ਚਰਨਜੀਤ ਅਟਵਾਲ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ

03/21/2019 5:36:10 PM

ਜਲੰਧਰ —ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਜਲੰਧਰ ਹਲਕੇ ਤੋਂ ਸਾਂਝੇ ਉਮੀਦਵਾਰ ਡਾ. ਚਰਨਜੀਤ ਸਿੰਘ ਅਟਵਾਲ ਲੋਕ ਸਭਾ ਜਲੰਧਰ ਸੀਟ ਦੇ ਉਮੀਦਵਾਰ ਐਲਾਨ ਹੋਣ ਤੋਂ ਬਾਅਦ ਬੀਤੇ ਦਿਨ ਸ੍ਰੀ ਦਰਬਾਰ ਸਹਿਬ ਅੰਮ੍ਰਿਤਸਰ, ਇਤਿਹਾਸਕ ਦੁਰਗਿਆਣਾ ਮੰਦਿਰ, ਭਗਵਾਨ ਵਾਲਮੀਕਿ ਮੰਦਿਰ (ਰਾਮ ਤੀਰਥ) ਦੀ ਜ਼ਿਆਰਤ ਕਰਨ ਤੋਂ ਬਾਅਦ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਅਰਦਾਸ ਬੇਨਤੀ ਲਈ ਪਹੁੰਚੇ। ਇਥੇ ਉਹ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨ ਛੋਹ ਗੰਗਾ ਅਤੇ ਸ੍ਰੀ ਗੁਰੂ ਰਵਿਦਾਸ ਧਰਮ ਅਸਥਾਨ, ਖੁਰਾਲੀ ਵਿਖੇ ਨਤਮਸਤਕ ਹੋਏ। ਇਥੇ ਉਨ੍ਹਾਂ ਦੇ ਨਾਲ ਸੰਤ ਸੁਰਿੰਦਰ ਦਾਸ ਪ੍ਰਧਾਨ, ਸੰਤ ਜੋਗਿੰਦਰਪਾਲ ਜੌਹਰੀ, ਸੰਤ ਗਿਰਧਾਰੀ ਲਾਲ, ਸੰਤ ਸਤਵਿੰਦਰ ਹੀਰਾ ਵੀ ਹਾਜ਼ਰ ਸਨ। ਇਨ੍ਹਾਂ ਤੋਂ ਇਲਾਵਾ ਡਾ. ਕੇਵਲ ਕੁਮਾਰ ਪ੍ਰਧਾਨ ਅਤੇ ਰਣਜੀਤ ਸਿੰਘ ਸਾਬਕਾ ਸਰਪੰਚ ਵੀ ਮੌਜੂਦ ਸਨ।


ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਸਰਬ ਧਰਮ ਨੂੰ ਆਪਣਾ ਮਿਸ਼ਨ ਮੰਨਦੀ ਹੈ। ਅਸੀਂ ਮਹਾਨ ਗੁਰੂਆਂ ਦੇ ਅਸ਼ੀਰਵਾਦ ਨਾਲ ਹੀ ਆਪਣਾ ਕੋਈ ਵੀ ਸਮਾਜਿਕ ਜਾਂ ਰਾਜਨੀਤਕ ਕਾਰਜ ਆਰੰਭ ਕਰਦੇ ਹਾਂ। ਉਨ੍ਹਾਂ ਕਿਹਾ ਕਿ ਜਲੰਧਰ ਲੋਕ ਸਭਾ ਹਲਕੇ ਤੋਂ ਮੇਰੀ ਜ਼ਿੰਮੇਦਾਰੀ ਚੋਣ ਲੜਨ ਦੀ ਲੱਗੀ ਹੈ ਤਾਂ ਮੈਂ ਸਭ ਤੋਂ ਪਹਿਲਾਂ ਆਪਣੇ ਇਸ਼ਟਾਂ ਨੂੰ ਨਮਨ ਕਰਨ ਪਹੁੰਚਿਆ ਹਾਂ। ਉਨ੍ਹਾਂ ਕਿਹਾ ਕਿ ਸਮਾਜ ਨੂੰ ਕਿਸੇ ਵੀ ਕੋਣ ਦੀ ਬਜਾਏ ਸਾਂਝੀਵਾਲਤਾ ਵਾਲੇ ਕੋਣ ਤੋਂ ਹੀ ਦੇਖਦੇ ਹਾਂ। ਉਨ੍ਹਾਂ ਸ੍ਰੀ ਅੰਮ੍ਰਿਤਸਰ ਵਿਖੇ ਭਗਵਾਨ ਵਾਲਮੀਕਿ ਜੀ ਦੇ ਤੀਰਥ ਅਸਥਾਨ ਉੱਤੇ ਆਪਣੀ ਸਰਕਾਰ ਵੇਲੇ ਹੋਏ ਕਾਰਜਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਅਸਥਾਨ ਉੱਤੇ ਜੋ ਤੀਰਥ ਬਣਾਇਆ ਗਿਆ ਹੈ, ਦੁਨੀਆ 'ਚ ਇੱਕ ਮਿਸਾਲ ਹੈ। ਇਸੇ ਤਰ੍ਹਾਂ ਜੋ ਨਿਸ਼ਾਨ ਸ੍ਰੀ ਖੁਰਾਲਗੜ੍ਹ ਵਿਖੇ ਮੀਨਾਰ-ਏ-ਬੇਗਮਪੁਰਾ ਵਾਲਾ ਉਸਾਰਿਆ ਗਿਆ ਹੈ, ਸਾਡੇ ਮਹਾਪੁਰਸ਼ਾਂ ਦੇ ਵਿਚਾਰਾਂ ਦਾ ਉੱਚਾ ਝੂਲਦਾ ਨਿਸ਼ਾਨ ਹੀ ਕਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਜੋ ਪੰਜਾਬ ਅੰਦਰ ਸਾਰੇ ਇਤਿਹਾਸਕ ਸਥਾਨ ਉਸਾਰੇ ਗਏ ਇਹ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਹੁਰਾਂ ਦੇ ਵਿਜ਼ਨ ਸਦਕਾ ਹੀ ਸੰਭਵ ਹੋ ਸਕੇ ਹਨ। ਇਸ ਮੌਕੇ ਡਾ. ਅਟਵਾਲ ਦੇ ਨਾਲ ਪਵਨ ਕੁਮਾਰ ਟੀਨੂੰ ਵਿਧਾਇਕ, ਰਾਜੇਸ਼ ਬਾਘਾ ਮੀਤ ਪ੍ਰਧਾਨ ਭਾਜਪਾ ਪੰਜਾਬ, ਸੇਠ ਸੱਤਪਾਲ ਮੱਲ ਹਲਕਾ ਇੰਚਾਰਜ ਕਰਤਾਰਪੁਰ, ਗੁਰਜਿੰਦਰ ਸਿੰਘ ਭਤੀਜਾ, ਪ੍ਰੇਮ ਪਾਲ ਡੁਮੇਲੀ, ਭੁਪਿੰਦਰ ਕੁਮਾਰ ਅਤੇ ਹੋਰ ਸਿਆਸੀ ਆਗੂ ਹਾਜ਼ਰ ਸਨ।


shivani attri

Content Editor

Related News