ਮੋਦੀ ਸਰਕਾਰ ''ਚ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੂੰ ਜਿਮਖਾਨਾ ਕਲੱਬ ਨੇ ਦੱਸਿਆ ਡਿਫਾਲਟਰ

02/22/2020 4:43:11 PM

ਜਲੰਧਰ (ਖੁਰਾਣਾ)— ਸ਼ਹਿਰ ਦੇ ਇਕਲੌਤੇ ਕਲੱਬ ਜਲੰਧਰ ਜਿਮਖਾਨਾ ਕਲੱਬ ਨੇ ਆਪਣੇ ਉਨ੍ਹਾਂ ਮੈਂਬਰਾਂ ਕੋਲੋਂ 1 ਕਰੋੜ ਰੁਪਏ ਤੋਂ ਵੱਧ ਦੀ ਰਕਮ ਅਜੇ ਲੈਣੀ ਹੈ, ਜਿਨ੍ਹਾਂ ਨੂੰ ਕਲੱਬ ਡਿਫਾਲਟਰ ਐਲਾਨ ਕਰਕੇ ਸਾਲਾਂ ਪਹਿਲਾਂ ਕੱਢ ਚੁੱਕਾ ਹੈ ਅਤੇ ਉਨ੍ਹਾਂ ਦੀ ਮੈਂਬਰਸ਼ਿਪ ਖਤਮ ਕੀਤੀ ਜਾ ਚੁੱਕੀ ਹੈ। ਇਸ 1 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਉਗਰਾਹੁਣ ਲਈ ਹੁਣ ਕਲੱਬ ਦੀ ਨਵੀਂ ਮੈਨੇਜਮੈਂਟ ਨੇ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ ਜਿਸ ਦੇ ਤਹਿਤ ਹੁਣ ਉਨ੍ਹਾਂ ਮੈਂਬਰਾਂ ਨੂੰ ਨੋਟਿਸ ਕੱਢੇ ਗਏ ਹਨ, ਜਿਨ੍ਹਾਂ ਨੇ ਡਿਫਾਲਟਰ ਐਲਾਨ ਕੀਤੇ ਮੈਂਬਰਾਂ ਦੇ ਫਾਰਮ 'ਤੇ ਬਤੌਰ ਪ੍ਰੋਪੋਜ਼ਰ ਜਾਂ ਸੈਕੰਡਰ ਹਸਤਾਖਰ ਕੀਤੇ ਸਨ।

ਇਸ ਪ੍ਰਕਿਰਿਆ ਤਹਿਤ ਜਿਮਖਾਨਾ ਕਲੱਬ ਨੇ ਜਿੱਥੇ ਪੰਜਾਬ ਦੇ ਸੀਨੀਅਰ ਅਤੇ ਰਿਟਾਇਰ ਹੋ ਚੁੱਕੇ ਆਈ. ਏ. ਐੱਸ., ਆਈ. ਪੀ. ਐੱਸ. ਅਤੇ ਪੀ. ਸੀ. ਐੱਸ. ਲੈਵਲ ਦੇ ਅਧਿਕਾਰੀਆਂ ਦੇ ਫਾਰਮ ਕੱਢ ਕੇ ਉਨ੍ਹਾਂ ਦੇ ਪ੍ਰੋਪੋਜ਼ਰ ਅਤੇ ਸੈਕੇਂਡਰ ਨੂੰ ਨੋਟਿਸ ਫੜਾਏ ਹਨ, ਉਥੇ ਜਿਮਖਾਨਾ ਕਲੱਬ ਨੇ ਕੇਂਦਰ ਦੀ ਮੋਦੀ ਸਰਕਾਰ ਵਿਚ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੂੰ ਵੀ ਡਿਫਾਲਟਰ ਦੱਸਦਿਆਂ ਉਨ੍ਹਾਂ ਦੇ ਫਾਰਮ 'ਤੇ ਬਤੌਰ ਪ੍ਰੋਪੋਜ਼ਰ ਹਸਤਾਖਰ ਕਰਨ ਵਾਲੇ ਜਲੰਧਰ ਦੇ ਸਾਬਕਾ ਮੇਅਰ ਅਤੇ ਇਸ ਸਮੇਂ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਰਾਕੇਸ਼ ਰਾਠੌਰ ਨੂੰ ਵੀ ਨੋਟਿਸ ਭੇਜ ਦਿੱਤਾ ਹੈ, ਜਿਸ ਨਾਲ ਸਿਆਸੀ ਖੇਤਰਾਂ ਵਿਚ ਹਲਚਲ ਮਚੀ ਹੋਈ ਹੈ।

ਜ਼ਿਕਰਯੋਗ ਹੈ ਕਿ ਬਤੌਰ ਕ੍ਰਿਕਟਰ ਅਤੇ ਸਿਆਸੀ ਖਿਡਾਰੀ ਦੇ ਤੌਰ 'ਤੇ ਕਈ ਉਪਲੱਬਧੀਆਂ ਹਾਸਲ ਕਰ ਚੁੱਕੇ ਅਨੁਰਾਗ ਠਾਕੁਰ ਦਾ ਜਲੰਧਰ ਨਾਲ ਕੁਨੈਕਸ਼ਨ ਕਿਸੇ ਤੋਂ ਲੁਕਿਆ ਨਹੀਂ। ਉਨ੍ਹਾਂ ਦੇ ਧੂਮਲ ਪਰਿਵਾਰ ਦਾ ਜਲੰਧਰ ਵਿਚ ਪੁਸ਼ਤੈਨੀ ਮਕਾਨ ਤੋਂ ਇਲਾਵਾ ਕਈ ਬਿਜ਼ਨੈੱਸ ਅਤੇ ਹੋਰ ਸਬੰਧ ਹਨ ਅਤੇ ਅਨੁਰਾਗ ਦਾ ਬਚਪਨ ਵੀ ਜਲੰਧਰ ਵਿਚ ਹੀ ਬੀਤਿਆ। 1998 ਵਿਚ ਉਨ੍ਹਾਂ ਜਲੰਧਰ ਜਿਮਖਾਨਾ ਕਲੱਬ ਦੀ ਮੈਂਬਰਸ਼ਿਪ ਲਈ, ਜਿਸ ਦੇ ਫਾਰਮ 'ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਰਾਕੇਸ਼ ਰਾਠੌਰ ਨੇ ਹਸਤਾਖਰ ਕੀਤੇ।

ਮੈਂਬਰਸ਼ਿਪ ਲੈਣ ਤੋਂ ਬਾਅਦ ਅਨੁਰਾਗ ਸਿਰਫ ਕੁਝ ਵਾਰ ਜਿਮਖਾਨਾ ਕਲੱਬ ਆਏ ਹੋਣਗੇ ਪਰ ਇਸ ਦੌਰਾਨ ਉਨ੍ਹਾਂ ਹਿਮਾਚਲ ਅਤੇ ਹੋਰ ਥਾਵਾਂ ਵਿਚ ਸਿਆਸੀ ਤੌਰ 'ਤੇ ਲੰਬੀ ਪਾਰੀ ਖੇਡ ਕੇ ਸਫਲਤਾ ਹਾਸਿਲ ਕੀਤੀ। ਕੁੱਝ ਸਮਾਂ ਪਹਿਲਾਂ ਜਿਮਖਾਨਾ ਕਲੱਬ ਨੇ ਬਕਾਇਆ ਰਕਮ ਦਾ ਭੁਗਤਾਨ ਨਾ ਕਰਨ ਕਾਰਣ ਅਨੁਰਾਗ ਠਾਕੁਰ ਦੀ ਮੈਂਬਰਸ਼ਿਪ ਨੂੰ ਖਤਮ ਕਰ ਦਿੱਤਾ। ਅਨੁਰਾਗ ਦੇ ਪਰਿਵਾਰਕ ਸੂਤਰਾਂ ਦਾ ਕਹਿਣਾ ਹੈ ਕਿ ਕਲੱਬ ਵੱਲੋਂ ਉਨ੍ਹਾਂ ਨੂੰ ਕੋਈ ਨੋਟਿਸ ਨਹੀਂ ਮਿਲੇ ਜਦੋਂਕਿ ਕਲੱਬ ਰਿਕਾਰਡ ਮੁਤਾਬਿਕ ਜ਼ਰੂਰੀ ਨੋਟਿਸ ਸਰਵ ਕਰ ਕੇ ਉਨ੍ਹਾਂ ਦੀ ਮੈਂਬਰਸ਼ਿਪ ਖਤਮ ਕੀਤੀ ਗਈ। ਹੁਣ ਜਿਮਖਾਨਾ ਕਲੱਬ ਨੇ ਸ਼ਹਿਰ ਦੇ ਸਾਬਕਾ ਮੇਅਰ ਰਾਕੇਸ਼ ਰਾਠੌਰ ਨੂੰ ਨੋਟਿਸ ਜਾਰੀ ਕਰ ਕੇ ਅਨੁਰਾਗ ਵੱਲ ਬਕਾਇਆ 18 ਹਜ਼ਾਰ ਰੁਪਏ ਦੀ ਮੰਗ ਕੀਤੀ ਹੈ। ਨੋਟਿਸ ਵਿਚ ਸਾਫ ਲਿਖਿਆ ਹੈ ਕਿ ਪੈਸੇ ਨਾ ਦੇਣ ਦੀ ਸਥਿਤੀ ਵਿਚ ਕਾਨੂੰਨੀ ਕਾਰਵਾਈ ਤੱਕ ਕੀਤੀ ਜਾਵੇਗੀ।

ਜਿਮਖਾਨਾ ਦਾ ਨੋਟਿਸ ਕੱਢਣਾ ਗਲਤ, ਸੈਕਰੇਟਰੀ ਸਿੱਕਾ ਨਾਲ ਕੀਤੀ ਹੈ ਗੱਲ : ਰਾਠੌਰ
ਉਸ ਸਬੰਧ 'ਚ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨਾਲ ਸੰਪਰਕ ਨਹੀਂ ਹੋ ਸਕਿਆ ਪਰ ਜਦੋਂ ਸਾਬਕਾ ਮੇਅਰ ਰਾਕੇਸ਼ ਰਾਠੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਜਿਮਖਾਨਾ ਕਲੱਬ ਵਲੋਂ ਅਨੁਰਾਗ ਮਾਮਲੇ ਵਿਚ ਮਿਲੇ ਨੋਟਿਸ 'ਤੇ ਪ੍ਰਤੀਕਿਰਿਆ ਦਿੰਦੇ ਕਿਹਾ ਕਿ ਜਿਮਖਾਨਾ ਵੱਲੋਂ ਅਜਿਹਾ ਨੋਟਿਸ ਕੱਢਣਾ ਹੀ ਗਲਤ ਫੈਸਲਾ ਹੈ, ਜਿਸ ਬਾਰੇ ਉਨ੍ਹਾਂ ਕਲੱਬ ਸੈਕਰੇਟਰੀ ਤਰੁਣ ਸਿੱਕਾ ਨਾਲ ਗੱਲ ਵੀ ਕੀਤੀ ਹੈ।

ਰਾਕੇਸ਼ ਰਾਠੌਰ ਨੇ ਕਿਹਾ ਕਿ ਜਲੰਧਰ ਜਿਮਖਾਨਾ ਕਲੱਬ ਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਹੈ ਕਿ ਮੋਦੀ ਸਰਕਾਰ ਦਾ ਕੋਈ ਮੰਤਰੀ ਉਨ੍ਹਾਂ ਦੇ ਕਲੱਬ ਦਾ ਮੈਂਬਰ ਹੈ। ਅਨੁਰਾਗ ਠਾਕੁਰ ਦੀ ਖੇਡ ਜਗਤ ਨੂੰ ਦੇਣ ਅਤੇ ਸਿਆਸਤ 'ਚ ਉੱਚੀ ਉਡਾਣ ਕਿਸੇ ਤੋਂ ਲੁਕੀ ਨਹੀਂ ਹੈ। ਅਜਿਹੇ ਵਿਚ ਉਨ੍ਹਾਂ ਨੂੰ ਬਿਨਾਂ ਕੋਈ ਨੋਟਿਸ ਦਿੱਤਿਆਂ ਉਨ੍ਹਾਂ ਦੀ ਮੈਂਬਰਸ਼ਿਪ ਖਤਮ ਕਰ ਦੇਣਾ ਅਤੇ ਬਕਾਏ ਵਸੂਲਣ ਦੇ ਨੋਟਿਸ ਜਾਰੀ ਕਰਨਾ ਸਹੀ ਨਹੀਂ ਹੈ। ਚਾਹੀਦਾ ਤਾਂ ਇਹ ਸੀ ਕਿ ਕਲੱਬ ਅਨੁਰਾਗ ਜਿਹੀ ਉੱਚ ਸ਼ਖਸੀਅਤ ਨੂੰ ਆਨਰੇਰੀ ਮੈਂਬਰਸ਼ਿਪ ਪ੍ਰਦਾਨ ਕਰਦਾ ਪਰ ਮੈਨੇਜਮੈਂਟ ਨੇ ਨੋਟਿਸ ਕੱਢ ਕੇ ਗਲਤ ਫੈਸਲਾ ਲਿਆ ਹੈ।

ਜਿਨ੍ਹਾਂ ਨੇ 2012 ਤੋਂ ਪਹਿਲਾਂ ਹਸਤਾਖਰ ਕੀਤੇ ਉਨ੍ਹਾਂ ਨੂੰ ਕਲੱਬ ਨੋਟਿਸ ਭੇਜ ਹੀ ਨਹੀਂ ਸਕਦਾ : ਕੁੱਕੀ ਬਹਿਲ
ਅਸਲ 'ਚ ਜਿਮਖਾਨਾ ਕਲੱਬ ਮੈਨੇਜਮੈਂਟ ਨੇ ਹਾਲ ਹੀ 'ਚ ਪੁਰਾਣੇ ਡਿਫਾਲਟਰ ਮੈਂਬਰਾਂ ਦੀ ਸੂਚੀ ਕੱਢ ਕੇ ਉਨ੍ਹਾਂ ਵੱਲ ਬਕਾਇਆਂ ਦੀ ਵਸੂਲੀ ਲਈ ਦੋ ਤਰ੍ਹਾਂ ਦੀਆਂ ਲਿਸਟਾਂ ਤਿਆਰ ਕੀਤੀਆਂ ਸਨ। ਇਕ ਲਿਸਟ ਉਨ੍ਹਾਂ ਮੈਂਬਰਾਂ ਦੀ ਸੀ, ਜਿਨ੍ਹਾਂ ਨੂੰ 2012 ਤੋਂ ਬਾਅਦ ਮੈਂਬਰਸ਼ਿਪ ਦਿੱਤੀ ਗਈ ਸੀ। ਅਜਿਹੀ ਮੈਂਬਰਸ਼ਿਪ ਦਿੰਦੇ ਸਮੇਂ ਫਾਰਮ ਦੇ ਨਾਲ ਦੋ ਐਫੀਡੇਵਿਟ ਪ੍ਰੋਪੋਜ਼ਰ ਅਤੇ ਸੈਕੇਂਡਰ ਕੋਲੋਂ ਲਏ ਗਏ। ਇਨ੍ਹਾਂ ਐਫੀਡੈਵਿਟਾਂ ਵਿਚ ਪ੍ਰੋਪੋਜ਼ਰ ਅਤੇ ਸੈਕੇਂਡਰ ਬਣੇ ਕਲੱਬ ਮੈਂਬਰਾਂ ਨੇ ਨਵੇਂ ਬਣ ਰਹੇ ਮੈਂਬਰਾਂ ਲਈ ਸਭ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਲਈਆਂ।

ਦੂਜੀ ਲਿਸਟ ਉਨ੍ਹਾਂ ਮੈਂਬਰਾਂ ਦੀ ਸੀ, ਜੋ ਪਿਛਲੇ 50-60 ਸਾਲਾਂ ਦੌਰਾਨ ਪਰ 2013 ਤੋਂ ਪਹਿਲਾਂ ਮੈਂਬਰ ਬਣੇ ਸਨ ਤਦ ਕਲੱਬ ਨਿਯਮਾਂ ਅਨੁਸਾਰ ਨਵੇਂ ਬਣ ਰਹੇ ਮੈਂਬਰ ਦੇ ਫਾਰਮ 'ਤੇ ਪ੍ਰੋਪੋਜ਼ਰ ਤੇ ਸੈਕੇਂਡਰ ਨੂੰ ਸਾਈਨ ਕਰਦੇ ਸਮੇਂ ਸਿਰਫ ਉਨ੍ਹਾਂ ਦੇ ਕਰੈਕਟਰ ਸਰਟੀਫਿਕੇਟ ਨੂੰ ਸਰਟੀਫਾਈ ਕਰਨਾ ਹੁੰਦਾ ਸੀ। ਅਜਿਹੇ ਫਾਰਮ 'ਤੇ ਕਦੀ ਵੀ ਫਾਇਨਾਂਸ਼ੀਅਲ ਗਾਰੰਟੀ ਆਦਿ ਜਿਹਾ ਕੋਈ ਗਲਤ ਕਾਲਮ ਨਹੀਂ ਸੀ ਪਰ ਕਲੱਬ ਨੇ ਅਜਿਹੇ ਸਾਈਨ ਕਰਨ ਵਾਲੇ ਮੈਂਬਰਾਂ ਨੂੰ ਵੀ ਨੋਟਿਸ ਭੇਜ ਦਿੱਤੇ, ਜਿਨ੍ਹਾਂ ਨੂੰ ਲੈ ਕੇ ਅੱਜ ਪੂਰੇ ਸ਼ਹਿਰ ਵਿਚ ਰੌਲਾ ਪਿਆ ਹੋਇਆ ਹੈ। ਇਸ ਸਬੰਧ ਵਿਚ ਜਦੋਂ ਸਾਬਕਾ ਸੈਕਰੇਟਰੀ ਕੁੱਕੀ ਬਹਿਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ 2012 ਤੋਂ ਪਹਿਲਾਂ ਹਸਤਾਖਰ ਕੀਤੇ, ਉਨ੍ਹਾਂ ਨੂੰ ਕਲੱਬ ਨੋਟਿਸ ਭੇਜ ਹੀ ਨਹੀਂ ਸਕਦਾ ਕਿਉਂਕਿ ਉਨ੍ਹਾਂ ਕਿਸੇ ਤਰ੍ਹਾਂ ਦੀ ਕੋਈ ਗਾਰੰਟੀ ਨਹੀਂ ਚੁੱਕੀ। ਅਜਿਹੇ ਮੈਂਬਰਾਂ ਨੂੰ ਕਲੱਬ ਵਲੋਂ ਨੋਟਿਸ ਭੇਜਣਾ ਗੈਰ-ਸੰਵਿਧਾਨਕ ਹੈ।

ਸਾਬਕਾ ਸੈਕਰੇਟਰੀ ਦਲਜੀਤ ਛਾਬੜਾ ਨੇ ਦਿੱਤਾ ਕਰਾਰਾ ਜਵਾਬ, ਕੀ ਮੈਨੇਜਮੈਂਟ ਇੰਨੀ ਦੇਰ ਸੁੱਤੀ ਰਹੀ
ਕਲੱਬ ਦੀ ਮੌਜੂਦਾ ਮੈਨੇਜਮੈਂਟ ਨੇ ਸਾਬਕਾ ਸੈਕਰੇਟਰੀ ਦਲਜੀਤ ਛਾਬੜਾ ਨੂੰ ਵੀ ਕਰੀਬ 12 ਨੋਟਿਸ ਭੇਜੇ ਹਨ ਤੇ ਇਨ੍ਹਾਂ ਨੋਟਿਸਾਂ ਵਿਚ ਉਨ੍ਹਾਂ ਕੋਲੋਂ 1.58 ਲੱਖ ਰੁਪਏ ਦੀ ਮੰਗ ਕੀਤੀ ਗਈ ਹੈ। ਸ਼੍ਰੀ ਛਾਬੜਾ ਨੇ ਆਪਣੇ ਚਿੱਠੀ ਵਿਚ ਕਿਹਾ ਕਿ ਨੋਟਿਸਾਂ ਵਿਚ ਡਿਫਾਲਟਰ ਮੈਂਬਰ ਦੀ ਮੈਂਬਰਸ਼ਿਪ ਨੰਬਰ ਤੇ ਉਸ ਦੇ ਐਡਰੈੱਸ ਦਾ ਕੋਈ ਅਤਾ-ਪਤਾ ਨਹੀਂ ਦਿੱਤਾ ਗਿਆ, ਜਿਸ ਕਾਰਣ ਕਈਆਂ ਦੀ ਪਛਾਣ ਕਰਨਾ ਤੇ ਉਨ੍ਹਾਂ ਲੱਭ ਸਕਣਾ ਮੁਸ਼ਕਲ ਹੈ। ਮੈਨੇਜਮੈਂਟ ਨੂੰ ਚਾਹੀਦਾ ਹੈ ਕਿ ਉਨ੍ਹਾਂ ਕੋਲੋਂ ਲੀਗਲ ਤਰੀਕੇ ਨਾਲ ਪੈਸੇ ਵਸੂਲਣ ਲਈ ਪ੍ਰਕਿਰਿਆ ਸ਼ੁਰੂ ਕਰੇ।

ਇਸ ਚਿੱਠੀ ਵਿਚ ਸ਼੍ਰੀ ਛਾਬੜਾ ਨੇ ਲਿਖਿਆ ਕਿ ਇੰਨੇ ਪੈਸੇ ਨੂੰ ਬਕਾਇਆ ਵੇਖ ਕੇ ਲੱਗਦਾ ਹੈ ਕਿ ਪਹਿਲਾਂ ਮੈਨੇਜਮੈਂਟ ਸੁੱਤੀ ਰਹੀ ਤੇ ਡਿਫਾਲਟਰ ਮੈਂਬਰਾਂ ਦੀ ਮੈਂਬਰਸ਼ਿਪ ਕਲੱਬ ਸੰਵਿਧਾਨ ਦੀ ਧਾਰਾ 19(2) ਦੇ ਤਹਿਤ ਖਤਮ ਨਹੀਂ ਕੀਤੀ ਗਈ, ਜਿਸ ਵਿਚ ਵਿਵਸਥਾ ਹੈ ਕਿ ਜੇਕਰ ਕੋਈ ਮੈਂਬਰ 3 ਮਹੀਨੇ ਤੱਕ ਪੇਮੈਂਟ ਨਾ ਦੇਵੇ ਤਾਂ ਉਸ ਦੀ ਮੈਂਬਰਸ਼ਿਪ ਖਤਮ ਕਰ ਦਿੱਤੀ ਜਾਵੇ। ਸ਼੍ਰੀ ਛਾਬੜਾ ਨੇ ਕਿਹਾ ਕਿ ਰੂਲ 19(2) ਅਪਣਾਇਆ ਗਿਆ ਹੁੰਦਾ ਤਾਂ ਇਕ ਡਿਫਾਲਟਰ ਮੈਂਬਰ ਵਲ 1800 ਤੋਂ ਲੈ ਕੇ 2000 ਰੁਪਏ ਤੱਕ ਹੀ ਬਕਾਇਆ ਨਿਕਲਦਾ ਜੋ ਡਿਫਾਲਟਰ ਮੈਂਬਰ ਲਈ ਵੀ ਜਮ੍ਹਾ ਕਰਵਾਉਣਾ ਸੌਖਾ ਹੁੰਦਾ। ਐਗਜ਼ੀਕਿਊਟਿਵ ਕਮੇਟੀ ਨੇ ਇਸ ਮਾਮਲੇ ਵਿਚ ਬਣਦਾ ਐਕਸ਼ਨ ਕਿਉਂ ਨਹੀਂ ਲਿਆ ਤੇ ਹੁਣ ਐਗਜ਼ੀਕਿਊਟਿਵ ਕਮੇਟੀ ਦੀ ਨਾਲਾਇਕੀ ਨੂੰ ਸੈਕੇਂਡਰ ਅਤੇ ਪ੍ਰੋਪੋਜ਼ਰ ਕਿਉਂ ਭੁਗਤਣ। ਕਲੱਬ ਮੈਨੇਜਮੈਂਟ ਨੂੰ ਚਾਹੀਦਾ ਹੈ ਕਿ ਪਹਿਲਾਂ ਉਹ ਡਿਫਾਲਟਰ ਹੋ ਚੁੱਕੇ ਮੈਂਬਰਾਂ ਖਿਲਾਫ ਸਾਰੇ ਤਰ੍ਹਾਂ ਦੇ ਕਾਨੂੰਨੀ ਚੈਨਲ ਵਰਤਣ ਅਤੇ ਉਸ ਤੋਂ ਬਾਅਦ ਹੀ ਰਿਕਵਰੀ ਦੇ ਲਈ ਪ੍ਰੋਪੋਜ਼ਰ ਜਾਂ ਸੈਕੇਂਡਰ ਕੋਲੋਂ ਮਦਦ ਲੈਣ।

ਆਪਣੀਆਂ ਨਾਲਾਇਕੀਆਂ ਸਾਡੇ 'ਤੇ ਨਾ ਥੋਪੇ ਮੈਨੇਜਮੈਂਟ : ਗੋਰਾ ਠਾਕੁਰ
ਕਲੱਬ ਦੀ ਮੌਜੂਦਾ ਮੈਨੇਜਮੈਂਟ ਨੇ ਸਾਬਕਾ ਸੈਕਰੇਟਰੀ ਸਤੀਸ਼ ਠਾਕੁਰ ਗੋਰਾ ਨੂੰ ਵੀ ਨੋਟਿਸ ਕੱਢ ਕੇ ਕੁੱਝ ਡਿਫਾਲਟਰ ਮੈਂਬਰਾਂ ਦੇ ਪੈਸੇ ਜਮ੍ਹਾ ਕਰਵਾਉਣ ਨੂੰ ਕਿਹਾ ਹੈ। ਇਸ ਸਬੰਧ ਵਿਚ ਜਦੋਂ ਗੋਰਾ ਠਾਕੁਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਮੈਨੇਜਮੈਂਟ ਆਪਣੀਆਂ ਨਾਲਾਇਕੀਆਂ ਸਾਡੇ 'ਤੇ ਨਾ ਥੋਪੇ। ਮੇਰੇ ਜਿਹੇ ਕਈਆਂ ਨੇ ਜਦੋਂ ਫਾਰਮਾਂ 'ਤੇ ਹਸਤਾਖਰ ਕੀਤੇ ਸਨ ਤਾਂ ਸਿਰਫ ਨਵੇਂ ਮੈਂਬਰ ਦੇ ਕੰਡਕਟ ਤੇ ਕਰੈਕਟਰ ਨੂੰ ਜਾਣਨ 'ਤੇ ਸਿਰਫ ਇੰਟ੍ਰੋਡਕਸ਼ਨ ਲਈ ਸਾਈਨ ਕੀਤੇ ਸਨ। ਉਸ ਸਮੇਂ ਪੈਸਿਆਂ ਦੀ ਗਾਰੰਟੀ ਜਿਹੀ ਕੋਈ ਗੱਲ ਨਹੀਂ ਸੀ। ਉਨ੍ਹਾਂ ਕਿਹਾ ਕਿ ਕਲੱਬ ਮੈਨੇਜਮੈਂਟ ਨੇ ਆਪਣੇ ਪਿਆਰ ਦੀਆਂ ਪੀਘਾਂ ਪਾਉਂਦੇ ਹੋਏ ਡਿਫਾਲਟਰ ਮੈਂਬਰਾਂ ਵੱਲ 40-40 ਹਜ਼ਾਰ ਰੁਪਏ ਬਕਾਇਆ ਖੜ੍ਹੇ ਕਰ ਲਏ, ਜਦੋਂਕਿ ਕਲੱਬ ਸੰਵਿਧਾਨ ਮੁਤਾਬਿਕ 3 ਮਹੀਨੇ ਦੀ ਮੈਂਬਰਸ਼ਿਪ ਨਾ ਦੇਣ 'ਤੇ ਹੀ ਉਸ ਦੀ ਮੈਂਬਰਸ਼ਿਪ ਖਤਮ ਕਰ ਦਿੱਤੀ ਜਾਣੀ ਚਾਹੀਦੀ ਸੀ। ਕਲੱਬ ਵਲੋਂ ਹੁਣ ਨੋਟਿਸ ਕੱਢਣਾ ਹੀ ਸਮਝ ਤੋਂ ਬਾਹਰ ਹੈ।

40 ਸਾਲ ਪਹਿਲਾਂ ਸੈਕਰੇਟਰੀ ਸੀ, ਹੁਣ ਕਿੱਥੇ ਯਾਦ ਕਿਸ ਦੇ ਫਾਰਮ 'ਤੇ ਸਾਈਨ ਕੀਤੇ : ਵਿਜੇ ਸਹਿਗਲ
ਜਿਮਖਾਨਾ ਕਲੱਬ ਦੀ ਮੌਜੂਦਾ ਮੈਨੇਜਮੈਂਟ ਨੇ 80 ਸਾਲ ਦੇ ਬਜ਼ੁਰਗ ਹੋ ਚੁੱਕੇ ਆਪਣੇ ਸਾਬਕਾ ਸੈਕਰੇਟਰੀ ਵਿਜੇ ਸਹਿਗਲ ਨੂੰ ਵੀ ਕਈ ਨੋਟਿਸ ਭੇਜ ਕੇ ਡਿਫਾਲਟਰ ਮੈਂਬਰਾਂ ਵੱਲ ਬਕਾਏ ਉਨ੍ਹਾਂ ਕੋਲੋਂ ਮੰਗੇ ਹਨ। ਇਸ ਬਾਰੇ ਜਦੋਂ ਸ਼੍ਰੀ ਸਹਿਗਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਹ ਅੱਜ ਤੋਂ 40 ਸਾਲ ਪਹਿਲਾਂ 1979 ਵਿਚ ਕਲੱਬ ਦੇ ਸੈਕਰੇਟਰੀ ਹੁੰਦੇ ਸਨ ਤੇ ਉਸ ਤੋਂ ਪਹਿਲਾਂ ਐਗ਼ਜ਼ੀਕਿਊਟਿਵ ਮੈਂਬਰ ਤੇ ਸੈਕਰੇਟਰੀ ਆਦਿ ਕਈ ਅਹੁਦਿਆਂ 'ਤੇ ਕਈ ਸਾਲ ਰਹੇ। ਉਨ੍ਹਾਂ ਕਿਹਾ ਕਿ ਹੁਣ ਕਿੱਥੇ ਯਾਦ ਹੈ ਕਿ ਕਿਸ ਦੇ ਫਾਰਮ 'ਤੇ ਕਦੋਂ ਸਾਈਨ ਕੀਤੇ। ਕਈ ਡਿਫਾਲਟਰ ਮੈਂਬਰ ਤਾਂ ਰੱਬ ਨੂੰ ਪਿਆਰੇ ਹੋ ਚੁੱਕੇ ਹਨ। ਜਦੋਂ ਸਾਈਨ ਕੀਤੇ ਤਾਂ ਉਸ ਸਮੇਂ ਅਜਿਹੀ ਕੋਈ ਸ਼ਰਤ ਨਹੀਂ ਸੀ ਕਿ ਇਸ ਨਵੇਂ ਮੈਂਬਰ ਦੇ ਡਿਫਾਲਟਰ ਹੋਣ ਦੀ ਸਥਿਤੀ ਵਿਚ ਪੈਸੇ ਵੀ ਜਮ੍ਹਾ ਕਰਵਾਉਣੇ ਪੈਣਗੇ। ਕਲੱਬ ਮੈਨੇਜਮੈਂਟ ਨੂੰ ਖੁਦ ਅਜਿਹੀ ਸਮਝ ਹੋਣੀ ਚਾਹੀਦੀ ਹੈ ਕਿ ਇਹ ਕਰ ਕੀ ਰਹੀ ਹੈ।

ਚਾਰਾਂ ਅਹੁਦੇਦਾਰਾਂ ਵਿਚ ਨਹੀਂ ਹੋ ਰਿਹਾ ਆਪਸੀ ਤਾਲਮੇਲ
ਜਿਮਖਾਨਾ ਕਲੱਬ ਦੀਆਂ ਚੋਣਾਂ ਹੋਏ 6 ਮਹੀਨਿਆਂ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਅਤੇ ਉਨ੍ਹਾਂ ਚੋਣਾਂ ਵਿਚ ਜ਼ਿਆਦਾਤਰ ਉਮੀਦਵਾਰਾਂ ਦੀ ਸਿਰ ਧੜ ਦੀ ਬਾਜ਼ੀ ਲੱਗੀ ਸੀ। ਚੋਣ ਨਤੀਜੇ ਅਚੀਵਰਜ਼ ਗਰੁੱਪ ਦੇ ਪੱਖ ਵਿਚ ਗਏ, ਜਿਸ ਦੇ 3 ਉਪਰਲੇ ਅਹੁਦੇਦਾਰ ਜਿੱਤੇ। ਅੱਜ ਇਸ ਗਰੁੱਪ ਦੇ ਤਿੰਨੇ ਅਹੁਦੇਦਾਰਾਂ ਦੇ ਰਸਤੇ ਵੱਖ-ਵੱਖ ਦਿਸ ਰਹੇ ਹਨ ਅਤੇ ਉਨ੍ਹਾਂ ਵਿਚ ਆਪਸੀ ਤਾਲਮੇਲ ਨਹੀਂ ਬਣ ਪਾ ਰਿਹਾ।

ਤਾਲਮੇਲ ਦੀ ਇਸੇ ਕਮੀ ਕਾਰਣ ਪਿਛਲੇ 10 ਦਿਨਾਂ ਵਿਚ ਚਾਰ ਅਹੁਦੇਦਾਰਾਂ ਦੀ ਆਪਸ ਵਿਚ ਦੋ ਵਾਰ ਤਕੜੀ ਬਹਿਸ ਹੋ ਚੁੱਕੀ ਹੈ, ਜੋ ਕਲੱਬ ਦੀ ਵਿੱਤੀ ਸਥਿਤੀ ਤੋਂ ਲੈ ਕੇ ਕੁਝ ਪ੍ਰਾਜੈਕਟਾਂ 'ਤੇ ਹੋਏ ਖਰਚ ਦੇ ਕਈ ਪਹਿਲੂਆਂ 'ਤੇ ਕੇਂਦਰਿਤ ਰਹੀ। ਅਮਿਤ ਕੁਕਰੇਜਾ ਨੂੰ ਮਲਾਲ ਹੈ ਕਿ ਭਾਰੀ ਜਿੱਤ ਨਾਲ ਕੈਸ਼ੀਅਰ ਬਣਨ ਦੇ ਬਾਵਜੂਦ ਉਨ੍ਹਾਂ ਦੇ ਕਲੱਬ ਦੀ ਇਨਕਮ ਤੇ ਖਰਚਿਆਂ ਨਾਲ ਸਬੰਧਤ ਕੋਈ ਫਾਈਲ ਨਹੀਂ ਭੇਜੀ ਜਾ ਰਹੀ ਤੇ ਨਾ ਹੀ ਉਨ੍ਹਾਂ ਕੋਲੋਂ ਕਿਸੇ ਚੈੱਕ ਜਾਂ ਫਾਈਲ 'ਤੇ ਸਾਈਨ ਕਰਵਾਏ ਜਾ ਰਹੇ ਹਨ। ਉਹ ਰੋਜ਼ ਆਫਿਸ ਜਾ ਕੇ ਕਈ ਘੰਟੇ ਫ੍ਰੀ ਬੈਠ ਕੇ ਚਲੇ ਜਾਂਦੇ ਹਨ ਪਰ ਉਨ੍ਹਾਂ ਨੂੰ ਕਲੱਬ ਦੇ ਕਿਸੇ ਖਰਚੇ ਜਾਂ ਹਿਸਾਬ ਕਿਤਾਬ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ।  ਬਹਿਸ ਵਿਚ ਵਾਈਸ ਪ੍ਰੈਜ਼ੀਡੈਂਟ ਰਾਜੂ ਵਿਰਕ ਨੇ ਇਸ ਗੱਲ ਦਾ ਵਿਰੋਧ ਕੀਤਾ ਕਿ ਜੋ ਮੈਂਬਰ ਸਾਲ ਦੀ ਇਕੱਠੀ ਮੈਂਬਰਸ਼ਿਪ ਫੀਸ ਕਲੱਬ ਨੂੰ ਜਮ੍ਹਾ ਕਰਵਾਉਂਦੇ ਹਨ ਉਨ੍ਹਾਂ ਕੋਲੋਂ 10 ਮਹੀਨੇ ਦੀ ਬਜਾਏ 11 ਮਹੀਨੇ ਦੀ ਫੀਸ ਵਸੂਲੀ ਜਾਵੇ। ਕਈ ਹੋਰ ਮਾਮਲਿਆਂ 'ਤੇ ਵੀ ਜਿੱਥੇ ਅਚੀਵਰਜ਼ ਗਰੁੱਪ ਦੇ ਤਿੰਨੇ ਜੇਤੂ ਉਮੀਦਵਾਰਾਂ ਤਰੁਣ ਸਿੱਕਾ, ਰਾਜੂ ਵਿਰਕ ਤੇ ਅਮਿਤ ਕੁਕਰੇਜਾ ਵਿਚ ਮਤਭੇਦ ਪਾਏ ਜਾ ਰਹੇ ਹਨ, ਉਥੇ ਦੂਜੇ ਗਰੁੱਪ ਵੱਲੋਂ ਜਿੱਤੇ ਸੌਰਭ ਖੁੱਲਰ ਅਜਿਹੇ ਵਿਵਾਦਾਂ ਤੋਂ ਬਚਦੇ ਹੋਏ ਸ਼ਾਂਤ ਤਰੀਕੇ ਨਾਲ ਸਾਰਿਆਂ ਨਾਲ ਅਡਜਸਟਮੈਂਟ ਕਰ ਕੇ ਬੈਠੇ ਹਨ। ਐਗਜ਼ੀਕਿਊਟਿਵ ਦੇ ਕਈ ਮੈਂਬਰਾਂ ਦੀ ਨਾਰਾਜ਼ਗੀ ਵੀ ਕਿਸੇ ਤੋਂ ਲੁਕੀ ਨਹੀਂ ਹੋਈ।


shivani attri

Content Editor

Related News