550ਵਾਂ ਪ੍ਰਕਾਸ਼ ਪੁਰਬ: ਉਸਾਰੀ ਜਾ ਰਹੀ ਟੈਂਟ ਸਿਟੀ ਦਾ ਹਾਲ, ਭਰਿਆ ਮੀਂਹ ਦਾ ਪਾਣੀ

07/31/2019 3:48:14 PM

ਸੁਲਤਾਨਪੁਰ ਲੋਧੀ (ਸੋਢੀ)— ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਤਾਦਾਦ 'ਚ ਸੁਲਤਾਨਪੁਰ ਲੋਧੀ ਪੁੱਜਣ ਵਾਲੀਆਂ ਸੰਗਤਾਂ ਲਈ ਜਿੱਥੇ ਸ਼੍ਰੋਮਣੀ ਕਮੇਟੀ ਵੱਲੋਂ ਤਿਆਰੀਆਂ ਵੱਡੇ ਪੱਧਰ 'ਤੇ ਆਰੰਭੀਆਂ ਹੋਈਆਂ ਹਨ, ਉੱਥੇ ਹੀ ਪੰਜਾਬ ਸਰਕਾਰ ਵੀ ਸੰਗਤਾਂ ਦੀ ਰਿਹਾਇਸ਼ ਅਤੇ ਗੱਡੀਆਂ ਪਾਰਕਿੰਗ ਆਦਿ ਹੋਰ ਪ੍ਰਬੰਧਾਂ ਲਈ ਪੱਬਾਂ ਭਾਰ ਨਜ਼ਰ ਆ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਦੇਖ-ਰੇਖ 'ਚ ਸੁਲਤਾਨਪੁਰ ਲੋਧੀ ਵਿਖੇ ਟੈਂਟ ਸਿਟੀ, ਪਾਰਕਿੰਗ ਅਤੇ ਲੰਗਰ ਲਗਾਉਣ ਲਈ 879 ਏਕੜ ਜ਼ਮੀਨ ਰਾਖਵੀ ਰੱਖੀ ਗਈ ਹੈ, ਜਿਸ 'ਚੋਂ 400 ਏਕੜ ਦੇ ਕਰੀਬ ਜ਼ਮੀਨ 'ਤੇ ਟੈਂਟ ਸਿਟੀ ਬਣਾਏ ਜਾ ਰਹੇ ਹਨ।

ਸੁਲਤਾਨਪੁਰ ਲੋਧੀ ਨੂੰ ਆਉਦੀਆਂ ਮੁੱਖ ਸੜਕਾਂ 'ਤੇ 4 ਕਾਰ ਪਾਰਕਿੰਗਜ਼ ਬਣਾਈਆਂ ਜਾ ਰਹੀਆਂ ਹਨ। ਡਿਪਟੀ ਕਮਿਸ਼ਨਰ ਕਪੂਰਥਲਾ ਇੰਜੀਨੀਅਰ ਦਵਿੰਦਰਪਾਲ ਸਿੰਘ ਖਰਬੰਦਾ ਦੇ ਵਿਸ਼ੇਸ਼ ਉਪਰਾਲੇ ਸਦਕਾ ਸੁਲਤਾਨਪੁਰ ਲੋਧੀ-ਕਪੂਰਥਲਾ ਮੇਨ ਰੋਡ 'ਤੇ ਪਿੰਡ ਰਣਧੀਰਪੁਰ ਨਜ਼ਦੀਕ ਟੈਂਟ ਸਿਟੀ ਬਣਾਏ ਜਾਣ ਦਾ ਕੰਮ ਚੱਲ ਰਿਹਾ ਹੈ, ਜਿੱਥੇ ਸਰਕਾਰ ਵੱਲੋਂ ਠੇਕੇ 'ਤੇ ਲਈ ਗਈ 100 ਏਕੜ ਤੋਂ ਵੱਧ ਜ਼ਮੀਨ 'ਤੇ ਕਰਮਚਾਰੀਆਂ ਵੱਲੋਂ ਲੋਹੇ ਦੇ ਟੀਨ ਦੀਆਂ ਦੀਵਾਰਾਂ ਕਰ ਕੇ ਅੰਦਰ ਫਿਟਿੰਗ ਦਾ ਕੰਮ ਪਿਛਲੇ ਕੁਝ ਦਿਨਾਂ ਤੋਂ ਸ਼ੁਰੂ ਕੀਤਾ ਹੋਇਆ ਹੈ।
'ਜਗ ਬਾਣੀ' ਟੀਮ ਨੇ ਮੌਕੇ 'ਤੇ ਦੇਖਿਆ ਕਿ ਦੂਜੀ ਵੱਡਾ ਟੈਂਟ ਸਿਟੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਨੇੜੇ ਪਿੰਡ ਮਾਛੀਜੋਆ, ਮੁੱਲਾਂਕਾਲਾ ਆਦਿ ਪਿੰਡਾਂ ਦੀ ਜ਼ਮੀਨ ਦੀ ਚਾਰਦੀਵਾਰੀ ਕਰਕੇ ਟੈਂਟ ਸਿਟੀ ਬਣਾਉਣ ਲਈ ਮੁਢਲਾ ਢਾਂਚਾ ਉਸਾਰਨਾ ਸ਼ੁਰੂ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਤਲਵੰਡੀ ਚੌਧਰੀਆਂ ਰੋਡ 'ਤੇ ਪਿੰਡ ਮੁਕਟਰਾਮਵਾਲਾ ਨਜ਼ਦੀਕ ਤੀਸਰਾ ਟੈਂਟ ਸਿਟੀ ਬਣਾਇਆ ਜਾਣਾ ਹੈ, ਜਿੱਥੇ ਹਾਲੇ ਕੰਮ ਸ਼ੁਰੂ ਨਹੀਂ ਕੀਤਾ ਜਾ ਸਕਿਆ ਹੈ।

PunjabKesari
ਬੇਬੇ ਨਾਨਕੀ ਅਰਬਨ ਅਸਟੇਟ ਸੁਲਤਾਨਪੁਰ ਲੋਧੀ ਦੇ ਸਾਹਮਣੇ ਪਿੰਡ ਮਾਛੀਜੋਆ ਵਿਖੇ ਜਾ ਕੇ ਦੇਖਿਆ ਕਿ ਮੀਂਹ ਦਾ ਅੱਧਾ-ਅੱਧਾ ਫੁੱਟ ਅਤੇ ਕਿਤੇ ਨੀਵੀਆਂ ਥਾਵਾਂ 'ਤੇ ਫੁੱਟ-ਫੁੱਟ ਭਰਿਆ ਪਾਣੀ ਟੈਂਟ ਸਿਟੀ ਬਣਾਉਣ ਲਈ ਆਈ ਟੀਮ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਹੈ। ਪਾਣੀ ਭਰ ਜਾਣ ਕਾਨ ਇਥੇ ਕੰਮ ਕਾਫੀ ਹੌਲੀ ਚੱਲ ਰਿਹਾ ਹੈ। ਇਸੇ ਹੀ ਤਰ੍ਹਾਂ ਪਿੰਡ ਰਣਧੀਰਪੁਰ ਨੇੜਲੇ ਥਾਂ ਵਿਚ ਵੀ ਵੇਈਂ ਨੇੜਲੇ ਨੀਵੇਂ ਰਕਬੇ ਵਿਚ ਮੀਂਹ ਦਾ ਪਾਣੀ ਕਾਫੀ ਭਰ ਗਿਆ ਸੀ, ਜਿਸ ਕਾਰਨ ਇਥੇ ਕੰਮ ਕਰਦੇ ਕਰਮਚਾਰੀਆਂ ਲਈ ਵੀ ਕਾਫੀ ਮੁਸ਼ਕਲ ਸਾਹਮਣੇ ਆ ਰਹੀ ਹੈ।

ਡੀ. ਸੀ. ਵੱਲੋਂ ਸੰਗਤਾਂ ਲਈ ਪੈਲਸ, ਸਕੂਲ ਅਤੇ ਹੋਟਲ ਰਾਖਵੇਂ ਰੱਖਣ ਲਈ ਹਦਾਇਤ
ਡਿਪਟੀ ਕਮਿਸ਼ਨਰ ਇੰਜੀ. ਦਵਿੰਦਰਪਾਲ ਸਿੰਘ ਖਰਬੰਦਾ ਨੇ ਦੱਸਿਆ ਕਿ 550ਵੇਂ ਪ੍ਰਕਾਸ਼ ਪੁਰਬ ਮੌਕੇ 40 ਲੱਖ ਤੋਂ ਵੱਧ ਸੰਗਤਾਂ ਦੇ ਸੁਲਤਾਨਪੁਰ ਲੋਧੀ ਪੁੱਜਣ ਦਾ ਅਨੁਮਾਨ ਹੈ, ਜਿਨ੍ਹਾਂ ਦੀ ਰਿਹਾਇਸ਼ ਲਈ ਟੈਂਟ ਸਿਟੀ ਤੋਂ ਇਲਾਵਾ ਨੇੜਲੇ ਸ਼ਹਿਰਾਂ ਤੇ ਇਲਾਕਿਆਂ ਦੇ ਪੈਲਸ, ਹੋਟਲ, ਸਕੂਲ ਤੇ ਹੋਰ ਘਰੇਲੂ ਹਾਲ ਆਦਿ ਰਾਖਵੇਂ ਰੱਖਣ ਲਈ ਵੀ ਕਿਹਾ ਗਿਆ ਹੈ। ਸੁਲਤਾਨਪੁਰ ਲੋਧੀ ਦੇ ਚਾਰੇ ਪਾਸੇ ਗੱਡੀਆਂ ਲਈ ਵੱਡੀਆਂ ਪਾਰਕਿੰਗਜ਼ ਬਣਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦੇ ਨਾਲ ਦੋਵੇਂ ਪਾਸੇ ਦੋ-ਦੋ ਲੰਗਰ ਲਾਉਣ ਲਈ ਥਾਵਾਂ ਸੰਤਾਂ-ਮਹਾਪੁਰਸ਼ਾਂ ਨੂੰ ਅਲਾਟ ਕੀਤੀਆਂ ਗਈਆਂ ਹਨ। ਸੰਗਤਾਂ ਦੀ ਸਿਹਤ ਸਹੂਲਤ ਲਈ ਸਰਕਾਰ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ ਅਤੇ ਲੋੜਵੰਦਾਂ ਨੂੰ ਸਾਰੀਆਂ ਦਵਾਈਆਂ ਆਦਿ ਮੁਫਤ ਦਿੱਤੀਆਂ ਜਾਣਗੀਆਂ।

PunjabKesari
ਬਾਹਰੋਂ ਆਈਆਂ ਸੰਗਤਾਂ ਦੇ ਬਣਾਏ ਜਾਣਗੇ ਪਛਾਣ ਕਾਰਡ
550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ 'ਚ ਸ਼ਾਮਲ ਹੋਣ ਅਤੇ ਗੁਰੂ ਨਗਰੀ 'ਚ ਨਤਮਸਤਕ ਹੋਣ ਲਈ ਆਏ ਸ਼ਰਧਾਲੂਆਂ ਦੇ ਪਛਾਣ ਕਾਰਡ ਬਣਾਏ ਜਾਣਗੇ, ਜਿਨ੍ਹਾਂ 'ਤੇ ਉਨ੍ਹਾਂ ਦੀ ਰਿਹਾਇਸ਼ ਦਾ ਟਿਕਾਣਾ ਵੀ ਦਰਜ ਹੋਵੇਗਾ ਤਾਂ ਜੋ ਕਿਸੇ ਸ਼ਰਧਾਲੂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਇਸ ਤੋਂ ਇਲਾਵਾ ਐੱਨ. ਆਰ. ਆਈ. ਸੰਗਤ ਲਈ ਆਨਲਾਈਨ ਬੁਕਿੰਗ ਸੈਂਟਰ ਬਣਾਇਆ ਜਾਵੇਗਾ ਤੇ ਉਹ ਆਪਣੀ ਰਿਹਾਇਸ਼ ਬਾਰੇ ਬੁਕਿੰਗ ਕਰਵਾ ਸਕਣਗੇ।

ਪ੍ਰਸ਼ਾਸਨ ਵੱਲੋਂ ਬਣਾਇਆ ਜਾਵੇਗਾ ਇਕ ਕੰਟਰੋਲ ਰੂਮ
ਸੰਗਤਾਂ ਦੀ ਸਹੂਲਤ ਲਈ ਪ੍ਰਸ਼ਾਸਨ ਵੱਲੋਂ ਸ਼ਹਿਰ 'ਚ ਇਕ ਕੰਟਰੋਲ ਰੂਮ ਬਣਾਇਆ ਜਾਵੇਗਾ, ਜਿੱਥੋਂ ਸਾਰੀ ਜਾਣਕਾਰੀ ਮੁਹੱਈਆ ਕੀਤੀ ਜਾਵੇਗੀ। ਡੀ. ਸੀ. ਕਪੂਰਥਲਾ ਨੇ ਦੱਸਿਆ ਕਿ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਆਪੋ-ਆਪਣੇ ਵਿਭਾਗ ਦੇ ਕਾਰਜਾਂ ਨੂੰ ਸਮੇਂ-ਸਿਰ ਮੁਕੰਮਲ ਕਰਨ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ। ਅਧਿਕਾਰੀਆਂ ਦੀਆਂ ਵੱਡੀ ਪੱਧਰ 'ਤੇ ਹੋਈਆਂ ਮੀਟਿੰਗਾਂ ਵਿਚ ਪ੍ਰਸ਼ਾਸਨ ਨੇ ਆਪਣਾ ਸਾਰਾ ਪਲਾਨ ਤਿਆਰ ਕਰ ਲਿਆ ਹੈ। ਬਕਾਇਦਾ ਨਕਸ਼ਾ ਤਿਆਰ ਕਰ ਕੇ ਰੂਟ ਬਣਾਏ ਗਏ ਹਨ। ਵੀ. ਆਈ. ਪੀ. ਮਾਰਗਾਂ ਦੀ ਵੀ ਤਿਆਰੀ ਕਰਵਾਈ ਜਾ ਰਹੀ ਹੈ।


shivani attri

Content Editor

Related News