ਫਿਲੌਰ ਦੀ ਉੱਚੀ ਘਾਟੀ ਤੋਂ ਬਦਨਾਮ ਸਮੱਗਲਰ ਸਾਥੀਆਂ ਸਮੇਤ ਗ੍ਰਿਫਤਾਰ

Tuesday, Dec 03, 2024 - 06:48 PM (IST)

ਫਿਲੌਰ, (ਭਾਖੜੀ)- ਉੱਚੀ ਘਾਟੀ 'ਚ ਬਦਨਾਮ ਸਮੱਗਲਰ ਵਿਜੇ ਮਸੀਹ ਨੂੰ ਗ੍ਰਿਫਤਾਰ ਕਰਨ ਲਈ ਗਈ ਫਿਲੌਰ ਥਾਣੇ ਦੀ ਪੁਲਸ ਨਾਲ ਹੰਗਾਮਾ ਹੋ ਗਿਆ। ਜਾਣਕਾਰੀ ਅਨੁਸਾਰ ਹੰਗਾਮੇ ਦੌਰਾਨ ਪੁਲਸ ’ਤੇ ਪਥਰਾਅ ਵੀ ਕੀਤਾ ਗਿਆ ਪਰ ਖ਼ਬਰ ਲਿਖੇ ਜਾਣ ਤੱਕ ਪੁਲਸ ਵੱਲੋਂ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਸੀ।

ਐੱਸ.ਐੱਸ.ਪੀ. ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਸਮੱਗਲਰ ਵਿਜੇ ਮਸੀਹ ਬਾਰੇ ਗੁਪਤ ਸੂਚਨਾ ਮਿਲੀ ਸੀ। ਉਸ ਨੂੰ ਫੜਨ ਲਈ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ ਅਤੇ ਉਸ ਨੂੰ ਸਾਥੀਆਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਵਿਜੇ ਮਸੀਹ ਖ਼ਿਲਾਫ਼ ਕਈ ਜ਼ਿਲ੍ਹਿਆਂ ਵਿੱਚ ਨਸ਼ਾ ਤਸਕਰੀ ਅਤੇ ਅਸਲਾ ਐਕਟ ਤਹਿਤ 25 ਤੋਂ ਵੱਧ ਕੇਸ ਦਰਜ ਹਨ। ਉਹ ਲੰਬੇ ਸਮੇਂ ਤੋਂ ਪੁਲਸ ਨੂੰ ਚਕਮਾ ਦੇ ਕੇ ਭੱਜ ਰਿਹਾ ਸੀ। 

ਪੁਲਸ ਨੂੰ ਪਤਾ ਲੱਗਿਆ ਕਿ ਮੁਲਜ਼ਮ ਉੱਚੀ ਘਾਟੀ ਵਾਲੇ ਇਲਾਕੇ ਵਿੱਚ ਲੁਕਿਆ ਹੋਇਆ ਸੀ। ਪੁਲਸ ਨੇ ਦੇਰ ਸ਼ਾਮ ਮੌਕੇ ’ਤੇ ਛਾਪਾ ਮਾਰ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ। ਜਾਣਕਾਰੀ ਅਨੁਸਾਰ ਪੁਲਸ 'ਤੇ ਹੋਏ ਹਮਲੇ ਦੌਰਾਨ ਪੁਲਸ ਮੁਲਾਜ਼ਮਾਂ ਨੂੰ ਵੀ ਸੱਟਾਂ ਲੱਗੀਆਂ ਹਨ। ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਅਤੇ ਪੁਲਸ ਬਲ ਤਾਇਨਾਤ ਕਰ ਦਿੱਤਾ ਗਿਆ। ਪੁਲਸ ਹਮਲਾਵਰਾਂ ਦੀ ਪਛਾਣ ਕਰ ਰਹੀ ਹੈ। 

ਦੇਰ ਰਾਤ ਤੱਕ ਪੁਲਸ ਨੇ ਵਿਜੇ ਤੇ ਉਸ ਦੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਦੋਂ ਦੂਸਰਾਂ ਪੱਖ ਵਿਜੇ ਮਸੀਹ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਮੈਨੂੰ ਕੁਝ ਮੋਹਤਵਾਰ ਵਿਅਕਤੀ ਮੈਨੂੰ ਪੁਲਸ ਥਾਣੇ 'ਚ ਪੇਸ਼ ਕਰਾਉਣਾ ਚਾਹੁੰਦੇ ਸੀ, ਉਸ ਤੋਂ ਪਹਿਲਾਂ ਹੀ ਪੁਲਸ ਪਾਰਟੀ ਦੇ ਨਾਲ ਆਣ ਕੇ ਮੈਨੂੰ ਧੱਕੇ ਨਾਲ ਮੈਨੂੰ ਕੁੱਟ ਮਾਰ ਕੀਤੀ ਮੇਰੀ ਲੱਤ ਤੇ ਬਾਂਹ ਤੋੜੀ, ਉਸ ਤੋਂ ਬਾਅਦ ਮੇਰੇ 'ਤੇ ਹਮਲਾ ਕੀਤਾ, ਮੇਰੇ ਸੀਸੀਟੀਵੀ ਕੈਮਰੇ ਭੰਨ ਦਿੱਤੇ ਗਏ। ਪ੍ਰਸ਼ਾਸਨ ਨੇ ਮੇਰੇ ਨਾਲ ਕਾਫੀ ਧੱਕਾ ਕੀਤਾ।

ਜਦੋਂ ਐੱਸ.ਐੱਚ.ਓ. ਸੰਜੀਵ ਕਪੂਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹਦੇ 'ਤੇ ਪਹਿਲਾਂ ਵੀ ਕਈ ਪੁਰਾਣੇ ਮੁਕੱਦਮੇ ਚੱਲ ਰਹੇ ਹਨ। ਇਸ ਉੱਪਰ ਪੁਰਾਣੇ ਮੁਕੱਦਮੇਂ ਕਾਰਨ ਪੁਲਸ ਅਰੈਸਟ ਕਰਨ ਗਏ ਸੀ ਪਰ ਇਹਨੇ ਪੁਲਸ ਉੱਤੇ ਹਮਲਾ ਕੀਤਾ। ਹਮਲੇ 'ਚ ਕਈ ਪੁਲਸ ਮੁਲਾਜ਼ਮ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਫਿਲੌਰ ਸਿਵਿਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।


Rakesh

Content Editor

Related News