ਆਦਮਪੁਰ ਦੇ ਕਾਲਰੀਆ ਮੁਹੱਲੇ ’ਚ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਗੰਭੀਰ ਜ਼ਖ਼ਮੀ
Saturday, Jun 06, 2026 - 12:51 PM (IST)
ਆਦਮਪੁਰ (ਰਣਦੀਪ ਕੁਮਾਰ)-ਆਦਮਪੁਰ ਦੇ ਕਾਲਰੀਆ ਮੁਹੱਲੇ ਵਿਚ ਬੀਤੀ ਰਾਤ ਕਰੀਬ ਸਾਢੇ 7 ਵਜੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨਾਂ ਵੱਲੋਂ ਇਕ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਅਤੇ ਉਸ ਨੂੰ ਗੰਭੀਰ ਜ਼ਖਮੀ ਕਰ ਮੌਕੇ ਤੋਂ ਫਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਰਣਜੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਕਾਲਰੀਆ ਮੁਹੱਲਾ ਆਪਣੇ ਇਕ ਦੋਸਤ ਨਾਲ ਰਾਤ ਕਰੀਬ ਸਾਢੇ 7 ਵਜੇ ਰਾਤ ਫੋਨ ’ਤੇ ਗੱਲਬਾਤ ਕਰ ਰਿਹਾ ਸੀ। ਇਸ ਦੌਰਾਨ ਤਿੰਨ ਸਪਲੈਂਡਰ ਮੋਟਰਸਾਈਕਲਾਂ ’ਤੇ ਸਵਾਰ ਕਰੀਬ 10 ਤੋਂ 12 ਨੌਜਵਾਨ ਆਏ ਅਤੇ ਰਣਜੀਤ ਸਿੰਘ ’ਤੇ ਦਾਤਰਾਂ ਅਤੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ। ਹਮਲਾਵਰਾਂ ਵੱਲੋਂ ਰਣਜੀਤ ਸਿੰਘ ਦੇ ਸਿਰ, ਹੱਥ, ਛਾਤੀ ਤੇ ਵਾਰ ਕੀਤੇ ਗਏ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ।
ਇਹ ਵੀ ਪੜ੍ਹੋ: 'ਲਵ ਮੈਰਿਜ' ਦਾ ਖ਼ੌਫ਼ਨਾਕ ਅੰਜਾਮ! ਜਲੰਧਰ 'ਚ ਹੋਈ ਵਿਆਹੁਤਾ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ, ਹੋਏ ਵੱਡੇ ਖ਼ੁਲਾਸੇ
ਰਣਜੀਤ ਦੀਆਂ ਚੀਕਾਂ ਸੁਣ ਕੇ ਮੁਹੱਲਾ ਵਾਸੀ ਮੌਕੇ’ਤੇ ਇਕੱਠੇ ਹੋ ਗਏ, ਜਿਨ੍ਹਾਂ ਨੂੰ ਵੇਖ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਘਟਨਾ ਤੋਂ ਬਾਅਦ ਪੂਰੇ ਮੁਹੱਲੇ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਜ਼ਖ਼ਮੀ ਨੌਜਵਾਨ ਰਣਜੀਤ ਸਿੰਘ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਮੁਹੱਲਾ ’ਵਾਸੀਆਂ ਨੇ ਤੁਰੰਤ ਇਲਾਜ ਲਈ ਕਮਿਊਨਿਟੀ ਸਿਹਤ ਕੇਂਦਰ ਆਦਮਪੁਰ ਪਹੁੰਚਾਇਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਵੱਲੋਂ ਹਮਲਾਵਰਾਂ ਦੀ ਪਛਾਣ ਕਰਨ ਅਤੇ ਹਮਲੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਚੈੱਕ ਕਰ ਰਹੀ ਹੈ।

ਸਰਕਾਰੀ ਹਸਪਤਾਲ ’ਚ ਡਾਕਟਰਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਆਏ ਪੀੜਤ ਰਣਜੀਤ ਸਿੰਘ ਦੇ ਭਰਾ ਹਰਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਕਾਲਰੀਆ ਮੁਹੱਲਾ ਨੇ ਕਿਹਾ ਕਿ ਉਸ ਦੇ ਭਰਾ ਰਣਜੀਤ ਸਿੰਘ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਉਸਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਵੇਲੇ ਡਿਊਟੀ ’ਤੇ ਮੌਜੂਦ ਡਾਕਟਰ ਵੱਲੋਂ ਸਹੀ ਤਰੀਕੇ ਨਾਲ ਡਾਕਟਰੀ ਰਿਪੋਰਟ ਨਹੀਂ ਤਿਆਰ ਕੀਤੀ ਗਈ, ਜਿਸ ਕਾਰਨ ਪੁਲਸ ਕਾਰਵਾਈ ਕਰਨ ’ਚ ਦੇਰੀ ਕਰ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ 2 ਦਿਨ ਪਵੇਗਾ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ Alert

ਹਰਵਿੰਦਰ ਸਿੰਘ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੁਲਸ ਪ੍ਰਸ਼ਾਸਨ ਅਤੇ ਕਮਿਊਨਿਟੀ ਹੈਲਥ ਸੈਂਟਰ ਆਦਮਪੁਰ ਵੱਲੋਂ ਉਸਦੇ ਭਰਾ ’ਤੇ ਹੋਏ ਹਮਲੇ ਦੀ ਸਹੀ ਰਿਪੋਰਟ ਨਾ ਤਿਆਰ ਕਰ ਢੁੱਕਵੀਂ ਕਾਰਵਾਈ ਨਾ ਕੀਤੀ ਗਈ ਤਾਂ ਉਹ ਆਪਣੇ ਸਾਥੀਆਂ ਸਮੇਤ ਸੜਕਾਂ ’ਤੇ ਉਤਰ ਕੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਇਕ ਤਾਂ ਡਾਕਟਰ ਨੇ ਸਹੀ ਰਿਪੋਰਟ ਨਹੀਂ ਤਿਆਰ ਕੀਤੀ ਤੇ ਦੂਸਰਾ ਆਦਮਪੁਰ ਪੁਲਸ ਨੇ ਵੀ ਅਜੇ ਤਕ ਕੋਈ ਕਾਰਵਾਈ ਨਹੀਂ ਕੀਤੀ, ਜਦਕਿ ਉਸਦਾ ਭਰਾ ਗੰਭੀਰ ਜ਼ਖਮੀ ਹਸਪਤਾਲ ’ਚ ਇਲਾਜ ਅਧੀਨ ਹੈ l ਇਸ ਮੌਕੇ ਜੈ ਕੁਮਾਰ ਰਿੱਕੀ, ਸਤਪਾਲ ਨੀਟਾ, ਰਵਿੰਦਰ ਕੌਰ, ਰਿਪੀ, ਗੁਰਮੀਤ ਕੌਰ ਹਰਪ੍ਰੀਤ ਕੌਰ ਦੀਪਕ ਨਾਣੀ ਤੇ ਹੋਰ ਮੁਹੱਲਾ ਨਿਵਾਸੀ ਹਾਜ਼ਰ ਸਨ।
ਰਣਜੀਤ ਸਿੰਘ ਬਿਆਨ ਦੇਣ ਲਈ ਫਿੱਟ ਨਹੀਂ ਹੈ : ਥਾਣਾ ਮੁਖੀ
ਜਦ ਇਸ ਮਾਮਲੇ ’ਚ ਪਰਚਾ ਦਰਜ ਨਾ ਕਰਨ ਬਾਰੇ ਥਾਣਾ ਮੁਖੀ ਆਦਮਪੁਰ ਨਾਲ ਪੰਕਜ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਰਣਜੀਤ ਸਿੰਘ ਬਿਆਨ ਦੇਣ ਲਈ ਅਣਫਿੱਟ ਹੈ, ਉਸਦੇ ਠੀਕ ਹੋਣ ਤੋਂ ਬਾਅਦ ਉਸਦੇ ਬਿਆਨਾਂ ਤੇ ਹਮਲੇ ਦੇ ਦੋਸ਼ੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਹਲਚਲ! ਭਾਜਪਾ 'ਚ ਹੋ ਸਕਦੈ ਵੱਡਾ ਬਦਲਾਅ, ਅਟਕਲਾਂ ਤੇਜ਼
ਡਾਕਟਰਾਂ ਦੀ ਤਿੰਨ ਮੈਂਬਰੀ ਕਮੇਟੀ ਦਾ ਗਠਨ ਕਰ ਕੇ ਮੈਡੀਕਲ ਰਿਪੋਰਟ ਦੀ ਦੁਬਾਰਾ ਜਾਂਚ ਕੀਤੀ ਜਾਵੇਗੀ : ਐੱਸ. ਐੱਮ. ਓ
ਇਸ ਮਾਮਲੇ ਸਬੰਧੀ ਕਮਿਊਨਿਟੀ ਹੈਲਥ ਸੈਂਟਰ ਆਦਮਪੁਰ ਦੇ ਐੱਸ. ਐੱਮ. ਓ. ਡਾ. ਕੁਲਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜ਼ਖਮੀ ਰਣਜੀਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਦੇ ਕਹਿਣ ਤੇ ਉਹ ਸਵੇਰੇ ਹਸਪਤਾਲ ਆ ਕੇ ਡਾਕਟਰਾਂ ਦੀ ਤਿੰਨ ਮੈਂਬਰੀ ਕਮੇਟੀ ਦਾ ਗਠਨ ਕਰਨਗੇ ਤੇ ਉਹ ਕਮੇਟੀ ਸੱਟਾਂ ਦੀ ਮੁੜ ਜਾਂਚ ਕਰੇਗੀ ਅਤੇ ਜੇਕਰ ਮੈਡੀਕਲ ਰਿਪੋਰਟ ’ਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਪਾਈ ਗਈ ਤਾਂ ਨਵੀਂ ਰਿਪੋਰਟ ਤਿਆਰ ਕਰ ਪੁਲਸ ਨੂੰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਪੰਜਾਬ: ਸੋਹਣੀ-ਸੁਨੱਖੀ ਕੁੜੀ ਨੇ ਚੁੱਕਿਆ ਖ਼ੌਫ਼ਨਾਕ ਕਦਮ! ਸੁਸਾਈਡ ਨੋਟ ਨੂੰ ਪੜ੍ਹ ਮਾਪਿਆਂ ਦੇ ਉੱਡੇ ਹੋਸ਼
