ਪਵਿੱਤਰ ਨਗਰੀ ਦੀ ਹਦੂਦ ''ਚ ਫਿਰ ਸ਼ਰਾਬ ਦੇ ਠੇਕੇ ਖੋਲ੍ਹਣ ''ਤੇ ਸਤਿਕਾਰ ਕਮੇਟੀ ਨੇ ਸਰਕਾਰ ਨੂੰ ਦਿੱਤੀ ਚਿਤਾਵਨੀ

06/09/2020 11:58:30 AM

ਸੁਲਤਾਨਪੁਰ ਲੋਧੀ (ਸੋਢੀ)— ਪਵਿੱਤਰ ਨਗਰੀ ਦੀ ਹਦੂਦ 'ਚ ਫਿਰ ਤੋਂ ਸ਼ਰਾਬ ਦੇ ਠੇਕੇ ਖੋਲ੍ਹਣ 'ਤੇ ਸਤਿਕਾਰ ਕਮੇਟੀ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ।  ਦਰਅਸਲ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਦੇ ਮੁਖੀ ਆਗੂਆਂ ਬਾਬਾ ਲਖਵੀਰ ਸਿੰਘ ਮਹਾਲਮ,ਬਾਬਾ ਸੁਖਜੀਤ ਸਿੰਘ ਖੋਸੇ, ਬਾਬਾ ਦਿਲਬਾਗ ਸਿੰਘ, ਬਾਬਾ ਬਲਕਾਰ ਸਿੰਘ ਦੀ ਅਗਵਾਈ 'ਚ ਵੱਖ-ਵੱਖ ਧਾਰਮਿਕ ਆਗੂਆਂ ਸੂਬਾ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ 'ਚ ਫਿਰ ਸ਼ਹਿਰ ਦੇ ਸਵਾਗਤੀ ਗੇਟਾਂ ਹਦੂਦ ਦੇ ਅੰਦਰ ਗੁਰੂ ਨਗਰੀ ਦੇ ਮੁੱਖ ਮਾਰਗ ਤਲਵੰਡੀ ਰੋਡ 'ਤੇ ਸ਼ਰਾਬ ਦੇ ਠੇਕੇ ਖੋਲ੍ਹਣ ਦਾ ਤਿੱਖਾ ਵਿਰੋਧ ਕੀਤਾ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜਾਂ ਤਾਂ ਪਵਿੱਤਰ ਨਗਰੀ 'ਚ ਸਵਾਗਤੀ ਗੇਟਾਂ ਦੇ ਅੰਦਰ ਖ੍ਹੋਲੇ ਸ਼ਰਾਬ ਦੇ ਠੇਕੇ ਬੰਦ ਕੀਤੇ ਜਾਣ ਨਹੀਂ ਤਾਂ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਗੰਭੀਰ ਨਤੀਜੇ ਭੁਗਤਣੇ ਪੈਣਗੇ ।

PunjabKesari

ਸਤਿਕਾਰ ਕਮੇਟੀ ਦੇ ਆਗੂ ਭਾਈ ਸੁਖਜੀਤ ਸਿੰਘ ਖੋਸੇ ਨੇ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਪਿਛਲੇ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵੱਲੋਂ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ 'ਚੋਂ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਲਈ ਸੂਬਾ ਪੱਧਰੀ ਸ਼ੰਘਰਸ਼ ਆਰੰਭਿਆ ਗਿਆ ਸੀ, ਜਿਸ ਨੂੰ ਪੂਰੀ ਦੁਨੀਆ ਦੇ ਸਿੱਖਾਂ ਅਤੇ ਹੋਰ ਧਰਮਾਂ ਦੇ ਲੋਕਾਂ ਸਮਰਥਨ ਕੀਤਾ ਸੀ । ਇਸ ਸਮੇਂ ਬਾਬਾ ਲਖਵੀਰ ਸਿੰਘ ਮਹਾਲਮ ਵੱਲੋਂ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਸੀ, ਜਿਸ ਨੂੰ ਪਹਿਲਾਂ ਪੁਲਸ ਵੱਲੋਂ ਜਬਰਨ ਚੁੱਕ ਲਿਆ ਗਿਆ ਪਰ ਬਾਅਦ 'ਚ ਸਰਕਾਰ ਵੱਲੋਂ ਆਏ ਨੁਮਾਇੰਦੇ ਵਜੋਂ ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਸ੍ਰੀ ਨਵਤੇਜ ਸਿੰਘ ਚੀਮਾ, ਸਾਬਕਾ ਮੰਤਰੀ ਇੰਦਰਜੀਤ ਸਿੰਘ ਜੀਰਾ ਨੇ ਹੋਰ ਲੋਕਲ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਆਗੂਆਂ ਨਾਲ ਇਹ ਵਾਅਦਾ ਕੀਤਾ ਸੀ ਕਿ 31 ਮਾਰਚ ਤੋਂ ਬਾਅਦ ਸਾਰੇ ਠੇਕੇ ਸਵਾਗਤੀ ਗੇਟ ਦੇ ਬਾਹਰ ਮੇਨ ਰੋਡ ਤੋਂ ਦੂਰ ਖੋਲ੍ਹੇ ਜਾਣ ਦੀ ਆਗਿਆ ਦਿੱਤੀ ਜਾਵੇਗੀ। ਭਾਈ ਖੋਸੇ ਅਤੇ ਭਾਈ ਮਹਾਲਮ ਨੇ ਦੱਸਿਆ ਕਿ ਹੁਣ ਸਰਕਾਰ ਅਤੇ ਵਿਧਾਇਕ ਆਪਣੇ ਵਾਅਦੇ ਤੋਂ ਮੁੱਕਰ ਰਹੇ ਹਨ ਅਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ 'ਚ ਕੀਤੀ ਅਰਦਾਸ ਨੂੰ ਵੀ ਭੁਲਾ ਦਿੱਤਾ ਹੈ ਅਤੇ ਮੁੜ ਤਲਵੰਡੀ ਰੋਡ 'ਤੇ ਸੁਲਤਾਨਪੁਰ ਲੋਧੀ 'ਚ ਪਹਿਲਾਂ ਨਾਲੋਂ ਵੀ ਅੰਦਰ ਸ਼ਹਿਰ ਵਾਲੇ ਪਾਸੇ ਠੇਕਾ ਖੋਲ੍ਹ ਦਿੱਤਾ ਗਿਆ ਹੈ, ਜਿਸ ਕਾਰਨ ਸਿੱਖ ਸੰਗਤਾਂ 'ਚ ਭਾਰੀ ਰੋਸ ਦੀ ਲਹਿਰ ਹੈ। 

ਉਨ੍ਹਾਂ ਜ਼ਿਲ੍ਹਾ ਕਪੂਰਥਲਾ ਦੇ ਡਿਪਟੀ ਕਮਿਸ਼ਨਰ, ਐੱਸ. ਐੱਸ. ਪੀ. ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਦੇ ਐੱਸ. ਡੀ. ਐੱਮ. ਨੂੰ ਵੀ ਅਪੀਲ ਕੀਤੀ ਕਿ ਪਵਿੱਤਰ ਸ਼ਹਿਰ ਦੀ ਹਦੂਦ 'ਚ ਸਵਾਗਤੀ ਗੇਟ ਦੇ ਅੰਦਰ ਖੋਲ੍ਹੇ ਠੇਕੇ ਤੁਰੰਤ ਬਾਹਰ ਭੇਜੇ ਜਾਣ ਨਹੀ ਤਾਂ ਸਤਿਕਾਰ ਕਮੇਟੀ ਖਾਲਸਾ ਰਵਾਇਤ ਅਨੁਸਾਰ ਕਾਰਵਾਈ ਕਰਨਗੇ, ਜਿਸ ਦੀ ਜ਼ਿੰਮੇਵਾਰੀ ਸੂਬਾ ਸਰਕਾਰ, ਹਲਕਾ ਵਿਧਾਇਕ ਅਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਸਮੇਂ ਉਨ੍ਹਾਂ ਨਾਲ ਉਕਤ ਤੋਂ ਇਲਾਵਾ ਭਾਈ ਗੁਰਮੇਜ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਕੁਲਵਿੰਦਰ ਸਿੰਘ, ਭਾਈ ਹਰਮਿੰਦਰ ਸਿੰਘ, ਸਾਹਿਬ ਸਿੰਘ ਆਦਿ ਨੇ ਸ਼ਿਰਕਤ ਕੀਤੀ।


shivani attri

Content Editor

Related News