ਰੇਹੜੀ-ਫੜੀ ਲਾਉਣ ਵਾਲਿਆਂ ਦੇ ਮੂੰਹ ''ਚੋਂ ਕਾਂਗਰਸ-ਭਾਜਪਾ ਰੋਟੀ ਖੋਹ ਰਹੀਆਂ ਹਨ : ਡਾ. ਰਵਜੋਤ

Tuesday, May 14, 2019 - 12:19 PM (IST)

ਰੇਹੜੀ-ਫੜੀ ਲਾਉਣ ਵਾਲਿਆਂ ਦੇ ਮੂੰਹ ''ਚੋਂ ਕਾਂਗਰਸ-ਭਾਜਪਾ ਰੋਟੀ ਖੋਹ ਰਹੀਆਂ ਹਨ : ਡਾ. ਰਵਜੋਤ

ਹੁਸ਼ਿਆਰਪੁਰ (ਘੁੰਮਣ)— ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਸ਼ਿਆਰਪੁਰ ਆਏ ਅਤੇ ਹੁਣ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਆਏ ਅਤੇ ਇਨ੍ਹਾਂ ਦੋਵੇਂ ਵੱਡੇ ਆਗੂਆਂ ਕਾਰਨ ਸ਼ਹਿਰ 'ਚ ਰੇਹੜੀ-ਫੜੀ ਲਾਉਣ ਵਾਲੇ ਮਜ਼ਦੂਰਾਂ ਨੂੰ ਦੋ ਦਿਨ ਕੰਮ ਤੋਂ ਵਿਹਲੇ ਬਿਠਾ ਦਿੱਤਾ ਗਿਆ। ਇਸੇ ਕਾਰਨ ਮਜ਼ਦੂਰਾਂ ਨੂੰ ਆਪਣੇ ਘਰ ਦਾ ਖਰਚ ਚਲਾਉਣਾ ਔਖਾ ਹੋ ਗਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਉਮੀਦਵਾਰ ਡਾ. ਰਵਜੋਤ ਨੇ ਕਰਦਿਆਂ ਕਿਹਾ ਕਿ ਇਨ੍ਹਾਂ ਵੱਡੇ ਆਗੂਆਂ ਦੀ ਸਕਿਉਰਟੀ ਨੂੰ ਕਾਰਨ ਦੱਸ ਕੇ ਗਰੀਬ ਲੋਕਾਂ ਦੇ ਮੂੰਹ ਵਿਚੋਂ ਰੋਟੀ ਖੋਹੀ ਜਾ ਰਹੀ ਹੈ, ਜਿਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਓਨੀ ਹੀ ਘੱਟ ਹੈ। 
ਉਨ੍ਹਾਂ ਕਿਹਾ ਕਿ ਰੇਹੜੀ-ਫੜੀ ਲਾਉਣ ਵਾਲੇ ਮਜ਼ਦੂਰ ਨੂੰ ਜਦੋਂ ਉਸ ਦੇ ਕੰਮ ਤੋਂ ਰੋਕ ਦਿੱਤਾ ਜਾਂਦਾ ਹੈ ਤਦ ਉਸ ਵੱਲੋਂ ਖਰੀਦੀ ਗਈ ਸਬਜ਼ੀ-ਫਰੂਟ ਵੀ ਗਰਮੀ 'ਚ ਖਰਾਬ ਹੋ ਜਾਂਦੇ ਹਨ। ਇਸ ਤਰ੍ਹਾਂ ਇਕ ਤਾਂ ਉਨ੍ਹਾਂ ਦੀ ਦਿਹਾੜੀ ਖਰਾਬ ਕੀਤੀ ਜਾ ਰਹੀ ਹੈ, ਦੂਜਾ ਉਨ੍ਹਾਂ ਵੱਲੋਂ ਵੇਚਣ ਲਈ ਮੰਡੀ ਤੋਂ ਖਰੀਦੀ ਗਈ ਸਬਜ਼ੀ-ਫਰੂਟ ਦੇ ਖਰਾਬ ਹੋ ਜਾਣ ਨਾਲ ਉਨ੍ਹਾਂ ਨੂੰ ਦੋਹਰੀ ਆਰਥਿਕ ਮਾਰ ਝੱਲਣੀ ਪੈ ਰਹੀ ਹੈ। ਡਾ. ਰਵਜੋਤ ਨੇ ਕਿਹਾ ਕਿ ਇਸ ਤੋਂ ਇਲਾਵਾ ਇਨ੍ਹਾਂ ਆਗੂਆਂ ਦੀ ਆਮਦ ਕਾਰਨ ਵੱਖ-ਵੱਖ ਰਸਤੇ ਬੰਦ ਕਰ ਦੇਣ ਨਾਲ ਸ਼ਹਿਰ ਆਪਣੇ ਕੰਮ ਲਈ ਆਉਣ ਵਾਲੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇਸੇ ਵੀ. ਆਈ. ਪੀ. ਕਲਚਰ ਨੂੰ ਖਤਮ ਕਰਨ ਲਈ ਮੈਦਾਨ 'ਚ ਉੱਤਰੀ ਹੈ ਤੇ ਇਕ ਦਿਨ ਲੋਕਾਂ ਦੀ ਮਦਦ ਨਾਲ ਇਸ ਨੂੰ ਜ਼ਰੂਰ ਖਤਮ ਕੀਤਾ ਜਾਵੇਗਾ। ਇਸ ਮੌਕੇ ਆਪ ਦੇ ਜ਼ਿਲਾ ਪ੍ਰਧਾਨ ਗੁਰਵਿੰਦਰ ਪਾਬਲਾ, ਹਲਕਾ ਇੰਚਾਰਜ ਸੰਦੀਪ ਸੈਣੀ, ਸਿਟੀ ਪ੍ਰਧਾਨ ਅਜੇ ਵਰਮਾ, ਜਸਪਾਲ ਸੱਗੀ, ਜਸਪਾਲ ਚੇਚੀ, ਹਰਪ੍ਰੀਤ ਸਿੰਘ ਧਾਮੀ, ਪ੍ਰਦੀਪ ਸੈਣੀ ਵੀ ਉਨ੍ਹਾਂ ਨਾਲ ਮੌਜੂਦ ਸਨ।


author

shivani attri

Content Editor

Related News