬਣਨਾ ਚਾਹੁੰਦੀਆਂ ਹਨ, ਫਿਰ ਵਿਚਕਾਰ ਗੱਲ ਉਮਰ ਦੀ ਆ ਜਾਂਦੀ ਹੈ, ਤਾਂ ਇਸ ਨਾਲ ਉਨ੍ਹਾਂ ਨੂੰ ਹੀ ਨੁਕਸਾਨ ਹੋ ਰਿਹਾ ਹੈ ਨਾ। ਹੁਣ ਜੇ ਮੈਂ ਅਨੰਨਿਆ ਜਾਂ ਜਾਨ੍ਹਵੀ ਨਾਲ ਕੰਮ ਕਰਨਾ ਹੈ ਤਾਂ ਮੈਨੂੰ 10 ਵਾਰ ਸੋਚਣਾ ਪਵੇਗਾ ਪਰ 10 ਵਾਰ ਸੋਚ ਕੇ ਵੀ ਮੈਂ ਕਰਾਂਗਾ।
ਪ੍ਰ. ਅੱਜ ਵੀ ਨਾਈਨਟੀਜ਼ ਦੇ ਐਕਟਰ ਇੰਡਸਟਰੀ ਚਲਾ ਰਹੇ ਹਨ, ਕੀ ਲੱਗਦਾ ਹੈ, ਕਿੱਥੇ ਕਮੀ ਹੈ ਕਿ ਅੱਜ ਦੀ ਪੀੜ੍ਹੀ ’ਚ ਕੋਈ ਸਟਾਰ ਨਹੀਂ ਬਣ ਰਿਹਾ?
ਮੈਨੂੰ ਲੱਗਦਾ ਹੈ ਕਿ ਬਜਟ ਦੇ ਐਂਗਲ ਨਾਲ ਅਸੀਂ ਗ਼ਲਤ ਜਾ ਰਹੇ ਹਾਂ, ਇਕ ਵਾਰ ਬਜਟ ਜੇ ਸਾਡੇ ਕੰਟਰੋਲ ’ਚ ਆ ਜਾਂਦਾ ਹੈ ਤਾਂ ਸਭ ਕੁਝ ਠੀਕ ਹੋ ਜਾਵੇਗਾ। ਅੱਜਕਲ ਉਂਝ ਵੀ ਮੁਕਾਬਲਾ ਬਹੁਤ ਹੋ ਰਿਹਾ ਹੈ, ਡਾਇਰੈਕਟਰ ਡਾਇਰੈਕਟਰ ਨੂੰ ਤੇ ਪ੍ਰੋਡਿਊਸਰ ਪ੍ਰੋਡਿਊਸਰ ਨੂੰ ਦਿਖਾਉਣ ਪਿੱਛੇ ਪਿਆ ਹੈ ਪਰ ਅਜਿਹਾ ਨਹੀਂ ਹੋਣਾ ਚਾਹੀਦਾ, ਤੁਹਾਨੂੰ ਆਪਸ ’ਚ ਨਹੀਂ ਦਰਸ਼ਕਾਂ ਨੂੰ ਦਿਖਾਉਣਾ ਹੈ। ਤੁਹਾਨੂੰ ਫਿਲਮ ਨੂੰ ਇਸ ਤਰ੍ਹਾਂ ਲਿਖਣਾ ਹੋਵੇਗਾ ਕਿ ਦਰਸ਼ਕਾਂ ਨੂੰ ਇਹ ਪਸੰਦ ਆਵੇ ਤੇ ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਦਰਸ਼ਕਾਂ ਨੂੰ ਸਮਝ ਆਏ। ਸਾਡੇ ਡਾਇਰੈਕਟਰ ਪ੍ਰੋਡਿਊਸਰ ਕਿਤੇ ਨਾ ਕਿਤੇ ਗ਼ਲਤੀ ਕਰ ਰਹੇ ਹਨ। ਮੇਰੇ ਪਿਤਾ ਕਹਿੰਦੇ ਹਨ ਕਿ ਅਸੀਂ ਕਈ ਵਾਰ ਬਿਨਾਂ ਸਹੀ ਕਾਰਨ ਤੋਂ ਫਿਲਮਾਂ ਬਣਾਉਂਦੇ ਹਾਂ। ਐਕਟਰ ਦੀ ਡੇਟਸ, ਉਨ੍ਹਾਂ ਦੇ ਵਿਆਹ ਜਾਂ ਉਨ੍ਹਾਂ ਦੀ ਪ੍ਰੈਗਨੈਂਸੀ ਨੂੰ ਦੇਖ ਕੇ ਨਹੀਂ ਸਗੋਂ ਚੰਗੀ ਸਕ੍ਰਿਪਟ ਨੂੰ ਦੇਖ ਕੇ ਫਿਲਮਾਂ ਬਣਨੀਆਂ ਚਾਹੀਦੀਆਂ।ਹਨ। ਅੱਜਕਲ ਐਕਟਰ ਵੀ ਕਾਫ਼ੀ ਅਸੁਰੱਖਿਅਤ ਹੋ ਗਏ ਹਨ। ਅੱਜਕਲ ਦੋ ਐਕਟਰ ਇਕੱਠੇ ਫਿਲਮ ’ਚ ਕੰਮ ਨਹੀਂ ਕਰਦੇ ਪਰ ਅਸੀਂ ਬਹੁਤ ਕੀਤਾ ਹੈ।
ਪ੍ਰ. ਕੀ ਇਹ ਗੱਲ ਸੱਚ ਹੈ ਕਿ ਫਿਲਮ ਕਰਨ ਤੋਂ ਬਾਅਦ ਤੁਸੀਂ ਖ਼ੁਦ ’ਤੇ ਦਬਾਅ ਨਹੀਂ ਲੈਂਦੇ ਸਗੋਂ ਤੁਹਾਨੂੰ ਆਪਣੇ ਦਰਸ਼ਕਾਂ ਤੇ ਰੱਬ ’ਤੇ ਭਰੋਸਾ ਹੈ?
ਹਾਂ, ਬਸ ਉਨ੍ਹਾਂ ’ਤੇ ਹੀ ਛੱਡ ਦਿੰਦਾ ਹਾਂ। ਜਿੰਨੀ ਮਿਹਨਤ ਕਰਨੀ ਸੀ, ਕਰ ਲਈ। ਹਾਲੇ ਵੀ ਮਿਹਨਤ ਕਰ ਹੀ ਰਹੇ ਹਾਂ।
ਪ੍ਰ. ‘ਸਿਕੰਦਰ’ ’ਚ ਕਾਫ਼ੀ ਐਕਸ਼ਨ ਹੈ, ਜੋ ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ। ਅੱਗੇ ਦਾ ਕੀ ਪਲਾਨ ਹੈ?
ਇਸ ਐਕਸ਼ਨ ਲਈ ਮਿਹਨਤ ਵੀ ਬਹੁਤ ਕੀਤੀ ਹੈ ਪਰ ਇਸ ਤੋਂ ਬਾਅਦ ਮੈਂ ਜੋ ਫਿਲਮ ਕਰਨ ਜਾ ਰਿਹਾ ਹਾਂ, ਉਹ ਨੈਕਸਟ ਲੈਵਲ ਐਕਸ਼ਨ ਹੋਵੇਗੀ, ਜੋ ਹੁਣ ਤੱਕ ਦੇਖਿਆ ਨਹੀਂ ਹੋਵੇਗਾ।