ਗੈਰ-ਕਾਨੂੰਨੀ ਉਸਾਰੀਆਂ ਦੀ ਆੜ ''ਚ ਚੱਲ ਰਿਹਾ ਭ੍ਰਿਸ਼ਟਾਚਾਰ
Saturday, Apr 18, 2026 - 05:16 PM (IST)
ਜਲੰਧਰ (ਜ. ਬ)-ਨਗਰ ਨਿਗਮ ਵਿਚ ਗੈਰ-ਕਾਨੂੰਨੀ ਉਸਾਰੀਆਂ ਦੀ ਆੜ ਵਿਚ ਹੋ ਰਿਹਾ ਭ੍ਰਿਸ਼ਟਾਚਾਰ ਇਕ ਵਾਰ ਫਿਰ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ। ਸ਼ਹਿਰ ਭਰ ਦੇ ਨਾਲ-ਨਾਲ ਕੂਲ ਰੋਡ, ਜੋਤੀ ਨਗਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਗੈਰ-ਕਾਨੂੰਨੀ ਉਸਾਰੀਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜੀਆਂ ਥਾਵਾਂ ’ਤੇ ਪਹਿਲਾਂ ਕਾਰਵਾਈ ਹੋ ਚੁੱਕੀ ਹੈ, ਉੱਥੇ ਹੀ ਦੁਬਾਰਾ ਸ਼ਰੇਆਮ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਜ਼ਿੰਮੇਵਾਰ ਅਧਿਕਾਰੀ ਅੱਖਾਂ ਬੰਦ ਕਰੀ ਬੈਠੇ ਹਨ।
ਕੂਲ ਰੋਡ, ਜੋਤੀ ਨਗਰ ਰੇਲਵੇ ਲਾਈਨ ਦੀ ਮੁੱਖ ਸੜਕ ’ਤੇ ‘ਕਿੰਗ ਤੰਦੂਰੀ ਵੈੱਜ ਐਂਡ ਨਾਨ ਵੈੱਜ’ ਨਾਂ ਹੇਠ ਚੱਲ ਰਹੀ ਦੁਕਾਨ ਦੇ ਨਾਲ ਲੱਗਦੀ ਗਲੀ ਦੇ ਦੂਜੇ ਪਾਸੇ ਬਣੀ ਗੈਰ-ਕਾਨੂੰਨੀ ਦੁਕਾਨ ਨੂੰ ਨਗਰ ਨਿਗਮ ਨੇ 4 ਫਰਵਰੀ 2026 ਨੂੰ ਵਿਜੀਲੈਂਸ ਦੀ ਸ਼ਿਕਾਇਤ ਤੋਂ ਬਾਅਦ ਡੇਗ ਦਿੱਤਾ ਸੀ। ਇਸ ਸਾਰੀ ਕਾਰਵਾਈ ਦੌਰਾਨ ਨਿਗਮ ਅਧਿਕਾਰੀ ਅਤੇ ਪੁਲਸ ਮੁਲਾਜ਼ਮ ਵੀ ਮੌਜੂਦ ਰਹੇ ਸਨ। ਉਸ ਕਾਰਵਾਈ ਨੂੰ ਨਿਗਮ ਦੀ ਸਖ਼ਤੀ ਵਜੋਂ ਪੇਸ਼ ਕੀਤਾ ਗਿਆ ਸੀ, ਪਰ ਹੁਣ ਉਸੇ ਥਾਂ ਦੇ ਆਲੇ-ਦੁਆਲੇ ਫਿਰ ਤੋਂ ਗੈਰ-ਕਾਨੂੰਨੀ ਉਸਾਰੀ ਪੂਰੇ ਜ਼ੋਰ-ਸ਼ੋਰ ਨਾਲ ਸ਼ੁਰੂ ਹੋ ਚੁੱਕੀ ਹੈ। ਹਾਲਾਂਕਿ ਇਸ ਦੀ ਸ਼ਿਕਾਇਤ ਵੀ ਵਿਜੀਲੈਂਸ ਤੱਕ ਪਹੁੰਚ ਚੁੱਕੀ ਹੈ।
ਜੇਕਰ ‘ਕਿੰਗ ਤੰਦੂਰੀ’ ਦੀ ਗੱਲ ਕਰੀਏ ਤਾਂ ਮੌਕੇ ’ਤੇ ਚੱਲ ਰਹੇ ਉਸਾਰੀ ਦੇ ਕੰਮ ਵਿਚ ਨਾ ਸਿਰਫ਼ ਦੁਕਾਨ ਦੀਆਂ ਉਪਰਲੀਆਂ ਮੰਜ਼ਿਲਾਂ ਨੂੰ ਵਪਾਰਕ ਰੂਪ ਦਿੱਤਾ ਜਾ ਰਿਹਾ ਹੈ, ਸਗੋਂ ਚੌਥੀ ਮੰਜ਼ਿਲ ਤੱਕ ਉਸਾਰੀ ਕਰ ਕੇ ਲੈਂਟਰ ਵੀ ਪਾ ਦਿੱਤਾ ਗਿਆ ਹੈ। ਇੰਨਾ ਹੀ ਨਹੀਂ, ਦੁਕਾਨ ਦੇ ਛੱਜੇ ਨੂੰ ਅੱਗੇ ਕਰੀਬ ਦੋ-ਦੋ ਫੁੱਟ ਤੱਕ ਕਵਰ ਕਰਦਿਆਂ ਡਿਜ਼ਾਈਨ ਖੜ੍ਹੇ ਕਰ ਕੇ ਕਬਜ਼ਾ ਵੀ ਕੀਤਾ ਜਾ ਰਿਹਾ ਹੈ। ਇਹ ਸਭ ਕੁਝ ਸ਼ਹਿਰ ਦੀਆਂ ਸਭ ਤੋਂ ਰੁਝੇਵੇਂ ਵਾਲੀਆਂ ਸੜਕਾਂ ਵਿਚੋਂ ਇਕ ’ਤੇ ਹੋ ਰਿਹਾ ਹੈ, ਜਿੱਥੋਂ ਰੋਜ਼ਾਨਾ ਹਜ਼ਾਰਾਂ ਲੋਕ ਲੰਘਦੇ ਹਨ।
ਇਹ ਵੀ ਪੜ੍ਹੋ: ਟਰੇਨ 'ਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਰਾਹਤ! ਹਫ਼ਤੇ ’ਚ 5 ਦਿਨ ਚੱਲੇਗੀ ਇਹ ਟਰੇਨ

ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇੰਨੀ ਵੱਡੀ ਸਰਗਰਮੀ ਦੇ ਬਾਵਜੂਦ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਇਸ ਦੀ ਭਿਣਕ ਤੱਕ ਕਿਵੇਂ ਨਹੀਂ ਲੱਗੀ? ਜਾਂ ਫਿਰ ਇਹ ਸਭ ਕੁਝ ਉਨ੍ਹਾਂ ਦੀ ਜਾਣਕਾਰੀ ਅਤੇ ਕਥਿਤ ਮਿਲੀਭੁਗਤ ਨਾਲ ਹੀ ਹੋ ਰਿਹਾ ਹੈ? ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬਿਨਾਂ ਸਿਆਸੀ ਸ਼ਹਿ ਅਤੇ ਪ੍ਰਸ਼ਾਸਨਿਕ ਸਰਪ੍ਰਸਤੀ ਦੇ ਇਸ ਪੱਧਰ ਦੀ ਗੈਰ-ਕਾਨੂੰਨੀ ਉਸਾਰੀ ਸੰਭਵ ਹੀ ਨਹੀਂ ਹੈ। ਇਸ ਕਾਰਨ ਨਗਰ ਨਿਗਮ ਦੇ ਕਮਿਸ਼ਨਰ ਤੋਂ ਲੈ ਕੇ ਫੀਲਡ ਸਟਾਫ ਤੱਕ ਦੀ ਭੂਮਿਕਾ ’ਤੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਜਿਸ ਥਾਂ ’ਤੇ ਪਹਿਲਾਂ ਕਾਰਵਾਈ ਕਰ ਕੇ ਗੈਰ-ਕਾਨੂੰਨੀ ਉਸਾਰੀ ਨੂੰ ਡੇਗਿਆ ਗਿਆ ਸੀ, ਉਸ ਤੋਂ ਮਹਿਜ਼ 10 ਮੀਟਰ ਦੀ ਦੂਰੀ ’ਤੇ ਦੁਬਾਰਾ ਉਸਾਰੀ ਹੋਣਾ ਨਿਗਮ ਦੀ ਕਾਰਜਪ੍ਰਣਾਲੀ ’ਤੇ ਵੱਡਾ ਸਵਾਲੀਆ ਨਿਸ਼ਾਨ ਹੈ। ਹਾਲਾਤ ਅਜਿਹੇ ਹਨ ਜਿਵੇਂ ਅਧਿਕਾਰੀ ਸਭ ਕੁਝ ਦੇਖ ਕੇ ਵੀ ਅਣਡਿੱਠ ਕਰ ਰਹੇ ਹੋਣ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਘਟਨਾ! ਕਬਾੜ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ, ਦੂਰ-ਦੂਰ ਤੱਕ ਉੱਠੀਆਂ ਲਪਟਾਂ
ਸਥਾਨਕ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸਬੰਧਤ ਦੁਕਾਨਦਾਰ ਪਹਿਲਾਂ ਵੀ ਗਲੀ ਅਤੇ ਸੜਕ ’ਤੇ ਕਬਜ਼ਾ ਕਰ ਕੇ ਗੈਰ-ਕਾਨੂੰਨੀ ਉਸਾਰੀ ਕਰ ਚੁੱਕਾ ਹੈ, ਪਰ ਹੁਣ ਉਸ ਦੇ ਹੌਸਲੇ ਹੋਰ ਬੁਲੰਦ ਨਜ਼ਰ ਆ ਰਹੇ ਹਨ।ਆਰ. ਟੀ. ਆਈ. ਐਕਟੀਵਿਸਟ ਸਿਮਰਨਜੀਤ ਸਿੰਘ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਟੇਟ ਵਿਜੀਲੈਂਸ ਵਿਭਾਗ ਨੂੰ ਸ਼ਿਕਾਇਤ ਭੇਜ ਦਿੱਤੀ ਹੈ। ਉਨ੍ਹਾਂ ਮੰਗ ਕੀਤੀ ਕਿ ਗੈਰ-ਕਾਨੂੰਨੀ ਉਸਾਰੀ ਨੂੰ ਸਰਪ੍ਰਸਤੀ ਦੇਣ ਵਾਲੇ ਨਿਗਮ ਅਧਿਕਾਰੀਆਂ ਅਤੇ ਸਬੰਧਤ ਸਿਆਸੀ ਆਗੂਆਂ ਖ਼ਿਲਾਫ਼ ਉੱਚ ਪੱਧਰੀ ਜਾਂਚ ਕਰ ਕੇ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਲਗਾਤਾਰ ਵਧ ਰਹੇ ਅਜਿਹੇ ਮਾਮਲਿਆਂ ਨੇ ਸਾਫ਼ ਕਰ ਦਿੱਤਾ ਹੈ ਕਿ ਗੈਰ-ਕਾਨੂੰਨੀ ਉਸਾਰੀਆਂ ਵਿਰੁੱਧ ਕਾਰਵਾਈ ਮਹਿਜ਼ ਦਿਖਾਵੇ ਤੱਕ ਸੀਮਤ ਰਹਿ ਗਈ ਹੈ, ਜਦਕਿ ਜ਼ਮੀਨੀ ਪੱਧਰ ’ਤੇ ਨਗਰ ਨਿਗਮ ਵਿਚ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਡੂੰਘੀਆਂ ਹੋ ਚੁੱਕੀਆਂ ਹਨ।
ਇਹ ਵੀ ਪੜ੍ਹੋ: ਵੱਡਾ ਪ੍ਰਸ਼ਾਸਨਿਕ ਫੇਰਬਦਲ! ASI, ਹੈੱਡ ਕਾਂਸਟੇਬਲ ਸਣੇ 137 ਮੁਲਾਜ਼ਮਾਂ ਦੇ ਤਬਾਦਲੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
