ਮੋਹਲੇਧਾਰ ਮੀਂਹ ਤੇ ਤੂਫਾਨ ਨੇ ਵਰ੍ਹਾਇਆ ਕਹਿਰ, ਦਰੱਖਤ ਡਿੱਗੇ

Saturday, Sep 15, 2018 - 01:20 AM (IST)

ਮੋਹਲੇਧਾਰ ਮੀਂਹ ਤੇ ਤੂਫਾਨ ਨੇ ਵਰ੍ਹਾਇਆ ਕਹਿਰ, ਦਰੱਖਤ ਡਿੱਗੇ

ਹੁਸ਼ਿਆਰਪੁਰ, (ਜ.ਬ., ਅਮਰਿੰਦਰ)- ਵੀਰਵਾਰ ਰਾਤੀਂ ਸ਼ਹਿਰ ਅਤੇ  ਨੇੜਲੇ ਇਲਾਕਿਆਂ ’ਚ ਪਏ ਮੋਹਲੇਧਾਰ ਮੀਂਹ ਅਤੇ ਆਏ ਤੇਜ਼ ਤੂਫਾਨ ਨੇ ਖੂਬ ਕਹਿਰ ਵਰ੍ਹਾਇਆ। ਮੋਹਲੇਧਾਰ  ਮੀਂਹ  ਅਤੇ   ਤੂਫਾਨ ਕਾਰਨ ਸ਼ਹਿਰ ਵਿਚ ਸੈਂਕੜੇ ਰੁੱਖ ਡਿੱਗ ਗਏ। ਰਾਹਤ ਦੀ ਗੱਲ ੲਿਹ ਰਹੀ ਕਿ ੲਿਸ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ।  ਊਨਾ ਰੋਡ ’ਤੇ ਵਾਰਡ ਨੰ. 5 ਦੇ ਇਲਾਕੇ ’ਚ ਦੇਰ ਰਾਤ 10 ਵਜੇ ਦੇ ਕਰੀਬ ਸ਼ਿਮਲਾ ਪਹਾੜੀ  ਤੋਂ ਊਨਾ ਰੋਡ ਵੱਲ ਆ ਰਹੀਆਂ 3 ਕਾਰਾਂ ਤੇਜ਼ ਮੀਂਹ ਨਾਲ ਡਿੱਗ ਰਹੇ ਰੁੱਖਾਂ  ਅਤੇ ਬਿਜਲੀ ਦੇ ਖੰਭਿਆਂ  ਦੀ ਲਪੇਟ ’ਚ ਆ  ਗਈਆਂ। ਰਾਹਗੀਰਾਂ ਨੇ ਤੁਰੰਤ ਇਸ ਦੀ ਸੂਚਨਾ ਨਗਰ ਕੌਂਸਲਰ  ਪੰਡਤ ਵਿਕਰਮ ਮਹਿਤਾ ਨੂੰ ਦਿੱਤੀ।  ਕੌਂਸਲਰ ਨੇ ਇਲਾਕੇ ਦੇ ਨੌਜਵਾਨਾਂ ਨੂੰ ਨਾਲ ਲੈ ਕੇ ਕਾਰ ਸਵਾਰਾਂ ਨੂੰ ਬਾਹਰ ਕੱਢਿਆ।  ਹਾਲਾਂਕਿ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਜਾ ਚੁੱਕੀਆਂ ਸਨ। 
ਸ਼ਹਿਰ ਦੇ ਊਨਾ  ਰੋਡ ’ਤੇ ਬਿਜਲੀ ਦਾ ਟਰਾਂਸਫਾਰਮਰ ਡਿੱਗਣ ’ਤੇ ਇਲਾਕੇ  ਦੀ ਬਿਜਲੀ  ਸਪਲਾਈ  ਪੂਰੀ  ਤਰ੍ਹਾਂ ਬੰਦ ਰਹੀ। ਵੀਰਵਾਰ ਰਾਤੀਂ 9.30 ਵਜੇ ਸ਼ੁਰੂ ਹੋਇਆ  ਮੀਂਹ  ਸ਼ੁੱਕਰਵਾਰ ਸਵੇਰੇ 6 ਵਜੇ ਤਕ ਜਾਰੀ  ਰਿਹਾ। 
ਮੌਸਮ ਵਿਭਾਗ ਦੇ ਸੂਤਰਾਂ ਅਨੁਸਾਰ ਜ਼ਿਲੇ ’ਚ ਕੁਲ 70.5 ਐੱਮ.ਐੱਮ. ਮੀਂਹ ਰਿਕਾਰਡ ਕੀਤਾ ਗਿਆ।   ਹੁਸ਼ਿਆਰਪੁਰ ’ਚ ਸਭ ਤੋਂ ਜ਼ਿਆਦਾ 42 ਐੱਮ.ਐੱਮ. ਤੇ ਗੜ੍ਹਸ਼ੰਕਰ ’ਚ ਘੱਟੋ-ਘੱਟ 2 ਐੱਮ.ਐੱਮ.  ਮੀਂਹ ਪਿਆ।  ਮੁਕੇਰੀਆਂ ’ਚ 21.5 ਤੇ ਦਸੂਹਾ ’ਚ 5 ਐੱਮ.ਐੱਮ. ਮੀਂਹ ਰਿਕਾਰਡ ਕੀਤਾ  ਗਿਆ। 
ਮੀਂਹ   ਦੇ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਸਵੇਰੇ 8 ਵਜੇ ਤੱਕ ਬਾਜ਼ਾਰਾਂ 'ਚ ਹੜ੍ਹ ਵਰਗੇ  ਹਾਲਾਤ ਦੇਖਣ ਨੂੰ ਮਿਲੇ। ਸ਼ਹਿਰ ਦੇ ਮੁੱਖ ਸ਼ਾਪਿੰਗ ਸੈਂਟਰ ਘੰਟਾਘਰ, ਕੋਤਵਾਲੀ ਬਾਜ਼ਾਰ,  ਰੇਲਵੇ ਰੋਡ, ਰੈੱਡ ਰੋਡ, ਬਾਲਕ੍ਰਿਸ਼ਨ ਰੋਡ, ਸ਼ਿਮਲਾ ਪਹਾੜੀ ਚੌਕ, ਊਨਾ ਰੋਡ, ਪ੍ਰਲਾਹਦ  ਨਗਰ, ਸੁਤਹਿਰੀ ਰੋਡ, ਗਵਰਨਮੈਂਟ ਕਾਲਜ ਰੋਡ, ਪ੍ਰਭਾਤ ਚੌਕ ਅਤੇ ਜਲੰਧਰ ਰੋਡ ਇਲਾਕਿਆਂ ’ਚ  ੲਿਕੱਠੇ ਹੋਏ ਮੀਂਹ   ਦੇ  ਪਾਣੀ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਇਲਾਕਿਆਂ ਦੀਆਂ ਕਈ  ਦੁਕਾਨਾਂ 'ਚ ਮੀਂਹ ਦਾ ਪਾਣੀ ਦਾਖਲ ਹੋਣ ਕਾਰਨ  ਦੁਕਾਨਦਾਰਾਂ   ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। 
ਪਾਵਰਕਾਮ ਨੂੰ ਪਹੁੰਚਿਆ ਕਰੀਬ 10 ਲੱਖ ਦਾ ਨੁਕਸਾਨ : ਇੰਜ. ਖਾਂਬਾ
ਸੰਪਰਕ  ਕਰਨ ’ਤੇ ਹੁਸ਼ਿਆਰਪੁਰ ਪਾਵਰਕਾਮ ਸਰਕਲ ਦੇ ਡਿਪਟੀ ਚੀਫ ਇੰਜੀਨੀਅਰ ਪੀ.ਐੱਸ. ਖਾਂਬਾ ਨੇ  ਦੱਸਿਆ ਕਿ ਪਾਵਰਕਾਮ ਦੀਆਂ ਹੋਰ ਡਵੀਜ਼ਨਾਂ  ਕੋਲੋਂ ਵੀ ਮੀਂਹ ਤੇ ਤੂਫਾਨ  ਕਾਰਨ ਹੋਏ ਨੁਕਸਾਨ ਦੀ ਜਾਣਕਾਰੀ  ਮੰਗਵਾਈ ਜਾ ਰਹੀ ਹੈ। ਇਕ ਅਨੁਮਾਨ ਅਨੁਸਾਰ ਸ਼ਿਮਲਾ ਪਹਾੜੀ ਚੌਕ ਸਹਿਤ ਵੱਖ-ਵੱਖ ਹਿੱਸਿਆਂ ਦੀ ਮਿਲੀ ਰਿਪੋਰਟ ਅਨੁਸਾਰ ਤੂਫਾਨ ਕਾਰਨ ਹੁਣ ਤਕ ਹੁਸ਼ਿਆਰਪੁਰ ਪਾਵਰਕਾਮ ਸਰਕਲ ਨੂੰ ਕਰੀਬ  10 ਲੱਖ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ।   


Related News