ਤਖਤ ਹਜ਼ੂਰ ਸਾਹਿਬ ਦੇ ਜਥੇਦਾਰ ਦੇ ਅਕਾਲ ਚਲਾਨਾ ਹੋਣ ਸਬੰਧੀ ਵਾਇਰਲ ਹੋਈ ਖਬਰ ਨਿਕਲੀ ਝੂਠੀ

03/21/2020 4:26:49 PM

ਫਗਵਾੜਾ (ਹਰਜੋਤ)— ਤਖਤ ਸ੍ਰੀ ਹਜ਼ੂਰ ਸਾਹਿਬ ਜੀ ਦੇ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਦੇ ਚੋਲਾ ਛੱਡ ਜਾਣ ਸਬੰਧੀ ਬੀਤੀ ਰਾਤ ਤੋਂ ਸੋਸ਼ਲ ਮੀਡੀਆ 'ਤੇ ਵਟਸਐਪ ਗਰੁੱਪਾਂ 'ਚ ਵਾਇਰਲ ਹੋ ਰਹੀ ਖਬਰ ਪੂਰੀ ਤਰ੍ਹਾਂ ਝੂਠ ਹੈ ਅਤੇ ਬਾਬਾ ਕੁਲਵੰਤ ਸਿੰਘ ਜੀ ਪੂਰੀ ਤਰ੍ਹਾਂ ਤੰਦਰੁਸਤ ਹਨ। ਇਸ ਪ੍ਰਗਟਾਵਾ ਕਰਦੇ ਹੋਏ ਤਖਤ ਸਾਹਿਬ ਪ੍ਰਬੰਧਕ ਕਮੇਟੀ ਦੇ ਓ. ਐੱਸ. ਡੀ. ਸਰਦਾਰ ਡੀ. ਪੀ. ਸਿੰਘ ਨੇ ਦੱਸਿਆ ਕਿ ਬਾਬਾ ਜੀ ਪੂਰੀ ਤਰ੍ਹਾਂ ਤੰਦਰੁਸਤ ਹਨ ਅਤੇ ਇਹ ਕਿਸੇ ਵੱਲੋਂ ਝੂਠੀ ਖਬਰ ਫੈਲਾਈ ਗਈ ਹੈ, ਜਿਸ ਉੱਤੇ ਕੋਈ ਭਰੋਸਾ ਨਾ ਕੀਤਾ ਜਾਵੇ।

ਦੱਸਣਯੋਗ ਹੈ ਕਿ ਬੀਤੇ ਦਿਨੀਂ ਇਕ ਆਡੀਓ ਵਾਇਰਲ ਹੋਈ ਸੀ, ਜਿਸ 'ਚ ਕਿਹਾ ਗਿਆ ਸੀ ਕਿ ਤਖਤ ਸ੍ਰੀ ਹਜ਼ੂਰ ਸਾਹਿਬ ਜੀ ਜਥੇਦਾਰ ਦਾ ਦਿਹਾਂਤ ਹੋ ਗਿਆ ਹੈ। ਆਡੀਓ 'ਚ ਇਹ ਵੀ ਦੱਸਿਆ ਗਿਆ ਸੀ ਕਿ ਕੁਲਵੰਤ ਸਿੰਘ ਜੀ ਨੇ ਬੀਤੇ ਦਿਨ ਪੱਤੀ 'ਚ ਨਮਕ ਅਤੇ ਅਦਰਕ ਪਾ ਕੇ ਪੀਣ ਦਾ ਆਖਰੀ ਵਚਨ ਦਿੱਤਾ ਸੀ। ਇਹ ਆਡੀਓ ਅੱਗ ਵਾਂਗੂ ਵਟਸਐਪ 'ਤੇ ਵਾਇਰਲ ਕੀਤੀ ਗਈ ਸੀ।

ਕੁਲਵੰਤ ਸਿੰਘ ਜੀ ਦੇ ਚੋਲਾ ਛੱਡ ਜਾਣ ਸਬੰਧੀ ਵਾਇਰਲ ਹੋਈ ਆਡੀਓ ਵਾਇਰਲ ਹੋਣ ਤੋਂ ਬਾਅਦ ਤਖਤ ਸਾਹਿਬ ਪ੍ਰਬੰਧਕ ਕਮੇਟੀ ਦੇ ਓ. ਐੱਸ. ਡੀ. ਸਰਦਾਰ ਡੀ. ਪੀ. ਸਿੰਘ ਨੇ ਸੱਚਾਈ ਸਾਹਮਣੇ ਲਿਆਉਂਦੇ ਹੋਏ ਇਸ ਖਬਰ ਨੂੰ ਝੂਠਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਾਬਾ ਕੁਲਵੰਤ ਸਿੰਘ ਜੀ ਪੂਰੀ ਤਰ੍ਹਾਂ ਠੀਕ ਹਨ ਅਤੇ ਝੂਠੀ ਖਬਰ 'ਤੇ ਕੋਈ ਵੀ ਯਕੀਨ ਨਾ ਕੀਤਾ ਜਾਵੇ।


shivani attri

Content Editor

Related News