ਟਾਂਡਾ ਵਿਖੇ ਮਾਰਕਿਟ ਵਿਚ ਧੜੱਲੇ ਨਾਲ ਵਿਕ ਰਹੀ ਚਾਈਨਾ ਡੋਰ

Friday, Dec 27, 2024 - 05:54 PM (IST)

ਟਾਂਡਾ ਵਿਖੇ ਮਾਰਕਿਟ ਵਿਚ ਧੜੱਲੇ ਨਾਲ ਵਿਕ ਰਹੀ ਚਾਈਨਾ ਡੋਰ

ਟਾਂਡਾ ਉੜਮੁੜ (ਗੁਪਤਾ)- ਪੰਜਾਬ ਭਰ ਵਿੱਚ ਚਾਈਨਾ ਡੋਰ 'ਤੇ ਪਾਬੰਦੀ ਲੱਗਣ ਦੇ ਬਾਵਜੂਦ ਹਰ ਸਾਲ ਸ਼ਰੇਆਮ ਇਹ ਡੋਰ ਵਿਕ ਰਹੀ ਹੈ ਅਤੇ ਇਸ ਚਾਈਨਾ ਡੋਰ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ, ਜਿਸ ਵਿੱਚ ਕਈ ਜ਼ਖ਼ਮੀ ਹੋ ਗਏ ਹਨ ਅਤੇ ਕਈ ਹਾਦਸੇ ਜਾਨਲੇਵਾ ਸਾਬਤ ਹੋ ਚੁੱਕੇ ਹਨ ਪਰ ਅੱਜ ਤੱਕ ਪੁਲਸ ਪ੍ਰਸ਼ਾਸਨ ਇਸ ਪਾਬੰਦੀਸ਼ੁਦਾ ਚਾਈਨਾ ਡੋਰ ਵੇਚਣ ਵਾਲਿਆਂ 'ਤੇ ਲਗਾਮ ਨਹੀਂ ਲਗਾ ਸਕੀ, ਜਿਸ ਕਾਰਨ ਪੁਲਸ ਪ੍ਰਸ਼ਾਸਨ ਦੀ ਨਾਕਾਮੀ 'ਤੇ ਕਈ ਤਰ੍ਹਾਂ ਦੇ ਪ੍ਰਸ਼ਨ ਚਿੰਨ ਲੱਗ ਰਹੇ ਹਨ। ਕੀ ਇਹ ਚਾਈਨਾ ਡੋਰ ਅਧਿਕਾਰੀਆਂ ਦੀ ਮਿਲੀ ਭਗਤ ਨਾਲ ਵਿਕ ਰਹੀ ਹੈ ਜਾਂ ਫਿਰ ਵੇਚਣ ਵਾਲਿਆਂ ਨੂੰ ਪ੍ਰਸ਼ਾਸਨ ਦਾ ਕੋਈ ਖ਼ੌਫ਼ ਨਹੀਂ। ਇਸ ਸਬੰਧੀ ਸ਼ਹਿਰ ਦੇ ਕਈ ਸ਼ਖ਼ਸੀਅਤਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਡਰੇਨ 'ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ

ਇਸ ਸਬੰਧ ਵਿੱਚ ਸ਼ਿਵ ਸੈਨਾ ਹਿੰਦੁਸਤਾਨ ਦੇ ਪੰਜਾਬ ਕਾਰਜਕਾਰੀ ਪ੍ਰਧਾਨ ਰਾਹੁਲ ਖੰਨਾ ਨੇ ਕਿਹਾ ਕਿ ਚਾਈਨਾ ਡੋਰ ਵੇਚਣ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਹੋਈ ਹੈ ਅਤੇ ਇਸ ਤੇ ਅਮਲ ਕਰਨ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ਤੇ ਹਦਾਇਤਾਂ ਵੀ ਜਾਰੀ ਹੁੰਦੀਆਂ ਰਹਿੰਦੀਆਂ ਹਨ ਪਰ ਇਸ ਦੇ ਬਾਵਜੂਦ ਵਾਧੂ ਕਮਾਈ ਕਰਨ ਦੀ ਲਾਲਸਾ ਵਿੱਚ ਦੁਕਾਨਦਾਰ ਆਪਣੇ ਇਸ ਧੰਦੇ ਨੂੰ ਬੇਖ਼ੌਫ਼ ਹੋ ਕੇ ਚਲਾ ਰਹੇ ਹਨ, ਜਿਸ 'ਤੇ ਪੁਲਸ ਪ੍ਰਸ਼ਾਸਨ ਨਕੇਲ ਪਾਉਣ ਵਿੱਚ ਨਾਕਾਮ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਚਾਈਨਾ ਡੋਰ ਨੂੰ ਖ਼ਰੀਦਣ ਲਈ ਜੇਕਰ ਬੱਚਿਆਂ ਨੂੰ ਦੁਕਾਨਾਂ ਦਾ ਪਤਾ ਹੁੰਦਾ ਹੈ ਤਾਂ ਪੁਲਸ ਪ੍ਰਸ਼ਾਸਨ ਨੂੰ ਇਨ੍ਹਾਂ ਦੁਕਾਨਦਾਰਾਂ ਬਾਰੇ ਜਾਣਕਾਰੀ ਕਿਉਂ ਨਹੀਂ ਹੈ, ਜੇਕਰ ਸਭ ਪਤਾ ਹੈ ਤਾਂ ਫਿਰ ਕਿਸ ਮਜਬੂਰੀ ਵਿੱਚ ਉਹ ਇਸ ਚਾਈਨਾ ਡੋਰ ਨੂੰ ਵੇਚਣ ਤੇ ਰੋਕ ਕਿਉਂ ਨਹੀਂ ਲਗਾ ਪਾ ਰਹੇ।

ਸਨਾਤਨ ਧਰਮ ਸਭਾ ਅਹਿਆਪੁਰ ਦੇ ਪ੍ਰਧਾਨ ਨਿਖਲੇਸ਼ ਜਸਰਾ ਨੈਨੂੰ ਨੇ ਕਿਹਾ ਕਿ ਜਦ ਵੀ ਕੋਈ ਪਤੰਗ ਕੱਟ ਜਾਂਦੀ ਹੈ ਤਾਂ ਉਸ ਦੀ ਡੋਰ ਜ਼ਮੀਨ ਵੱਲ ਹੀ ਆਉਂਦੀ ਹੈ ਤਾਂ ਕਈ ਵਾਰ ਉਸ ਰਸਤੇ ਤੋਂ ਗੁਜ਼ਰ ਰਹੇ ਦੋ ਪਹੀਆਂ ਵਾਹਨ ਚਾਲਕਾਂ ਦੇ ਗਲੇ ਵਿੱਚ ਇਹ ਚਾਈਨਾ ਡੋਰ ਫਸ ਜਾਂਦੀ ਹੈ, ਜਿਸ ਕਾਰਨ ਜਿੱਥੇ ਵਾਹਨ ਚਾਲਕ ਗੰਭੀਰ ਜ਼ਖ਼ਮੀ ਹੋ ਜਾਂਦੇ ਹਨ, ਉੱਥੇ ਹੀ ਜਾਨ ਜਾਣ ਦਾ ਵੀ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਕਈ ਘਟਨਾਵਾਂ ਪਹਿਲਾਂ ਵੀ ਹੋ ਚੁੱਕੀਆਂ ਹਨ ਅਤੇ ਹੁਣ ਲੋਹੜੀ ਅਤੇ ਬਸੰਤ ਪੰਚਮੀ ਦੇ ਤਿਉਹਾਰ ਦੇ ਦਿਨਾਂ ਵਿੱਚ ਜੇਕਰ ਜਲਦ ਇਸ ਚਾਈਨਾ ਡੋਰ ਦੇ ਵੇਚਣ 'ਤੇ ਰੋਕ ਨਾ ਲਗਾਈ ਗਈ ਤਾਂ ਅਜਿਹੀਆਂ ਘਟਨਾਵਾਂ ਵਿੱਚ ਹੋਰ ਵਾਧਾ ਹੋ ਸਕਦਾ ਹੈ।

ਇਹ ਵੀ ਪੜ੍ਹੋ- ਬਠਿੰਡਾ 'ਚ ਵੱਡਾ ਬੱਸ ਹਾਦਸਾ, ਅੱਧੀ ਦਰਜਨ ਤੋਂ ਵੱਧ ਸਵਾਰੀਆਂ ਦੀ ਮੌਤ, ਵੇਖੋ ਰੂਹ ਕੰਬਾਊ ਤਸਵੀਰਾਂ

ਵਿਜਨ ਆਊਟ ਫਿਟ ਦੇ ਐੱਮ. ਡੀ. ਸਮਾਜ ਸੇਵੀ ਵਿਵੇਕ ਵਿਜਨ ਨੇ ਕਿਹਾ ਕਿ ਜ਼ਿਲ੍ਹਾ ਡਿਪਟੀ ਕਮਿਸ਼ਨਰ ਵੱਲੋਂ ਹਰ ਸਾਲ ਚਾਈਨਾ ਡੋਰ ਨਾ ਵੇਚਣ ਦੇ ਹੁਕਮ ਜਾਰੀ ਕੀਤੇ ਜਾਂਦੇ ਹਨ ਪਰ ਉਨ੍ਹਾਂ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਕਈ ਦੁਕਾਨਦਾਰ ਧੜੱਲੇ ਨਾਲ ਇਸ ਚਾਈਨਾ ਡੋਰ ਨੂੰ ਬੇਖ਼ੌਫ਼ ਹੋ ਕੇ ਵੇਚ ਰਹੇ ਹਨ ਪਰ ਸ਼ਾਇਦ ਉਹ ਇਹ ਜਾਣਦੇ ਕਿ ਪਤੰਗ ਕੱਟਣ ਤੋਂ ਬਾਅਦ ਕੱਲ ਨੂੰ ਇਹ ਡੋਰ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੇ ਗਲੇ ਵਿੱਚ ਵੀ ਫਸ ਸਕਦੀ ਹੈ ਇਸ ਲਈ ਇਹ ਧੰਦਾ ਕਰ ਰਹੇ ਦੁਕਾਨਦਾਰਾਂ ਨੂੰ ਵੀ ਇਸ ਚਾਈਨਾ ਡੋਰ ਨੂੰ ਵੇਚਣ 'ਤੇ ਲੱਗੀ ਪਾਬੰਦੀ ਦੀ ਪਾਲਣਾ ਜ਼ਰੂਰ ਕਰਨੀ ਚਾਹੀਦੀ ਹੈ। ਕੇ. ਵੀ. ਵੈਡਿੰਗ ਪਲੈਨਰ ਦੇ ਐਮ.ਡੀ ਗਣੇਸ਼ ਵੈਦ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪੁਲਸ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਟਾਂਡਾ ਸ਼ਹਿਰ ਵਿੱਚ ਸ਼ਰੇਆਮ ਵੇਚੀ ਜਾ ਰਹੀ ਪਾਬੰਦੀਸ਼ੁਦਾ ਚਾਈਨਾ ਡੋਰ ਦੇ ਇਸ ਧੰਦੇ 'ਤੇ ਲਗਾਮ ਲਗਾਉਣ ਦੇ ਠੋਸ ਉਪਰਾਲੇ ਕੀਤੇ ਜਾਣ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਵਾਪਰਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਅਜਿਹਾ ਨਾ ਹੋਣ 'ਤੇ ਸ਼ਿਵ ਸੈਨਾ ਹਿੰਦੋਸਤਾਨ, ਸ਼ਹਿਰ ਦੀਆਂ ਸਾਰੀਆਂ ਧਾਰਮਿਕ, ਸਮਾਜਿਕ ਅਤੇ ਸਵੈ-ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਟਾਂਡਾ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਤੇ ਸੜਕ ਜਾਮ ਲਗਾਏ ਜਾਂਣਗੇ, ਜਿਸ ਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।
ਇਹ ਵੀ ਪੜ੍ਹੋ- ਪੰਜਾਬ 'ਚ 11 ਕਤਲ ਕਰਨ ਵਾਲੇ ਸੀਰੀਅਲ ਕਿਲਰ ਬਾਰੇ ਵੱਡੇ ਖ਼ੁਲਾਸੇ, ਹੁਸ਼ਿਆਰਪੁਰ ਨਾਲ ਵੀ ਜੁੜੇ ਤਾਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News