ਲਸ਼ਕਰ ਵੱਲੋਂ ਸਟੇਸ਼ਨਾਂ ਨੂੰ ਬੰਬ ਧਮਾਕਿਆਂ ਨਾਲ ਉਡਾਉਣ ਦੀ ਧਮਕੀ ’ਤੇ ਅਲਰਟ, ਚੱਲੀ ਤਲਾਸ਼ੀ ਮੁਹਿੰਮ

06/15/2024 5:38:13 PM

ਜਲੰਧਰ (ਪੁਨੀਤ)- ਲਸ਼ਕਰ-ਏ-ਤੋਇਬਾ ਵੱਲੋਂ ਚੰਡੀਗੜ੍ਹ ਸਮੇਤ ਕਈ ਰੇਲਵੇ ਸਟੇਸ਼ਨਾਂ ਤੇ ਮੰਦਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਤੋਂ ਬਾਅਦ ਸਿਟੀ ਰੇਲਵੇ ਸਟੇਸ਼ਨ ’ਤੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਇਹਤਿਆਤ ਦੇ ਮੱਦੇਨਜ਼ਰ ਬੀਤੇ ਦਿਨ ਸਾਰਾ ਦਿਨ ਤਲਾਸ਼ੀ ਮੁਹਿੰਮ ਜਾਰੀ ਰਹੀ ਅਤੇ ਡਾਗ ਸਕੁਐਡ ਦੀ ਮਦਦ ਨਾਲ ਰੇਲਵੇ ਗੱਡੀਆਂ ਦੀ ਚੈਕਿੰਗ ਕੀਤੀ ਗਈ। ਇਸ ਲੜੀ ਤਹਿਤ ਸ਼ੱਕੀ ਵਿਅਕਤੀਆਂ ’ਤੇ ਵਿਸ਼ੇਸ਼ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।

ਪਿਛਲੇ ਦਿਨੀਂ ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਨੂੰ ਇਕ ਪੱਤਰ ਮਿਲਿਆ ਸੀ, ਜਿਸ ’ਚ ਧਮਕੀ ਦਿੱਤੀ ਗਈ ਹੈ ਕਿ ਉਹ ਜੰਮੂ-ਕਸ਼ਮੀਰ ’ਚ ਮਾਰੇ ਗਏ ਅੱਤਵਾਦੀਆਂ ਦਾ ਬਦਲਾ ਲੈਣਗੇ। ਇਸ ਦੇ ਮੱਦੇਨਜ਼ਰ ਆਰ. ਪੀ. ਐੱਫ਼. ਅਤੇ ਜੀ. ਆਰ. ਪੀ. ਪੁਲਸ ਫੋਰਸ ਵੱਲੋਂ ਚੈਕਿੰਗ ਅਭਿਆਨ ਚਲਾ ਕੇ ਸੁਰੱਖਿਆ ਨੂੰ ਯਕੀਨੀ ਬਣਾਇਆ ਗਿਆ। ਇਸੇ ਲੜੀ ਤਹਿਤ ਜੀ. ਆਰ. ਪੀ. ਦੇ ਐੱਸ. ਐੱਚ. ਓ. ਅਸ਼ੋਕ ਕੁਮਾਰ ਵੱਲੋਂ ਜਵਾਨਾਂ ਸਮੇਤ ਸਟੇਸ਼ਨ 'ਤੇ ਗਸ਼ਤ ਕੀਤੀ ਗਈ। ਇਸ ਦੇ ਨਾਲ ਹੀ ਯਾਤਰੀਆਂ ਦੇ ਸਾਮਾਨ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਸਟੇਸ਼ਨ ਦੇ ਐਂਟਰੀ ਪੁਆਇੰਟ ’ਤੇ ਸਿਪਾਹੀਆਂ ਦੀ ਗਿਣਤੀ ਵਧਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਜਲੰਧਰ ਰੇਂਜ ’ਚ 500 ਤੋਂ ਵੱਧ ਪੁਲਸ ਮੁਲਾਜ਼ਮਾਂ ਦਾ ਫੇਰਬਦਲ, ਨਸ਼ਾ ਤਸਕਰਾਂ ਵਿਰੁੱਧ ਦਿੱਤੇ ਗਏ ਸਖ਼ਤ ਨਿਰਦੇਸ਼

ਉੱਧਰ ਦੂਜੇ ਪਾਸੇ ਆਰ. ਪੀ. ਐੱਫ਼. ਸਟੇਸ਼ਨ ਇੰਚਾਰਜ ਰਾਜੇਸ਼ ਕੁਮਾਰ ਰੋਹਿਲਾ ਨੇ ਜਵਾਨਾਂ ਨੂੰ ਰਾਤ ਸਮੇਂ ਵਿਸ਼ੇਸ਼ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਾਵਧਾਨੀ ਵਰਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਸੁਰੱਖਿਆ ਪ੍ਰਬੰਧ ਸਖਤ ਕੀਤੇ ਗਏ ਹਨ। ਯਾਤਰੀਆਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਸੁਰੱਖਿਆ ਪ੍ਰਬੰਧਾਂ ਕਾਰਨ ਯਾਤਰੀਆਂ ਨੂੰ ਕੋਈ ਦਿੱਕਤ ਨਹੀਂ ਆਵੇਗੀ।

ਇਸੇ ਲੜੀ ਤਹਿਤ ਸਟੇਸ਼ਨ ’ਤੇ ਤਾਇਨਾਤ ਜੀ. ਆਰ. ਪੀ. ਅਤੇ ਆਰ. ਪੀ. ਐੱਫ਼. ਜਵਾਨਾਂ ਨੇ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ। ਅਧਿਕਾਰੀਆਂ ਦੀ ਅਗਵਾਈ ਹੇਠ ਸਵੇਰੇ ਰਾਊਂਡ ਲਾਇਆ ਗਿਆ, ਜਿਸ ਦੀ ਸ਼ੁਰੂਆਤ ਪਲੇਟਫਾਰਮ ਨੰ. 1 ਤੋਂ ਕੀਤੀ ਗਈ ਅਤੇ ਪਲੇਟਫਾਰਮ ਨੰ. 2 ਤੇ 3 ’ਤੇ ਗਸ਼ਤ ਵੀ ਕੀਤੀ ਗਈ। ਇਸ ਤੋਂ ਬਾਅਦ ਜਵਾਨਾਂ ਨੇ 1-ਏ ਤੇ ਪਲੇਟਫਾਰਮ-4 ’ਤੇ ਰਾਊਂਡ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਚੈਕਿੰਗ ਯਾਤਰੀਆਂ ਨੂੰ ਸੁਰੱਖਿਅਤ ਯਾਤਰਾ ਦਾ ਸੰਦੇਸ਼ ਦਿੰਦੀ ਹੈ। ਇਸ ਦੇ ਨਾਲ ਹੀ ਬੇਲੋੜੇ ਘੁੰਮ ਰਹੇ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ। ਡਾਗ ਸਕੁਐਡ ਟੀਮ ਕਾਫ਼ੀ ਸਮਾਂ ਜਾਂਚ ਦਾ ਹਿੱਸਾ ਰਹੀ।

ਇਹ ਵੀ ਪੜ੍ਹੋ-  ਜਲੰਧਰ ਜ਼ਿਮਨੀ ਚੋਣ 'ਚ ਅਕਾਲੀ ਦਲ ਹਟਿਆ ਪਿੱਛੇ, ਡਾ. ਦਲਜੀਤ ਸਿੰਘ ਚੀਮਾ ਤੋਂ ਸੁਣੋ ਸੱਚ (ਵੀਡੀਓ)

ਏ. ਡੀ. ਆਰ. ਐੱਮ. ਇੰਫਰਾ ਕਾਲੜਾ ਨੇ ਸਟੇਸ਼ਨ ਦਾ ਕੀਤਾ ਮੁਆਇਨਾ
ਉੱਥੇ ਹੀ ਏ. ਡੀ. ਆਰ. ਐੱਮ. ਇੰਫਰਾ ਕਾਲੜਾ ਵੱਲੋਂ ਸਿਟੀ ਰੇਲਵੇ ਸਟੇਸ਼ਨ ਦਾ ਅਚਨਚੇਤ ਮੁਆਇਨਾ ਕੀਤਾ ਗਿਆ। ਉਹ ਸਪੈਸ਼ਲ ਚੈਕਿੰਗ ਟਰੇਨ ’ਚ ਸਵੇਰੇ ਕਰੀਬ 10.30 ਵਜੇ ਸਟੇਸ਼ਨ ’ਤੇ ਪਹੁੰਚੇ ਤੇ ਇੱਥੋਂ ਅੰਮ੍ਰਿਤਸਰ ਲਈ ਰਵਾਨਾ ਹੋ ਗਏ। ਕਰੀਬ 15 ਮਿੰਟ ਸਟੇਸ਼ਨ ’ਤੇ ਰੁਕ ਕੇ ਉਨ੍ਹਾਂ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤੇ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ। ਉਨ੍ਹਾਂ ਰੇਲਵੇ ਮੰਤਰਾਲੇ ਵੱਲੋਂ ਜਾਰੀ ਹਦਾਇਤਾਂ ਤੇ ਦਿਸ਼ਾ-ਨਿਰਦੇਸ਼ਾਂ ’ਤੇ ਧਿਆਨ ਦੇਣ ’ਤੇ ਜ਼ੋਰ ਦਿੱਤਾ। ਦੂਜੇ ਪਾਸੇ ਰੇਲਵੇ ਸਟੇਸ਼ਨ ਨਾਲ ਸਬੰਧਤ ਅਧਿਕਾਰੀਆਂ ’ਚ ਵੀ ਚੌਕਸੀ ਵੇਖਣ ਨੂੰ ਮਿਲੀ। ਅਧਿਕਾਰੀ ਲੋਕਾਂ ਨੂੰ ਚਿਤਾਵਨੀ ਦੇ ਰਹੇ ਹਨ ਕਿ ਉਹ ਕਿਸੇ ਵੀ ਲਾਵਾਰਿਸ ਬੈਗ ਜਾਂ ਹੋਰ ਸ਼ੱਕੀ ਵਸਤੂਆਂ ਨੂੰ ਹੱਥ ਨਾ ਲਾਉਣ।
 

ਇਹ ਵੀ ਪੜ੍ਹੋ- ਪੰਜਾਬ ਦੇ ਇਨ੍ਹਾਂ ਸ਼ਹਿਰਾਂ 'ਚ ਵਧਾਈ ਗਈ ਸੁਰੱਖਿਆ, ਵਾਧੂ ਫੋਰਸ ਕੀਤੀ ਗਈ ਤਾਇਨਾਤ, ਜਾਣੋ ਕੀ ਰਿਹਾ ਕਾਰਨ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News