ਰਿਟਾਇਰਡ PCS ਇਕਬਾਲ ਸੰਧੂ ਦਾ ਦਾਅਵਾ, ਕਿਹਾ-ਪਰਗਟ ਸਿੰਘ ਦੇ 111 ਦਿਨਾ ਕਾਰਜਕਾਲ ’ਚ ਹੋਏ ਵੱਡੇ ਘਪਲੇ
Thursday, Feb 10, 2022 - 03:51 PM (IST)
ਜਲੰਧਰ (ਸੋਮਨਾਥ)–ਪੰਜਾਬ ਵਿਧਾਨ ਸਭਾ ਚੋਣਾਂ ਲਈ 20 ਫਰਵਰੀ ਨੂੰ ਵੋਟਿੰਗ ਹੋਣ ਜਾ ਰਹੀ ਹੈ। ਚੋਣ ਪ੍ਰਚਾਰ ਨੂੰ ਲੈ ਕੇ ਜਿਥੇ ਉਮੀਦਵਾਰ ਦਿਨ-ਰਾਤ ਇਕ ਕਰ ਰਹੇ ਹਨ, ਉਥੇ ਹੀ ਪੰਜਾਬ ਸਰਕਾਰ ਦੇ ਮੌਜੂਦਾ ਮੰਤਰੀਆਂ ਦੀ ਕਾਰਗੁਜ਼ਾਰੀ ਅਤੇ ਘਪਲਿਆਂ ਉਤੋਂ ਵੀ ਪਰਦੇ ਉੱਠਣੇ ਸ਼ੁਰੂ ਹੋ ਗਏ ਹਨ, ਜਿਸ ਕਾਰਨ ਕਈ ਮੰਤਰੀ ਅਤੇ ਵਿਧਾਇਕ ਸਵਾਲਾਂ ਦੇ ਘੇਰੇ ਵਿਚ ਆ ਗਏ ਹਨ। ਅਜਿਹਾ ਹੀ ਇਕ ਸਵਾਲ ਸਪੋਰਟਸ ਵ੍ਹਿਸਲ ਬਲੋਅਰ ਰਿਟਾਇਰਡ ਪੀ. ਸੀ. ਐੱਸ. ਇਕਬਾਲ ਸਿੰਘ ਸੰਧੂ ਨੇ ਸੋਸ਼ਲ ਮੀਡੀਆ ’ਤੇ ਪਾਈ ਆਪਣੀ ਇਕ ਪੋਸਟ ’ਚ ਪੰਜਾਬ ਦੇ ਖੇਡ ਮੰਤਰੀ ਪਰਗਟ ਸਿੰਘ ਸਾਹਮਣੇ ਉਠਾਇਆ ਹੈ। ਸੰਧੂ ਨੇ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਆਪਣੇ ਮੈਨੀਫੈਸਟੋ ਵਿਚ ਹਰ ਘਰ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਪਰਗਟ ਸਿੰਘ ਨੂੰ ਸਵਾਲ ਕੀਤਾ ਕਿ ਅਜਿਹੀ ਕੀ ਮਜਬੂਰੀ ਸੀ ਕਿ ਉਨ੍ਹਾਂ ਦੇ ਖੇਡ ਮੰਤਰੀ ਬਣਦੇ ਹੀ ਕਰੋੜਾਂ ਰੁਪਏ ਦੇ ਵਿੱਤੀ ਘਪਲੇ ’ਚ ਦੋਸ਼ੀ ਪਾਏ ਗਏ ਅਤੇ ਪੰਜਾਬ ’ਚ ਖੇਡ ਮਾਫ਼ੀਆ ਦੇ ਸਰਗਣੇ ਤੇ ਆਪਣੇ ਚਹੇਤੇ ਸੁਖਬੀਰ ਸਿੰਘ ਗਰੇਵਾਲ ਨੂੰ ਸਾਰੇ ਕਾਨੂੰਨ ਛਿੱਕੇ ਟੰਗ ਕੇ ਅਤੇ ਅੱਖਾਂ ਵਿਚ ਮਿੱਟੀ ਪਾਉਂਦਿਆਂ ਦੁਬਾਰਾ 69 ਸਾਲ ਦੀ ਉਮਰ ਵਿਚ ਖੇਡ ਵਿਭਾਗ ’ਚ ਡਾਇਰੈਕਟਰ ਟਰੇਨਿੰਗ ਨਿਯੁਕਤ ਕਰਵਾਇਆ ਗਿਆ? ਉਨ੍ਹਾਂ ਕਿਹਾ ਕਿ ਪਰਗਟ ਸਿੰਘ ਦਾ ਖੇਡ ਮੰਤਰੀ ਦਾ 111 ਦਿਨ ਦਾ ਕਾਰਜਕਾਲ ਘਪਲਿਆਂ ਨਾਲ ਭਰਿਆ ਰਿਹਾ ਅਤੇ ਉਹ ਹਰ ਦਿਨ ਪਰਗਟ ਸਿੰਘ ਤੋਂ ਅਜਿਹੇ ਸਵਾਲ ਪੁੱਛਦੇ ਰਹਿਣਗੇ, ਜਿਨ੍ਹਾਂ ਦਾ ਉਨ੍ਹਾਂ ਨੂੰ ਜਨਤਾ ਸਾਹਮਣੇ ਜਵਾਬ ਦੇਣਾ ਹੋਵੇਗਾ। ਸੰਧੂ ਨੇ ਕਿਹਾ ਕਿ ਕਾਂਗਰਸ ਸਰਕਾਰ ਦਾ ‘ਘਰ-ਘਰ ਨੌਕਰੀ’ ਦਾ ਇਹੀ ਸਲੋਗਨ ਸੀ, ਜੋ ਉਨ੍ਹਾਂ ਵੱਲੋਂ ਪੂਰਾ ਕੀਤਾ ਗਿਆ ਹੈ। ਉਨ੍ਹਾਂ ਨੇ ਇਹ ਵੀ ਸਵਾਲ ਦਾਗ਼ਿਆ ਕਿ ਕੀ ਤੁਹਾਡੀ ਈਮਾਨਦਾਰੀ ਦਾ ਇਹੀ ਅਸਲੀ ਮੁਖੌਟਾ ਹੈ।
ਖੇਡ ਕਿੱਟਾਂ ਖਰੀਦਣ ’ਚ ਵੀ ਹੋਇਆ ਘਪਲਾ
ਇਕਬਾਲ ਸਿੰਘ ਸੰਧੂ ਨੇ ਕਿਹਾ ਕਿ ਖੇਡ ਵਿਭਾਗ ਵਿਚ ਖੇਡ ਮਾਫ਼ੀਆ ਦੀਆਂ ਜੜ੍ਹਾਂ ਮਜ਼ਬੂਤ ਹੋ ਚੁੱਕੀਆਂ ਹਨ ਅਤੇ ਉਹ ਆਉਣ ਵਾਲੇ ਦਿਨਾਂ ਵਿਚ ਖੇਡ ਵਿਭਾਗ ਪੰਜਾਬ ’ਚ ਪੂਰੀ ਤਰ੍ਹਾਂ ਪੈਰ ਪਸਾਰ ਚੁੱਕੇ ਖੇਡ ਮਾਫ਼ੀਆ ਵੱਲੋਂ ਓਲੰਪੀਅਨ ਅਤੇ ਖੇਡ ਮੰਤਰੀ ਪਰਗਟ ਸਿੰਘ ਦੀ ਛਤਰ-ਛਾਇਆ ਵਿਚ ਹੋਏ ਇਕ ਬਹੁ-ਕਰੋੜੀ ਡਾਇਰੈਕਟ ਬੈਨੀਫਿਟ ਟਰਾਂਸਫਰ (ਡੀ. ਬੀ. ਟੀ.) ਖੇਡ ਕਿੱਟ ਖਰੀਦ ਘਪਲੇ ਦਾ ਵੀ ਪਰਦਾਫਾਸ਼ ਕਰਨਗੇ। ਉਨ੍ਹਾਂ ਕਿਹਾ ਕਿ ਪ੍ਰਤੀ ਖਿਡਾਰੀ 3000 ਰੁਪਏ ਦੀ ਖੇਡ ਕਿੱਟ ਖਰੀਦੀ ਜਾਣੀ ਸੀ। ਉਨ੍ਹਾਂ ਕੋਲ ਪੰਜਾਬ ਦੇ ਖਿਡਾਰੀਆਂ ਦੇ ਨਾਂ, ਮੋਬਾਇਲ ਨੰਬਰ ਅਤੇ ਪਤੇ ਹਨ। ਉਹ ਜਲਦ ਹੀ ਇਨ੍ਹਾਂ ਨਾਵਾਂ, ਮੋਬਾਇਲ ਨੰਬਰਾਂ ਅਤੇ ਪਤਿਆਂ ਨੂੰ ਜਨਤਕ ਕਰਨ ਜਾ ਰਹੇ ਹਨ ਤਾਂ ਜੋ ਆਮ ਜਨਤਾ ਇਨ੍ਹਾਂ ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਫੋਨ ’ਤੇ ਬਹੁ-ਕਰੋੜੀ ਘਪਲੇ ਬਾਰੇ ਜਾਣਕਾਰੀ ਹਾਸਲ ਕਰ ਸਕੇ। ਉਨ੍ਹਾਂ ਕਿਹਾ ਕਿ ਜਦੋਂ ਖੇਡ ਮਾਫ਼ੀਆ ਦੇ ਸਰਗਣੇ ਅਜੇ ਇਸ ਘਪਲੇ ਦੀ ਯੋਜਨਾ ਹੀ ਬਣਾ ਰਹੇ ਸਨ ਤਾਂ ਉਨ੍ਹਾਂ ਵੱਲੋਂ ਅਖਬਾਰਾਂ ਅਤੇ ਸੋਸ਼ਲ ਮੀਡੀਆ ’ਤੇ ਪਹਿਲਾਂ ਹੀ ਦੱਸਿਆ ਜਾ ਚੁੱਕਾ ਸੀ ਕਿ ਇਸ ਤਰ੍ਹਾਂ ਦੀ ਯੋਜਨਾ ਬਣਾਈ ਜਾ ਰਹੀ ਹੈ। ਫਿਰ ਵੀ ਬਹੁ-ਕਰੋੜੀ ਘਪਲਾ ਹੋ ਜਾਵੇ ਤਾਂ ਕੀ ਓਲੰਪੀਅਨ ਪਰਗਟ ਸਿੰਘ ਦੀ ਇਹੀ ਈਮਾਨਦਾਰੀ ਹੈ।
ਹਾਕੀ ਇੰਡੀਆ ਪਰਗਟ ਸਿੰਘ ਨੂੰ ਪਹਿਲਾਂ ਹੀ ਦੇ ਚੁੱਕੀ ਹੈ ਝਟਕਾ
ਸੰਧੂ ਨੇ ਰਹੱਸ ਤੋਂ ਪਰਦਾ ਉਠਾਉਂਦਿਆਂ ਕਿਹਾ ਕਿ ਹਾਕੀ ਇੰਡੀਆ ਪਹਿਲਾਂ ਹੀ ਪੰਜਾਬ ਹਾਕੀ ਦੀਆਂ ਚੋਣਾਂ ਵਿਚ ਹੋਈ ਧਾਂਦਲੀ ਦਾ ਸਖ਼ਤ ਨੋਟਿਸ ਲੈਂਦਿਆਂ ਪੰਜਾਬ ਹਾਕੀ ਦੇ ਪ੍ਰਧਾਨ ਤੇ ਪਰਗਟ ਸਿੰਘ ਨੂੰ ਵੱਡਾ ਝਟਕਾ ਦੇ ਚੁੱਕੀ ਹੈ। ਸੁਰਜੀਤ ਹਾਕੀ ਸੋਸਾਇਟੀ ਦੇ ਪਿਛਲੇ 38 ਸਾਲ ਤੱਕ ਜਨਰਲ ਸਕੱਤਰ ਰਹੇ ਸੰਧੂ ਨੇ ਕਿਹਾ ਕਿ ਹਾਕੀ ਇੰਡੀਆ ਨੇ ਪੰਜਾਬ ਦੇ ਖਿਡਾਰੀਆਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਦਿਨ ਪ੍ਰਤੀ ਦਿਨ ਕੰਮ ਲਈ 3 ਮੈਂਬਰੀ ਐਡਹਾਕ ਕਮੇਟੀ ਦਾ ਗਠਨ ਕੀਤਾ ਹੈ, ਜਿਸ ਵਿਚ ਭੋਲਾਨਾਥ ਸਿੰਘ, ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਅਤੇ ਕਮਾਂਡਰ ਆਰ. ਕੇ. ਸ਼੍ਰੀਵਾਸਤਵ ਨੂੰ ਕ੍ਰਮਵਾਰ ਪ੍ਰਧਾਨ, ਮੈਂਬਰ ਅਤੇ ਸੰਯੋਜਕ ਨਿਯੁਕਤ ਕੀਤਾ ਗਿਆ ਹੈ।
ਵਰਣਨਯੋਗ ਹੈ ਕਿ ਹਾਕੀ ਓਲੰਪੀਅਨ ਤੋਂ ਰਾਜਨੇਤਾ ਬਣੇ ਪਰਗਟ ਸਿੰਘ ਨਿਰਦੇਸ਼ਕ ਖੇਡ ਪੰਜਾਬ ਹੁੰਦੇ ਹੋਏ ਪਹਿਲੀ ਵਾਰ 2009 ਵਿਚ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਮਿਲ ਕੇ ‘ਹਾਕੀ ਪੰਜਾਬ’ ਨਾਮੀ ਇਕ ਨਵੀਂ ਹਾਕੀ ਸੰਸਥਾ ਦੀ ਸਥਾਪਨਾ ਕਰ ਕੇ ਉਨ੍ਹਾਂ ਨੂੰ ਪ੍ਰਧਾਨ ਅਤੇ ਖ਼ੁਦ ਜਨਰਲ ਸਕੱਤਰ ਬਣੇ ਸਨ। ਪੰਜਾਬ ਹਾਕੀ ਦਾ ਕੰਟਰੋਲ ਅਕਤੂਬਰ 2009 ਤੱਕ ਪੰਜਾਬ ਪੁਲਸ ਕੋਲ ਰਿਹਾ ਅਤੇ ਡੀ. ਜੀ. ਪੀ. ਪੰਜਾਬ ਇਸ ਦੇ ਹਮੇਸ਼ਾ ਪ੍ਰਧਾਨ ਹੋਇਆ ਕਰਦੇ ਸਨ। ਸੰਧੂ ਨੇ ਅੱਗੇ ਕਿਹਾ ਕਿ 2017 ਵਿਚ ਅਕਾਲੀ ਸਰਕਾਰ ਜਾਣ ਤੋਂ ਬਾਅਦ ਓਲੰਪੀਅਨ ਪਰਗਟ ਸਿੰਘ ਨੇ ਕਾਂਗਰਸ ਨਾਲ ਹੱਥ ਮਿਲਾ ਕੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਅਹੁਦੇ ਤੋਂ ਹਟਾ ਕੇ ਸਥਾਨਕ ਕਾਰੋਬਾਰੀ ਨੂੰ ਪ੍ਰਧਾਨ ਨਿਯੁਕਤ ਕੀਤਾ ਸੀ। ਇਸ ਤੋਂ ਬਾਅਦ ਇਹ ਦੋਵੇਂ ਵਾਰੀ-ਵਾਰੀ ਆਪਸੀ ਅਹੁਦਾ ਬਦਲਦੇ ਰਹੇ।ਸਾਬਕਾ ਪੀ. ਸੀ. ਐੱਸ. ਅਧਿਕਾਰੀ ਸੰਧੂ ਅਨੁਸਾਰ ਹਾਕੀ ਇੰਡੀਆ ਦੇ ਇਸ ਇਤਿਹਾਸਕ ਫ਼ੈਸਲੇ ਨਾਲ ਪੰਜਾਬ ਦੇ ਸਾਰੇ ਹਾਕੀ ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ ’ਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਹਾਕੀ ਇੰਡੀਆ ਨੇ ਜਿਵੇਂ ਹਾਕੀ ਪੰਜਾਬ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ, ਉਵੇਂ ਹੀ ਜ਼ਿਲ੍ਹਾ ਪੱਧਰੀ ਹਾਕੀ ਐਸੋਸੀਏਸ਼ਨ ਵੀ ਕਾਰਵਾਈ ਕਰੇਗੀ, ਜਿਨ੍ਹਾਂ ਨੇ ਕਦੇ ਜ਼ਿਲਾ ਹਾਕੀ ਐਸੋਸੀਏਸ਼ਨ ਦੀ ਚੋਣ ਨਹੀਂ ਕੀਤੀ ਅਤੇ ਕਦੇ ਸਬ-ਜੂਨੀਅਰ, ਜੂਨੀਅਰ ਅਤੇ ਸੀਨੀਅਰ ਸ਼੍ਰੇਣੀਆਂ ਵਿਚ ਜ਼ਿਲਾ ਚੈਂਪੀਅਨਸ਼ਿਪ ਆਯੋਜਿਤ ਨਾ ਕਰ ਕੇ ਉਭਰਦੇ ਖਿਡਾਰੀਆਂ ਦੇ ਭਵਿੱਖ ਨੂੰ ਖਤਰੇ ਵਿਚ ਪਾਇਆ ਹੈ।