ਦੀਵਾਲੀ ਮੰਗਣ ਵਾਲੇ ਫਰਾਰ ASI ਨੂੰ ਗ੍ਰਿਫਤਾਰ ਕਰਨ ''ਚ ਨਾਕਾਮ ਰਹੀ ਸਿਟ

11/14/2019 2:10:25 PM

ਜਲੰਧਰ (ਵਰੁਣ)— ਦੀਵਾਲੀ ਤੋਂ ਠੀਕ ਪਹਿਲਾਂ ਖਾਕੀ ਵਰਦੀ ਨੂੰ ਬਦਨਾਮ ਕਰਨ ਵਾਲੇ ਐੱਸ. ਓ. ਯੂ. ਦੇ ਏ. ਐੱਸ. ਆਈ. ਸਰਫੂਦੀਨ ਆਪਣੀ ਸਰਵਿਸ ਰਿਵਾਲਵਰ ਲੈ ਕੇ ਫਰਾਰ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਸਰਫੂਦੀਨ ਦੇ ਫਰਾਰ ਹੋਣ ਤੋਂ ਪਹਿਲਾਂ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਹੁਕਮਾਂ 'ਤੇ ਐੱਸ. ਆਈ. ਟੀ. ਵੀ ਗਠਿਤ ਕੀਤੀ ਗਈ ਸੀ ਪਰ ਐੱਸ. ਆਈ. ਟੀ. ਵੀ ਉਸ ਨੂੰ ਗ੍ਰਿਫਤਾਰ ਨਾ ਕਰ ਸਕੀ। ਭੁੱਲਰ ਨੇ ਏ. ਡੀ. ਸੀ. ਪੀ. ਇਨਵੈਸਟੀਗੇਸ਼ਨ ਗੁਰਮੀਤ ਸਿੰਘ, ਏ. ਸੀ. ਪੀ. ਵੈਸਟ ਬਰਜਿੰਦਰ ਸਿੰਘ ਤੇ ਥਾਣਾ ਬਸਤੀ ਬਾਵਾ ਖੇਲ ਦੇ ਮੁਖੀ ਮੇਜਰ ਸਿੰਘ ਨੂੰ ਸਰਫੂਦੀਨ ਦੇ ਮਾਮਲੇ 'ਚ ਐੱਸ. ਆਈ. ਟੀ. 'ਚ ਸ਼ਾਮਲ ਕੀਤਾ ਸੀ। ਰੇਡ ਤੋਂ ਪਹਿਲਾਂ ਉਹ ਆਪਣੇ ਘਰ ਤੋਂ ਫਰਾਰ ਹੋ ਗਿਆ ਸੀ ਤੇ ਪਰਿਵਾਰ ਦੇ ਮੈਂਬਰ ਵੀ ਗਾਇਬ ਸਨ।

ਪੁਲਸ ਦੀ ਮੰਨੀਏ ਤਾਂ ਐੱਸ. ਆਈ. ਟੀ. ਨੇ ਉਸ ਦੀ ਭਾਲ 'ਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਪਰ ਉਹ ਨਹੀਂ ਮਿਲਿਆ। ਇਸ ਤੋਂ ਬਾਅਦ ਐੱਸ. ਆਈ. ਟੀ. ਨੇ ਐੱਲ. ਓ. ਸੀ. ਜਾਰੀ ਕਰ ਦਿੱਤੀ ਤਾਂ ਜੋ ਉਹ ਵਿਦੇਸ਼ ਨਾ ਭੱਜ ਸਕਣ। ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਸਰਫੂਦੀਨ ਸਰਵਿਸ ਰਿਵਾਲਰ ਨਾਲ ਭੱਜਿਆ ਹੋਇਆ ਹੈ। ਏ. ਸੀ. ਵੀ. ਵੈਸਟ ਬਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਸਰਫੂਦੀਨ ਦੀ ਗ੍ਰਿਫਤਾਰੀ ਲਈ ਜਗ੍ਹਾ-ਜਗ੍ਹਾ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਨੇ ਆਪਣਾ ਮੋਬਾਇਲ ਬੰਦ ਕਰ ਲਿਆ ਸੀ, ਜਿਸ ਕਾਰਨ ਉਸ ਦੀ ਕੋਈ ਲੋਕੇਸ਼ਨ ਨਹੀਂ ਮਿਲੀ।
ਦੱਸ ਦੇਈਏ ਕਿ ਸਪੈਸ਼ਲ ਆਪਰੇਸ਼ਨ ਯੂਨਿਟ 'ਚ ਤਾਇਨਾਤ ਏ. ਐੱਸ. ਆਈ. ਸਰਫੂਦੀਨ ਦੀ ਦੀਵਾਲੀ ਤੋਂ ਇਕ ਦਿਨ ਪਹਿਲਾਂ ਬਸਤੀਆਤ ਖੇਤਰ ਦੇ ਸ਼ਰਾਬ ਸਮੱਗਲਰ ਤੋਂ ਮਹੀਨਾ ਅਤੇ ਦੀਵਾਲੀ ਲੈਣ ਦੀ ਵੀਡੀਓ ਵਾਇਰਲ ਹੋਈ ਸੀ। ਵੀਡੀਓ ਖੁਦ ਸਮੱਗਲਰ ਨੇ ਬਣਾ ਕੇ ਵਾਇਰਲ ਕੀਤੀ ਸੀ, ਜਿਸ ਵਿਚ ਸਰਫੂਦੀਨ 2500 ਰੁਪਏ ਦੀ ਰਿਸ਼ਵਤ ਲੈਂਦਾ ਦਿਖਾਈ ਦੇ ਰਿਹਾ ਸੀ। ਸਮੱਗਲਰ ਨੇ ਐੱਸ. ਓ. ਯੂ. ਦੇ ਹੋਰ ਕਰਮਚਾਰੀਆਂ ਦੇ ਨਾਂ ਵੀ ਦੱਸੇ ਹਨ, ਜੋ ਉਸ ਤੋਂ ਮਹੀਨਾ ਲੈਂਦੇ ਹਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਕਮਿਸ਼ਨਰ ਨੇ ਸਰਫੂਦੀਨ ਖਿਲਾਫ ਤੁਰੰਤ ਕੇਸ ਦਰਜ ਕਰਨ ਦੇ ਹੁਕਮ ਦਿੱਤੇ, ਜਦ ਕਿ ਬਸਤੀ ਬਾਵਾ ਖੇਲ ਵਿਚ ਉਸ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਸੀ।

ਝਗੜਿਆਂ ਨਾਲ ਜੁੜਿਆ ਰਹਿੰਦਾ ਸੀ ਏ. ਐੱਸ. ਆਈ. ਸਰਫੂਦੀਨ
ਦੱਸ ਦੇਈਏ ਕਿ ਏ. ਐੱਸ. ਆਈ. ਸਰਫੂਦੀਨ ਕਈ ਉੱਚ ਅਧਿਕਾਰੀਆਂ ਦੀ ਸਪੈਸ਼ਲ ਟੀਮ 'ਚ ਸ਼ਾਮਲ ਰਿਹਾ ਹੈ ਅਤੇ ਉਸ ਦੇ ਸ਼ਰਾਬ ਸਮੱਗਲਰਾਂ ਤੋਂ ਲੈ ਕੇ ਨਸ਼ੇ ਤੇ ਦੜਾ-ਸੱਟਾ ਲਗਾਉਣ ਵਾਲਿਆਂ ਨਾਲ ਕਾਫੀ ਪੁਰਾਣੇ ਸਬੰਧ ਹਨ। ਵੈਸਟ ਇਲਾਕੇ 'ਚ ਕਾਫੀ ਸਮੇਂ ਤੋਂ ਉਸ ਨੇ ਕੁਰੱਪਸ਼ਨ ਦਾ ਜਾਲ ਫੈਲਾਅ ਰੱਖਿਆ ਸੀ। ਇਹੋ ਕਾਰਨ ਸੀ ਕਿ ਉਸ ਨੂੰ ਸੀ. ਆਈ. ਏ. ਸਟਾਫ-1 ਤੋਂ ਟਰਾਂਸਫਰ ਕਰਕੇ ਐੱਸ. ਓ. ਯੂ. 'ਚ ਭੇਜ ਦਿੱਤਾ ਗਿਆ ਸੀ। ਉਸ ਨਾਲ ਕੁਝ ਹੋਰ ਮੁਲਾਜ਼ਮਾਂ ਨੂੰ ਵੀ ਟਰਾਂਸਫਰ ਕੀਤਾ ਸੀ ਜੋ ਸਰਫੂਦੀਨ ਨਾਲ ਮਿਲ ਕੇ ਕਰੱਪਸ਼ਨ ਵਧਾ ਰਹੇ ਸਨ।

ਲਾਪਰਵਾਹੀ ਦਿਸੇ ਥਾਣਾ ਬਸਤੀ ਬਾਵਾ ਖੇਲ ਦੇ ਮੁਖੀ
ਇਸ ਸਾਰੇ ਮਾਮਲੇ ਸਬੰਧੀ ਜਦੋਂ ਥਾਣਾ ਬਸਤੀ ਬਾਵਾ ਖੇਲ ਦੇ ਮੁਖੀ ਮੇਜਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਸੀ. ਪੀ. ਦੇਖ ਰਹੇ ਹਨ। ਮੇਜਰ ਸਿੰਘ ਨੇ ਇਹ ਵੀ ਗੱਲ ਦੱਸੀ ਕਿ ਇਸ ਕੇਸ 'ਚ ਐੱਸ. ਆਈ. ਟੀ. ਬਣਾਈ ਗਈ ਹੈ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਉਸ ਐੱਸ. ਆਈ. ਟੀ. ਵਿਚ ਉਹ ਖੁਦ ਸ਼ਾਮਲ ਹਨ। ਹਾਲਾਂਕਿ ਏ. ਸੀ. ਪੀ. ਵੈਸਟ ਬਰਜਿੰਦਰ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਮੇਜਰ ਸਿੰਘ ਖੁਦ ਵੀ ਐੱਸ. ਆਈ. ਟੀ. ਵਿਚ ਸ਼ਾਮਲ ਹੈ ਜਦ ਕਿ ਏ. ਡੀ. ਸੀ. ਪੀ. ਗੁਰਮੀਤ ਸਿੰਘ ਐੱਸ. ਆਈ. ਟੀ. ਦੀ ਅਗਵਾਈ ਕਰ ਰਹੇ ਹਨ।


shivani attri

Content Editor

Related News