ਕੀ ਅਰਚਨਾ ਪੂਰਨ ਸਿੰਘ ਹੋ ਗਈ ਹੈ ‘ਦਿ ਕਪਿਲ ਸ਼ਰਮਾ ਸ਼ੋਅ’ ਤੋਂ ਬਾਹਰ, ਜਾਣੋ ਸੱਚਾਈ

Wednesday, Jun 30, 2021 - 02:32 PM (IST)

ਕੀ ਅਰਚਨਾ ਪੂਰਨ ਸਿੰਘ ਹੋ ਗਈ ਹੈ ‘ਦਿ ਕਪਿਲ ਸ਼ਰਮਾ ਸ਼ੋਅ’ ਤੋਂ ਬਾਹਰ, ਜਾਣੋ ਸੱਚਾਈ

ਮੁੰਬਈ (ਬਿਊਰੋ)– ਵੀਕੈਂਡ ’ਤੇ ਘਰ ਬੈਠ ਕੇ ਕਪਿਲ ਸ਼ਰਮਾ ਦੇ ਸ਼ੋਅ ਦਾ ਆਨੰਦ ਮਾਣਨ ਵਾਲੇ ਦਰਸ਼ਕਾਂ ਦੇ ਚਿਹਰੇ ਤੋਂ ਹਾਸਾ ਗਾਇਬ ਹੋ ਗਿਆ ਹੈ। ਕਪਿਲ ਸ਼ਰਮਾ ਦੇ ਪ੍ਰਸ਼ੰਸਕ ਉਸ ਨੂੰ ਕਾਫੀ ਯਾਦ ਕਰ ਰਹੇ ਹਨ। ਹਾਲਾਂਕਿ ਮਹੀਨਿਆਂ ਦੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ‘ਦਿ ਕਪਿਲ ਸ਼ਰਮਾ ਸ਼ੋਅ’ ਇਕ ਨਵੇਂ ਸੀਜ਼ਨ ਨਾਲ ਵਾਪਸ ਆ ਰਿਹਾ ਹੈ ਪਰ ਸ਼ੋਅ ਦੀ ਵਾਪਸੀ ਦੇ ਨਾਲ-ਨਾਲ ਕੁਝ ਖ਼ਬਰਾਂ ਆ ਰਹੀਆਂ ਹਨ ਕਿ ਅਰਚਨਾ ਪੂਰਨ ਸਿੰਘ ਇਸ ਸੀਜ਼ਨ ਦਾ ਹਿੱਸਾ ਨਹੀਂ ਹੋਵੇਗੀ।

ਇਨ੍ਹਾਂ ਗੱਲਾਂ ’ਤੇ ਅਰਚਨਾ ਨੇ ਕਿਹਾ, ‘ਮੈਨੂੰ ਇਸ ਤਰ੍ਹਾਂ ਦੀ ਕਿਸੇ ਵੀ ਡਿਵੈਲਪਮੈਂਟ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ। ਜਿਥੋਂ ਤਕ ਮੈਨੂੰ ਪਤਾ ਹੈ ਮੈਂ ਕਪਿਲ ਸ਼ਰਮਾ ਸ਼ੋਅ ਦੇ ਆਉਣ ਵਾਲੇ ਸੀਜ਼ਨ ਦਾ ਹਿੱਸਾ ਹਾਂ। ਪਿਛਲੇ ਸਾਲ ਵੀ ਅਜਿਹੀਆਂ ਅਫਵਾਹਾਂ ਉਦੋਂ ਸ਼ੁਰੂ ਹੋਈਆਂ ਸਨ, ਜਦੋਂ ਮੈਂ ਆਪਣੀ ਇਕ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਸੀ। ਇਸ ਸਾਲ ਮੈਂ ਅਜੇ ਇਕ ਵੈੱਬ ਸੀਰੀਜ਼ ਦੀ ਸ਼ੂਟਿੰਗ ਕਰ ਰਹੀ ਹਾਂ ਤੇ ਲੋਕਾਂ ਨੇ ਮੰਨ ਲਿਆ ਕਿ ਮੈਂ ਇਹ ਸ਼ੋਅ ਛੱਡ ਦੇਵਾਂਗੀ ਪਰ ਇਨ੍ਹਾਂ ਅਫਵਾਹਾਂ ’ਚ ਕੋਈ ਸੱਚਾਈ ਨਹੀਂ ਹੈ।’

ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਅਦਾਕਾਰ ਨਸੀਰੂਦੀਨ ਸ਼ਾਹ ਹਸਪਤਾਲ ’ਚ ਦਾਖ਼ਲ, ਇਹ ਬੀਮਾਰੀ ਆਈ ਸਾਹਮਣੇ

ਉਸ ਨੇ ਅੱਗੇ ਕਿਹਾ, ‘ਮੈਨੂੰ ਕਾਮੇਡੀ ਪਸੰਦ ਹੈ ਤੇ ਕਲਾਕਾਰਾਂ ਨੂੰ ਸਟੇਜ ’ਤੇ ਦੇਖ ਕੇ ਮੈਨੂੰ ਕਾਫੀ ਖੁਸ਼ੀ ਹੁੰਦੀ ਹੈ ਕਿਉਂਕਿ ਇਹ ਕਾਫੀ ਮਨੋਰੰਜਨ ਭਰਿਆ ਹੁੰਦਾ ਹੈ। ਮੈਂ ਖੁਸ਼ ਹਾਂ ਕਿਉਂਕਿ ਕਪਿਲ ਨੇ ਮੈਨੂੰ ਸ਼ੋਅ ਦਾ ਹਿੱਸਾ ਬਣਨ ਲਈ ਚੁਣਿਆ ਹੈ। ਮੈਂ ਆਉਣ ਵਾਲੇ ਸੀਜ਼ਨ ਦਾ ਵੀ ਹਿੱਸਾ ਬਣਨ ਲਈ ਬਹੁਤ ਉਤਸ਼ਾਹਿਤ ਹਾਂ।’

ਅਰਚਨਾ ਪੂਰਨ ਸਿੰਘ ਤੋਂ ਪਹਿਲਾਂ ਰਾਜਨੇਤਾ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੂੰ ਇਸ ਸ਼ੋਅ ਦਾ ਹਿੱਸਾ ਸਨ ਪਰ ਕੁਝ ਵਿਵਾਦਾਂ ਕਾਰਨ ਉਨ੍ਹਾਂ ਨੂੰ ਰਿਪਲੇਸ ਕੀਤਾ ਗਿਆ ਸੀ। ਇਸ ਗੱਲ ਨੂੰ ਲੈ ਕੇ ਕਪਿਲ ਸ਼ਰਮਾ ਅਰਚਨਾ ਪੂਰਨ ਸਿੰਘ ਦੀ ਕਾਫੀ ਖਿਚਾਈ ਕਰਦੇ ਨਜ਼ਰ ਆਉਂਦੇ ਹਨ।

ਅਰਚਨਾ ਪੂਰਨ ਸਿੰਘ ਕਈ ਸਾਲਾਂ ਤੋਂ ਸੋਨੀ ਟੀ. ਵੀ. ਦੇ ਕਾਮੇਡੀ ਸ਼ੋਅਜ਼ ਦਾ ਹਿੱਸਾ ਰਹੀ ਹੈ। ਆਪਣੇ ਹਾਸੇ ਲਈ ਮਸ਼ਹੂਰ ਅਰਚਨਾ ਪੂਰਨ ਸਿੰਘ ਨੇ ‘ਕਾਮੇਡੀ ਸਰਕਸ’ ਨੂੰ ਜੱਜ ਕੀਤਾ ਸੀ। ਇਸ ਸੀਰੀਜ਼ ਦੇ ਕਈ ਸੀਜ਼ਨਜ਼ ’ਚ ਬਤੌਰ ਜੱਜ ਦੀ ਭੂਮਿਕਾ ਨਿਭਾਉਣ ਵਾਲੀ ਅਰਚਨਾ ਉਸ ਸਮੇਂ ਤੋਂ ਕਪਿਲ ਸ਼ਰਮਾ ਨੂੰ ਜਾਣਦੀ ਹੈ। ਇਸ ਲਈ ਜਦੋਂ ਨਵਜੋਤ ਸਿੰਘ ਸਿੱਧੂ ਦੀ ਸ਼ੋਅ ਤੋਂ ਵਿਦਾਈ ਹੋਈ ਤਾਂ ਉਨ੍ਹਾਂ ਦੀ ਜਗ੍ਹਾ ਅਰਚਨਾ ਪੂਰਨ ਸਿੰਘ ਨੂੰ ਲਿਆਂਦਾ ਗਿਆ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News