ਸਰਕਾਰ ਦੀਆਂ ਸਖ਼ਤ ਹਦਾਇਤਾਂ ਦੇ ਬਾਵਜੂਦ ਨਹੀਂ ਰੁਕ ਰਿਹਾ ਪਲਾਸਟਿਕ ਦੇ ਲਿਫਾਫਿਆਂ ਦਾ ਨਿਰਮਾਣ
Saturday, Sep 30, 2023 - 05:10 PM (IST)

ਜਲੰਧਰ (ਪੁਨੀਤ) : ਸਰਕਾਰ ਵੱਲੋਂ ਰੋਕ ਲਾਉਣ ਦੇ ਬਾਵਜੂਦ ਪਲਾਸਟਿਕ ਦੇ ਲਿਫਾਫਿਆਂ ਦਾ ਨਿਰਮਾਣ ਅਤੇ ਵਿਕਰੀ ਰੁਕਣ ਦਾ ਨਾਂ ਨਹੀਂ ਲੈ ਰਹੇ, ਜਿਸ ਨਾਲ ਵਾਤਾਵਰਣ ’ਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਨਿਯਮਾਂ ਦੀ ਉਲੰਘਣਾ ਨੂੰ ਰੋਕਣ ਲਈ ਪ੍ਰਦੂਸ਼ਣ ਕੰਟਰੋਲ ਵਿਭਾਗ ਵੱਲੋਂ ਪਾਬੰਦੀਸ਼ੁਦਾ ਪਲਾਸਟਿਕ ਵਾਲੇ ਲਿਫਾਫਿਆਂ ਦੇ ਨਿਰਮਾਣ ਤੇ ਸਟਾਕ ਕਰਨ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਕਿ ਵਾਤਾਵਰਣ ਦੀ ਸੰਭਾਲ ਕੀਤੀ ਜਾ ਸਕੇ। ਇਸ ਤਹਿਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ 2 ਫੈਕਟਰੀਆਂ ਵਿਚ ਰੇਡ ਕਰਦੇ ਹੋਏ 2473 ਕਿਲੋਗ੍ਰਾਮ ਪਲਾਸਟਿਕ ਦੇ ਲਿਫਾਫੇ ਜ਼ਬਤ ਕਰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਗਣਪਤੀ ਵਿਸਰਜਨ ਕਰ ਕੇ ਵਾਪਸ ਆ ਰਹੇ ਬਾਈਕ ਸਵਾਰ ਨੌਜਵਾਨ ਦੀ ਹਾਦਸੇ ’ਚ ਮੌਤ
ਕਾਰਜਕਾਰੀ ਇੰਜੀ. ਸੰਦੀਪ ਕੁਮਾਰ ਦੀ ਅਗਵਾਈ ਵਿਚ ਗੌਰਵ ਕਸ਼ਯਪ ਤੇ ਇੰਜੀ. ਮਨਵਿੰਦਰਜੀਤ ਹੁੰਦਲ ਦੀ ਟੀਮ ਨੇ ਵਰਿਆਣਾ ਕੰਪਲੈਕਸ ਸਥਿਤ ਕੀਵੀ ਓਵਰਸੀਜ਼ ਵਿਚ ਅਚਨਚੇਤ ਮੁਆਇਨਾ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਟੀਮ ਦੀ ਕਾਰਵਾਈ ਦੌਰਾਨ ਫੈਕਟਰੀ ਵਿਚ ਪਲਾਸਟਿਕ ਦੇ ਲਿਫਾਫੇ ਬਣਦੇ ਪਾਏ ਗਏ। ਨਿਯਮਾਂ ਮੁਤਾਬਕ ਕਾਰਵਾਈ ਕਰਦੇ ਹੋਏ ਵਿਭਾਗ ਵੱਲੋਂ 2 ਟਨ ਦੇ ਕਰੀਬ ਪਲਾਸਟਿਕ ਦੇ ਲਿਫਾਫੇ ਜ਼ਬਤ ਕੀਤੇ ਗਏ ਹਨ।
ਇਸੇ ਤਰ੍ਹਾਂ ਉਕਤ ਟੀਮ ਵੱਲੋਂ ਸਥਾਨਕ ਭਗਤ ਸਿੰਘ ਕਾਲੋਨੀ ਸਥਿਤ ਮੈਸਰਜ਼ ਮਾਰਵਲ ਇੰਟਰਨੈਸ਼ਨਲ ਨਾਮੀ ਫੈਕਟਰੀ ਵਿਚ ਰੇਡ ਕੀਤੀ ਗਈ, ਜਿੱਥੇ ਲਿਫਾਫੇ ਬਣਾਉਣ ਦਾ ਕੰਮ ਚੱਲ ਰਿਹਾ ਸੀ। ਇਸੇ ਤਰ੍ਹਾਂ ਨਾਲ ਕਾਰਵਾਈ ਨੂੰ ਅੰਜਾਮ ਦਿੰਦੇ ਹੋਏ 473 ਕਿਲੋਗ੍ਰਾਮ ਪਲਾਸਟਿਕ ਦੇ ਲਿਫਾਫੇ ਜ਼ਬਤ ਕੀਤੇ ਗਏ ਹਨ। ਇੰਜੀ. ਸੰਦੀਪ ਕੁਮਾਰ ਨੇ ਕਿਹਾ ਕਿ ਵਿਭਾਗੀ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਦੋਵਾਂ ਇਕਾਈਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ 'ਤੇ ਆਇਆ ਸਾਬਕਾ ਮੁੱਖ ਮੰਤਰੀ ਚੰਨੀ ਦਾ ਵੱਡਾ ਬਿਆਨ
ਪਾਬੰਦੀਸ਼ੁਦਾ ਪਲਾਸਟਿਕ ਦੇ ਲਿਫਾਫਿਆਂ ਦਾ ਕੰਮ ਨਾ ਕਰਨ ਦੀਆਂ ਹਦਾਇਤਾਂ
ਪੰਜਾਬ ਸਰਕਾਰ ਨੇ 1 ਅਪ੍ਰੈਲ 2016 ਤੋਂ ਸੂਬੇ 'ਚ ਪਾਬੰਦੀਸ਼ੁਦਾ ਪਲਾਸਟਿਕ ਦੇ ਲਿਫਾਫਿਆਂ ਦੇ ਨਿਰਮਾਣ, ਸਟਾਕ, ਵੰਡ, ਰੀ-ਸਾਈਕਲਿੰਗ, ਵਿਕਰੀ ਅਤੇ ਵਰਤੋਂ ’ਤੇ ਪੂਰੀ ਤਰ੍ਹਾਂ ਰੋਕ ਲਾਈ ਹੋਈ ਹੈ। ਉਨ੍ਹਾਂ ਹੋਰ ਉਦਯੋਗਾਂ ਨੂੰ ਹਦਾਇਤਾਂ ਦਿੰਦਿਆਂ ਕਿਹਾ ਕਿ ਪਾਬੰਦੀਸ਼ੁਦਾ ਪਲਾਸਟਿਕ ਦੇ ਲਿਫਾਫਿਆਂ ਦਾ ਨਿਰਮਾਣ ਅਤੇ ਸਟਾਕ ਨਾ ਕਰਨ, ਜੇਕਰ ਕੋਈ ਫੈਕਟਰੀ ਅਜਿਹਾ ਕਰਦੀ ਪਾਈ ਗਈ ਤਾਂ ਉਸ ਵਿਰੁੱਧ ਨਿਯਮਾਂ ਦਾ ਉਲੰਘਣ ਕਰਨ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪਲਾਸਟਿਕ ਦੇ ਲਿਫਾਫਿਆਂ ਦੇ ਨਿਰਮਾਣ ਅਤੇ ਸਟਾਕ ਕਰਨ ਵਾਲਿਆਂ ਖ਼ਿਲਾਫ਼ ਇਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8