ਹੋਲੀ ਦਾ ਸੀਜ਼ਨ : ਯੂ. ਪੀ.-ਬਿਹਾਰ ਜਾਣ ਵਾਲੇ ਯਾਤਰੀਆਂ ਦੀ ਸਟੇਸ਼ਨ ’ਤੇ ਭਾਰੀ ਭੀੜ, ਟਿਕਟ ਕਾਊਂਟਰਾਂ ’ਤੇ ਲੱਗੀਆਂ ਲੰਬੀਆਂ ਲਾਈਨਾਂ

Thursday, Mar 21, 2024 - 11:45 AM (IST)

ਹੋਲੀ ਦਾ ਸੀਜ਼ਨ : ਯੂ. ਪੀ.-ਬਿਹਾਰ ਜਾਣ ਵਾਲੇ ਯਾਤਰੀਆਂ ਦੀ ਸਟੇਸ਼ਨ ’ਤੇ ਭਾਰੀ ਭੀੜ, ਟਿਕਟ ਕਾਊਂਟਰਾਂ ’ਤੇ ਲੱਗੀਆਂ ਲੰਬੀਆਂ ਲਾਈਨਾਂ

ਜਲੰਧਰ (ਗੁਲਸ਼ਨ)–ਹੋਲੀ ਦਾ ਤਿਉਹਾਰ ਆਉਣ ਵਿਚ ਕੁਝ ਹੀ ਦਿਨ ਬਾਕੀ ਹਨ। ਦੇਸ਼ ਭਰ ਵਿਚ ਹੋਲੀ ਦਾ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਪਰ ਯੂ. ਪੀ.-ਬਿਹਾਰ ਵਿਚ ਇਸ ਤਿਉਹਾਰ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਕੰਮ ਕਰਨ ਵਾਲੇ ਪ੍ਰਵਾਸੀ ਲੋਕ ਆਪਣੇ ਪਰਿਵਾਰਕ ਮੈਂਬਰਾਂ ਨਾਲ ਹੋਲੀ ਦਾ ਤਿਉਹਾਰ ਮਨਾਉਣ ਲਈ ਆਪਣੇ-ਆਪਣੇ ਪਿੰਡ ਜਾਂਦੇ ਹਨ, ਜਿਸ ਕਾਰਨ ਇਨ੍ਹੀਂ ਦਿਨੀਂ ਟਰੇਨਾਂ ਅਤੇ ਬੱਸਾਂ ਵਿਚ ਭੀੜ ਕਾਫੀ ਵਧ ਜਾਂਦੀ ਹੈ।

ਜੇਕਰ ਜਲੰਧਰ ਸਿਟੀ ਰੇਲਵੇ ਸਟੇਸ਼ਨ ਦੀ ਗੱਲ ਕਰੀਏ ਤਾਂ ਹੋਲੀ ਦੇ ਮੱਦੇਨਜ਼ਰ ਇਨ੍ਹੀਂ ਦਿਨੀਂ ਸਟੇਸ਼ਨ ’ਤੇ ਭਾਰੀ ਭੀੜ ਵੇਖਣ ਨੂੰ ਮਿਲ ਰਹੀ ਹੈ। ਕਿਸੇ ਵੀ ਟਰੇਨ ਵਿਚ ਕਨਫਰਮ ਸੀਟ ਨਹੀਂ ਹੈ। ਵਧੇਰੇ ਲੋਕਾਂ ਨੇ 4 ਮਹੀਨੇ ਪਹਿਲਾਂ ਹੀ ਟਿਕਟ ਬੁੱਕ ਕਰਵਾ ਲਈ ਸੀ। ਜਿਹੜੇ ਲੋਕਾਂ ਨੇ ਟਿਕਟਾਂ ਬੁੱਕ ਨਹੀਂ ਕਰਵਾਈਆਂ, ਉਹ ਜਨਰਲ ਟਿਕਟ ਲੈ ਕੇ ਟਰੇਨ ਵਿਚ ਸਵਾਰ ਹੋ ਰਹੇ ਹਨ। ਯੂ. ਪੀ.-ਬਿਹਾਰ ਨੂੰ ਜਾਣ ਵਾਲੀਆਂ ਸਾਰੀਆਂ ਟਰੇਨਾਂ ਖਚਾਖਚ ਭਰੀਆਂ ਹੋਈਆਂ ਜਾ ਰਹੀਆਂ ਹਨ। ਜਨਰਲ ਟਿਕਟ ਲੈਣ ਲਈ ਸਿਟੀ ਰੇਲਵੇ ਸਟੇਸ਼ਨ ਦੇ ਬੁੱਕਿੰਗ ਆਫਿਸ ’ਤੇ ਯਾਤਰੀਆਂ ਦੀਆਂ ਲੰਬੀਆਂ ਲਾਈਨਾਂ ਵੇਖਣ ਨੂੰ ਮਿਲ ਰਹੀਆਂ ਹਨ। ਲੋਕਾਂ ਨੂੰ ਘੰਟਿਆਂਬੱਧੀ ਲਾਈਨਾਂ ਵਿਚ ਖੜ੍ਹੇ ਹੋ ਕੇ ਆਪਣੀ ਵਾਰੀ ਦੀ ਉਡੀਕ ਕਰਨੀ ਪੈ ਰਹੀ ਹੈ। ਆਟੋਮੈਟਿਕ ਟਿਕਟ ਵੈਂਡਿੰਗ ਮਸ਼ੀਨਾਂ ’ਤੇ ਵੀ ਕਾਫ਼ੀ ਭੀੜ ਲੱਗੀ ਰਹਿੰਦੀ ਹੈ।

ਇਹ ਵੀ ਪੜ੍ਹੋ: ਸੁਨੀਲ ਜਾਖੜ ਦਾ ਵੱਡਾ ਬਿਆਨ, ਥੋੜੇ ਦਿਨਾਂ ਤੱਕ ਅਕਾਲੀ-ਭਾਜਪਾ ਗੱਠਜੋੜ ਦੀ ਸਥਿਤੀ ਹੋਵੇਗੀ ਸਾਫ਼

PunjabKesari

ਰੇਲਵੇ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਹੋਲੀ ਤਕ ਇਸੇ ਤਰ੍ਹਾਂ ਭੀੜ ਰਹੇਗੀ। ਅੰਮ੍ਰਿਤਸਰ, ਜਲੰਧਰ ਤੋਂ ਯੂ. ਪੀ.-ਬਿਹਾਰ ਵੱਲ ਜਾਣ ਵਾਲੀਆਂ ਸਾਰੀਆਂ ਟਰੇਨਾਂ ਫੁੱਲ ਪੈਕਡ ਜਾ ਰਹੀਆਂ ਹਨ ਪਰ ਉਧਰੋਂ ਆਉਣ ਵਾਲੀਆਂ ਟਰੇਨਾਂ ਵਿਚ ਭੀੜ ਨਹੀਂ ਹੈ। ਹੋਲੀ ਤੋਂ ਬਾਅਦ ਉਧਰੋਂ ਆਉਣ ਵਾਲੀਆਂ ਟਰੇਨਾਂ ਵਿਚ ਭੀੜ ਵੇਖਣ ਨੂੰ ਮਿਲੇਗੀ। ਵਰਣਨਯੋਗ ਹੈ ਕਿ ਜਲੰਧਰ ਦੇ ਨਾਲ ਲੱਗਦੇ ਇਲਾਕੇ ਕਪੂਰਥਲਾ, ਨਕੋਦਰ, ਹੁਸ਼ਿਆਰਪੁਰ, ਭੋਗਪੁਰ, ਨਵਾਂਸ਼ਹਿਰ ਵਰਗੇ ਸ਼ਹਿਰਾਂ ਦੇ ਲੋਕ ਵੀ ਜਲੰਧਰ ਆ ਕੇ ਹੀ ਟਰੇਨ ਫੜ ਰਹੇ ਹਨ। ਇਸੇ ਕਾਰਨ ਸਟੇਸ਼ਨ ’ਤੇ ਇਨ੍ਹੀਂ ਦਿਨੀਂ ਭੀੜ ਵਧ ਰਹੀ ਹੈ। ਰਾਤ ਨੂੰ ਚੱਲਣ ਵਾਲੀ ਟਰੇਨ ਵਿਚ ਜਾਣ ਵਾਲੇ ਲੋਕ ਦੁਪਹਿਰ ਨੂੰ ਹੀ ਸਟੇਸ਼ਨ ’ਤੇ ਪਹੁੰਚ ਰਹੇ ਹਨ।

ਟਿਕਟ ਕਾਊਂਟਰਾਂ ’ਤੇ ਓਵਰ ਚਾਰਜਿੰਗ ਦੀਆਂ ਸ਼ਿਕਾਇਤਾਂ ਵਧੀਆਂ
ਦੂਜੇ ਪਾਸੇ ਟਿਕਟ ਕਾਊਂਟਰਾਂ ’ਤੇ ਭੀੜ ਹੋਣ ਕਾਰਨ ਓਵਰ ਚਾਰਜਿੰਗ ਦੀਆਂ ਸ਼ਿਕਾਇਤਾਂ ਵੀ ਵਧ ਗਈਆਂ ਹਨ। ਇਨ੍ਹੀਂ ਦਿਨੀਂ ਪ੍ਰਵਾਸੀ ਯਾਤਰੀਆਂ ਵਿਚ ਪਹਿਲਾਂ ਟਿਕਟ ਲੈਣ ਦੀ ਹੋੜ ਮਚੀ ਹੋਈ ਹੈ। ਜਲਦਬਾਜ਼ੀ ਦੇ ਚੱਕਰ ਵਿਚ ਯਾਤਰੀ ਲੁੱਟ ਦਾ ਸ਼ਿਕਾਰ ਹੋ ਜਾਂਦੇ ਹਨ। ਲਾਈਨ ਵਿਚੋਂ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਕੋਲੋਂ ਜ਼ਿਆਦਾ ਪੈਸੇ ਵਸੂਲੇ ਗਏ ਹਨ ਪਰ ਉਨ੍ਹਾਂ ਦਾ ਦੁਬਾਰਾ ਖਿੜਕੀ ਤਕ ਪਹੁੰਚਣਾ ਮੁਸ਼ਕਲ ਹੋ ਜਾਂਦਾ ਹੈ। ਟਰੇਨ ਫੜਨ ਦੇ ਚੱਕਰ ਵਿਚ ਲੋਕ ਸ਼ਿਕਾਇਤ ਨਹੀਂ ਕਰਦੇ। ਜਿਹੜੇ ਲੋਕ ਸ਼ਿਕਾਇਤ ਕਰਦੇ ਹਨ, ਉਨ੍ਹਾਂ ਦੀ ਸ਼ਿਕਾਇਤ ’ਤੇ ਕੋਈ ਕਾਰਵਾਈ ਨਹੀਂ ਹੁੰਦੀ। ਲਗਾਤਾਰ ਯਾਤਰੀਆਂ ਨਾਲ ਹੋ ਰਹੀ ਲੁੱਟ ਨੂੰ ਰੋਕਣ ਲਈ ਕਮਰਸ਼ੀਅਲ ਵਿਭਾਗ ਦੇ ਅਧਿਕਾਰੀਆਂ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ। ਰੇਲਵੇ ਦਾ ਵਿਜੀਲੈਂਸ ਵਿਭਾਗ ਵੀ ਪੂਰੀ ਤਰ੍ਹਾਂ ਨਾਲ ਅਸਫ਼ਲ ਸਾਬਿਤ ਹੋ ਰਿਹਾ ਹੈ।

ਇਹ ਵੀ ਪੜ੍ਹੋ: ਪਿਛਲੀਆਂ 3 ਲੋਕ ਸਭਾ ਚੋਣਾਂ ਦੌਰਾਨ 15,333 ਪੋਸਟਲ ਵੋਟਾਂ ਹੋਈਆਂ ਰੱਦ, ਕਈ ਕਾਰਨ ਆਏ ਸਾਹਮਣੇ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News