ਜਾਣੋ ਕੀ ਹੈ ਬੱਬੂ ਮਾਨ ਦੀ ਨਵੀਂ ਜਥੇਬੰਦੀ ‘ਜੂਝਦਾ ਪੰਜਾਬ’ ਦਾ ਮਕਸਦ

Tuesday, Dec 14, 2021 - 05:19 PM (IST)

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਬੱਬੂ ਮਾਨ ਨੇ ਅੱਜ ਸਾਥੀਆਂ ਅਮਿਤੋਜ ਮਾਨ, ਗੁਲ ਪਨਾਗ ਤੇ ਹੋਰਨਾਂ ਨਾਲ ਮਿਲ ਕੇ ‘ਜੂਝਦਾ ਪੰਜਾਬ’ ਨਾਂ ਦੀ ਜਥੇਬੰਦੀ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਅੱਜ ਇਕ ਪ੍ਰੈੱਸ ਕਾਨਫਰੰਸ ਵੀ ਕੀਤੀ ਗਈ।

ਇਸ ਦੇ ਨਾਲ ਹੀ ‘ਜੂਝਦਾ ਪੰਜਾਬ’ ਦੇ ਇੰਸਟਾਗ੍ਰਾਮ ਅਕਾਊਂਟ ’ਤੇ ਲੋਗੋ ਨਾਲ ਇਕ ਲੰਮੀ ਪੋਸਟ ਵੀ ਲਿਖੀ ਗਈ ਹੈ। ਇਸ ਲੋਗੋ ਨਾਲ ਲਿਖਿਆ ਹੈ, ‘ਖ਼ਬਰਾਂ ਹੋਣ ਜਾਂ ਭਾਸ਼ਣ, ਹਰ ਪਾਸੇ ਪੰਜਾਬ ਬਚਾਉਣਾ, ਪੰਜਾਬ ਬਚਾਉਣਾ ਹੀ ਸੁਣਾਈ ਦਿੰਦਾ ਹੈ। ਕੀ ਇਹ ਨਾਅਰਾ, ਮਹਿਜ਼ ਜੁਮਲਾ ਬਣ ਕੇ ਤਾਂ ਨਹੀਂ ਰਹਿ ਜਾਵੇਗਾ? ਕਿਉਂਕਿ ਪੰਜਾਬ ਬਚਾਉਣਾ ਕਿਵੇਂ ਹੈ, ਇਹ ਤਾਂ ਕੋਈ ਦੱਸ ਹੀ ਨਹੀਂ ਰਿਹਾ। ਗੁਰੂਆਂ ਦੀ ਵਰਸੋਈ ਹੋਈ ਇਸ ਪੰਜ ਦਰਿਆਵਾਂ ਦੀ ਧਰਤੀ ’ਤੇ ਸਾਡੇ ਮੁੰਡੇ, ਕੁੜੀਆਂ ਦਾ ਜੀਅ ਲੱਗਣਾ ਹੱਟ ਗਿਆ ਹੈ।’

ਇਹ ਖ਼ਬਰ ਵੀ ਪੜ੍ਹੋ : ਮਿਸ ਯੂਨੀਵਰਸ ਜਿੱਤਣ ਵਾਲੀ ਮਾਡਲ ਨੂੰ ਸਾਲ ਭਰ ਐਸ਼ੋ-ਆਰਾਮ ਸਣੇ ਮਿਲਦੀਆਂ ਨੇ ਇਹ ਲਗਜ਼ਰੀ ਸਹੂਲਤਾਂ

ਪੋਸਟ ’ਚ ਅੱਗੇ ਲਿਖਿਆ ਹੈ, ‘ਕਿਸਾਨ ਤੇ ਮਜ਼ਦੂਰ ਕਰਜ਼ੇ ਦੇ ਬੋਝ ਹੇਠ ਖ਼ੁਦਕੁਸ਼ੀ ਕਰਨ ਲਈ ਮਜਬੂਰ ਹਨ। ਸ਼ਾਨਮਈ ਇਤਿਹਾਸ ਵਾਲੇ ਲੋਕ ਨਸ਼ੇ, ਕਾਲੇ ਪੀਲੀਓ ਤੇ ਕੈਂਸਰ ਵਰਗੀਆਂ ਅਲਾਮਤਾਂ ਦੀ ਜਕੜ ’ਚ ਹਨ। ਪੰਜਾਬ 3 ਲੱਖ ਕਰੋੜ ਦਾ ਕਰਜ਼ਈ ਹੈ। ਕਾਨੂੰਨ ਦੇ ਰਾਜ ਦੀ ਬਜਾਏ ਸੱਤਾ, ਧਨ ਤੇ ਬਾਹੂਬਲ ਦਾ ਬੋਲਬਾਲਾ ਹੈ। ਸਿਆਸੀ ਧਿਰਾਂ ਪੂਰੀ ਤਰ੍ਹਾਂ ਕਾਰਪੋਰੇਟ ਸੱਭਿਆਚਾਰ ’ਚ ਲਿਪਤ ਹੋ ਗਈਆਂ ਹਨ ਤੇ ਇਨ੍ਹਾਂ ਦਾ ਮਕਸਦ ਲੋਕਾਂ ਦੀ ਭਲਾਈ ਦੀ ਬਜਾਏ ਉਨ੍ਹਾਂ ਦੀ ਲੁੱਟ ਹੋ ਗਿਆ ਹੈ।’

PunjabKesari

ਪੋਸਟ ਦੇ ਅਖੀਰ ’ਚ ਲਿਖਿਆ ਹੈ, ‘ਅਜਿਹੇ ਮੌਕੇ ਇਕ ਸਾਲ ਤੋਂ ਵੱਧ ਸਮੇਂ ਤਕ ਦਿੱਲੀ ਦੀਆਂ ਬਰੂਹਾਂ ’ਤੇ ਚੱਲਿਆ ਕਿਸਾਨ ਅੰਦੋਲਨ ਪੰਜਾਬ ਦੀ ਹੋਂਦ ਦੀ ਲੜਾਈ ਲੜਿਆ ਹੈ। ਬਾਬੇ ਨਾਨਕ ਦੇ ‘ਸਰਬੱਤ ਦਾ ਭਲਾ’ ਤੇ ਆਪਸੀ ਸੰਵਾਦ ਨੇ ਇਸ ਅੰਦੋਲਨ ਨੂੰ ਫਤਿਹ ਦਾ ਰਾਹ ਦਿਖਾਇਆ। ਆਪਣੀ ਹੋਂਦ ਦੀ ਲੜਾਈ ਜਿੱਤਣ ਤੋਂ ਬਾਅਦ ਹੁਣ ਪੰਜਾਬੀ 2022 ਦੀਆਂ ਵਿਧਾਨ ਸਭਾ ਚੋਣਾਂ ’ਚੋਂ ਬਿਹਤਰ ਭਵਿੱਖ ਲੋਚਦੇ ਹਨ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News