71 ਸਾਲਾਂ ਦੇ ਹੋਏ ''ਬਾਬੂਰਾਓ'': ਪਰੇਸ਼ ਰਾਵਲ ਦੇ ਜਨਮਦਿਨ ''ਤੇ ਉਨ੍ਹਾਂ ਦੇ ਫਿਲਮੀ ਸਫ਼ਰ ''ਤੇ ਇੱਕ ਨਜ਼ਰ
Saturday, May 30, 2026 - 01:19 PM (IST)
ਮੁੰਬਈ (ਏਜੰਸੀ)- ਆਪਣੇ ਦਮਦਾਰ ਅਭਿਨੈ ਨਾਲ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਬਹੁਮੁਖੀ ਅਦਾਕਾਰ ਪਰੇਸ਼ ਰਾਵਲ ਅੱਜ 71 ਸਾਲਾਂ ਦੇ ਹੋ ਗਏ ਹਨ। 30 ਮਈ 1955 ਨੂੰ ਮੁੰਬਈ ਵਿੱਚ ਇੱਕ ਗੁਜਰਾਤੀ ਬ੍ਰਾਹਮਣ ਪਰਿਵਾਰ ਵਿੱਚ ਜਨਮੇ ਪਰੇਸ਼ ਰਾਵਲ ਆਪਣੇ 4 ਦਹਾਕਿਆਂ ਦੇ ਕਰੀਅਰ ਵਿੱਚ 250 ਤੋਂ ਵੱਧ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ।
ਪਰੇਸ਼ ਰਾਵਲ ਨੂੰ ਬਚਪਨ ਤੋਂ ਹੀ ਅਦਾਕਾਰੀ ਦਾ ਸ਼ੌਕ ਸੀ, ਪਰ ਆਰਥਿਕ ਤੰਗੀ ਕਾਰਨ ਉਨ੍ਹਾਂ ਨੇ ਸ਼ੁਰੂਆਤ ਵਿੱਚ ਬੈਂਕ ਆਫ ਬੜੌਦਾ ਵਿੱਚ ਨੌਕਰੀ ਕੀਤੀ। ਹਾਲਾਂਕਿ, ਅਦਾਕਾਰੀ ਪ੍ਰਤੀ ਜਨੂੰਨ ਸਦਕਾ ਉਨ੍ਹਾਂ ਨੇ ਸਿਰਫ 3 ਦਿਨਾਂ ਬਾਅਦ ਹੀ ਨੌਕਰੀ ਛੱਡ ਦਿੱਤੀ। ਉਨ੍ਹਾਂ ਦੇ ਸੰਘਰਸ਼ ਦੇ ਦਿਨਾਂ ਵਿੱਚ ਉਨ੍ਹਾਂ ਦੀ ਪਤਨੀ ਅਤੇ ਸਾਬਕਾ ਮਿਸ ਇੰਡੀਆ ਸਵਰੂਪ ਸੰਪਤ ਨੇ ਉਨ੍ਹਾਂ ਦੀ ਬਹੁਤ ਮਦਦ ਕੀਤੀ।
ਫਿਰ ਪਰੇਸ਼ ਰਾਵਲ ਨੇ 1984 ਵਿੱਚ ਫਿਲਮ 'ਹੋਲੀ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਆਮਿਰ ਖਾਨ ਨੇ ਵੀ ਡੈਬਿਊ ਕੀਤਾ ਸੀ। "ਹੋਲੀ" ਤੋਂ ਬਾਅਦ, ਪਰੇਸ਼ ਰਾਵਲ ਨੂੰ "ਹਿਫਾਜ਼ਤ", "ਦੁਸ਼ਮਨ ਕਾ ਦੁਸ਼ਮਣ", "ਲੋਰੀ" ਅਤੇ "ਭਗਵਾਨ ਦਾਦਾ" ਵਰਗੀਆਂ ਫਿਲਮਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ, ਪਰ ਇਹਨਾਂ ਫਿਲਮਾਂ ਨੂੰ ਕੋਈ ਖਾਸ ਸਫਲਤਾ ਨਹੀਂ ਮਿਲੀ। ਫਿਰ ਸਾਲ 1986 ਵਿੱਚ ਆਈ ਫਿਲਮ 'ਨਾਮ' ਵਿੱਚ ਨਿਭਾਏ ਖਲਨਾਇਕ ਦੇ ਕਿਰਦਾਰ ਨੇ ਉਨ੍ਹਾਂ ਨੂੰ ਰਾਤੋ-ਰਾਤ ਪ੍ਰਸਿੱਧੀ ਦਿਵਾਈ। "ਨਾਮ" ਦੀ ਸਫਲਤਾ ਤੋਂ ਬਾਅਦ, ਉਨ੍ਹਾਂ ਨੂੰ "ਮਰਤੇ ਦਮ ਤੱਕ", "ਸੋਨੇ ਪੇ ਸੁਹਾਗਾ", "ਖਤਰੋਂ ਕੇ ਖਿਲਾੜੀ", "ਰਾਮ ਲਖਨ", "ਕਬਜ਼ਾ" ਅਤੇ "ਇਜ਼ਤ" ਵਰਗੀਆਂ ਵੱਡੇ ਬਜਟ ਵਾਲੀਆਂ ਫਿਲਮਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ।
ਸਾਲ 1993 ਪਰੇਸ਼ ਰਾਵਲ ਦੇ ਫਿਲਮੀ ਕਰੀਅਰ ਵਿੱਚ ਇੱਕ ਮਹੱਤਵਪੂਰਨ ਸਾਲ ਸਾਬਤ ਹੋਇਆ। ਇਸ ਸਾਲ "ਦਾਮਿਨੀ" ਅਤੇ "ਆਦਮੀ ਔਰ ਮੁੱਕਬਲਾ" ਵਰਗੀਆਂ ਸਫਲ ਫਿਲਮਾਂ ਰਿਲੀਜ਼ ਹੋਈਆਂ। ਸਾਲ 1994 ਦੀ ਫਿਲਮ "ਸਰਦਾਰ" ਨੂੰ ਉਨ੍ਹਾਂ ਦੇ ਕਰੀਅਰ ਦੀਆਂ ਸਭ ਤੋਂ ਮਹੱਤਵਪੂਰਨ ਫਿਲਮਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਕੇਤਨ ਮਹਿਤਾ ਦੁਆਰਾ ਨਿਰਦੇਸ਼ਤ ਇਸ ਫਿਲਮ ਵਿੱਚ, ਉਨ੍ਹਾਂ ਨੇ ਆਜ਼ਾਦੀ ਘੁਲਾਟੀਏ ਸਰਦਾਰ ਵੱਲਭਭਾਈ ਪਟੇਲ ਦੀ ਭੂਮਿਕਾ ਨੂੰ ਸਿਲਵਰ ਸਕ੍ਰੀਨ 'ਤੇ ਜਿਊਂਦਾ ਕਰ ਦਿੱਤਾ, ਜਿਸ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਵੀ ਸਰਾਹਿਆ ਗਿਆ।
ਕਾਮੇਡੀ ਦੇ ਕਿੰਗ
ਸਾਲ 2000 ਵਿੱਚ ਫਿਲਮ 'ਹੇਰਾ ਫੇਰੀ' ਵਿੱਚ ਉਨ੍ਹਾਂ ਵੱਲੋਂ ਨਿਭਾਇਆ ਗਿਆ 'ਬਾਬੂਰਾਓ ਗਣਪਤਰਾਓ ਆਪਟੇ' ਦਾ ਕਿਰਦਾਰ ਅੱਜ ਵੀ ਭਾਰਤੀ ਸਿਨੇਮਾ ਦੇ ਸਭ ਤੋਂ ਯਾਦਗਾਰੀ ਹਾਸੇ ਵਾਲੇ ਕਿਰਦਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਭਾਰਤੀ ਸਿਨੇਮਾ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਭਾਰਤ ਸਰਕਾਰ ਨੇ ਉਨ੍ਹਾਂ ਨੂੰ 2014 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ। ਇਸ ਤੋਂ ਇਲਾਵਾ, ਉਹ ਫਿਲਮ 'ਸਰ' ਲਈ ਸਰਵੋਤਮ ਸਹਾਇਕ ਅਦਾਕਾਰ ਅਤੇ 'ਵੋ ਛੋਕਰੀ' ਲਈ ਰਾਸ਼ਟਰੀ ਪੁਰਸਕਾਰ ਵੀ ਜਿੱਤ ਚੁੱਕੇ ਹਨ। ਅਦਾਕਾਰੀ ਦੇ ਨਾਲ-ਨਾਲ ਉਨ੍ਹਾਂ ਨੇ ਰਾਜਨੀਤੀ ਵਿੱਚ ਵੀ ਕਦਮ ਰੱਖਿਆ ਅਤੇ 2014 ਵਿੱਚ ਭਾਜਪਾ ਦੀ ਟਿਕਟ 'ਤੇ ਅਹਿਮਦਾਬਾਦ ਪੂਰਬੀ ਸੀਟ ਤੋਂ ਲੋਕ ਸਭਾ ਚੋਣ ਜਿੱਤੀ। ਪਰੇਸ਼ ਰਾਵਲ ਅੱਜ ਵੀ ਸਿਨੇਮਾ ਵਿੱਚ ਸਰਗਰਮ ਹਨ ਅਤੇ ਉਨ੍ਹਾਂ ਦੀ ਆਉਣ ਵਾਲੀ ਮੁੱਖ ਫਿਲਮ 'ਵੈਲਕਮ ਟੂ ਦ ਜੰਗਲ' ਹੈ।
