ਪੰਜਾਬ ਸਰਕਾਰ 6 ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਕੀਰਤਪੁਰ ਸਾਹਿਬ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ: ਹਰਜੋਤ ਸਿੰਘ ਬੈਂਸ

Sunday, Jul 28, 2024 - 05:09 PM (IST)

ਪੰਜਾਬ ਸਰਕਾਰ 6 ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਕੀਰਤਪੁਰ ਸਾਹਿਬ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ: ਹਰਜੋਤ ਸਿੰਘ ਬੈਂਸ

ਸ੍ਰੀ ਕੀਰਤਪੁਰ ਸਾਹਿਬ (ਬਾਲੀ)-ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਅੱਠਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਪ੍ਰਕਾਸ਼ ਪੁਰਬ ਦੀਆਂ ਦੇਸ਼ਾਂ-ਵਿਦੇਸ਼ਾਂ ਵਿੱਚ ਵੱਸਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆਂ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਗੁਰੂ ਸਾਹਿਬ ਦਾ ਜਨਮ 7 ਜੁਲਾਈ 1656 ਈਸਵੀਂ ਨੂੰ ਸੱਤਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਿ ਰਾਏ ਜੀ ਦੇ ਘਰ ਮਾਤਾ ਕ੍ਰਿਸ਼ਨ ਕੋਰ ਜੀ ਦੀ ਕੁੱਖੋਂ ਕੀਰਤਪੁਰ ਸਾਹਿਬ ਦੀ ਧਰਤੀ ’ਤੇ ਹੋਇਆ ਸੀ। 

ਉਨ੍ਹਾਂ ਕਿਹਾ ਕਿ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ 5 ਸਾਲ ਦੀ ਉਮਰ ਵਿੱਚ ਗੁਰਿਆਈ ਮਿਲੀ ਅਤੇ ਅੱਠ ਸਾਲ ਦੀ ਉਮਰ ਵਿੱਚ ਗੁਰੂ ਸਾਹਿਬ ਜੋਤੀ-ਜੋਤਿ ਸਮਾ ਗਏ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੂੰ ਬਾਲਾ ਪ੍ਰੀਤਮ ਦੇ ਨਾਮ ਵਜੋਂ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਨੇ ਆਪਣੀ ਬਾਲ ਗੁਰਿਆਈ ਦੇ ਤਿੰਨ ਸਾਲ ਦੇ ਸਮੇਂ ਵਿੱਚ ਸੂਝ, ਸਿਆਣਪ, ਦ੍ਰਿੜਤਾ ਅਤੇ ਦਲੇਰੀ ਨਾਲ ਸਿੱਖ ਪੰਥ ਦੀ ਅਗਵਾਈ ਕੀਤੀ ਜੋ ਆਪਣੀ ਮਿਸਾਲ ਆਪ ਸੀ ਅਤੇ ਉਨ੍ਹਾਂ ਨੇ ਦਰਸਾਅ ਦਿੱਤਾ ਕਿ ਉਮਰ, ਬੁਧੀਮਾਨਤਾ ਅਤੇ ਆਤਮ ਗਿਆਨ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਬਾਧਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਦਿੱਲੀ ਵਿੱਚ ਉਸ ਸਮੇਂ ਚੇਚਕ ਦੀ ਭਿਆਨਕ ਬਿਮਾਰੀ ਫੈਲੀ ਤਾਂ ਗੁਰੂ ਸਾਹਿਬ ਨੇ ਇਸ ਬੀਮਾਰੀ ਨਾਲ ਗ੍ਰਸਤ ਲੋਕਾਂ ਦੀ ਸੇਵਾ ਕੀਤੀ ਅਤੇ ਆਪਣੀ ਰਹਿਮਤ ਨਾਲ ਉਨ੍ਹਾਂ ਦੇ ਦੁੱਖ਼ ਦੂਰ ਕੀਤੇ। 

ਇਹ ਵੀ ਪੜ੍ਹੋ- ਨਾਬਾਲਗ ਬੱਚਿਆਂ ਵੱਲੋਂ ਵਾਹਨ ਚਲਾਉਣ ਨੂੰ ਲੈ ਕੇ ਅਹਿਮ ਖ਼ਬਰ, ਪੰਜਾਬ ਪੁਲਸ ਨੇ ਪੂਰੇ ਸੂਬੇ 'ਚ ਲਾਈ ਇਹ ਪਾਬੰਦੀ

ਕੈਬਨਿਟ ਮੰਤਰੀ ਨੇ ਕਿਹਾ ਕਿ ਉਹ ਆਪਣੇ-ਆਪ ਨੂੰ ਬਹੁਤ ਭਾਗਾਂ ਵਾਲੇ ਸਮਝਦੇ ਹਨ, ਜਿਨ੍ਹਾਂ ਨੂੰ ਇੰਨੇ ਮਹਾਨ ਪਵਿੱਤਰ ਸ਼ਹਿਰਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਕੀਰਤਪੁਰ ਸਾਹਿਬ ਦੀ ਧਰਤੀ ਨੂੰ ਟੂਰਿਜ਼ਮ ਹੱਬ ਵਜੋਂ ਵਿਕਸਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 50 ਲੱਖ ਰੁਪਏ ਦੀ ਲਾਗਤ ਨਾਲ ਕੀਰਤਪੁਰ ਸਾਹਿਬ ਦੇ ਦਾਖ਼ਲੇ ਮੌਕੇ ਬਣੇ ਪਤਾਲਪੁਰੀ ਚੌਂਕ ਦਾ ਸੁੰਦਰੀਕਰਨ ਕਰਵਾਇਆ ਜਾ ਰਿਹਾ ਹੈ, ਜਿਸ ਦਾ ਕੰਮ ਜਲਦ ਪੂਰਾ ਹੋਣ ਵਾਲਾ ਹੈ। 

ਸ਼ਹਿਰ ਵਾਸੀਆਂ ਦੀ ਦਹਾਕਿਆਂ ਪੁਰਾਣੀ ਸੀਵਰੇਜ ਦੀ ਸਮੱਸਿਆ ਦਾ ਹੱਲ ਕਰਨ ਲਈ ਬਹੁ ਕਰੋੜੀ ਐੱਸ. ਟੀ. ਪੀ. ਪ੍ਰਾਜੈਕਟ ਦਾ ਕੰਮ ਵੀ ਜੰਗੀ ਪੱਧਰ 'ਤੇ ਜਾਰੀ ਹੈ।ਉਨ੍ਹਾਂ ਕਿਹਾ ਕਿ 10 ਕਰੋੜ ਰੁਪਏ ਦੀ ਲਾਗਤ ਨਾਲ ਕੀਰਤਪੁਰ ਸਾਹਿਬ ਵੀ ਸਕੂਲ ਆਫ਼ ਐਮੀਨੈਂਸ ਦਾ ਕੰਮ ਵੀ ਜਲਦ ਸ਼ੁਰੂ ਹੋਣ ਵਾਲਾ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਪਤਾਲਪੁਰੀ ਚੋਂਕ ਵਿੱਚ 15 ਫੁੱਟ ਉੱਚੀ ਰਬਾਬ, ਆਰਗੈਨਿਕ ਬੂਟੇ ਅਤੇ ਸੁੰਦਰ ਲਾਈਟਾਂ ਲਗਾਈਆਂ ਗਈਆਂ ਹਨ, ਜੋਕਿ ਸੈਲਾਨੀਆਂ ਲਈ ਆਕਰਸ਼ਿਤ ਦਾ ਕੇਂਦਰ ਬਣਨਗੀਆਂ। ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਖੰਡਰ ਹਾਲਾਤ ਵਿੱਚ ਪਏ ਸ਼ਹਿਰ ਦੇ ਸਰਕਾਰੀ ਹਸਪਤਾਲ ਦੇ ਨਵੀਨੀਕਰਨ ਦਾ ਕੰਮ ਵੀ ਜਲਦ ਸ਼ੁਰੂ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਪੁਲਸ ਸਟੇਸ਼ਨ 'ਚ ਦਾਖ਼ਲ ਹੋ ਕੇ ਚੌਂਕੀ ਇੰਚਾਰਜ ਮੁਨਸ਼ੀ ਤੇ ਕਾਂਸਟੇਬਲ 'ਤੇ ਕੀਤਾ ਹਮਲਾ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News