ਅਮਨ-ਕਾਨੂੰਨ ਬਣਾਉਣ ਲਈ ਜਲੰਧਰ ਪੁਲਸ ਨੇ ਚੁੱਕੇ ਸਖਤ ਕਦਮ
Saturday, Feb 08, 2020 - 07:08 PM (IST)
ਜਲੰਧਰ (ਸ਼ੋਰੀ)— ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਨਿਰਦੇਸ਼ਾਂ 'ਤੇ ਕਮਿਸ਼ਨਰੇਟ ਪੁਲਸ ਨੇ ਆਪਣੇ ਅਧਿਕਾਰ ਖੇਤਰ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਸਖਤ ਕਦਮ ਚੁੱਕੇ ਹਨ ਅਤੇ ਇਸ ਸਬੰਧ ਵਿਚ ਡੀ. ਸੀ. ਪੀ. (ਕਾਨੂੰਨ ਵਿਵਸਥਾ) ਬਲਕਾਰ ਸਿੰਘ ਨੇ ਧਾਰਾ 144 ਦੇ ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਕੁਝ ਨਵੀਆਂ ਪਾਬੰਦੀਆਂ ਲਾਈਆਂ ਹਨ।
ਬਲਕਾਰ ਸਿੰਘ ਨੇ ਕਿਹਾ ਕਿ ਅਮਨ ਅਤੇ ਕਾਨੂੰਨ ਵਿਚ ਅੜਿੱਕਾ ਪਾਉਣ ਦੇ ਉਦੇਸ਼ ਨਾਲ ਲੋਕ ਸਰਕਾਰੀ ਜਾਂ ਪ੍ਰਾਈਵੇਟ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਨ, ਇਸ ਲਈ ਸੁਰੱਖਿਆ ਨੂੰ ਬਣਾਈ ਰੱਖਣ ਲਈ ਕਿਸੇ ਵੀ ਤਰ੍ਹਾਂ ਦੇ ਜਲੂਸ ਨਾ ਕੱਢਣ, ਕਿਸੇ ਸਮਾਗਮ ਜਾਂ ਜਲੂਸ ਵਿਚ ਹਥਿਆਰ ਚੁੱਕ ਕੇ ਨਾ ਚੱਲਣ, 5 ਜਾਂ 5 ਵੱਧ ਵਿਅਕਤੀਆਂ ਦੀ ਇਕੱਤਰਤਾ ਅਤੇ ਨਾਅਰੇਬਾਜ਼ੀ ਕਰਨ 'ਤੇ ਪਾਬੰਦੀ ਲਾਉਣੀ ਜ਼ਰੂਰੀ ਹੈ।
ਡੀ. ਸੀ. ਪੀ. ਬਲਕਾਰ ਸਿੰਘ ਨੇ ਕਿਹਾ ਕਿ ਉਪਰੋਕਤ ਹਾਲਾਤ ਨੂੰ ਵੇਖਦੇ ਹੋਏ ਧਾਰਾ 144 ਦੇ ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਕਮਿਸ਼ਨਰੇਟ ਪੁਲਸ ਦੇ ਅਧਿਕਾਰ ਖੇਤਰ ਵਿਚ ਕਿਸੇ ਤਰ੍ਹਾਂ ਦੇ ਜਲੂਸ ਕੱਢਣ, ਕਿਸੇ ਸਮਾਗਮ ਜਾਂ ਜਲੂਸ ਵਿਚ ਹਥਿਆਰ ਲੈ ਕੇ ਚੱਲਣ, 5 ਜਾਂ 5 ਤੋਂ ਵੱਧ ਵਿਅਕਤੀਆਂ ਦੀ ਇਕੱਤਰਤਾ ਜਾਂ ਨਾਅਰੇਬਾਜ਼ੀ ਕਰਨ 'ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮਾਮਲਾ ਕਿਉਂਕਿ ਗੰਭੀਰ ਹੈ ਇਸ ਲਈ ਇਸ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਪੁਲਸ ਕਮਿਸ਼ਨਰ ਨੇ ਬਣਾਇਆ ਵਟਸਐਪ ਗਰੁੱਪ
ਪੁਲਸ ਕਮਿਸ਼ਨਰ ਨੇ ਕਮਿਸ਼ਨਰੇਟ ਪੁਲਸ ਦੇ ਅਧੀਨ ਆਉਂਦੇ ਐੱਸ. ਐੱਚ. ਓਜ਼ ਅਤੇ ਹੋਰ ਪੁਲਸ ਅਧਿਕਾਰੀਆਂ ਦੀ ਕਾਰਗੁਜ਼ਾਰੀ 'ਤੇ ਖੁਦ ਨਜ਼ਰ ਰੱਖਣ ਦੇ ਉਦੇਸ਼ ਨਾਲ ਇਕ ਵਟਸਐਪ ਗਰੁੱਪ ਬਣਾਇਆ ਹੈ, ਜਿਸ ਵਿਚ ਐੱਸ. ਐੱਚ. ਓਜ਼ ਨੂੰ ਚੈਕਿੰਗ ਮੁਹਿੰਮ ਦੀਆਂ ਤਸਵੀਰਾਂ ਪਾਉਣ ਲਈ ਕਿਹਾ ਗਿਆ ਹੈ। ਪੁਲਸ ਅਧਿਕਾਰੀਆਂ ਨੂੰ ਵੀ ਕਿਹਾ ਗਿਆ ਹੈ ਕਿ ਉਹ ਵੀ ਚੈਕਿੰਗ ਮੁਹਿੰਮ ਦੀਆਂ ਤਸਵੀਰਾ ਵਟਸਐਪ ਗਰੁੱਪ ਵਿਚ ਪਾਉਣ।
ਇਲਾਕਿਆਂ 'ਚ ਅਪਰਾਧਕ ਘਟਨਾਵਾਂ ਲਈ ਐੱਸ. ਐੱਚ. ਓਜ਼ ਦੀ ਹੋਵੇਗੀ ਜਵਾਬਦੇਹੀ : ਸੀ. ਪੀ.
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਨਿਰਦੇਸ਼ਾਂ 'ਤੇ ਸਾਰੇ ਪੁਲਸ ਥਾਣਿਆਂ ਦੇ ਐੱਸ. ਐੱਚ. ਓਜ਼ ਨੂੰ ਫੀਲਡ ਵਿਚ ਜਾ ਕੇ ਚੈਕਿੰਗ ਮੁਹਿੰਮ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਐੱਸ. ਐੱਚ. ਓਜ਼ ਦੀ ਜਵਾਬਦੇਹੀ ਇਸ ਗੱਲ ਤੋਂ ਤੈਅ ਹੋਵੇਗੀ ਕਿ ਉਨ੍ਹਾਂ ਦੇ ਇਲਾਕਿਆਂ ਵਿਚ ਕਿੰਨੀਆਂ ਅਪਰਾਧਿਕ ਘਟਨਾਵਾਂ ਹੁੰਦੀਆਂ ਹਨ। ਇਸ ਸਬੰਧ ਵਿਚ ਪੁਲਸ ਕਮਿਸ਼ਨਰ ਖੁਦ ਸਾਰੇ ਐੱਸ. ਐੱਚ. ਓਜ਼ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਨਗੇ। ਐੱਸ. ਐੱਚ. ਓਜ਼ ਨੇ ਆਪਣੇ-ਆਪਣੇ ਖੇਤਰਾਂ ਵਿਚ ਦਿਨ ਤੇ ਰਾਤ ਦੇ ਸਮੇਂ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।