ਕਰਜ਼ੇ ਤੋਂ ਤੰਗ ਆ ਕੇ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ

Monday, Jul 03, 2023 - 02:06 AM (IST)

ਕਰਜ਼ੇ ਤੋਂ ਤੰਗ ਆ ਕੇ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ

ਭੁਲੱਥ (ਰਜਿੰਦਰ) : ਪਿੰਡ ਭੰਡਾਲ ਬੇਟ ਦੇ ਨੌਜਵਾਨ ਵੱਲੋਂ ਜ਼ਹਿਰੀਲਾ ਪਦਾਰਥ ਨਿਗਲ ਕੇ ਜੀਵਨ ਲੀਲਾ ਖ਼ਤਮ ਕਰ ਲੈਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ 25 ਸਾਲਾ ਬਲਕਾਰ ਸਿੰਘ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰੀਲਾ ਪਦਾਰਥ ਨਿਗਲ ਲਿਆ, ਜਿਸ ’ਤੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਗੰਭੀਰ ਹਾਲਤ ’ਚ ਇਲਾਜ ਲਈ ਜਲੰਧਰ ਦੇ ਇਕ ਹਸਪਤਾਲ ਲਿਜਾਇਆ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਨੇ ਮ੍ਰਿਤਕ ਦੇ ਭਰਾ ਅਵਤਾਰ ਸਿੰਘ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ। ਮ੍ਰਿਤਕ ਦੀ ਪਛਾਣ 25 ਸਾਲਾ ਬਲਕਾਰ ਸਿੰਘ ਪੁੱਤਰ ਸਵਰਗੀ ਪਰਮਜੀਤ ਸਿੰਘ ਵਾਸੀ ਪਿੰਡ ਭੰਡਾਲ ਬੇਟ ਵਜੋਂ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ : ਦੋਸਤ ਨੂੰ ਮਿਲ ਕੇ ਆ ਰਹੇ 2 ਨੌਜਵਾਨਾਂ ਨਾਲ ਵਾਪਰੀ ਅਣਹੋਣੀ, ਘਰ ’ਚ ਪੈ ਗਿਆ ਚੀਕ-ਚਿਹਾੜਾ

PunjabKesari

ਮ੍ਰਿਤਕ ਦੇ ਵੱਡੇ ਭਰਾ ਅਵਤਾਰ ਸਿੰਘ ਨੇ ਥਾਣਾ ਢਿੱਲਵਾਂ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਤਿੰਨ ਭਰਾ ਹਨ। ਛੋਟੇ ਹੁੰਦਿਆਂ ਉਨ੍ਹਾਂ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਉਨ੍ਹਾਂ ਦਾ ਛੋਟਾ ਭਰਾ ਬਲਕਾਰ ਸਿੰਘ ਅਣਵਿਆਹਿਆ ਸੀ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਬਲਕਾਰ ਸਿੰਘ ਨੇ ਜੂਸ ਦੀ ਦੁਕਾਨ ਖੋਲ੍ਹੀ ਹੋਈ ਸੀ ਤੇ ਦੁਕਾਨ ਲਈ ਮਸ਼ੀਨਾਂ ਅਤੇ ਨਵਾਂ ਮੋਟਰਸਾਈਕਲ ਕਰਜ਼ੇ ’ਤੇ ਲਿਆ ਸੀ। ਦੁਕਾਨ ਨਾ ਚੱਲਣ ਕਾਰਨ ਹੌਲੀ-ਹੌਲੀ ਕਰਜ਼ੇ ਦੀਆਂ ਕਿਸ਼ਤਾਂ ਵਧਣ ਲੱਗੀਆਂ ਅਤੇ ਉਸ ਨੂੰ ਕਿਸ਼ਤ ਨਾ ਭਰਨ ਦੀ ਚਿੰਤਾ ਸਤਾਉਣ ਲੱਗੀ। ਹਾਲਾਂਕਿ ਮੈਂ ਅਤੇ ਮੇਰੇ ਦੂਜੇ ਭਰਾ ਨੇ ਉਸ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਉਸ ਦੀ ਆਰਥਿਕ ਮਦਦ ਕਰਨਗੇ।

ਅਕਸਰ ਕਰਜ਼ੇ ਤੋਂ ਪਰੇਸ਼ਾਨ ਰਹਿੰਦਿਆ ਬੀਤੀ ਸ਼ਾਮ ਦੁਕਾਨ ਤੋਂ ਵਾਪਸ ਆਇਆ ਤਾਂ ਉਸ ਨੂੰ ਉਲਟੀਆਂ ਆਉਣ ਲੱਗੀਆਂ। ਪੁੱਛਣ 'ਤੇ ਉਸ ਨੇ ਦੱਸਿਆ ਕਿ ਉਸ ਨੇ ਕਰਜ਼ੇ ਦੀਆਂ ਦੇਣਦਾਰੀਆਂ ਤੋਂ ਤੰਗ ਆ ਕੇ ਸਲਫਾਸ ਖਾ ਲਈ ਹੈ। ਪਰਿਵਾਰ ਵੱਲੋਂ ਉਸਨੂੰ ਤੁਰੰਤ ਜਲੰਧਰ ਦੇ ਇਕ ਪ੍ਰਾਈਵੇਟ ਹਸਪਤਾਲ ਲਜਾਇਆ ਗਿਆ, ਜਿਥੇ ਇਲਾਜ ਦੌਰਾਨ ਬਲਕਾਰ ਸਿੰਘ ਦੀ ਮੌਤ ਹੋ ਗਈ। ਥਾਣਾ ਢਿੱਲਵਾਂ ਦੇ ਜਾਂਚ ਅਧਿਕਾਰੀ ਮੂਰਤਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਨਿੱਜੀ ਹਸਪਤਾਲ ਤੋਂ ਸੂਚਨਾ ਮਿਲੀ ਸੀ ਕਿ ਭੰਡਾਲ ਬੇਟ ਦੇ ਨੌਜਵਾਨ ਦੀ ਜ਼ਹਿਰੀਲੀ ਦਵਾਈ ਖਾਣ ਨਾਲ ਮੌਤ ਹੋ ਗਈ ਹੈ। ਪੁਲਸ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਮੁੱਢਲੀ ਜਾਂਚ ਆਰੰਭ ਕਰ ਦਿੱਤੀ ਹੈ ਤੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਿਸਾਂ ਨੂੰ ਸੌਂਪ ਦਿੱਤੀ ਹੈ।


author

Manoj

Content Editor

Related News