ਸ਼ਹਿਰ ’ਚ 450 ਕਰੋੜ ਤੇ ਜ਼ਿਲੇ ’ਚ 800 ਕਰੋੜ ਦਾ ਕੰਮਕਾਜ ਹੋਇਆ ਪ੍ਰਭਾਵਿਤ

Thursday, Dec 27, 2018 - 06:31 AM (IST)

ਸ਼ਹਿਰ ’ਚ 450 ਕਰੋੜ ਤੇ ਜ਼ਿਲੇ ’ਚ 800 ਕਰੋੜ ਦਾ ਕੰਮਕਾਜ ਹੋਇਆ ਪ੍ਰਭਾਵਿਤ

ਜਲੰਧਰ,    (ਅਮਿਤ)-   ਪਹਿਲਾਂ ਤੋਂ ਤੈਅ ਪ੍ਰੋਗਰਾਮ ਅਨੁਸਾਰ ਲਗਭਗ 10 ਲੱਖ ਬੈਂਕ  ਕਰਮਚਾਰੀ ਬੁੱਧਵਾਰ ਨੂੰ ਪੂਰਨ ਹੜਤਾਲ ’ਤੇ ਰਹੇ। ਇਸ ਦੌਰਾਨ ਸ਼ਹਿਰ ਦੀਆਂ 380 ਅਤੇ ਜ਼ਿਲੇ  ਦੀਆਂ 720 ਬ੍ਰਾਂਚਾਂ ਵਿਚ ਕੰਮਕਾਜ ਪੂਰੀ ਤਰ੍ਹਾਂ ਠੱਪ ਰਿਹਾ। ਬੈਂਕਾਂ ਦੀ ਹੜਤਾਲ ਨਾਲ  ਜਿੱਥੇ ਕਰੋੜਾਂ ਰੁਪਏ ਦੇ ਨਕਦ ਅਤੇ ਚੈੱਕ ਲੈਣ-ਦੇਣ ਪ੍ਰਭਾਵਿਤ ਹੋਇਆ। ਉਥੇ ਦੂਜੇ ਪਾਸੇ ਆਮ  ਜਨਤਾ ਨੂੰ ਵੀ ਆਪਣੀ ਰੋਜ਼ਾਨਾ ਦੀ ਜ਼ਰੂਰਤ ਲਈ ਵੀ ਏ. ਟੀ. ਐੱਮ. ਮਸ਼ੀਨਾਂ ’ਤੇ ਨਿਰਭਰ  ਰਹਿਣਾ ਪਿਆ। 
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਯੂਨਾਈਟਿਡ ਫੋਰਮ ਆਫ ਯੂਨੀਅਨਜ਼ ਦੇ ਕਨਵੀਨਰ  ਅੰਮ੍ਰਿਤ ਲਾਲ ਨੇ ਦੱਸਿਆ ਕਿ ਵੱਖ-ਵੱਖ ਬੈਂਕਾਂ ਦੇ ਲਗਭਗ 2500 ਅਧਿਕਾਰੀਆਂ ਤੇ  ਕਰਮਚਾਰੀਆਂ ਨੇ ਬੁੱਧਵਾਰ ਨੂੰ ਆਪਣੀਆਂ-ਆਪਣੀਆਂ ਬ੍ਰਾਂਚਾਂ ਦੇ ਸਾਹਮਣੇ ਰੋਸ ਪ੍ਰਦਰਸ਼ਨ  ਕੀਤਾ, ਜਿਸ ਤੋਂ ਬਾਅਦ ਸਾਰੇ ਲੋਕ ਐੱਸ. ਬੀ. ਆਈ. ਦੀ ਮੁੱਖ ਬ੍ਰਾਂਚ ਦੇ ਸਾਹਮਣੇ ਇਕੱਠੇ  ਹੋਏ ਅਤੇ ਇਕ ਵਿਸ਼ਾਲ ਜਲੂਸ ਦੀ ਸ਼ਕਲ ਵਿਚ ਪੀ. ਐੱਨ. ਬੀ. ਸਿਵਲ ਲਾਈਨ ਤੱਕ ਪੈਦਲ ਮਾਰਚ  ਕਰਦੇ ਹੋਏ ਤਨਖਾਹ ਵਿਚ ਵਾਧਾ ਕਰਨ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ  ਕਿਹਾ ਕਿ ਬੈਂਕ ਹੜਤਾਲ  ਕਾਰਨ ਸ਼ਹਿਰ ਵਿਚ ਲਗਭਗ 220 ਕਰੋੜ ਦੀ ਕੈਸ਼ ਟਰਾਂਜ਼ੈਕਸ਼ਨ ਅਤੇ  230 ਕਰੋੜ ਦੀ ਚੈੱਕ ਕਲੀਅਰਿੰਗ ਸਮੇਤ ਕੁੱਲ 450 ਕਰੋੜ ਦਾ ਕੰਮਕਾਜ ਬੁਰੀ ਤਰ੍ਹਾਂ ਨਾਲ  ਪ੍ਰਭਾਵਿਤ ਹੋਇਆ, ਜਦ ਕਿ ਜ਼ਿਲੇ ਵਿਚ ਲਗਭਗ 800 ਕਰੋੜ ਰੁਪਏ ਦਾ ਕੰਮਕਾਜ ਹੜਤਾਲ  ਕਾਰਨ  ਪ੍ਰਭਾਵਿਤ ਹੋਇਆ।
ਅੰਮ੍ਰਿਤ ਲਾਲ ਨੇ ਕਿਹਾ ਕਿ ਉਕਤ ਰੋਸ ਪ੍ਰਦਰਸ਼ਨ ਯੂ. ਐੱਫ. ਬੀ.  ਯੂ. ਦੇ ਸੱਦੇ ’ਤੇ ਕੀਤਾ ਗਿਆ ਸੀ।
 ਇਸ ਰਾਸ਼ਟਰਵਿਆਪੀ ਬੈਂਕ ਹੜਤਾਲ ਵਿਚ 9 ਯੂਨੀਅਨਾਂ  ਵਲੋਂ ਜਿਸ ਵਿਚ ਆਫੀਸਰ ਅਤੇ ਅਵਾਰਡ ਸਟਾਫ ਦੀ ਪੂਰੀ ਯੂਨੀਅਨ ਸ਼ਾਮਲ ਹੈ। ਉਨ੍ਹਾਂ ਦੇ 10  ਲੱਖ ਕਰਮਚਾਰੀਆਂ ਨੂੰ ਮਿਲ ਕੇ ਸਰਕਾਰ ਦੀਆਂ ਦਮਨਕਾਰੀ ਨੀਤੀਆਂ  ਖਿਲਾਫ ਇਹ ਹੜਤਾਲ  ਕੀਤੀ ਸੀ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਬੈਂਕ ਆਫ ਬੜੌਦਾ, ਦੇਨਾ ਬੈਂਕ, ਵਿਜਯ ਬੈਂਕਾਂ  ਦੇ ਰਲੇਵੇਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਅਤੇ ਸਰਕਾਰ ਦੀਆਂ ਦਮਨਕਾਰੀ ਨੀਤੀਆਂ   ਖਿਲਾਫ ਪੂਰੇ ਦੇਸ਼ ’ਚ ਹੜਤਾਲ ਕੀਤੀ ਗਈ ਹੈ। ਐੱਸ. ਬੀ. ਆਈ. ਤੋਂ ਡਿਪਟੀ ਜਨਰਲ ਸੈਕਟਰੀ  ਆਰ. ਕੇ. ਧਵਨ ਨੇ ਕਿਹਾ ਕਿ ਸਰਕਾਰ ਅਤੇ ਆਈ. ਬੀ. ਏ. ਨੇ ਆਪਣਾ ਅੜੀਅਲ ਰਵੱਈਆ ਅਪਣਾਈ  ਰੱਖਿਆ ਹੈ, ਜਿਸ ਕਾਰਨ ਮਜਬੂਰਨ ਸਾਨੂੰ ਹੜਤਾਲ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ ਬਚਦਾ ਹੈ।  ਉਨ੍ਹਾਂ ਕਿਹਾ ਕਿ ਬੈਂਕ ਕਰਮਚਾਰੀ ਸਰਕਾਰ ਦੀਆਂ ਨੀਤੀਆਂ ਨੂੰ ਲਾਗੂ ਕਰਨ ਲਈ ਦਿਨ-ਰਾਤ  ਮਿਹਨਤ ਕਰਦੇ ਹਨ। ਚਾਹੇ ਉਹ ਨੋਟਬੰਦੀ ਹੋਵੇ ਜਾਂ ਜਨ-ਧਨ ਯੋਜਨਾ ਪਰ ਸਰਕਾਰ ਨੂੰ ਬੈਂਕ ਕਰਮਚਾਰੀਆਂ ਅਤੇ ਬੈਂਕਾਂ ਦੀ ਕੋਈ ਪ੍ਰਵਾਹ ਨਹੀਂ ਹੈ। ਕੇ. ਕੇ. ਪਾਲ ਨੇ ਕਿਹਾ ਕਿ  ਸਰਕਾਰ ਸਾਡੀਆਂ ਸਾਲਾਂ ਤੋਂ ਪੈਂਡਿੰਗ ਪਈਆਂ ਤਨਖਾਹਾਂ ਵਿਚ ਵਾਧਾ ਅਤੇ ਹੋਰ ਗੱਲਾਂ ਨੂੰ  ਮੰਨਣ ਦੀ ਬਜਾਏ ਕਰਮਚਾਰੀਆਂ ਦਾ ਧਿਆਨ ਹੋਰ ਗੱਲਾਂ ਵੱਲ ਲੈ ਕੇ ਜਾ ਰਹੀ ਹੈ।
 ਉਨ੍ਹਾਂ  ਕਿਹਾ ਕਿ ਬੈਂਕ ਵਿਚ ਪਿਆ ਆਮ ਜਨਤਾ ਦਾ ਪੈਸਾ ਵੱਡੇ-ਵੱਡੇ ਕਾਰਪੋਰੇਟਸ ਦੇ ਕਾਰਨ ਹੋਣ  ਵਾਲੇ ਐੱਨ. ਪੀ. ਏਜ਼ ਦੇ ਕਾਰਨ ਦਿਨ-ਪ੍ਰਤੀ ਦਿਨ ਘਟ ਹੁੰਦਾ ਜਾ ਰਿਹਾ ਹੈ। ਇਸ ਦੌਰਾਨ  ਕਰਮਚਾਰੀਆਂ ਨੇ ਸਰਕਾਰ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਵੀ ਕੀਤਾ।
ਇਸ ਮੌਕੇ ਐੱਸ. ਪੀ.  ਐੱਸ. ਵਿਰਕ, ਦਿਨੇਸ਼ ਡੋਗਰਾ, ਐੱਚ. ਐੱਸ. ਬੀਰ, ਦਲੀਪ ਸ਼ਰਮਾ, ਸਤੀਸ਼ ਭੱਲਾ ਨੇ ਕਰਮਚਾਰੀਆਂ  ਨੂੰ ਸੰਬੋਧਨ ਕੀਤਾ। ਰੋਸ ਪ੍ਰਦਰਸ਼ਨ ਦੌਰਾਨ ਹੋਰਨਾਂ ਤੋਂ ਇਲਾਵਾ ਚਰਨਜੀਤ ਸਿੰਘ, ਆਰ.  ਕੇ. ਧਵਨ, ਬਲਰਾਜ ਸਾਹਨੀ, ਸੰਜੀਵ ਭੱਲਾ, ਕਮਲਜੀਤ ਸਿੰਘ, ਤੇਜਾ ਸਿੰਘ, ਕੇ. ਕੇ. ਪਾਲ,  ਨਵਲ ਮਹਾਜਨ, ਵਿਨੋਦ ਸ਼ਰਮਾ, ਵਿਨੇ ਡੋਗਰਾ, ਲਵਲੀਸ਼ ਮਹਾਜਨ ਆਦਿ ਮੌਜੂਦ ਸਨ।
 


Related News