ਪਟਾਕਿਆਂ ਦੀ ਵਿਕਰੀ, ਸਟੋਰੇਜ ਦੀ ਜਾਂਚ ਲਈ ਉੱਚ ਪੱਧਰੀ ਕਮੇਟੀ ਦਾ ਗਠਨ

09/19/2019 4:47:05 PM

ਜਲੰਧਰ (ਜ.ਬ.)— ਬਟਾਲਾ ਵਿਚ ਪਟਾਕਾ ਫੈਕਟਰੀ ਵਿਚ ਹੋਏ ਧਮਾਕੇ ਕਾਰਨ 23 ਲੋਕਾਂ ਦੀ ਮੌਤ ਨੂੰ ਪ੍ਰਸ਼ਾਸਨ ਗੰਭੀਰਤਾ ਨਾਲ ਲੈ ਰਿਹਾ ਹੈ। ਇਸ ਸਿਲਸਿਲੇ 'ਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਤਹਿਤ ਬੀਤੇ ਦਿਨੀਂ ਜਲੰਧਰ ਦੇ ਅੰਦਰੂਨੀ ਬਾਜ਼ਾਰ 'ਚ ਪਟਾਕਿਆਂ ਦਾ ਜ਼ਖੀਰਾ ਮਿਲਿਆ। ਪ੍ਰਸ਼ਾਸਨ ਵੱਲੋਂ ਇਸ ਸਬੰਧੀ ਅਹਿਮ ਕਦਮ ਚੁੱਕਦਿਆਂ ਪਟਾਕਿਆਂ ਦੀ ਵਿੱਕਰੀ, ਸਟੋਰੇਜ ਆਦਿ ਦੀ ਜਾਂਚ ਲਈ ਉੱਚ ਪੱਧਰੀ ਕਮੇਟੀ ਬਣਾਈ ਗਈ ਹੈ। ਡੀ. ਸੀ. ਵਰਿੰਦਰ ਸ਼ਰਮਾ ਨੇ ਦੱਸਿਆ ਕਿ ਇਸ ਕਮੇਟੀ 'ਚ ਜਲੰਧਰ-1 ਤੇ 2, ਨਕੋਦਰ, ਫਿਲੌਰ, ਸ਼ਾਹਕੋਟ ਦੇ ਐੱਸ. ਡੀ. ਐੱਮ, ਸਬੰਧਤ ਇਲਾਕਿਆਂ ਦੇ ਡੀ. ਐੱਸ. ਪੀ., ਸਹਾਇਕ ਡਵੀਜ਼ਨ ਫਾਇਰ ਅਧਿਕਾਰੀ ਨਗਰ ਨਿਗਮ ਜਲੰਧਰ, ਸਬੰੰਧਤ ਨਗਰ ਕੌਂਸਲਰਾਂ ਦੇ ਕਾਰਜ ਸੁਧਾਰਕ ਅਧਿਕਾਰੀ, ਪੁੱਡਾ ਦੇ ਪ੍ਰਮੁੱਖ ਪ੍ਰਸ਼ਾਸਕ ਸ਼ਾਮਲ ਹਨ।

ਇਹ ਕਮੇਟੀ ਆਪਣੇ ਇਲਾਕੇ ਵਿਚ ਪਟਾਕਿਆਂ ਦੀ ਨਾਜਾਇਜ਼ ਵਿੱਕਰੀ 'ਤੇ ਰੋਕ ਲਾਉਣ ਨੂੰ ਯਕੀਨੀ ਬਣਾਏਗੀ ਤੇ ਨਾਲ ਹੀ ਇਸ ਗੱਲ 'ਤੇ ਵੀ ਨਜ਼ਰ ਰੱਖੀ ਜਾਵੇਗੀ ਕਿ ਪਟਾਕਿਆਂ ਨੂੰ ਨਾਜਾਇਜ਼ ਤੌਰ 'ਤੇ ਸਟੋਰ ਨਾ ਕੀਤਾ ਜਾਵੇ। ਕਮੇਟੀ ਵਪਾਰਕ ਸੰਸਥਾਵਾਂ/ਉਦਯੋਗਾਂ ਵਿਚ ਫਾਇਰ ਸੇਫਟੀ ਦੇ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਵਾਏਗੀ। ਉਥੇ ਸਬੰਧਤ ਇਲਾਕਿਆਂ ਵਿਚ ਜਲਣਸ਼ੀਲ ਪਦਾਰਥਾਂ ਦੀ ਵਰਤੋਂ ਦੀ ਬਾਰੀਕੀ ਨਾਲ ਜਾਂਚ ਕਰਨ ਦੇ ਹੁਕਮ ਦਿੱਤੇ ਗਏ ਹਨ।


shivani attri

Content Editor

Related News