ਐਕਸ਼ਨ ''ਚ ਵਿਜੀਲੈਂਸ, ਜਲੰਧਰ ਵਿਖੇ ਗੈਰ-ਕਾਨੂੰਨੀ ਇਮਾਰਤਾਂ ਤੇ ਕਾਲੋਨੀਆਂ ’ਤੇ ਵੀ ਕੱਸਿਆ ਸ਼ਿਕੰਜਾ
Monday, May 19, 2025 - 11:47 AM (IST)

ਜਲੰਧਰ (ਖੁਰਾਣਾ)-ਗੈਰ-ਕਾਨੂੰਨੀ ਉਸਾਰੀਆਂ ਅਤੇ ਕਾਲੋਨੀਆਂ ਵਿਰੁੱਧ ਵਿਜੀਲੈਂਸ ਟੀਮ ਨੇ ਆਪਣੀ ਕਾਰਵਾਈ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਹਾਲ ਹੀ ਵਿਚ ਜਲੰਧਰ ਦੇ ਏ. ਟੀ. ਪੀ. ਸੁਖਦੇਵ ਵਸ਼ਿਸ਼ਟ ਦੀ ਗ੍ਰਿਫ਼ਤਾਰੀ ਤੋਂ ਬਾਅਦ ਵਿਜੀਲੈਂਸ ਨੇ ਉਨ੍ਹਾਂ ਇਲਾਕਿਆਂ ਵਿਚ ਜਾਂਚ ਸ਼ੁਰੂ ਕੀਤੀ ਹੈ, ਜਿੱਥੇ ਗੈਰ-ਕਾਨੂੰਨੀ ਇਮਾਰਤਾਂ ਅਤੇ ਕਾਲੋਨੀਆਂ ’ਤੇ ਕਾਰਵਾਈ ਹੋਈ ਸੀ ਜਾਂ ਜਿਨ੍ਹਾਂ ਨੂੰ ਸਿਰਫ਼ ਨੋਟਿਸ ਜਾਰੀ ਕਰਕੇ ਦੋਬਾਰਾ ਉਸਾਰੀ ਸ਼ੁਰੂ ਕਰਵਾਈ ਗਈ ਸੀ।
ਵਿਜੀਲੈਂਸ ਦੀ ਇਕ ਟੀਮ ਨੇ ਸ਼ਨੀਵਾਰ ਨੂੰ ਬਸਤੀ ਸ਼ੇਖ ਵਿਚ ਸ਼ਮਸ਼ਾਨਘਾਟ ਦੇ ਨੇੜੇ ਬਣੀ ਗੈਰ-ਕਾਨੂੰਨੀ ਕਾਲੋਨੀ ਵਿਚ ਪਹੁੰਚ ਕੇ ਡੂੰਘਾਈ ਨਾਲ ਜਾਂਚ ਕੀਤੀ। ਇਸ ਕਾਲੋਨੀ ਵਿਚ ਸੀਲ ਕੀਤੀਆਂ ਗਈਆਂ ਕੋਠੀਆਂ ਅਤੇ ਪੂਰੀ ਤਰ੍ਹਾਂ ਤਿਆਰ ਹੋ ਚੁੱਕੀਆਂ ਗੈਰ-ਕਾਨੂੰਨੀ ਇਮਾਰਤਾਂ ਦੀ ਜਾਂਚ ਕੀਤੀ ਗਈ। ਵਿਜੀਲੈਂਸ ਨੇ ਮਕਾਨ ਬਣਾਉਣ ਵਾਲਿਆਂ ਦੀ ਸੂਚੀ ਤਿਆਰ ਕੀਤੀ ਹੈ ਅਤੇ ਉਨ੍ਹਾਂ ਡੀਲਰਾਂ ਦੀ ਜਾਣਕਾਰੀ ਜੁਟਾਈ, ਜਿਨ੍ਹਾਂ ਵੱਲੋਂ ਇਹ ਗੈਰ-ਕਾਨੂੰਨੀ ਕੋਠੀਆਂ ਬਣਾਈਆਂ ਗਈਆਂ, ਨਾਲ ਹੀ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਉਸਾਰੀਆਂ ਨੂੰ ਕਿਸ ਦੀ ਸ਼ਹਿ ’ਤੇ ਅਤੇ ਕਿਵੇਂ ਅੰਜਾਮ ਦਿੱਤਾ ਗਿਆ।
ਇਹ ਵੀ ਪੜ੍ਹੋ: ਜਲੰਧਰ 'ਚ ਦੋ ਫੈਕਟਰੀਆਂ 'ਚ ਮਚੇ ਅੱਗ ਦੇ ਭਾਂਬੜ, ਦੂਰ ਤੱਕ ਵਿਖਾਈ ਦਿੱਤੀਆਂ ਅੱਗ ਦੀਆਂ ਲਪਟਾਂ
ਵਿਜੀਲੈਂਸ ਨੇ ਨਗਰ ਨਿਗਮ ਵੱਲੋਂ ਤੋੜੀਆਂ ਗਈਆਂ ਤਿੰਨ ਗੈਰ-ਕਾਨੂੰਨੀ ਦੁਕਾਨਾਂ ਦੀ ਵੀ ਜਾਂਚ ਕੀਤੀ, ਜੋਕਿ ਇਕ ਪੇਂਟ ਫੈਕਟਰੀ ਦੇ ਮਾਲਕ ਦੀਆਂ ਸਨ। ਇਨ੍ਹਾਂ ਦੁਕਾਨਾਂ ਨੂੰ ਪੂਰੀ ਤਰ੍ਹਾਂ ਢਹਿ-ਢੇਰੀ ਕਰਨ ਤੋਂ ਬਾਅਦ ਦੁਬਾਰਾ ਉਸਾਰੀ ਸ਼ੁਰੂ ਹੋਣ ਦੀ ਸ਼ਿਕਾਇਤ ਸੀ। ਵਿਜੀਲੈਂਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਨ੍ਹਾਂ ਦੀ ਦੋਬਾਰਾ ਉਸਾਰੀ ਕਿਸ ਦੇ ਇਸ਼ਾਰੇ ’ਤੇ ਅਤੇ ਕਿਵੇਂ ਹੋਈ। ਇਸ ਜਾਂਚ ਤੋਂ ਸਪੱਸ਼ਟ ਹੋ ਗਿਆ ਹੈ ਕਿ ਇਹ ਕਾਲੋਨੀ ਹੁਣ ਵਿਜੀਲੈਂਸ ਦੇ ਰਾਡਾਰ ’ਤੇ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਬਦਲੇਗਾ ਮੌਸਮ! 22 ਤਾਰੀਖ਼ ਤੱਕ ਵਿਭਾਗ ਦੀ ਵੱਡੀ ਭਵਿੱਖਬਾਣੀ, Alert ਰਹਿਣ ਇਹ ਜ਼ਿਲ੍ਹੇ
ਸੂਤਰ ਦੱਸਦੇ ਹਨ ਕਿ ਐਤਵਾਰ ਨੂੰ ਵਿਜੀਲੈਂਸ ਦੀ ਇਕ ਹੋਰ ਟੀਮ ਲਕਸ਼ਮੀ ਸਿਨੇਮਾ ਤੋਂ ਮੰਡੀ ਰੋਡ ਵੱਲ ਜਾਣ ਵਾਲੀ ਸੜਕ ’ਤੇ ਗਲੀ ਦੇ ਕੋਨੇ ’ਤੇ ਸਥਿਤ ਇਕ ਇਮਾਰਤ ਦੀ ਜਾਂਚ ਕਰਨ ਲਈ ਪਹੁੰਚੀ। ਇਹ ਟੀਮ ਲਗਭਗ ਤਿੰਨ ਘੰਟੇ ਮੌਕੇ ’ਤੇ ਮੌਜੂਦ ਰਹੀ ਅਤੇ ਇਮਾਰਤ ਦੀ ਪੈਮਾਇਸ਼ ਕੀਤੀ। ਇਸ ਇਮਾਰਤ ਨਾਲ ਸਬੰਧਤ ਫਾਈਲ ਨਗਰ ਨਿਗਮ ਕੋਲ ਸੀ, ਜੋ ਹੁਣ ਵਿਜੀਲੈਂਸ ਦੇ ਕਬਜ਼ੇ ਵਿਚ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਨੀਵੀਂ ਚੱਕੀ ਅਤੇ ਪੁਰਾਣੀ ਦੇਸ ਡੇਅਰੀ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਪਿਛਲੇ ਕੁਝ ਸਮੇਂ ਵਿਚ ਕਈ ਗੈਰ-ਕਾਨੂੰਨੀ ਇਮਾਰਤਾਂ ਬਣਾਈਆਂ ਗਈਆਂ ਹਨ, ਜਿਨ੍ਹਾਂ ’ਤੇ ਨਗਰ ਨਿਗਮ ਨੇ ਕੋਈ ਕਾਰਵਾਈ ਨਹੀਂ ਕੀਤੀ। ਵਿਜੀਲੈਂਸ ਨੇ ਇਨ੍ਹਾਂ ਇਲਾਕਿਆਂ ’ਤੇ ਵੀ ਆਪਣੀਆਂ ਨਜ਼ਰਾਂ ਗੱਡੀਆਂ ਹੋਈਆਂ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਐਨਕਾਊਂਟਰ! ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ (ਵੀਡੀਓ)
ਨੋਟਿਸਾਂ ਵਾਲੀਆਂ ਅਤੇ ਸੀਲ ਕੀਤੀਆਂ ਇਮਾਰਤਾਂ ਦੀ ਸੂਚੀ ਤਿਆਰ
ਕਿਹਾ ਜਾ ਰਿਹਾ ਹੈ ਕਿ ਵਿਜੀਲੈਂਸ ਨੇ ਉਨ੍ਹਾਂ ਸਾਰੀਆਂ ਇਮਾਰਤਾਂ ਦੀ ਸੂਚੀ ਤਿਆਰ ਕਰ ਲਈ ਹੈ, ਜਿਨ੍ਹਾਂ ਨੂੰ ਸੁਖਦੇਵ ਵਸ਼ਿਸ਼ਟ ਨੇ ਨੋਟਿਸ ਜਾਰੀ ਕੀਤੇ ਸਨ। ਹੁਣ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਨੋਟਿਸਾਂ ਦੇ ਆਧਾਰ ’ਤੇ ਕੀ ਕਾਰਵਾਈ ਕੀਤੀ ਗਈ ਅਤੇ ਸੀਲ ਕੀਤੀਆਂ ਇਮਾਰਤਾਂ ਦਾ ਕੀ ਬਣਿਆ। ਸੂਤਰਾਂ ਅਨੁਸਾਰ ਵਿਜੀਲੈਂਸ ਵੱਲੋਂ ਜਲਦ ਸੀਲ ਕੀਤੀਆਂ ਅਤੇ ਢਾਹੀਆਂ ਗਈਆਂ ਇਮਾਰਤਾਂ ਦੀ ਇਕ ਵਿਸਤ੍ਰਿਤ ਸੂਚੀ ਵੀ ਤਿਆਰ ਕੀਤੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਵਿਜੀਲੈਂਸ ਦੀ ਇਸ ਜਾਂਚ ਵਿਚ ਬਿਲਡਿੰਗ ਵਿਭਾਗ ਦੇ ਕੁਝ ਹੋਰ ਕਰਮਚਾਰੀ ਅਤੇ ਅਧਿਕਾਰੀ ਫਸ ਸਕਦੇ ਹਨ। ਗੈਰ-ਕਾਨੂੰਨੀ ਉਸਾਰੀਆਂ ਨੂੰ ਨਜ਼ਰਅੰਦਾਜ਼ ਕਰਨ ਅਤੇ ਨਿਯਮਾਂ ਦੀ ਅਣਦੇਖੀ ਕਰਨ ਦੇ ਦੋਸ਼ਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਲੰਧਰ ਵਿਚ ਗੈਰ-ਕਾਨੂੰਨੀ ਇਮਾਰਤਾਂ ਅਤੇ ਗੈਰ-ਕਾਨੂੰਨੀ ਕਾਲੋਨੀਆਂ ਵਿਰੁੱਧ ਵਿਜੀਲੈਂਸ ਦੀ ਇਸ ਕਾਰਵਾਈ ਸ਼ਹਿਰ ਵਿਚ ਭ੍ਰਿਸ਼ਟਾਚਾਰ ਅਤੇ ਬੇਨਿਯਮੀਆਂ ਦੀ ਨਕੇਲ ਕੱਸਣ ਦੀ ਦਿਸ਼ਾ ਵਿਚ ਇਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਵਿਚ ਇਸ ਜਾਂਚ ਵਿਚ ਹੋਰ ਵੱਡੇ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਹੈਰਾਨ ਕਰਦਾ ਮਾਮਲਾ, ਪਬਲਿਕ ਟਾਇਲਟ 'ਚ ਨੌਜਵਾਨ ਕਰਦਾ ਰਿਹਾ...(ਵੀਡੀਓ)
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e