ਪੰਜਾਬ ''ਚ ਨਸ਼ਿਆਂ ਦੀ ਮੁੱਦੇ ''ਤੇ ਬੋਲੇ ਪਰਗਟ ਸਿੰਘ, ਚੁੱਕੇ ਵੱਡੇ ਸਵਾਲ

Tuesday, Sep 29, 2026 - 04:14 PM (IST)

ਪੰਜਾਬ ''ਚ ਨਸ਼ਿਆਂ ਦੀ ਮੁੱਦੇ ''ਤੇ ਬੋਲੇ ਪਰਗਟ ਸਿੰਘ, ਚੁੱਕੇ ਵੱਡੇ ਸਵਾਲ

ਜਲੰਧਰ (ਵੈੱਬ ਡੈਸਕ): ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜਲੰਧਰ ਫ਼ੇਰੀ ਤੋਂ ਪਹਿਲਾਂ ਜਲੰਧਰ ਕੈਂਟ ਤੋਂ ਕਾਂਗਰਸੀ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਕੀਤੀ। ਉਨ੍ਹਾਂ ਨੇ ਨਸ਼ਿਆਂ ਦੇ ਮੁੱਦੇ 'ਤੇ ਕੇਂਦਰੀ ਗ੍ਰਹਿ ਮੰਤਰੀ ਤੋਂ ਸਿੱਧੇ ਸਵਾਲ ਪੁੱਛਦਿਆਂ ਅਪੀਲ ਕੀਤੀ ਹੈ ਕਿ ਉਹ ਜਲੰਧਰ ਫ਼ੇਰੀ ਦੌਰਾਨ ਇਨ੍ਹਾਂ ਸਵਾਲਾਂ ਦੇ ਜਵਾਬ ਜ਼ਰੂਰ ਦੇ ਕੇ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਵਿਚੋਂ ਨਸ਼ਿਆਂ ਦੀ ਸਮੱਸਿਆ ਖ਼ਤਮ ਕਰਨਾ ਸੂਬਾ ਸਰਕਾਰ ਦੇ ਨਾਲ-ਨਾਲ ਕੇਂਦਰ ਸਰਕਾਰ ਤੇ ਕੇਂਦਰੀ ਏਜੰਸੀਆਂ ਦੀ ਵੀ ਜ਼ਿੰਮੇਵਾਰੀ ਸੀ। ਇਸ ਲਈ ਕੇਂਦਰੀ ਗ੍ਰਹਿ ਮੰਤਰੀ ਹੋਣ ਦੇ ਨਾਤੇ ਅਮਿਤ ਸ਼ਾਹ ਪੰਜਾਬੀਆਂ ਨੂੰ ਇਹ ਜ਼ਰੂਰ ਦੱਸ ਕੇ ਜਾਣ ਕਿ ਉਨ੍ਹਾਂ ਨੇ ਨਸ਼ਿਆਂ ਨੂੰ ਖ਼ਤਮ ਕਰਨ ਲਈ ਕੀ ਕੀਤਾ।

ਪਰਗਟ ਸਿੰਘ ਨੇ ਕਿਹਾ ਕਿ ਸਾਲ 2021 ਵਿਚ ਕੇਂਦਰ ਨੇ ਪੰਜਾਬ ਵਿਚ ਪਾਕਿਸਨਾਲ ਨਾਲ ਲੱਗਦੇ ਬਾਰਡਰ ਦਾ 50 ਕਿੱਲੋਮੀਟਰ ਦੇ ਘੇਰੇ ਦਾ ਕੰਟਰੋਲ ਬੀ. ਐੱਸ. ਐੱਫ. ਨੂੰ ਦਿੱਤਾ ਸੀ। ਅੱਜ ਇਸ ਗੱਲ ਨੂੰ ਇੰਨੇ ਸਾਲ ਬੀਤ ਜਾਣ ਦੇ ਬਾਵਜੂਦ ਸਰਹੱਦ ਪਾਰੋਂ ਆਉਣ ਵਾਲੇ ਨਸ਼ੇ ਨੂੰ ਠੱਲ ਕਿਉਂ ਨਹੀਂ ਪੈ ਸਕੀ। ਉਨ੍ਹਾਂ ਪੁੱਛਿਆ ਕਿ ਕੀ ਬੀ. ਐੱਸ. ਐੱਫ. ਕੋਲ ਡਰੋਨਾਂ ਨੂੰ ਡਿਟੈਕਟ ਕਰਨ ਦੀ ਕੋਈ ਤਕਨਾਲੋਜੀ ਹੈ, ਜਿਸ ਨਾਲ ਨਸ਼ੇ ਦੀ ਸਪਲਾਈ ਨੂੰ ਰੋਕਿਆ ਜਾ ਸਕੇ। ਉਨ੍ਹਾਂ ਗੁਜਰਾਤ ਤੇ ਮਹਾਰਾਸ਼ਟਰ ਦੀਆਂ ਕਈ ਫੈਕਟਰੀਆਂ ਵਿਚ ਸਿੰਥੈਟਿਕ ਡਰੱਗਜ਼ ਬਣਾਏ ਜਾਣ ਦਾ ਦੋਸ਼ ਲਗਾਉਂਦਿਆਂ ਪੁੱਛਿਆ ਕਿ ਇਹ ਨਸ਼ਾ ਹੋਰ ਸੂਬਿਆਂ ਤਕ ਕਿਵੇਂ ਸਪਲਾਈ ਹੋ ਰਿਹਾ ਹੈ। 

ਕਾਂਗਰਸੀ ਵਿਧਾਇਕ ਨੇ ਕਿਹਾ ਕਿ 2014 ਤੋਂ ਕੇਂਦਰ ਵਿਚ ਭਾਜਪਾ ਦੀ ਸਰਕਾਰ ਹੈ ਤੇ ਇਸ ਦੌਰਾਨ ਪੰਜਾਬ ਵਿਚ ਵੀ ਕਈ ਸਾਲ ਇਨ੍ਹਾਂ ਦੀ ਭਾਈਵਾਲ ਸਰਕਾਰ ਰਹੀ ਹੈ। ਇੰਨੇ ਸਾਲਾਂ ਦੌਰਾਨ ਕੇਂਦਰੀ ਇੰਟੈਲੀਜੈਂਸ ਏਜੰਸੀਆਂ ਨਸ਼ਿਆਂ ਦੇ ਨੈੱਟਵਰਕ ਨੂੰ ਤੋੜਣ ਵਿਚ ਕਿੰਨੀਆਂ ਸਫ਼ਲ ਹੋਈਆਂ। ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਆਪਣੀ ਜਲੰਧਰ ਫ਼ੇਰੀ ਦੌਰਾਨ ਇਨ੍ਹਾਂ ਸਵਾਲਾਂ ਦੇ ਜਵਾਬ ਜ਼ਰੂਰ ਦੇ ਕੇ ਜਾਣ।


author

Anmol Tagra

Content Editor

Related News