ਚੋਰੀ ਦੇ ਮਾਮਲੇ ''ਚ 9 ਦਿਨ ਬੀਤਣ ਦੇ ਬਾਵਜੂਦ ਜਾਦੂਈ ਜਿੰਨ ਦੀ ਭਾਲ ''ਚ ਪੁਲਸ

02/24/2020 5:01:43 PM

ਜਲੰਧਰ (ਸ਼ੋਰੀ)— ਲਗਦਾ ਹੈ ਕਿ ਇਨ੍ਹੀਂ ਦਿਨੀਂ ਥਾਣਾ ਨੰ. 5 ਦੇ ਇਲਾਕੇ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੈ। ਇਲਾਕੇ 'ਚ ਲੁੱਟ-ਚੋਰੀ ਦੀਆਂ ਵਾਰਦਾਤਾਂ 'ਤੇ ਨਕੇਲ ਵੀ ਨਹੀਂ ਕੱਸੀ ਜਾ ਰਹੀ ਅਤੇ ਵਾਰਦਾਤਾਂ ਨੂੰ ਟਰੇਸ ਕਰਨ 'ਚ ਪੁਲਸ ਅਸਫਲ ਸਾਬਤ ਹੋ ਚੁੱਕੀ ਹੈ। ਸ਼ਾਇਦ ਥਾਣਾ ਨੰ. 5 ਦੀ ਪੁਲਸ ਅੱਲਾਦੀਨ ਦੇ ਜਾਦੂਈ ਚਿਰਾਗ ਦੀ ਭਾਲ ਕਰ ਰਹੀ ਹੈ, ਤਾਂ ਜੋ ਚਿਰਾਗ ਲੱਭਣ ਤੋਂ ਬਾਅਦ ਜਿੰਨ ਬਾਹਰ ਆ ਕੇ ਉਨ੍ਹਾਂ ਨੂੰ ਚੋਰਾਂ ਦੇ ਬਾਰੇ 'ਚ ਜਾਣਕਾਰੀ ਦੇਣ। ਥਾਣਾ ਨੰ. 5 ਦੀ ਕੁਝ ਦੂਰੀ 'ਤੇ ਹੀ ਸਥਿਤ ਬਸਤੀ ਸ਼ੇਖ ਮੇਨ ਰੋਡ ਮਹਿਤਾ ਟੈਲੀਕਾਮ ਦਾ ਸ਼ਟਰ ਉਖਾੜ ਕੇ ਚੋਰਾਂ ਨੇ ਮਹਿੰਗੇ ਸਮਾਰਟ ਫੋਨ ਜਿਨ੍ਹਾਂ ਦੀ ਕੀਮਤ ਕਰੀਬ 9.83 ਲੱਖ ਤੱਕ ਦੱਸੀ ਜਾ ਰਹੀ ਹੈ ਉਕਤ ਫੋਨ ਚੋਰਾਂ ਨੇ ਚੋਰੀ ਕਰ ਲਏ ਸਨ।

ਪੁਲਸ ਮਾਮਲੇ ਨੂੰ ਟਰੇਸ ਕਰ ਸਕੇ ਇਸ ਲਈ ਦੁਕਾਨ ਮਾਲਕ ਦਿਨੇਸ਼ ਮਹਿਤਾ ਨੇ ਪੁਲਸ ਨੂੰ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਵੀ ਸੌਂਪੀ ਸੀ ਅਤੇ ਉਨ੍ਹਾਂ ਨੂੰ ਆਸ ਸੀ ਕਿ ਉਨ੍ਹਾਂ ਦੀ ਦੁਕਾਨ 'ਚੋਂ ਹੋਈ ਚੋਰੀ ਪੁਲਸ ਟਰੇਸ ਕਰ ਸਕੇਗੀ ਪਰ ਅਜਿਹਾ ਨਹੀਂ ਹੋ ਸਕਿਆ। ਉਥੇ ਹੀ ਇਸ ਸਬੰਧ 'ਚ ਥਾਣਾ ਨੰ. 5 ਦੇ ਐੱਸ. ਐੱਚ. ਓ. ਸਬ ਇੰਸਪੈਕਟਰ ਰਵਿੰਦਰ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਪੁਲਸ ਦੇ ਹੱਥ ਅਜਿਹਾ ਕੋਈ ਸੁਰਾਗ ਨਹੀਂ ਲੱਗ ਸਕਿਆ, ਜਿਸ ਨਾਲ ਚੋਰ ਟਰੇਸ ਹੋ ਸਕਣ।

ਪੁਲਸ ਸੌਂ ਰਹੀ ਹੈ... ਕੌਂਸਲਰ ਓਂਕਾਰ ਰਾਜੀਵ
ਦੂਜੇ ਪਾਸੇ ਪੁਲਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਵਾਰਡ ਨੰ. 38 ਦੇ ਕਾਂਗਰਸੀ ਕੌਂਸਲਰ ਓਂਕਾਰ ਰਾਜੀਵ ਨੇ ਨਾਰਾਜ਼ਗੀ ਜਤਾਈ ਹੈ ਅਤੇ ਕਿਹਾ ਹੈ ਕਿ ਥਾਣਾ ਨੰ. 5 ਦੇ ਇਲਾਕੇ 'ਚ ਦੁਕਾਨਦਾਰਾਂ ਦਾ ਬਿਜ਼ਨੈੱਸ ਕਰਨਾ ਮੁਸ਼ਕਲ ਹੋ ਰਿਹਾ ਹੈ, ਅਜਿਹੀ ਵੱਡੀ ਚੋਰੀ ਦੀ ਘਟਨਾ ਤੋਂ ਦੁਕਾਨਦਾਰ ਡਰੇ ਹੋਏ ਹਨ। ਪੁਲਸ ਦੇ ਭਰੋਸੇ ਹੀ ਉਹ ਦੁਕਾਨਾਂ ਬੰਦ ਕਰਦੇ ਹਨ। ਪੁਲਸ ਸੌਂ ਰਹੀ ਹੈ ਅਤੇ ਲੋਕਾਂ ਦੀ ਸੁਰੱਖਿਆ ਦੀ ਕੋਈ ਗਰੰਟੀ ਨਹੀਂ ਰਹੀ, ਕੱਲ ਨੂੰ ਕੋਈ ਦੂਜੀ ਵੱਡੀ ਵਾਰਦਾਤ ਹੋ ਜਾਵੇ ਤਾਂ ਇਸ ਦੀ ਜ਼ਿੰਮੇਦਾਰੀ ਕਿਸ ਦੀ ਹੈ।

ਇਧਰ ਬਸਤੀ ਸ਼ੇਖ 'ਚ ਲੜਕੀ ਨਾਲ ਪੁਲਸ ਦੀ ਬਹਿਸ
ਉਥੇ ਹੀ ਦੱਸਿਆ ਜਾ ਰਿਹਾ ਹੈ ਕਿ ਬਸਤੀ ਸ਼ੇਖ ਦੇ ਸੰਤਰਾ ਮੁਹੱਲਾ 'ਚ ਬੀਤੀ ਰਾਤ ਪੁਲਸ ਕਥਿਤ ਤੌਰ 'ਤੇ ਨਸ਼ੇ ਦਾ ਕੰਮ ਕਰਨ ਵਾਲੇ ਦੇ ਘਰ ਛਾਪਾਮਾਰੀ ਕਰਨ ਪਹੁੰਚੀ ਅਤੇ ਉਥੇ ਨੌਜਵਾਨ ਦੀ ਭੈਣ ਨਾਲ ਪੁਲਸ ਵਾਲਿਆਂ ਨੇ ਬਦਤਮੀਜ਼ੀ ਤੱਕ ਕੀਤੀ। ਹਾਲਾਂਕਿ ਬਿਨਾਂ ਮਹਿਲਾ ਪੁਲਸ ਕਰਮਚਾਰੀ ਦੇ ਨਾਲ ਪੁਲਸ ਦਾ ਘਰ 'ਚ ਜਾਣਾ ਵੀ ਇਲਾਕੇ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪੁਲਸ ਸੂਤਰਾਂ ਦੀ ਮੰਨੀਏ ਤਾਂ ਔਰਤ ਇਸ ਗੱਲ ਦੀ ਸ਼ਿਕਾਇਤ ਸੀਨੀਅਰ ਪੁਲਸ ਅਧਿਕਾਰੀਆਂ ਨੂੰ ਵੀ ਕਰ ਸਕਦੀ ਹੈ। ਹਾਲਾਂਕਿ ਥਾਣਾ ਨੰ. 5 ਦੇ ਐੱਸ. ਐੱਚ. ਓ. ਰਵਿੰਦਰ ਕੁਮਾਰ ਦਾ ਕਹਿਣਾ ਹੈ ਕਿ ਅਜਿਹਾ ਕੋਈ ਮਾਮਲਾ ਨਹੀਂ ਹੋਇਆ ਅਤੇ ਦੂਜੇ ਪਾਸੇ ਇਲਾਕੇ ਦੇ ਲੋਕਾਂ ਦਾ ਕਹਿਣਾ ਸੀ ਕਿ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ 'ਚ ਵੀ ਪੁਲਸ ਮੁਹੱਲੇ 'ਚ ਆਉਂਦੀ ਅਤੇ ਜਾਂਦੀ ਦੇਖੀ ਗਈ ਹੈ ।


shivani attri

Content Editor

Related News