ਹੁਣ ਨ੍ਹੀਂ ਲੱਭਦੀ ਪਿੰਡਾਂ ''ਚ ਰੌਣਕ ਸੱਥਾਂ ਦੀ

Wednesday, Jul 31, 2024 - 12:38 PM (IST)

ਹੁਣ ਨ੍ਹੀਂ ਲੱਭਦੀ ਪਿੰਡਾਂ ''ਚ ਰੌਣਕ ਸੱਥਾਂ ਦੀ

ਸੁਲਤਾਨਪੁਰ ਲੋਧੀ (ਧੀਰ)-ਇਕ ਸਮਾਂ ਅਜਿਹਾ ਵੀ ਸੀ ਜਦੋਂ ਪਿੰਡ ਦੀ ਸੱਥ ਦੀ ਪਾਰਲੀਮੈਂਟ ਵਜੋਂ ਜਾਣਿਆ ਜਾਂਦਾ ਸੀ। ਜਿੱਥੇ ਪਿੰਡ ਵਿੱਚ ਵਾਪਰੇ ਕਿਸੇ ਵੀ ਤਰ੍ਹਾਂ ਦੇ ਘਟਨਾਕ੍ਰਮ, ਗਮੀ, ਬਾਦੀ ਦੀ ਪੂਰੀ ਜਾਣਕਾਰੀ ਸੱਥ ਵਿੱਚ ਮਿਲਦੀ ਸੀ, ਉੱਥੇ ਹੀ ਪਿੰਡ ਦੇ ਮਸਲੇ ਵੀ ਸੱਥ ਵਿੱਚ ਨਬੇੜੇ ਜਾਂਦੇ ਸਨ। ਹਰ ਘਰ ਵਿੱਚ ਬਜ਼ੁਰਗਾਂ ਦੀ ਐਨੀ ਅਹਿਮੀਅਤ ਹੁੰਦੀ ਸੀ ਕਿ ਉਨ੍ਹਾਂ ਵੱਲੋਂ ਆਖੀ ਗਈ ਕਿਸੇ ਵੀ ਗੱਲ ਨੂੰ ਨਕਾਰਨ ਦੀ ਪਰਿਵਾਰ ਦੇ ਕਿਸੇ ਵੀ ਮੈਂਬਰ ਵਿੱਚ ਹਿੰਮਤ ਨਹੀਂ ਹੁੰਦੀ ਸੀ। ਬਜ਼ੁਰਗ ਪਿੰਡਾਂ ਦੀਆਂ ਸੱਥਾਂ ਦੀ ਰੌਣਕ ਹੋਇਆ ਕਰਦੇ ਸਨ। ਵੱਡੇ ਪਿੰਡਾਂ ਵਿੱਚ ਕਈ-ਕਈ ਸੱਥਾਂ ਹੁੰਦੀਆਂ ਸਨ, ਜਿੱਥੇ ਬਜ਼ੁਰਗ ਅਤੇ ਵਿਹਲੇ ਸਮੇਂ ਦੌਰਾਨ ਹੋਰ ਲੋਕ ਵੀ ਤਾਸ਼ ਆਦਿ ਖੇਡਦੇ ਤੇ ਆਪਸੀ ਹਾਸਾ-ਠੱਠਾ ਕਰਦੇ ਨਜ਼ਰ ਆਉਂਦੇ ਸਨ। ਸਵੇਰੇ ਅਤੇ ਆਥਣ ਵੇਲੇ ਪਿੰਡਾਂ ਦੀਆਂ ਸੱਥਾਂ ਵਿੱਚ ਰੌਣਕ ਜਿਆਦਾ ਹੁੰਦੀ ਸੀ। 

ਬਹੁਤੇ ਬਜ਼ੁਰਗ ਦੁਪਹਿਰ ਨੂੰ ਵੀ ਸੱਥਾਂ ਵਿੱਚ ਪਿੱਪਲਾਂ ਅਤੇ ਬੋਹੜਾਂ ਦੀਆਂ ਛਾਵਾਂ ਥੱਲੇ ਹੀ ਮੰਜੇ ਡਾਹ ਕੇ ਸੁੱਤੇ ਰਹਿੰਦੇ। ਸਮਾਂ ਅਜਿਹਾ ਸੀ ਕਿ ਜਦੋਂ ਵੀ ਘਰ ਕਿਸੇ ਮਹਿਮਾਨ ਨੇ ਆਉਣਾ ਤਾਂ ਘਰ ਦੀਆਂ ਔਰਤਾਂ ਨੇ ਬੱਚਿਆਂ ਨੂੰ ਵੀ ਇਹੀ ਕਹਿਣਾ ਜਾਂ ਤੇਰੇ ਬਾਬੇ ਨੂੰ ਵਾਜ਼ ਮਾਰ ਕੇ ਲਿਆ ਸੱਥ ਵਿੱਚ ਬੈਠਾ ਹੋਣੈ, ਯਾਨੀ ਸੱਥ ਪਿੰਡ ਦੇ ਬਜ਼ੁਰਗਾਂ ਦੀ ਵਿਸ਼ੇਸ਼ ਠਾਹਰ ਹੁੰਦੀ ਸੀ। ਜਿਹੜੇ ਲੋਕ ਬਜ਼ੁਰਗਾਂ ਦੀ ਸੰਗਤ ਵਿੱਚ ਆਪਣੀ ਰੋਜ਼ਮਰਾ ਦੀ ਜਿੰਦਗੀ ਦਾ ਕੁਝ ਨਾ ਕੁਝ ਸਮਾਂ ਗੁਜ਼ਾਰਦੇ ਹਨ ਉਹ ਜਵਾਨੀ ਵਿੱਚ ਹੀ ਸਿਆਣੇ ਹੋ ਜਾਂਦੇ ਹਨ। ਭਾਵੇਂ ਨੌਜਵਾਨ ਪੀੜ੍ਹੀ ਦੇ ਵੱਡੇ ਹਿੱਸੇ ਨੇ ਬਜ਼ੁਰਗਾਂ ਦੀਆਂ ਗੱਲਾਂ ਨੂੰ ਅਹਿਮੀਅਤ ਦੇਣ ਤੋਂ ਕਿਨਾਰਾ ਕਰ ਲਿਆ ਹੈ ਪਰ ਬਜ਼ੁਰਗਾਂ ਦੇ ਮੂੰਹੋਂ ਨਿੱਕਲੀ ਇਕ-ਇਕ ਗੱਲ ਸੱਚ ਸਾਬਤ ਹੁੰਦੀ ਹੈ। ਬਜ਼ੁਰਗ ਕਿਸੇ ਵੱਡੀ ਡਿਕਸ਼ਨਰੀ ਤੋਂ ਘੱਟ ਨਹੀਂ। 

ਇਹ ਵੀ ਪੜ੍ਹੋ-  ਔਰਤ ਦੇ ਕਤਲ ਦਾ ਮਾਮਲਾ ਸੁਲਝਿਆ, ਭਰਾ ਹੀ ਨਿਕਲਿਆ ਕਾਤਲ, ਸਿਰ 'ਤੇ ਡੰਡੇ ਮਾਰ-ਮਾਰ ਦਿੱਤੀ ਬਰੇਹਿਮ ਮੌਤ

ਬਜ਼ੁਰਗਾਂ ਦੇ ਤਜਰਬਿਆਂ ਵਿੱਚੋਂ ਨਿੱਕਲੀਆਂ ਗੱਲਾਂ ਕਿਤਾਬਾਂ ਵਿੱਚ ਵੀ ਨਹੀਂ ਮਿਲਦੀਆਂ। ਇਸੇ ਲਈ ਆਖਿਆ ਜਾਂਦਾ ਹੈ ਕਿ ਬਜ਼ੁਰਗਾਂ ਦੇ ਜੀਵਨ ਅਨੁਭਵ ਦਾ ਫਾਇਦਾ ਲੈਣ ਵਾਲਾ ਹਰ ਇਨਸਾਨ ਆਪਣੀ ਜਿੰਦਗੀ ਵਿੱਚ ਕਿਧਰੇ ਵੀ ਮਾਰ ਨਹੀਂ ਖਾਂਦਾ। ਹੁਣ ਸਮਾਂ ਬਦਲ ਗਿਆ ਹੈ। ਪਿੰਡਾਂ ਦੀਆਂ ਸੱਥਾਂ ਦੀ ਰੌਣਕ ਬਣਨ ਵਾਲੇ ਬਜ਼ੁਰਗ ਹੁਣ ਘਰਾਂ ਦੇ ਜਿੰਦਰਿਆਂ ਦਾ ਕੰਮ ਦੇਣ ਲੱਗੇ ਹਨ। ਵਿਦੇਸ਼ ਜਾਣ ਦੀ ਲਾਲਸਾ ਅਧੀਨ ਹੀ ਪੰਜਾਬ ਦੇ ਪਿੰਡ ਨਿੱਤ ਖਾਲੀ ਹੋ ਰਹੇ ਹਨ। ਵੱਡੀਆਂ ਵੱਡੀਆਂ ਕੋਠੀਆਂ ਹੁਣ ਵਿਰਾਨ ਨਜ਼ਰ ਆਉਣ ਲੱਗੀਆਂ ਹਨ।

ਬਜ਼ੁਰਗ ਹੁਣ ਇਨ੍ਹਾਂ ਮਹਿਲਨੁਮਾ ਕੋਠੀਆਂ ਵਿੱਚ ਹੀ ਕੈਦੀਆਂ ਵਾਲੀ ਜਿਦਗੀ ਬਸਰ ਕਰਦੇ ਨਜ਼ਰ ਆਉਂਦੇ ਹਨ ਜਾਂ ਬਹੁਤੇ ਬਜ਼ੁਰਗ ਵੀ ਆਪਣੇ ਧੀਆਂ-ਪੁੱਤਾਂ ਨਾਲ ਵਿਦੇਸ਼ੀ ਧਰਤੀ `ਤੇ ਜਾ ਵੱਸੇ ਹਨ। ਜਿੱਥੇ ਉਹ ਅੱਜ ਵੀ ਪਿੰਡਾਂ ਦੀਆਂ ਸੱਥਾਂ ਵਿੱਚ ਲੱਗਦੀਆਂ ਰੌਣਕਾਂ ਨੂੰ ਯਾਦ ਕਰਕੇ ਆਪਣੀ ਜਿ਼ੰਦਗੀ ਨੂੰ ਅਗਾਂਹ ਤੋਰ ਰਹੇ ਹਨ। ਸੱਥਾਂ ਵਿੱਚ ਚੱਲਦੇ ਹਾਸੇ-ਠੱਠੇ ਤੇ ਦੁੱਖ-ਸੁੱਖ ਸਾਂਝਾ ਕਰਨ ਨਾਲ ਬਜ਼ੁਰਗਾਂ ਦੇ ਚਿਹਰਿਆਂ 'ਤੇ ਵੀ ਰੌਣਕ ਨਜ਼ਰ ਆਉਂਦੀ ਸੀ ਪਰ ਹੁਣ ਬਹੁਤੇ ਘਰਾਂ ਵਿੱਚ ਪਏ ਬਜ਼ੁਰਗ ਵੀ ਇਕੱਲੇਪਣ ਨੂੰ ਹੰਢਾ ਰਹੇ ਹਨ। ਸਾਰਾ ਦਿਨ ਸੋਚਾਂ ਵਿੱਚ ਪਿਆ ਮਨ ਫਿਕਰਾਂ ਵਿੱਚ ਵਾਧਾ ਕਰ ਰਿਹਾ ਜੋ ਜਿੰਦਗੀ ਦੇ ਆਖਰੀ ਪੜਾਅ ਨੂੰ ਵੱਡਾ ਖੋਰਾ ਲਾ ਰਿਹਾ ਹੈ। ਦਿਨੋਂ-ਦਿਨ ਵਧ ਰਹੇ ਪਰਵਾਸ ਤੇ ਪੈਸੇ ਦੀ ਦੌੜ ਵਿੱਚ ਲੱਗੇ ਮਨੁੱਖੀ ਜੀਵਨ ਕਾਰਨ ਹੁਣ ਉਨ੍ਹਾਂ ਪੁਰਾਣੀਆਂ ਰੌਣਕਾਂ ਦੇ ਮੁੜ ਆਉਣ ਦੀ ਉਡੀਕ ਕਰਨਾ ਸਿਰਫ਼ ਦਿਲ ਨੂੰ ਧਰਵਾਸਾ ਦੇਣ ਵਾਲੀ ਗੱਲ ਹੀ ਜਾਪਦੀ ਹੈ। ਅੱਜ ਭਾਵੇਂ ਇਨਸਾਨ ਨੇ ਪੈਸੇ ਦੇ ਬਲਬੂਤੇ ਆਪਣੀ ਜਿੰਦਗੀ ਨੂੰ ਲਗਜ਼ਰੀ ਤਾਂ ਬਣਾ ਲਿਆ ਹੈ ਪਰ ਦਿਲ ਦੀ ਬੇਚੈਨੀ ਨੂੰ ਵਧਾ ਲਿਆ ਹੈ। ਮਿਲਕੇ ਬੈਠਣ ਦੌਰਾਨ ਹੁੰਦੇ ਹਾਸੇ-ਮਜ਼ਾਕ ਅਤੇ ਦੁੱਖਾਂ- ਸੁੱਖਾਂ ਦੀ ਸਾਂਝ ਨਾ ਰਹਿਣ ਕਾਰਨ ਹੁਣ ਜਿੱਥੇ ਆਮ ਲੋਕ ਮਾਨਸਿਕ ਬੀਮਾਰੀਆਂ ਦਾ ਸਿਕਾਰ ਹਨ, ਉੱਥੇ ਹੀ ਉਮਰਾਂ ਦੇ ਪੜਾਅ ਵੀ ਹੁਣ ਛੋਟੇ ਹੁੰਦੇ ਜਾ ਰਹੇ ਹਨ।

ਇਹ ਵੀ ਪੜ੍ਹੋ-  ਅਕਾਲੀ ਦਲ ਦੇ ਬਾਗੀ ਧੜੇ ਦੀ ਹੋਈ ਮੀਟਿੰਗ, ਗੁਰਪ੍ਰਤਾਪ ਵਡਾਲਾ ਬੋਲੇ, ਪਾਰਟੀ 'ਚ ਹਾਵੀ ਨਹੀਂ ਹੋਵੇਗਾ ਪਰਿਵਾਰਵਾਦ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News