ਕਈ ਦਿਨਾਂ ਤੋਂ ਲਾਪਤਾ ਹੋਏ ਗਤਕਾ ਅਧਿਆਪਕ ਦੀ ਮਿਲੀ ਲਾਸ਼, ਜਾਂਚ ਜਾਰੀ
Wednesday, May 14, 2025 - 11:02 PM (IST)

ਕਪੂਰਥਲਾ (ਓਬਰਾਏ)-ਅਕਾਲ ਅਕੈਡਮੀ ਧਾਲੀਵਾਲ ਬੇਟ ਤੇ ਅਕਾਲ ਅਕੈਡਮੀ ਰਾਏਪੁਰ ਪੀਰਬਖਸ਼ ਵਾਲਾ ਵਿਖੇ ਬਤੌਰ ਗਤਕਾ ਅਧਿਆਪਕ ਦੀ ਸੇਵਾ ਨਿਭਾ ਰਹੇ ਵਿਅਕਤੀ ਦੀ ਥਾਣਾ ਫੱਤੂਢੀਂਗਾ ਅਧੀਨ ਕਪੂਰਥਲਾ ਤੋਂ ਸੁਲਤਾਨਪੁਰ ਲੋਧੀ ਮੁੱਖ ਮਾਰਗ ਤੇ ਮੁੰਡੀ ਮੋੜ ਦੇ ਨਜ਼ਦੀਕ ਬੁੱਧਵਾਰ ਸਵੇਰੇ ਪੈਟਰੋਲ ਪੰਪ ਦੇ ਕੋਲ ਮਿੱਟੀ ਵਿੱਚ ਨੱਪੀ ਹੋਈ ਗਲੀ ਸੜੀ ਲਾਸ਼ ਛੇਵੇਂ ਦਿਨ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਵਿਅਕਤੀ ਦੀ ਪਛਾਣ ਸੋਧ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਸਰਹਾਲੀ ਕਲਾਂ ਜਿਲਾ ਤਰਨ ਤਰਨ ਵਜੋਂ ਹੋਈ ਹੈ। ਮ੍ਰਿਤਕ ਵਿਅਕਤੀ ਦੀ ਪਛਾਣ ਉਸ ਦੇ ਭਰਾ ਵੱਲੋਂ ਕੀਤੀ ਗਈ ਹੈ। ਮ੍ਰਿਤਕ ਵਿਅਕਤੀ ਦੇ ਭਰਾ ਜੁਗਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਭਰਾ ਦੀ ਗੁਮਸ਼ੁਦਗੀ ਦੀ ਰਿਪੋਰਟ ਥਾਣਾ ਭੁਲੱਥ ਵਿਖੇ ਦਰਜ ਕਰਵਾਈ ਸੀ ਪਰ ਪੁਲਸ ਵੱਲੋਂ ਕੋਈ ਵੀ ਉਨ੍ਹਾਂ ਨੂੰ ਸਹਿਯੋਗ ਨਹੀਂ ਦਿੱਤਾ ਗਿਆ ਉਹ ਆਪਣੇ ਪੱਧਰ ਤੇ ਆਪਣੇ ਭਰਾ ਦੀ ਭਾਲ ਕਰਦੇ ਰਹੇ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਉਨ੍ਹਾਂ ਦੇ ਭਰਾ ਦਾ ਮੋਟਰਸਾਈਕਲ ਜੋ ਕਿ ਉਨ੍ਹਾਂ ਦੇ ਨਾਂ ਤੇ ਦਰਜ ਹੈ ਥਾਣਾ ਤਲਵੰਡੀ ਚੌਧਰੀਆਂ ਪੁਲਸ ਨੂੰ ਉਸੇ ਦਿਨ ਬਰਾਮਦ ਹੋ ਗਿਆ ਸੀ ਪਰ ਪੁਲਸ ਨੇ ਉਨ੍ਹਾਂ ਨੂੰ ਕੋਈ ਵੀ ਇਤਲਾਅ ਨਹੀਂ ਦਿੱਤੀ। ਉਨ੍ਹਾਂ ਪੁਲਸ ਪ੍ਰਸ਼ਾਸਨ ਦੀ ਕਰ ਗੁਜ਼ਾਰੀ ਤੇ ਸਵਾਲੀਆ ਚਿੰਨ ਖੜੇ ਕਰ ਦਿੱਤੇ ਹਨ। ਮ੍ਰਿਤਕ ਵਿਅਕਤੀ ਦੇ ਭਰਾ ਨੇ ਸਰਕਾਰ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ।
ਇਸ ਸਬੰਧੀ ਜਾਂਚ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਸਾਰੇ ਪਹਿਲੂਆਂ ਤੋਂ ਕੀਤੀ ਜਾ ਰਹੀ ਹੈ ਅਤੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਤੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।