ਬਨਾਰਸ ਕਾਸ਼ੀ ਵਾਸਤੇ ਬੇਗਮਪੁਰਾ ਐਕਸਪ੍ਰੈੱਸ 9 ਫਰਵਰੀ ਨੂੰ ਹੋਵੇਗੀ ਰਵਾਨਾ

Tuesday, Jan 28, 2025 - 06:46 AM (IST)

ਬਨਾਰਸ ਕਾਸ਼ੀ ਵਾਸਤੇ ਬੇਗਮਪੁਰਾ ਐਕਸਪ੍ਰੈੱਸ 9 ਫਰਵਰੀ ਨੂੰ ਹੋਵੇਗੀ ਰਵਾਨਾ

ਟਾਂਡਾ ਉੜਮੁੜ (ਮੋਮੀ) : ਸ੍ਰੀ ਗੁਰੂ ਰਵਿਦਾਸ ਜੀ ਦਾ 648ਵਾਂ ਪ੍ਰਕਾਸ਼ ਉਤਸਵ ਜਨਮ ਅਸਥਾਨ ਸੀਰ ਗੋਵਰਧਨਪੁਰ ਬਨਾਰਸ ਕਾਸ਼ੀ (ਯੂ. ਪੀ.) ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੁਰੂ ਰਵਿਦਾਸ ਚੈਰੀਟੇਬਲ ਟਰੱਸਟ ਭਾਰਤ ਵੱਲੋਂ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾਵੇਗਾ। ਸ੍ਰੀ ਗੁਰੂ ਰਵਿਦਾਸ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਤੇ ਡੇਰਾ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀਨਸ਼ੀਨ ਸੰਤ ਬਾਬਾ ਨਿਰੰਜਨ ਦਾਸ ਜੀ ਦੀ ਸਰਪ੍ਰਸਤੀ ਹੇਠ 10 ਫਰਵਰੀ ਤੋਂ 13 ਫਰਵਰੀ ਤੱਕ ਕਰਵਾਏ ਜਾ ਰਹੇ ਪ੍ਰਕਾਸ਼ ਉਤਸਵ ਦੇ ਸਬੰਧ ਵਿਚ ਵਿਸ਼ੇਸ਼ ਟ੍ਰੇਨ ਬੇਗਮਪੁਰਾ ਐਕਸਪ੍ਰੈੱਸ 9 ਫਰਵਰੀ ਨੂੰ ਜਲੰਧਰ ਸਿਟੀ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਗੁਰੂ ਰਵਿਦਾਸ ਚੈਰੀਟੇਬਲ ਟਰੱਸਟ ਦੇ ਸੈਕਟਰੀ ਸਤਪਾਲ ਹੀਰ, ਮੈਨੇਜਰ ਕੈਪਟਨ ਧਰਮਪਾਲ ਤੇ ਹੋਰਨਾਂ ਸੇਵਾਦਾਰਾਂ ਨੇ ਦੱਸਿਆ ਕਿ ਪ੍ਰਕਾਸ਼ ਉਤਸਵ ਨੂੰ ਲੈ ਕੇ ਸਮੂਹ ਸੰਗਤਾਂ ਵਿਚ ਬਹੁਤ ਜ਼ਿਆਦਾ ਉਤਸ਼ਾਹ ਹੈ। ਉਨ੍ਹਾਂ ਦੱਸਿਆ ਕਿ ਸੰਗਤਾਂ ਵੱਲੋਂ ਜਿੱਥੇ ਪਿੰਡ-ਪਿੰਡ ਪ੍ਰਕਾਸ਼ ਉਤਸਵ ਦੇ ਸਬੰਧ ਵਿਚ ਸਮਾਗਮ ਕਰਵਾਏ ਜਾਣੇ ਹਨ, ਉੱਥੇ ਹੀ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਵਿੱਤਰ ਜਨਮ ਅਸਥਾਨ ਬਨਾਰਸ ਕਾਸ਼ੀ ਵਿਖੇ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਪ੍ਰਕਾਸ਼ ਉਤਸਵ ਦੇ ਸਮਾਗਮ ਵਿਚ ਹਿੱਸਾ ਲੈਣ ਲਈ ਪਹੁੰਚਦੀਆਂ ਹਨ।

ਇਹ ਵੀ ਪੜ੍ਹੋ : 5 ਸਾਲਾਂ ਬਾਅਦ ਮੁੜ ਸ਼ੁਰੂ ਹੋਵੇਗੀ ਕੈਲਾਸ਼ ਮਾਨਸਰੋਵਰ ਯਾਤਰਾ, ਭਾਰਤ ਅਤੇ ਚੀਨ ਵਿਚਾਲੇ ਬਣੀ ਸਹਿਮਤੀ

ਉਨ੍ਹਾਂ ਦੱਸਿਆ ਕਿ ਇਸ ਵਾਰ ਵੀ ਬੇਗਮਪੁਰਾ ਐਕਸਪ੍ਰੈੱਸ 9 ਫਰਵਰੀ ਨੂੰ ਜਲੰਧਰ ਰੇਲਵੇ ਸਟੇਸ਼ਨ ਤੋਂ ਡੇਰਾ ਸੱਚਖੰਡ ਬੱਲਾਂ ਦੇ ਗੱਦੀਨਸ਼ੀਨ ਸੰਤ ਬਾਬਾ ਨਿਰੰਜਨ ਦਾਸ ਜੀ ਦੀ ਸਰਪ੍ਰਸਤੀ ਹੇਠ ਰਵਾਨਾ ਹੋਵੇਗੀ। ਉਨ੍ਹਾਂ ਪ੍ਰਕਾਸ਼ ਉਤਸਵ ਦੇ ਵਿਚ ਸ਼ਾਮਲ ਹੋਣ ਵਾਲੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ 9 ਫਰਵਰੀ ਨੂੰ ਸਮੇਂ ਸਿਰ ਜਲੰਧਰ ਰੇਲਵੇ ਸਟੇਸ਼ਨ ’ਤੇ ਪਹੁੰਚ ਜਾਣ। ਇਸ ਮੌਕੇ ਉਕਤ ਪ੍ਰਬੰਧਕ ਸੇਵਾਦਾਰਾਂ ਨੇ ਹੋਰ ਦੱਸਿਆ ਕਿ ਸੀਰ ਗੋਵਰਧਨ ਯੂ.ਪੀ. ਕਾਸ਼ੀ ਵਿਖੇ ਪ੍ਰਕਾਸ਼ ਉਤਸਵ ਵਿਚ ਸ਼ਾਮਲ ਹੋਣ ਵਾਲੀਆਂ ਸੰਗਤਾਂ ਵਾਸਤੇ ਹਰ ਸਾਲ ਦੀ ਤਰ੍ਹਾਂ ਵੱਡੀ ਪੱਧਰ ’ਤੇ ਇੰਤਜ਼ਾਮ ਕੀਤੇ ਗਏ ਹਨ ਅਤੇ ਸੰਗਤ ਨੂੰ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਇਸ ਵਾਸਤੇ ਹੁਣ ਤੋਂ ਹੀ ਤਿਆਰੀਆਂ ਨੂੰ ਮੁਕੰਮਲ ਕੀਤਾ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News