ਆਉਣ ਵਾਲੇ ਸਮੇਂ ’ਚ ਜਲੰਧਰ ਸ਼ਹਿਰ ਲਈ ਵੱਡੀ ਸਿਰਦਰਦੀ ਸਾਬਤ ਹੋਵੇਗਾ 50 ਕਰੋੜ ਦਾ ਸਮਾਰਟ ਰੋਡਜ਼ ਪ੍ਰਾਜੈਕਟ

Monday, May 16, 2022 - 12:45 PM (IST)

ਆਉਣ ਵਾਲੇ ਸਮੇਂ ’ਚ ਜਲੰਧਰ ਸ਼ਹਿਰ ਲਈ ਵੱਡੀ ਸਿਰਦਰਦੀ ਸਾਬਤ ਹੋਵੇਗਾ 50 ਕਰੋੜ ਦਾ ਸਮਾਰਟ ਰੋਡਜ਼ ਪ੍ਰਾਜੈਕਟ

ਜਲੰਧਰ (ਖੁਰਾਣਾ)- ਸਮਾਰਟ ਸਿਟੀ ਕੰਪਨੀ ਦੇ ਅਧਿਕਾਰੀਆਂ ਨੇ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਆਏ ਪੈਸਿਆਂ ਨੂੰ ਖ਼ਤਮ ਕਰਨ ਲਈ 59 ਕਰੋੜ ਰੁਪਏ ਦਾ ਸਮਾਰਟ ਰੋਡਜ਼ ਪ੍ਰਾਜੈਕਟ ਤਾਂ ਬਣਾ ਦਿੱਤਾ ਪਰ ਹੁਣ ਇਹ ਪ੍ਰਾਜੈਕਟ ਲਗਾਤਾਰ ਵਿਵਾਦਾਂ ਵਿਚ ਘਿਰਦਾ ਜਾ ਰਿਹਾ ਹੈ। ਪਿਛਲੇ ਲਗਭਗ 6 ਮਹੀਨਿਆਂ ਤੋਂ ਇਸ ਪ੍ਰਾਜੈਕਟ ਕਾਰਨ ਸ਼ਹਿਰ ਵਾਸੀਆਂ ਨੂੰ ਕਾਫ਼ੀ ਪਰੇਸ਼ਾਨੀ ਹੋ ਰਹੀ ਹੈ। ਇਸ ਪ੍ਰਾਜੈਕਟ ਕਾਰਨ ਡੀ. ਏ. ਵੀ. ਫਲਾਈਓਵਰ ਤੋਂ ਲੈ ਕੇ ਪੁਰਾਣੀ ਸਬਜ਼ੀ ਮੰਡੀ ਚੌਂਕ ਅਤੇ ਵਰਕਸ਼ਾਪ ਚੌਂਕ ਤੋਂ ਕਪੂਰਥਲਾ ਚੌਂਕ ਤੱਕ ਸੜਕ ਦੀ ਪੁਟਾਈ ਕਾਰਨ ਹਜ਼ਾਰਾਂ-ਲੱਖਾਂ ਲੋਕ ਪਿਛਲੇ ਲੰਮੇ ਸਮੇਂ ਤੋਂ ਪਰੇਸ਼ਾਨ ਹਨ। ਇਹ ਪ੍ਰਾਜੈਕਟ ਦੋ ਕਾਂਗਰਸੀ ਵਿਧਾਇਕਾਂ ਦੀ ਹਾਰ ਦਾ ਕਾਰਨ ਬਣ ਚੁੱਕਾ ਹੈ ਅਤੇ ਇਸ ਪ੍ਰਾਜੈਕਟ ਕਾਰਨ ਪੂਰਾ ਇਲਾਕਾ ਭਾਰੀ ਪ੍ਰਦੂਸ਼ਣ ਦੀ ਲਪੇਟ ਵਿਚ ਹੈ ਅਤੇ ਸੈਂਕੜੇ ਲੋਕ ਦਮੇ ਅਤੇ ਸਾਹ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਚੁੱਕੇ ਹਨ।

ਇਹ ਵੀ ਪੜ੍ਹੋ: ਜਲੰਧਰ: ਸੜਕ ਹਾਦਸੇ ਨੇ ਤਬਾਹ ਕੀਤੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਦੋ ਭੈਣਾਂ ਦੇ ਇਕਲੌਤੇ ਭਰਾ ਦੀ ਦਰਦਨਾਕ ਮੌਤ

PunjabKesari

ਟੈਗੋਰ ਹਸਪਤਾਲ ਦੇ ਸਾਹਮਣੇ ਤਾਂ ਹਾਲਾਤ ਇੰਨੇ ਮਾੜੇ ਹਨ ਕਿ ਦਰਜਨਾਂ ਲੋਕਾਂ ਦਾ ਕੰਮ-ਧੰਦਾ ਠੱਪ ਹੋ ਚੁੱਕਾ ਹੈ ਅਤੇ ਵਾਹਨ ਚਾਲਕਾਂ ਨੂੰ ਕਈ ਸਮੱਸਿਆਵਾਂ ਪੇਸ਼ ਆ ਰਹੀਆਂ ਹਨ। ਹੁਣ ਵੀ ਇਸ ਪ੍ਰਾਜੈਕਟ ਨੂੰ ਲੈ ਕੇ ਜਿਸ ਤਰ੍ਹਾਂ ਦਾ ਕੰਮ ਹੋ ਰਿਹਾ ਹੈ, ਉਸ ਤੋਂ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿਚ ਇਹ ਪ੍ਰਾਜੈਕਟ ਸ਼ਹਿਰ ਲਈ ਵੱਡੀ ਸਿਰਦਰਦੀ ਸਾਬਤ ਹੋਵੇਗਾ। ਜ਼ਿਕਰਯੋਗ ਹੈ ਕਿ ਟੈਗੋਰ ਹਸਪਤਾਲ ਦੇ ਸਾਹਮਣੇ ਜਿਹੜੀ ਸਮਾਰਟ ਰੋਡ ਬਣਾਈ ਜਾ ਰਹੀ ਹੈ, ਉਸ ਦੇ ਹੇਠਾਂ ਲਗਭਗ 50 ਸਾਲ ਪੁਰਾਣੀ ਸੀਵਰ ਲਾਈਨ ਨਿਕਲ ਆਈ ਹੈ, ਜੋ ਰਿਪੇਅਰ ਹੋਣ ਦਾ ਨਾਂ ਨਹੀਂ ਲੈ ਰਹੀ। ਹੁਣ ਕਪੂਰਥਲਾ ਚੌਕ ਦੇ ਨੇੜੇ ਪੁਰਾਣੀ ਸੀਵਰ ਲਾਈਨ ਦੁਬਾਰਾ ਟੁੱਟ ਜਾਣ ਨਾਲ ਉਥੇ ਇਕ ਦਿਨ ਤਾਂ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਸਨ। ਅਜਿਹੀ ਹੀ ਸਮੱਸਿਆ ਹੁਣ ਕਪੂਰਥਲਾ ਚੌਂਕ ਤੋਂ ਲੈ ਕੇ ਸਪੋਰਟਸ ਕਾਲਜ ਵੱਲ ਜਾਂਦੀ ਸੜਕ ’ਤੇ ਵੀ ਦੇਖਣ ਨੂੰ ਮਿਲ ਰਹੀ ਹੈ। ਉਥੇ ਐੱਨ. ਐੱਚ. ਐੱਸ. ਹਸਪਤਾਲ ਦੇ ਸਾਹਮਣੇ ਵਾਲੀ ਸੜਕ ਦੇ ਵਿਚਕਾਰ ਇਕ ਪੁਰਾਣੀ ਸੀਵਰ ਲਾਈਨ ਜਾ ਰਹੀ ਹੈ, ਜਿਸ ਦੇ ਮੈਨਹੋਲ ਹੀ ਸੜਕ ਵਿਚ ਦੱਬੇ ਹੋਏ ਹਨ।
ਹੁਣ ਇਸ ਪ੍ਰਾਜੈਕਟ ਕਾਰਨ ਉਸ ਸੀਵਰ ਲਾਈਨ ਦੇ ਨਵੇਂ ਮੈਨਹੋਲ ਬਣਾਏ ਜਾ ਰਹੇ ਹਨ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਸਾਰੇ ਮੈਨਹੋਲ ਸੜਕ ਦੇ ਬਿਲਕੁਲ ਵਿਚਕਾਰ ਆਉਣਗੇ। ਆਉਣ ਵਾਲੇ ਸਮੇਂ ਵਿਚ ਜਦੋਂ ਇਸ ਸੜਕ ’ਤੇ ਵਾਹਨ ਚੱਲਣਗੇ ਤਾਂ ਸੜਕ ਦੇ ਵਿਚਕਾਰ ਆਉਂਦੇ ਸੀਵਰੇਜ ਦੇ ਢੱਕਣ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਕਾਰਨ ਬਣਨਗੇ।

ਇਹ ਵੀ ਪੜ੍ਹੋ: ਪੰਜਾਬ ’ਚ ਕਣਕ ਦੀ ਰਹਿੰਦ-ਖੂੰਹਦ ਨੂੰ ਸਾੜਨ ਦੇ ਮਾਮਲੇ ਤੇਜ਼ੀ ਨਾਲ ਵਧੇ, ਟੁੱਟ ਸਕਦੈ 7 ਸਾਲਾ ਦਾ ਰਿਕਾਰਡ

ਪਤਾ ਨਹੀਂ ਕਿਸ ਇੰਜੀਨੀਅਰ ਨੇ ਸੀਮੈਂਟ ਦੀਆਂ ਸੜਕਾਂ ਨੂੰ ਕੀਤਾ ਪਾਸ
ਪਿਛਲੇ ਲੰਮੇ ਸਮੇਂ ਤੋਂ ਸ਼ਹਿਰ ਦੀਆਂ ਅੰਦਰੂਨੀ ਸੜਕਾਂ ਨੂੰ ਲੁੱਕ-ਬੱਜਰੀ ਨਾਲ ਹੀ ਬਣਾਇਆ ਜਾ ਰਿਹਾ ਸੀ ਪਰ ਹੁਣ ਜ਼ਿਆਦਾ ਪੈਸੇ ਖਰਚ ਕਰਨ ਦੇ ਲਾਲਚ ਵਿਚ ਨਗਰ ਨਿਗਮ ਅਤੇ ਸਮਾਰਟ ਸਿਟੀ ਨਾਲ ਜੁੜੇ ਅਧਿਕਾਰੀਆਂ ਨੇ ਸੀਮੈਂਟ ਦੀਆਂ ਸੜਕਾਂ ਦਾ ਨਿਰਮਾਣ ਸ਼ੁਰੂ ਕੀਤਾ ਹੋਇਆ ਹੈ, ਜਿਸ ’ਤੇ ਲਾਗਤ ਲੁੱਕ-ਬੱਜਰੀ ਵਾਲੀ ਸੜਕ ਤੋਂ ਕਈ ਗੁਣਾ ਜ਼ਿਆਦਾ ਆਉਂਦੀ ਹੈ। ਹੁਣ ਸਵਾਲ ਇਹ ਹੈ ਕਿ ਜਿਸ ਤਰ੍ਹਾਂ ਸੀਮੈਂਟ ਦੀ ਮੋਟੀ ਪਰਤ ਵਾਲੀਆਂ ਸੜਕਾਂ ਬਣਾਈਆਂ ਜਾ ਰਹੀਆਂ ਹਨ, ਕੱਲ ਨੂੰ ਜੇਕਰ ਉਨ੍ਹਾਂ ਸੜਕਾਂ ਦੇ ਹੇਠਾਂ ਸੀਵਰ ਲਾਈਨ ਜਾਂ ਵਾਟਰ ਲਾਈਨ ਵਿਚ ਕੋਈ ਸਮੱਸਿਆ ਆਉਂਦੀ ਹੈ ਤਾਂ ਕੀ ਸਾਰੀ ਸੜਕ ਨੂੰ ਪੁੱਟਿਆ ਜਾਵੇਗਾ। ਇਨ੍ਹੀਂ ਦਿਨੀਂ ਪਟੇਲ ਚੌਕ ਇਲਾਕੇ ਵਿਚ ਸੀਮੈਂਟ ਵਾਲੀਆਂ ਸੜਕਾਂ ਬਣਾਈਆਂ ਤਾਂ ਜਾ ਰਹੀਆਂ ਹਨ ਪਰ ਆਉਣ ਵਾਲੇ ਦਿਨਾਂ ਵਿਚ ਸੀਵਰ ਜਾਂ ਵਾਟਰ ਲਾਈਨ ਦੀ ਖਰਾਬੀ ਹੋਣ ’ਤੇ ਲੋਕਾਂ ਨੂੰ ਭਾਰੀ ਸਮੱਸਿਆ ਪੇਸ਼ ਆ ਸਕਦੀ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News