CP ਸਤਿੰਦਰ ਸਿੰਘ ਜਲਦ ਕਰਨਗੇ ਥਾਣਿਆਂ, ਨਾਕਿਆਂ ਤੇ ਸੰਵੇਦਨਸ਼ੀਲ ਸਥਾਨਾਂ ਦਾ ਅਚਨਚੇਤ ਮੁਆਇਨਾ

Monday, Jun 29, 2026 - 02:59 PM (IST)

CP ਸਤਿੰਦਰ ਸਿੰਘ ਜਲਦ ਕਰਨਗੇ ਥਾਣਿਆਂ, ਨਾਕਿਆਂ ਤੇ ਸੰਵੇਦਨਸ਼ੀਲ ਸਥਾਨਾਂ ਦਾ ਅਚਨਚੇਤ ਮੁਆਇਨਾ

ਜਲੰਧਰ (ਧਵਨ)-ਸ਼ਹਿਰ ਵਿਚ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਪੁਲਸ ਵਿਵਸਥਾ ਨੂੰ ਚੁਸਤ-ਦਰੁੱਸਤ ਕਰਨ ਦੇ ਉਦੇਸ਼ ਨਾਲ ਨਵ-ਨਿਯੁਕਤ ਪੁਲਸ ਕਮਿਸ਼ਨਰ (ਸੀ. ਪੀ.) ਸਤਿੰਦਰ ਸਿੰਘ ਜਲਦ ਪੁਲਸ ਥਾਣਿਆਂ, ਵੱਖ-ਵੱਖ ਨਾਕਿਆਂ ਅਤੇ ਹੋਰ ਮਹੱਤਵਪੂਰਨ ਸਥਾਨਾਂ ਦਾ ਅਚਨਚੇਤ ਮੁਆਇਨਾ ਸ਼ੁਰੂ ਕਰਨਗੇ। ਇਸ ਮੁਹਿੰਮ ਦਾ ਉਦੇਸ਼ ਪੁਲਸ ਕਰਮਚਾਰੀਆਂ ਦੀ ਕਾਰਜਪ੍ਰਣਾਲੀ ਦਾ ਮੁਲਾਂਕਣ ਕਰਨਾ, ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕਰਨਾ ਅਤੇ ਜਨਤਾ ਨੂੰ ਬਿਹਤਰ ਪੁਲਸਿੰਗ ਮੁਹੱਈਆ ਕਰਵਾਉਣਾ ਹੈ।

ਇਹ ਵੀ ਪੜ੍ਹੋ: ਘਰੋਂ ਕੰਮ ਲਈ ਨਿਕਲਿਆ ਮਾਪਿਆਂ ਦਾ ਜਵਾਨ ਪੁੱਤ, ਹੁਣ ਮਿਲੀ ਲਾਸ਼ ਨੂੰ ਵੇਖ ਪਰਿਵਾਰ ਦੀਆਂ ਨਿਕਲੀਆਂ ਧਾਹਾਂ

ਸੂਤਰਾਂ ਅਨੁਸਾਰ ਪੁਲਸ ਕਮਿਸ਼ਨਰ ਸਤਿੰਦਰ ਸਿੰਘ ਨੇ ਸਪੱਸ਼ਟ ਸੰਕੇਤ ਦਿੱਤੇ ਹਨ ਕਿ ਕਮਿਸ਼ਨਰੇਟ ਇਲਾਕੇ ਵਿਚ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਜਾਂ ਡਿਊਟੀ ਵਿਚ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮੁਆਇਨੇ ਦੌਰਾਨ ਥਾਣਿਆਂ ਵਿਚ ਦਰਜ ਮਾਮਲਿਆਂ ਦੀ ਸਮੀਖਿਆ, ਰਿਕਾਰਡ ਦੀ ਜਾਂਚ, ਪੁਲਸ ਕਰਮਚਾਰੀਆਂ ਦੀ ਹਾਜ਼ਰੀ, ਨਾਕਿਆਂ ’ਤੇ ਸੁਰੱਖਿਆ ਪ੍ਰਬੰਧਾਂ ਅਤੇ ਆਮ ਜਨਤਾ ਨਾਲ ਪੁਲਸ ਦੇ ਵਿਵਹਾਰ ਦਾ ਵੀ ਮੁਲਾਂਕਣ ਕੀਤਾ ਜਾਵੇਗਾ। ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਾਨੂੰਨ ਦੇ ਅਨੁਸਾਰ ਪੂਰੀ ਇਮਾਨਦਾਰੀ ਅਤੇ ਜ਼ਿੰਮੇਵਾਰੀ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ ਜਾਣਗੇ। ਅਹੁਦਾ ਸੰਭਾਲਣ ਮਗਰੋਂ ਹੀ ਪੁਲਸ ਕਮਿਸ਼ਨਰ ਲਗਾਤਾਰ ਵੱਖ-ਵੱਖ ਸਮਾਜਿਕ ਸੰਗਠਨਾਂ, ਵਪਾਰਕ ਪ੍ਰਤੀਨਿਧੀਆਂ, ਧਾਰਮਿਕ ਸੰਸਥਾਵਾਂ ਅਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਨਾਲ ਮੁਲਾਕਾਤ ਕਰ ਰਹੇ ਹਨ। ਇਨ੍ਹਾਂ ਮੀਟਿੰਗਾਂ ਰਾਹੀਂ ਉਹ ਸ਼ਹਿਰ ਦੀ ਕਾਨੂੰਨ-ਵਿਵਸਥਾ, ਟ੍ਰੈਫਿਕ, ਨਸ਼ਾ ਸਮੱਗਲਿੰਗ ਅਤੇ ਹੋਰ ਅਪਰਾਧਾਂ ਨਾਲ ਜੁੜੇ ਮੁੱਦਿਆਂ ’ਤੇ ਲੋਕਾਂ ਤੋਂ ਸਿੱਧਾ ਫੀਡਬੈਕ ਲੈ ਰਹੇ ਹਨ, ਤਾਂ ਜੋ ਪੁਲਸ ਵਿਵਸਥਾ ਨੂੰ ਹੋਰ ਵਧੇਰੇ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ।

ਪੁਲਸ ਕਮਿਸ਼ਨਰ ਨੇ ਕਾਰਜਭਾਰ ਸੰਭਾਲਣ ਸਮੇਂ ਸਪੱਸ਼ਟ ਕਿਹਾ ਸੀ ਕਿ ਪੁਲਸ ਅਤੇ ਜਨਤਾ ਵਿਚਕਾਰ ਭਰੋਸੇ ਦਾ ਰਿਸ਼ਤਾ ਮਜ਼ਬੂਤ ਕਰਨਾ ਉਨ੍ਹਾਂ ਦੀ ਪਹਿਲ ਹੋਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਜੇਕਰ ਕਿਤੇ ਨਸ਼ੇ ਦੀ ਵਿਕਰੀ ਹੋ ਰਹੀ ਹੈ, ਕੋਈ ਵਿਅਕਤੀ ਨਸ਼ਾ ਸਮੱਗਲਿੰਗ ਵਿਚ ਸ਼ਾਮਲ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਅਪਰਾਧਿਕ ਗਤੀਵਿਧੀ ਦੀ ਜਾਣਕਾਰੀ ਹੈ ਤਾਂ ਉਸ ਦੀ ਸੂਚਨਾ ਬਿਨਾਂ ਕਿਸੇ ਡਰ ਦੇ ਪੁਲਸ ਨੂੰ ਦੇਣ। ਉਨ੍ਹਾਂ ਭਰੋਸਾ ਦਿਵਾਇਆ ਸੀ ਕਿ ਸੂਚਨਾ ਦੇਣ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ ਅਤੇ ਪ੍ਰਾਪਤ ਸੂਚਨਾ ’ਤੇ ਤੁਰੰਤ ਅਤੇ ਸਖ਼ਤ ਕਾਰਵਾਈ ਯਕੀਨੀ ਬਣਾਈ ਜਾਵੇਗੀ।

ਇਹ ਵੀ ਪੜ੍ਹੋ: Punjab: ਖੇਤਾਂ ਨੂੰ ਲੱਗੇ ਪਾਣੀ 'ਚ ਆ ਗਿਆ ਕਰੰਟ ! ਕਿਸਾਨ ਦੀ ਤੜਫ਼-ਤੜਫ਼ ਨਿਕਲੀ ਜਾਨ

ਸੂਤਰਾਂ ਦਾ ਮੰਨਣਾ ਹੈ ਕਿ ਪੁਲਸ ਕਮਿਸ਼ਨਰ ਵੱਲੋਂ ਸ਼ੁਰੂ ਕੀਤੇ ਜਾਣ ਵਾਲੇ ਅਚਨਚੇਤ ਮੁਆਇਨਿਆਂ ਨਾਲ ਪੁਲਸ ਫੋਰਸ ਵਿਚ ਅਨੁਸ਼ਾਸਨ ਅਤੇ ਜਵਾਬਦੇਹੀ ਵਧੇਗੀ। ਨਾਲ ਹੀ ਸ਼ਹਿਰ ਵਿਚ ਜੁਰਮ ’ਤੇ ਪ੍ਰਭਾਵਸ਼ਾਲੀ ਕੰਟਰੋਲ, ਨਸ਼ਾ ਸਮੱਗਲਰਾਂ ਅਤੇ ਗੈਰ-ਸਮਾਜੀ ਅਨਸਰਾਂ ਖਿਲਾਫ਼ ਮੁਹਿੰਮ ਨੂੰ ਹੋਰ ਰਫਤਾਰ ਮਿਲੇਗੀ। ਪੁਲਸ ਮੁੱਖ ਦਫ਼ਤਰ ਦਾ ਉਦੇਸ਼ ਹੈ ਕਿ ਕਮਿਸ਼ਨਰੇਟ ਇਲਾਕੇ ਵਿਚ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਬਣਾਉਂਦੇ ਹੋਏ ਨਾਗਰਿਕਾਂ ਨੂੰ ਸੁਰੱਖਿਅਤ ਅਤੇ ਭੈਅ-ਮੁਕਤ ਮਾਹੌਲ ਮੁਹੱਈਆ ਕਰਵਾਇਆ ਜਾਵੇ।

ਹਰੇਕ ਅਧਿਕਾਰੀ ਅਤੇ ਕਰਮਚਾਰੀ ਦੀ ਕਾਰਜਪ੍ਰਣਾਲੀ ਦੀ ਨਿਯਮਿਤ ਸਮੀਖਿਆ ਹੋਵੇਗੀ
ਪੁਲਸ ਕਮਿਸ਼ਨਰ ਸਤਿੰਦਰ ਸਿੰਘ ਪੁਲਸ ਅਧਿਕਾਰੀਆਂ ਨਾਲ ਨਿਯਮਿਤ ਸਮੀਖਿਆ ਮੀਟਿੰਗਾਂ ਵੀ ਕਰ ਰਹੇ ਹਨ, ਜਿਨ੍ਹਾਂ ਵਿਚ ਪੈਂਡਿੰਗ ਮਾਮਲਿਆਂ ਦੇ ਜਲਦ ਨਿਪਟਾਰੇ, ਲੋੜੀਂਦੇ ਅਪਰਾਧੀਆਂ ਦੀ ਗ੍ਰਿਫ਼ਤਾਰੀ, ਨਸ਼ਾ ਸਮੱਗਲਿੰਗ ’ਤੇ ਪ੍ਰਭਾਵਸ਼ਾਲੀ ਕਾਰਵਾਈ, ਸਾਈਬਰ ਅਪਰਾਧਾਂ ਦੀ ਰੋਕਥਾਮ ਅਤੇ ਰਾਤ ਦੀ ਗਸ਼ਤ ਨੂੰ ਹੋਰ ਮਜ਼ਬੂਤ ਬਣਾਉਣ ਵਰਗੇ ਮੁੱਦਿਆਂ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਹਰੇਕ ਅਧਿਕਾਰੀ ਅਤੇ ਕਰਮਚਾਰੀ ਦੀ ਕਾਰਜਪ੍ਰਣਾਲੀ ਦੀ ਨਿਯਮਿਤ ਸਮੀਖਿਆ ਹੋਵੇਗੀ ਅਤੇ ਬਿਹਤਰ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਉਤਸ਼ਾਹਤ ਕੀਤਾ ਜਾਵੇਗਾ, ਜਦੋਂ ਕਿ ਲਾਪ੍ਰਵਾਹੀ ਵਰਤਣ ਵਾਲਿਆਂ ਖ਼ਿਲਾਫ਼ ਵਿਭਾਗੀ ਕਾਰਵਾਈ ਤੋਂ ਵੀ ਪਿੱਛੇ ਨਹੀਂ ਹਟਣਗੇ।

ਸ਼ਹਿਰ ਵਾਸੀਆਂ ਨੂੰ ਵੀ ਪੁਲਸ ਦੀ ਇਸ ਨਵੀਂ ਕਾਰਜਸ਼ੈਲੀ ਤੋਂ ਕਾਫ਼ੀ ਉਮੀਦਾਂ ਹਨ। ਸਮਾਜਿਕ ਸੰਗਠਨਾਂ ਅਤੇ ਵਪਾਰਕ ਸੰਸਥਾਵਾਂ ਦਾ ਮੰਨਣਾ ਹੈ ਕਿ ਜੇਕਰ ਪੁਲਸ ਪ੍ਰਸ਼ਾਸਨ ਜਨਤਾ ਨਾਲ ਨਿਰੰਤਰ ਸੰਵਾਦ ਬਣਾਈ ਰੱਖਦਾ ਹੈ ਅਤੇ ਅਚਨਚੇਤ ਮੁਆਇਨਿਆਂ ਰਾਹੀਂ ਪੁਲਸ ਵਿਵਸਥਾ ਨੂੰ ਜਵਾਬਦੇਹ ਬਣਾਉਂਦਾ ਹੈ। ਪੁਲਸ ਕਮਿਸ਼ਨਰ ਨੇ ਦੁਹਰਾਇਆ ਕਿ ਸੁਰੱਖਿਅਤ, ਨਸ਼ਾ-ਮੁਕਤ ਅਤੇ ਅਪਰਾਧ-ਮੁਕਤ ਜਲੰਧਰ ਸ਼ਹਿਰ ਦਾ ਨਿਸ਼ਾਨਾ ਸਿਰਫ਼ ਪੁਲਸ ਦੇ ਯਤਨਾਂ ਨਾਲ ਨਹੀਂ, ਸਗੋਂ ਪੁਲਸ ਅਤੇ ਆਮ ਨਾਗਰਿਕਾਂ ਦੀ ਸਾਂਝੀ ਹਿੱਸੇਦਾਰੀ ਨਾਲ ਹੀ ਹਾਸਲ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਤੇ ਮੀਂਹ ਦਾ Alert! 4 ਜੁਲਾਈ ਤੱਕ ਮੌਸਮ ਦੀ ਵੱਡੀ ਭਵਿੱਖਬਾਣੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News